ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, November 29, 2012

ਵਾਹਨਾਂ 'ਤੇ ਪ੍ਰੈਸ਼ਰ ਹਾਰਨ ਲਗਵਾਉਣ ਅਤੇ ਟੋਟਕੇ ਲਿਖਵਾਉਣ ਦਾ ਮਾੜਾ ਰੁਝਾਨ


ਮਹਿੰਗੀਆਂ ਪੜ੍ਹਾਈ ਕਰਨ ਉਪਰੰਤ ਕਿਸੇ ਨੌਕਰੀ ਜਾਂ ਰੁਜ਼ਗਾਰ ਪ੍ਰਾਪਤੀ 'ਚ ਅਸਫਲ ਰਹਿਣ ਮਗਰੋਂ ਪੰਜਾਬ ਦੇ ਬਹੁਗਿਣਤੀ ਨੌਜਵਾਨ ਨਿੱਤ ਨਵੀਆਂ ਅਲਾਮਤਾਂ ਦਾ ਸ਼ਿਕਾਰ ਬਣਦੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਹੈ ਵੇਖੋ-ਵੇਖੀ ਆਪਣੇ ਵਾਹਨਾਂ 'ਤੇ ਗ਼ੈਰ-ਕਾਨੂੰਨੀ ਤੌਰ 'ਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕਰਨੀ ਅਤੇ ਆਪਣੇ ਵਹੀਕਲਾਂ 'ਤੇ ਊਟ-ਪਟਾਂਗ ਭਾਸ਼ਾ ਵਾਲੇ ਟੋਟਕੇ ਲਿਖਵਾਉਣੇ।

