ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, November 21, 2012

ਸਰਦੀ ਰੁੱਤੇ ਸ਼ਹਿਦ ਦੀਆਂ ਮੱਖੀਆਂ ਦੀ ਸੰਭਾਲ ਇੰਜ ਕਰੋ

ਪੰਜਾਬ 'ਚ ਸਰਦੀ ਦੇ ਮੌਸਮ 'ਚ ਤਾਪਮਾਨ ਹੇਠਾਂ ਡਿੱਗ ਜਾਂਦਾ ਹੈ ਅਤੇ ਕੋਰਾ ਵੀ ਜੰਮਣ ਲੱਗ ਜਾਂਦਾ ਹੈ। ਧੁੰਦ ਅਤੇ ਬੱਦਲਵਾਈ ਕਾਰਨ ਮੱਖੀਆਂ ਬਕਸੇ ਤੋਂ ਬਾਹਰ ਨਹੀਂ ਨਿਕਲਦੀਆਂ। ਸਰਦੀ ਦੇ ਸ਼ੁਰੂ 'ਚ ਕਈ ਥਾਵਾਂ 'ਤੇ ਕੁਝ ਸਮਾਂ ਫੁੱਲ-ਫਲਾਕੇ ਦੀ ਥੁੜ ਹੁੰਦੀ ਹੈ ਪਰ ਬਾਅਦ 'ਚ ਸਰ੍ਹੋਂ ਜਾਤੀ ਤੇ ਸਫੈਦੇ ਦੇ ਫੁੱਲ ਇਸ ਥੁੜ ਨੂੰ ਪੂਰਾ ਕਰ ਦਿੰਦੇ ਹਨ। ਕਮਜ਼ੋਰ ਬਕਸਿਆਂ 'ਚ ਤਾਂ ਮੱਖੀਆਂ ਪੂੰਗ ਦੀ ਠੀਕ ਤਰ੍ਹਾਂ ਦੇਖਭਾਲ ਵੀ ਨਹੀਂ ਕਰ ਸਕਦੀਆਂ। ਜਿਸ ਕਾਰਨ ਪੂੰਗ ਮਰ ਸਕਦਾ ਹੈ। ਕਟੁੰਬ ਸਫਲਤਾ ਨਾਲ ਸਰਦੀ ਲੰਘਾ ਸਕਣ, ਇਸ ਲਈ ਮੱਖੀਆਂ ਦੀ ਮਦਦ ਕਰਕੇ ਯਾਨੀ ਯੋਗ ਪ੍ਰਬੰਧ ਕਰਕੇ ਅਸੀਂ ਉਨ੍ਹਾਂ ਦੇ ਕੰਮ ਵਿਚ ਤੇਜ਼ੀ ਲਿਆ ਸਕਦੇ ਹਾਂ।
ਕਟੁੰਬਾਂ ਦਾ ਨਿਰੀਖਣ: ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਕਟੁੰਬਾਂ ਦਾ ਚੰਗੀ ਤਰ੍ਹਾਂ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਟੁੰਬ ਦੀ ਰਾਣੀ ਮੱਖੀ ਯੋਗ ਤੇ ਠੀਕ ਕੰਮ ਕਰਨ ਦੇ ਕਾਬਲ ਹੈ ਜਾਂ ਨਹੀਂ। ਜੇ ਨਹੀਂ ਤਾਂ ਨਵੀਂ ਗਰਭਤ ਰਾਣੀ ਮੱਖੀ ਵਾਲੇ ਕਟੁੰਬ ਸਫਲਤਾ ਪੂਰਵਕ ਸਰਦੀ ਲੰਘਾ ਸਕਦੇ ਹਾਂ। ਸਵੇਰੇ ਸਵਖਤੇ ਤੋਂ ਸ਼ਾਮੀ ਦੇਰ ਨਾਲ ਬਕਸੇ ਨਹੀਂ ਖੋਲ੍ਹਣੇ ਚਾਹੀਦੇ ਕਿਉਂਕਿ ਇਸ ਸਮੇਂ ਠੰਡ 'ਚ ਬਕਸੇ ਖੋਲ੍ਹਣ ਨਾਲ ਝੁੰਡ ਦਾ ਤਾਪਮਾਨ ਘੱਟ ਜਾਂਦਾ ਹੈ। ਸਰਦੀਆਂ 'ਚ ਮੱਖੀਆਂ ਦੇ ਬਕਸੇ ਨੂੰ ਹਮੇਸ਼ਾ ਧੁੱਪ ਵਾਲੇ ਦਿਨ ਦੁਪਹਿਰ ਨੂੰ ਖੋਲ੍ਹ ਕੇ ਨਿਰੀਖਣ ਕਰਨਾ ਚਾਹੀਦਾ ਹੈ। ਘੱਟ ਬਲਤਾ ਵਾਲੇ ਕਟੁੰਬਾਂ ਨੂੰ ਸਰਦੀ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਮਜ਼ੋਰ ਕਟੁੰਬਾਂ ਨੂੰ ਤਕੜੇ ਕਟੁੰਬਾਂ 'ਚੋਂ ਮੱਖੀਆਂ ਤੋਂ ਬਿਨ੍ਹਾਂ ਪੂੰਗ ਵਾਲੇ ਫਰੇਮ ਕੱਢ ਦੇਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਬਲਤਾ ਵਧਾਈ ਜਾ ਸਕੇ।
ਕਟੁੰਬਾਂ ਨੂੰ ਖੁਰਾਕ ਦੇਣੀ: ਸਫ਼ਲਤਾ-ਪੂਰਵਕ ਸਰਦੀ ਲੰਘਾਉਣ ਲਈ ਕਟੁੰਬਾਂ ਕੋਲ ਕਾਫੀ ਖੁਰਾਕ ਹੋਣੀ ਜ਼ਰੂਰੀ ਹੈ। ਜਿਸ ਕਟੁੰਬ 'ਚ ਕਾਫੀ ਸ਼ਹਿਦ ਹੋਵੇ ਉਸ 'ਚੋਂ ਇੱਕ-ਦੋ ਫਰੇਮ ਕੱਢ ਕੇ ਖੁਰਾਕ ਦੀ ਘਾਟ ਵਾਲੇ ਕਟੁੰਬਾਂ ਨੂੰ ਦੇ ਦੇਣੇ ਚਾਹੀਦੇ ਹਨ। ਜੇ ਲੋੜ ਪਵੇ ਤਾਂ ਖੰਡ ਦਾ ਘੋਲ ਵੀ ਦੇ ਸਕਦੇ ਹਾਂ। ਇਹ ਘੋਲ ਹਮੇਸ਼ਾ ਸ਼ਾਮ ਨੂੰ ਜਦੋਂ ਮੱਖੀਆਂ ਕੰਮ ਕਰਨਾ ਬੰਦ ਕਰ ਦੇਣ, ਹੀ ਦੇਣਾ ਚਾਹੀਦਾ ਹੈ। ਸਰਦੀਆਂ 'ਚ ਖੰਡ ਦਾ ਘੋਲ ਫਰੇਮ ਦੇ ਆਕਾਰ ਦੇ ਬਣੇ ਫੀਡਿੰਗ ਬੋਰਡ 'ਚ ਜਾਂ ਸਿੱਧਾ ਫਰੇਮਾਂ 'ਚ ਭਰ ਕੇ ਹੀ ਦੇਣਾ ਚਾਹੀਦਾ ਹੈ ਕਿਉਂਕਿ ਸਰਦੀ ਵਿਚ ਅੰਦਰਲੀ ਪੈਕਿੰਗ ਦੇ ਕਾਰਨ ਖੰਡ ਦੇ ਘੋਲ ਵਾਲਾ ਡੱਬਾ ਨਹੀਂ ਰੱਖਿਆ ਜਾ ਸਕਦਾ। ਸਰਦੀ ਦੇ ਮੌਸਮ 'ਚ ਖੰਡ ਦਾ ਘੋਲ ਗਾੜ੍ਹਾ ਕਰ ਦੇਣਾ ਚਾਹੀਦਾ ਹੈ।
