ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, November 29, 2012

ਸੂਰਜਮੁਖੀ ਦੀ ਸਫਲ ਕਾਸ਼ਤ ਕਿਵੇਂ ਕਰੀਏ


ਹਿੰਦੁਸਤਾਨ ਅਜੇ ਤੱਕ ਹਰ ਸਾਲ ਕਈ ਹਜ਼ਾਰ ਕਰੋੜ ਰੁਪਏ ਦੇ ਤੇਲ ਬੀਜ ਦਰਾਮਦ ਕਰਦਾ ਹੈ। ਵਿਸ਼ਵੀਕਰਨ ਦੇ ਦੌਰ ਵਿਚ ਫਸਲੀ ਵਿਭਿੰਨਤਾ ਦੇ ਮੱਦੇਨਜ਼ਰ ਤੇਲ ਬੀਜਾਂ ਦੀ ਕਾਸ਼ਤ ਖੇਤੀ ਆਰਥਿਕਤਾ ਦੀ ਮਜ਼ਬੂਤੀ ਲਈ ਭਰਪੂਰ ਹੁੰਗਾਰਾ ਦੇ ਸਕਦੀ ਹੈ ਤੇਲ ਬੀਜਾਂ ਦੀ ਕਾਸ਼ਤ ਜ਼ਿਆਦਾਤਰ ਹਾੜੀ ਵਿਚ ਕੀਤੀ ਜਾਂਦੀ ਹੈ ਅਤੇ ਸੂਰਜਮੁਖੀ ਹਾੜੀ ਦੀ ਮਹੱਤਵਪੂਰਨ ਤੇਲ ਬੀਜ ਫਸਲ ਹੈ। 1990ਵਿਆਂ ਵਿਚ ਪੰਜਾਬ ਵਿਚ ਦੋਗਲੀਆਂ ਕਿਸਮਾਂ ਸਿਫਾਰਸ਼ ਸਦਕਾ ਸੂਰਜਮੁਖੀ ਦੀ ਕਾਸ਼ਤ ਵੱਡੇ ਪੱਧਰ ਉੱਪਰ ਕੀਤੀ ਗਈ ਸੀ ਪ੍ਰੰਤੂ ਮੰਡੀਕਰਨ ਦੀ ਅਨਿਸ਼ਚਿਤਤਾ ਅਤੇ ਪੈਦਾਵਾਰ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਆਮ ਕਿਸਾਨ ਇਸ ਦੀ ਕਾਸ਼ਤ ਹੇਠ ਰਕਬਾ ਇਕਦਮ ਘਟ ਗਿਆ। ਅਜੋਕੇ ਸਮੇਂ ਮੰਡੀਕਰਨ ਦੀ ਸਹੂਲਤ ਵਿਚ ਸੁਧਾਰ ਕਰਕੇ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਸੂਰਜਮੁਖੀ ਦੀ ਖੇਤੀ ਨੂੰ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਨਾ ਸਿਰਫ ਝੋਨਾ-ਕਣਕ ਫਸਲੀ ਚੱਕਰ ਹੇਠਲੇ ਖੇਤੀ ਪ੍ਰਬੰਧ ਨੂੰ ਕੁਝ ਰਾਹਤ ਮਿਲੇਗੀ ਸਗੋਂ ਖੇਤੀ ਲਾਗਤਾਂ ਵਿਚ ਕਮੀ ਆਏਗੀ ਅਤੇ ਤੇਲ ਬੀਜਾਂ ਦੀ ਘਰੇਲੂ ਖਪਤ ਦੀ ਪੂਰਤੀ ਕਰਕੇ ਮੁਦਰਾ ਭੰਡਾਰਨ ਵਿਚ ਵਾਧਾ ਹੋਏਗਾ।

ਸੁਧਰੀਆਂ ਕਿਸਮਾਂ ਦੀ ਚੋਣ: ਸਹੀ ਕਿਸਮ ਅਤੇ ਵਧੀਆ ਬੀਜ ਦੀ ਚੋਣ ਚੰਗੇ ਝਾੜ ਲਈ ਸਫਲਤਾ ਦੀ ਕੁੰਜੀ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੂਰਜਮੁਖੀ ਦੀਆਂ ਦੋਗਲੀਆਂ ਕਿਸਮਾਂ ਪੀ. ਐਸ ਐਚ. 996, ਪੀ. ਐਸ ਐਚ. 569, ਪੀ. ਐਸ ਐਫ ਐਚ. 118, ਐਸ ਐਚ 3322, ਜੀ. ਕੇ. ਐਸ. ਐਫ. ਐਚ. 2002 ਅਤੇ ਜਵਾਲਾਮੁਖੀ ਦੀ ਸਿਫਾਰਸ਼ ਕੀਤੀ ਗਈ ਹੈ। ਇੰਨ੍ਹਾਂ ਕਿਸਮਾਂ ਵਿਚੋਂ ਪੀ. ਐਸ ਐਚ. 996, ਪੀ. ਐਸ. ਐਚ. 569 ਅਤੇ ਪੀ. ਐਸ ਐਫ ਐਚ. 118 ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਜੋ ਕਿ ਪਛੇਤੀ ਬਿਜਾਈ ਲਈ ਢੁਕਵੀਆਂ ਹਨ ।