ਉਪਰੋਕਤ ਰੁਝਾਨ ਇਸ ਹੱਦ ਤੱਕ ਵਧ ਗਿਆ ਹੈ ਕਿ ਨਵੇਂ ਖਰੀਦੇ ਗਏ ਕਿਸੇ ਮੋਟਰਸਾਈਕਲ ਜਾਂ ਹੋਰ ਵਾਹਨ 'ਤੇ ਮਹਿੰਗੇ ਭਾਅ ਦੇ ਪ੍ਰੈਸ਼ਰ ਹਾਰਨ ਲਗਵਾਉਣੇ ਅਤੇ ਮਨਮਰਜ਼ੀ ਦੇ ਟੋਟਕੇ ਲਿਖਵਾਉਣੇ ਬਹੁਤੇ ਨੌਜਵਾਨਾਂ ਦਾ ਸ਼ੌਕ ਹੀ ਨਹੀਂ, ਸਗੋਂ ਫਿਤਰਤ ਬਣ ਗਈ ਨਜ਼ਰੀਂ ਆਉਂਦੀ ਹੈ। ਜ਼ਿਕਰਯੋਗ ਹੈ ਕਿ ਅਜਿਹੇ ਨੌਜਵਾਨ ਰਾਹ ਜਾਂਦੇ ਰਾਹਗੀਰਾਂ ਦਾ ਧਿਆਨ ਖਿੱਚਣ ਅਤੇ ਆਪਣੇ ਪੁੱਠੇ ਸ਼ੁਗਲਾਂ ਦਾ ਪ੍ਰਗਟਾਵਾ ਕਰਨ ਲਈ ਆਪਹੁਦਰੇਪਣ ਵਿਚ ਅਜਿਹੀਆਂ ਹਰਕਤਾਂ ਕਰਕੇ ਜਿਥੇ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ, ਉਥੇ ਆਮ ਲੋਕਾਂ ਦੀ ਇਕਾਗਰਤਾ ਭੰਗ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਦਾ ਸਬੱਬ ਵੀ ਬਣਦੇ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਕਿਸੇ ਮੇਲੇ ਜਾਂ ਧਾਰਮਿਕ ਸਮਾਗਮ ਦੀ ਯਾਤਰਾ ਜਾਂ ਫਿਰ ਕਿਸੇ ਰੈਲੀ ਆਦਿ ਵਿਚ ਸ਼ਮੂਲੀਅਤ ਕਰਨ ਲਈ ਕਈ ਵਾਰ ਦਰਜਨ ਤੋਂ ਵੱਧ ਵਾਹਨਾਂ
'ਤੇ ਸਮੂਹਿਕ ਤੌਰ 'ਤੇ ਸਵਾਰ ਹੋ ਨਿਕਲਦੇ ਅਤੇ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਅਜਿਹੇ ਨੌਜਵਾਨਾਂ ਵਿਚੋਂ ਬਹੁਤਿਆਂ ਵੱਲੋਂ ਫੋਕੀ ਟੌਹਰ ਬਣਾਉਣ ਲਈ ਸਵੈ-ਇੱਛਾ ਨਾਲ ਆਪਣੇ ਵਾਹਨਾਂ ਦੀ ਵਧੇਰੇ ਆਵਾਜ਼ ਕਰਨ ਲਈ ਉਨ੍ਹਾਂ ਦੇ ਸਾਇਲੈਂਸਰ ਵੀ ਉਤਾਰੇ ਹੁੰਦੇ ਹਨ। ਇਸੇ ਤਰ੍ਹਾਂ ਕੁਝ ਮਨਚਲੇ ਨੌਜਵਾਨਾਂ ਵੱਲੋਂ ਸਾਇਲੰਸਰ 'ਚ ਇਕ ਛੋਟਾ ਛੇਕ ਕਰਵਾ ਕੇ ਭੀੜ-ਭੜੱਕੇ ਵਾਲੀਆਂ ਥਾਵਾਂ, ਲੜਕੀਆਂ ਨੇੜੇ ਜਾਂ ਕਿਸੇ ਆਮ ਰਾਹਗੀਰ ਦੇ ਬਿਲਕੁਲ ਨਜ਼ਦੀਕ ਲੰਘਦਿਆਂ ਬੰਬ ਦੀ ਆਵਾਜ਼ ਵਰਗੇ ਜ਼ੋਰਦਾਰ ਧਮਾਕੇ ਜਿਹੇ ਵੀ ਕਰਵਾਏ ਜਾਂਦੇ ਹਨ, ਜਿਸ ਨਾਲ ਅਚਾਨਕ ਧਮਾਕੇ ਵਰਗੀ ਆਵਾਜ਼ ਸੁਣ ਕੇ ਨੇੜਲਾ ਰਾਹਗੀਰ ਜਾਂ ਆਮ ਲੋਕ ਭੈਅਭੀਤ ਹੋ ਜਾਂਦੇ ਹਨ ਪਰ ਉਹ ਕੁਝ ਕਰਨ ਜਾਂ ਕਹਿਣ ਤੋਂ ਬਿਲਕੁਲ ਅਸਮਰੱਥ ਹੁੰਦੇ ਹਨ। ਇਸੇ ਤਰ੍ਹਾਂ ਕੁਝ ਨੌਜਵਾਨਾਂ ਵੱਲੋਂ ਜਾਣਬੁੱਝ ਕੇ ਬਾਕੀ ਵਾਹਨ ਚਾਲਕਾਂ ਨੂੰ ਪ੍ਰਭਾਵਿਤ ਕਰਨ ਲਈ ਗ਼ੈਰ-ਕਾਨੂੰਨੀ ਤੌਰ 'ਤੇ ਹੂਟਰਾਂ ਦੀ ਵੀ ਵਰਤੋਂ ਕੀਤੀ ਜਾਣੀ ਆਮ ਹੋ ਗਈ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਸਪਤਾਲਾਂ ਅਤੇ ਕੁਝ ਵਿੱਦਿਅਕ ਅਦਾਰਿਆਂ ਨੇੜੇ 100 ਮੀਟਰ ਦੇ ਘੇਰੇ ਤੱਕ ਕਿਸੇ ਤਰ੍ਹਾਂ ਦਾ ਸ਼ੋਰ ਕਰਨ ਜਾਂ ਹਾਰਨ ਵਜਾਉਣ ਦੀ ਮਨਾਹੀ ਹੁੰਦੀ ਹੈ ਪਰ ਅਜਿਹੀ ਕਿਸੇ ਗੱਲ ਤੋਂ ਬੇਪ੍ਰਵਾਹ ਅਜਿਹੇ ਨੌਜਵਾਨਾਂ ਦੀਆਂ ਉਕਤ ਹਰਕਤਾਂ ਕਈ ਵਾਰ ਕਿਸੇ ਦਿਲ ਦੇ ਮਰੀਜ਼ ਲਈ ਖਤਰਨਾਕ ਵੀ ਸਾਬਤ ਹੋ ਸਕਦੀਆਂ ਹਨ। ਜਿਥੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਣ ਲਈ ਬੇਵੱਸ ਨਜ਼ਰ ਆਉਂਦੇ ਹਨ, ਉਥੇ ਪ੍ਰਸ਼ਾਸਨ ਦੀ ਖਾਮੋਸ਼ੀ ਵੀ ਕਈ ਸਵਾਲ ਉਠਾਉਂਦੀ ਹੈ।

ਇਸੇ ਤਰ੍ਹਾਂ ਕੁਝ ਨੌਜਵਾਨਾਂ ਵੱਲੋਂ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ 'ਤੇ ਊਟ-ਪਟਾਂਗ ਭਾਸ਼ਾ ਵਾਲੇ ਟੋਟਕੇ ਜਾਂ ਫਿਰ ਆਪੇ ਹੀ ਘੜੇ ਸ਼ੇਅਰਾਂ ਦੀਆਂ ਤੁਕਾਂ ਲਿਖਵਾਉਣ ਦੀ ਭੇਡ-ਚਾਲ ਵੀ ਆਮ ਹੋ ਗਈ ਹੈ। ਅਜਿਹੇ ਟੋਟਕਿਆਂ 'ਚ 'ਵੈਲੀ ਜੱਟ', 'ਜੱਟ ਕੀ ਤੇ ਘੱਟ ਕੀ', 'ਪੁੱਤ ਸਰਦਾਰਾਂ ਦੇ', 'ਗੱਲਾਂ ਦੋ ਯੈੱਸ ਔਰ ਨੋ', 'ਯਾਰਾਂ ਨਾਲ ਬਹਾਰਾਂ', 'ਜੱਟ ਸੂਰਮੇ', 'ਬਾਬੇ ਦੀ ਫੁੱਲ ਕਿਰਪਾ', 'ਮਿੱਤਰਾਂ ਦੇ ਟਿਕਾਣੇ ਰੱਬ ਵੀ ਨਾ ਜਾਣੇ', 'ਹਾਏ ਨੀ ਇਹ ਤਾਂ ਉਹ ਸੀ', 'ਹੱਟ ਪਿੱਛੇ ਫੇਰ ਮਿਲਾਂਗੇ', 'ਮਿਲੇਗਾ ਮੁਕੱਦਰ', 'ਛੂਹ ਲੈ' ਆਦਿ ਸ਼ਾਮਿਲ ਹਨ। ਇਥੇ ਜ਼ਿਕਰਯੋਗ ਹੈ ਕਿ ਵੱਖ-ਵੱਖ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਸੀਮਤ ਥਾਂ ਸਿਰਫ ਸਬੰਧਤ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਲਿਖਵਾਉਣ ਲਈ ਲਾਜ਼ਮੀ ਹੁੰਦੀ ਹੈ ਪਰ ਇਸ ਦੇ ਉਲਟ ਬਹੁਤੀ ਵਾਰ ਨੰਬਰ ਪਲੇਟਾਂ 'ਤੇ ਰਜਿਸਟ੍ਰੇਸ਼ਨ ਨੰਬਰ ਛੋਟੇ ਆਕਾਰ ਵਿਚ ਅਤੇ ਟੋਟਕੇ ਵੱਡੇ ਆਕਾਰ ਵਿਚ ਲਿਖਵਾਏ ਗਏ ਹੁੰਦੇ ਹਨ, ਜਿਸ ਕਾਰਨ ਬਹੁਤੀ ਵਾਰ ਲੋੜ ਪੈਣ 'ਤੇ ਸਬੰਧਤ ਵਾਹਨ ਦਾ ਨੰਬਰ ਨੋਟ ਕਰਨਾ ਤਾਂ ਦੂਰ ਦੀ ਗੱਲ, ਨੇੜਿਓਂ ਸਪੱਸ਼ਟ ਤੌਰ 'ਤੇ ਪੜ੍ਹਿਆ ਵੀ ਨਹੀਂ ਜਾ ਸਕਦਾ, ਜਿਸ ਦੇ ਸਿੱਟੇ ਵਜੋਂ ਸ਼ੱਕੀ ਹਾਲਤ ਜਾਂ ਹੋਰ ਲੋੜ ਪੈਣ 'ਤੇ ਅਜਿਹੇ ਵਾਹਨ ਪੁਲਿਸ ਦੀ ਪਕੜ ਵਿਚ ਨਾ ਆ ਸਕਣ ਕਾਰਨ ਪੁਲਿਸ ਲਈ ਵੀ ਵੱਡੀ ਸਿਰਦਰਦੀ ਬਣ ਜਾਂਦੇ ਹਨ। -ਕੱਥੂਨੰਗਲ।

ਮਲਕੀਤ ਸਿੰਘ



Post Comment


ਗੁਰਸ਼ਾਮ ਸਿੰਘ ਚੀਮਾਂ