ਕਟੁੰਬਾਂ ਨੂੰ ਧੁੱਪੇ ਰੱਖਣਾ: ਸਰਦੀ 'ਚ ਕਟੁੰਬਾਂ ਨੂੰ ਅਜਿਹੇ ਥਾਂ 'ਤੇ ਰੱਖਣਾ ਚਾਹੀਦਾ ਹੈ, ਜਿੱਥੇ ਉਨ੍ਹਾਂ ਨੂੰ ਵੱਧ ਤੋਂ ਵੱਧ ਧੁੱਪ ਮਿਲ ਸਕੇ ਤੇ ਠੰਡੀਆਂ ਹਵਾਵਾਂ ਆਦਿ ਤੋਂ ਬਚਾਅ ਹੋ ਸਕੇ। ਜੇ ਮੱਖੀ ਫਾਰਮ 'ਤੇ ਇਹੋ ਜਿਹਾ ਧੁੱਪ ਦਾ ਯੋਗ ਪ੍ਰਬੰਧ ਨਾ ਹੋਵੇ ਤਾਂ ਕਟੁੰਬਾਂ ਨੂੰ ਕਿਸ ਨਵੀਂ ਥਾਂ 'ਤੇ ਰੱਖ ਦੇਣਾ ਚਾਹੀਦਾ ਹੈ ਤੇ ਰੱਖਣ ਸਮੇਂ ਤਿੰਨ ਫੁੱਟ ਜਾਂ ਤਿੰਨ ਮੀਟਰ ਵਾਲੇ ਸੁਨਹਿਰੀ ਅਸੂਲ ਨੂੰ ਅਪਨਾਉਣਾ ਚਾਹੀਦਾ ਹੈ। ਕਟੁੰਬਾਂ ਦੇ ਗੇਟ ਪੂਰਬ-ਦੱਖਣ ਦਿਸ਼ਾ 'ਚ ਹੋਣੇ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਧੁੱਪ ਗੇਟ 'ਤੇ ਪੈ ਸਕੇ ਅਤੇ ਮੱਖੀਆਂ ਸਵੇਰੇ ਸਵਖਤੇ ਤੋਂ ਸ਼ਾਮੀ ਦੇਰ ਤੱਕ ਕੰਮ ਕਰਦੀਆਂ ਰਹਿਣ।
ਕਟੁੰਬਾਂ ਨੂੰ ਮਿਲਾਉਣਾ: ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਦਾ ਮੌਸਮ ਮੱਖੀਆਂ ਲਈ ਸੁਖਾਵਾਂ ਹੁੰਦਾ ਹੈ। ਇਸ ਕਰਕੇ ਕਈ ਮੱਖੀ ਪਾਲਕਾਂ ਨੇ ਆਪਣੇ ਕਟੁੰਬ ਵਧਾਉਣ ਲਈ ਕਟੁੰਬਾਂ ਦੀ ਵੰਡ ਕੀਤੀ ਹੁੰਦੀ ਹੈ ਪਰ ਕਈ ਕਟੁੰਬਾਂ ਦੀਆਂ ਰਾਣੀ ਮੱਖੀਆਂ ਗਰਭਤ ਨਾ ਹੋ ਸਕਣ ਕਾਰਨ ਵਾਧਾ ਰੁੱਕ ਜਾਂਦਾ ਹੈ ਅਤੇ ਉਹ ਕਟੁੰਬ ਕਮਜ਼ੋਰ ਹੋ ਜਾਂਦੇ ਹਨ। ਅਜਿਹੇ ਕਟੁੰਬਾਂ ਨੂੰ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਕਟੁੰਬਾਂ ਜਿਨ੍ਹਾਂ ਦੀਆਂ ਰਾਣੀ ਮੱਖੀਆਂ ਯੋਗ ਅਤੇ ਗਰਭਤ ਹੋਣ, ਨਾਲ ਮਿਲਾ ਦੇਣਾ ਚਾਹੀਦਾ ਹੈ। ਕਟੁੰਬਾਂ ਨੂੰ ਜੋੜਨ ਲਈ ਅਖ਼ਬਾਰ ਵਾਲਾ ਤਰੀਕਾ ਬਹੁਤ ਸੌਖਾ ਅਤੇ ਸਫਲ ਹੈ। ਕਟੁੰਬਾਂ ਨੂੰ ਮਿਲਾਉਣ ਦਾ ਕੰਮ ਸ਼ਾਮ ਦੇ ਸਮੇਂ ਜਦੋਂ ਸਾਰੀਆਂ ਮੱਖੀਆਂ ਛੱਤੇ ਵਿਚ ਆ ਜਾਣ, ਉਦੋਂ ਹੀ ਕਰਨਾ ਚਾਹੀਦਾ ਹੈ।
ਵਾਧੂ ਫਰੇਮ ਸੰਭਾਲਣੇ: ਨਵੰਬਰ ਦੇ ਮਹੀਨੇ ਵਿਚ ਸ਼ਹਿਦ ਕੱਢਣ ਕਾਰਨ ਅਤੇ ਸਰਦੀਆਂ 'ਚ ਮੱਖੀਆਂ ਦੇ ਘਟੇ ਪੂੰਗ ਪਾਉਣ ਕਾਰਨ ਕਾਫੀ ਫਰੇਮ ਖਾਲੀ ਹੋ ਜਾਂਦੇ ਹਨ। ਇਹ ਵਾਧੂ ਫਰੇਮ ਬਕਸੇ 'ਚ ਰਹਿਣ ਨਾਲ ਮੱਖੀਆਂ ਨੂੰ ਆਪਣੇ ਕਟੁੰਬ ਦਾ ਤਾਪਮਾਨ ਕਾਇਮ ਰੱਖਣ 'ਚ ਵਿਘਨ ਪੈਂਦਾ ਹੈ। ਇਸ ਕਰਕੇ ਇਨ੍ਹਾਂ ਖਾਲੀ ਵਾਧੂ ਫਰੇਮਾਂ ਨੂੰ ਸਰਦੀ ਦੀ ਪੈਕਿੰਗ ਦੇਣ ਤੋਂ ਪਹਿਲਾਂ ਕੱਢ ਕੇ ਠੀਕ ਢੰਗ ਨਾਲ ਚੈਂਬਰਾਂ ਵਿਚ ਜਮ੍ਹਾਂ ਕਰਕੇ ਰੱਖ ਲੈਣਾ ਚਾਹੀਦਾ ਹੈ। ਤਾਂ ਜੋ ਇਨ੍ਹਾਂ ਫਰੇਮਾਂ ਨੂੰ ਅੱਗੇ ਆਉਣ ਵਾਲੀ ਬਹਾਰ ਰੁੱਤ 'ਚ ਫੇਰ ਤੋਂ ਵਰਤਿਆ ਜਾ ਸਕੇ।
ਠੰਡੀਆਂ ਹਵਾਵਾਂ ਤੋਂ ਬਚਾਉਣਾ: ਮੱਖੀ ਫਾਰਮ ਬਣਾਉਣ ਸਮੇਂ ਲੋੜੀਂਦੀ ਦਿਸ਼ਾ ਵੱਲ ਝਾੜੀਦਾਰ ਬੂਟਿਆਂ ਆਦਿ ਦੀ ਝਾੜ ਲਾ ਦੇਣੀ ਚਾਹੀਦੀ ਹੈ ਕਿਉਂਕਿ ਸਰਦੀਆਂ 'ਚ ਲਹਿੰਦੀ ਦਿਸ਼ਾ ਵੱਲੋਂ ਠੰਡੀਆਂ ਹਵਾਵਾਂ ਵਗਦੀਆਂ ਹਨ। ਗੇਟ ਤੋਂ ਬਿਨਾਂ ਬਕਸੇ ਦੀਆਂ ਸਾਰੀਆਂ ਝੀਥਾਂ, ਤਰੇੜਾਂ ਆਦਿ ਚੰਗੀ ਤਰ੍ਹਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਕਮਜ਼ੋਰ ਬਕਸਿਆਂ ਦਾ ਗੇਟ ਠੰਡੀਆਂ ਹਵਾਵਾਂ ਦਾ ਅਸਰ ਘਟਾਉਣ ਲਈ ਛੋਟਾ ਕਰ ਦੇਣਾ ਚਾਹੀਦਾ ਹੈ।
ਸਰਦੀ ਦੀ ਪੈਕਿੰਗ ਦੇਣੀ: ਮਧੂ-ਮੱਖੀਆਂ ਸਰਦੀ ਦੀ ਰੁੱਤ 'ਚ ਕਟੁੰਬ ਦੇ ਅੰਦਰ ਝੁੰਡ ਬਣਾ ਕੇ ਕਟੁੰਬ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਮੱਖੀਆਂ ਦੇ ਕੰਮ ਨੂੰ ਸੌਖਾ ਕਰਨ ਲਈ ਮਧੂ ਮੱਖੀ ਪਾਲਕ ਨੂੰ ਕਟੁੰਬਾਂ ਨੂੰ ਪੈਕਿੰਗ ਦੇ ਦੇਣੀ ਚਾਹੀਦੀ ਹੈ। ਸਰਦੀ ਦੀ ਪੈਕਿੰਗ ਦੋ ਕਿਸਮ ਦੀ ਹੁੰਦੀ ਹੈ: ਅੰਦਰੂਨੀ ਪੈਕਿੰਗ ਅਤੇ ਬਾਹਰਲੀ ਪੈਕਿੰਗ।
ਅੰਦਰੂਨੀ ਪੈਕਿੰਗ: ਇਸ 'ਚ ਕਟੁੰਬਾਂ ਦਾ ਅੰਦਰਲਾ ਤਾਪਮਾਨ ਕਾਇਮ ਰੱਖਣ ਲਈ ਬਕਸੇ ਦੇ ਅੰਦਰ ਵਾਧੂ ਥਾਂ ਨੂੰ ਤੂੜੀ, ਪਰਾਲੀ, ਲੱਕੜ ਦੇ ਬੂਰੇ ਥਾਂ ਥਰਮੋਕੋਲ ਆਦਿ ਨਾਲ ਭਰ ਦਿੱਤਾ ਜਾਂਦਾ ਹੈ। ਅੰਦਰਲੀ ਪੈਕਿੰਗ ਦੀ ਆਮ ਤੌਰ 'ਤੇ ਯੋਗ ਰਾਣੀ ਵਾਲੇ ਪਰ ਕਮਜ਼ੋਰ ਕਟੁੰਬ ਨੂੰ ਜ਼ਰੂਰਤ ਪੈਂਦੀ ਹੈ। ਅੰਦਰੂਲੀ ਪੈਕਿੰਗ ਦੇਣ ਲਈ ਝੋਨੇ ਦੀ ਪਰਾਲੀ ਸਭ ਤੋਂ ਜ਼ਿਆਦਾ ਪ੍ਰਚਲਿਤ, ਸੌਖੀ ਅਤੇ ਸਸਤੀ ਹੈ। ਬਹੁਤੇ ਕਮਜ਼ੋਰ ਕਟੁੰਬ ਵਿਚ ਮੱਖੀਆਂ ਵਾਲੀਆਂ ਫਰੇਮਾਂ ਵਿਚਕਾਰ ਕਰਕੇ ਫਰੇਮਾਂ ਦੇ ਦੋਵੇਂ ਪਾਸੇ ਖਾਲੀ ਥਾਂ ਨੂੰ ਮੋਮੀ ਲਿਫਾਫਿਆਂ ਜਾਂ ਅਖਬਾਰਾਂ 'ਚ ਸੁੱਕੀ ਪਰਾਲੀ ਆਦਿ ਪਾ ਕੇ ਭਰ ਦੇਣਾ ਚਾਹੀਦਾ ਹੈ। ਜੇਕਰ ਕਟੁੰਬ ਬਹੁਤ ਕਮਜ਼ੋਰ ਨਹੀਂ ਤਾਂ ਸਾਰੇ ਫਰੇਮਾਂ ਨੂੰ ਇੱਕੋ ਪਾਸੇ ਧੱਕ ਕੇ ਇੱਕ ਪਾਸੇ ਹੀ ਪੈਕਿੰਗ ਦੇ ਸਕਦੇ ਹਾਂ। ਫਰੇਮਾਂ ਦੇ ਉੱਪਰ ਤੇ ਅੰਦਰਲੇ ਢੱਕਣ ਦੇ ਹੇਠਾਂ ਟਾਟ ਜਾਂ ਬੋਰੀ ਦਾ ਮੋਟਾ ਟੁਕੜਾ ਜ਼ਰੂਰ ਦੇਣਾ ਚਾਹੀਦਾ ਹੈ।
ਬਾਹਰਲੀ ਪੈਕਿੰਗ: ਇਸ ਦਾ ਮਤਲਬ ਹੈ ਕਿ ਬਕਸੇ ਨੂੰ ਹੇਠਾਂ ਤੋਂ ਦੋ ਪਾਸਿਆਂ ਤੋਂ ਚੰਗੀ ਤਰ੍ਹਾਂ ਢੱਕ ਕੇ ਸਰਦੀ ਤੋਂ ਬਚਾਉਣਾ। ਬਾਟਮ ਬੋਰਡ ਦੇ ਹੇਠਾਂ ਪਰਾਲੀ ਦੀ ਮੋਟੀ ਤਹਿ ਵਿਛਾ ਕੇ ਉਸ ਉੱਪਰ ਬਕਸੇ ਟਿਕਾਉਣੇ ਚਾਹੀਦੇ ਹਨ। ਜ਼ਮੀਨ ਨਾਲ ਲਗਦੇ ਪਰਾਲੀ ਦੇ ਤੀਲ੍ਹੇ ਵੀ ਕੱਟ ਦਿਓ ਤਾਂ ਕਿ ਇਨ੍ਹਾਂ ਰਾਹੀਂ ਕਾਲੇ ਕੀੜੇ ਬਕਸੇ 'ਚ ਨਾ ਆ ਸਕਣ। ਆਸੇ-ਪਾਸੇ ਵਧੀ ਪਰਾਲੀ ਨੂੰ ਵੀ ਕੱਟ ਦਿਓ। ਬਕਸੇ ਨੂੰ ਚਾਰੇ ਪਾਸਿਆਂ ਤੋਂ ਮੋਮੀ ਕਾਗਜ਼ ਨਾਲ ਲਪੇਟ ਦਿਓ ਪਰ ਧਿਆਨ ਰੱਖੋ ਕਿ ਗੇਟ ਬੰਦ ਨਾ ਹੋਵੇ। ਪੈਕਿੰਗ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਕਟੁੰਬ 'ਚ ਬਲਤਾ ਅਨੁਸਾਰ 3 ਤੋਂ 5 ਕਿਲੋ ਖੁਰਾਕ ਹੋਣੀ ਚਾਹੀਦੀ ਹੈ।

ਹਰਪ੍ਰੀਤ ਸਿੰਘ ਗਿੱਲ
ਮੋਬਾਈਲ : 94172-11909


Post Comment


ਗੁਰਸ਼ਾਮ ਸਿੰਘ ਚੀਮਾਂ