ਬਿਜਾਈ ਲਈ ਢੁਕਵਾਂ ਸਮਾਂ : ਜ਼ਿਆਦਾ ਝਾੜ ਲੈਣ ਲਈ ਸੂਰਜਮੁਖੀ ਦੀ ਕਾਸ਼ਤ ਬਹਾਰ ਰੁੱਤ ਵਿਚ ਕਰਨੀ ਚਾਹੀਦੀ ਹੈ। ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ ਦਸੰਬਰ ਦਾ ਮਹੀਨਾ ਸਭ ਤੋਂ ਢੁੱਕਵਾਂ ਹੈ। ਜੇਕਰ ਸੂਰਜਮੁਖੀ ਦੀ ਬਿਜਾਈ ਜਨਵਰੀ ਵਿਚ ਕਰਨੀ ਹੋਵੇ ਤਾਂ ਪੀ. ਐਸ. ਐਚ. 569 ਜੋ ਕਿ ਘੱਟ ਸਮਾਂ ਲੈਣ ਵਾਲੀ ਕਿਸਮ ਹੈ, ਬਿਜਾਈ ਲਈ ਢੁੱਕਵੀ ਹੈ।ਜੇਕਰ ਬਿਜਾਈ ਫਰਵਰੀ ਤੱਕ ਪਛੜ ਜਾਵੇ ਤਾਂ ਸਿੱਧੀ ਬਿਜਾਈ ਦੀ ਬਜਾਏ ਪਨੀਰੀ ਰਾਹੀਂ ਬਿਜਾਈ ਕਰਨੀ
ਚਾਹੀਦੀ ਹੈ ਕਿਉਕਿ ਇਸ ਮਹੀਨੇ ਵਿਚ ਸਿੱਧੀ ਬਿਜਾਈ ਨਾਲ ਝਾੜ ਕਾਫ਼ੀ ਘਟ ਜਾਂਦਾ ਹੈ ।

ਬੀਜ ਦੀ ਮਾਤਰਾ, ਸੋਧ ਅਤੇ ਬਿਜਾਈ ਦਾ ਢੰਗ: ਸੂਰਜਮੁਖੀ ਦੀ ਇਕ ਏਕੜ ਬਿਜਾਈ ਲਈ ਦੋ ਕਿਲੋ ਬੀਜ ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 2 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਥੀਰਮ ਦਵਾਈ ਨਾਲ ਸੋਧ ਲਵੋ। ਬਿਜਾਈ 60 ਸੈਂਟੀਮੀਟਰ (2 ਫੁੱਟ) ਦੀ ਦੂਰੀ ਤੇ ਸਿਆੜਾਂ ਵਿਚ ਕਰੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 30 ਸੈਂਟੀਮੀਟਰ ( 1 ਫੁੱਟ ) ਰੱਖੋ। ਬੀਜ ਨੂੰ 4-5 ਸੈਂਟੀਮੀਟਰ ਡੂੰਘਾ ਬੀਜੋ। ਵੱਧ ਝਾੜ ਲੈਣ ਲਈ ਬੂਟਿਆਂ ਦਾ ਸਹੀ ਫਾਸਲੇ ਤੇ ਹੋਣਾ ਬਹੁਤ ਜ਼ਰੂਰੀ ਹੈ। ਅਗੇਤੀ ਸੂਰਜਮੁਖੀ ਨੂੰ ਜੇਕਰ ਪੂਰਬ ਪੱਛਮ ਦਿਸ਼ਾ ਵਾਲੀਆਂ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜਿਆ ਜਾਵੇ ਤਾਂ ਵੱਧ ਝਾੜ ਲਿਆ ਜਾ ਸਕਦਾ ਹੈ। ਬੀਜ ਨੂੰ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਬੀਜੋ। ਵੱਟਾਂ ਤੇ ਬੀਜੀ ਫ਼ਸਲ ਨੂੰ 2-3 ਦਿਨਾਂ ਬਾਅਦ ਪਾਣੀ ਲਾਓ ਪਰ ਪਾਣੀ ਦੀ ਸਤ੍ਹਾ ਬੀਜਾਂ ਤੋਂ ਕਾਫੀ ਥੱਲੇ ਰੱਖੋ 1. ਵੱਟਾਂ ਤੇ ਬਿਜਾਈ ਕਰਨ ਨਾਲ ਫ਼ਸਲ ਢਹਿੰਦੀ ਨਹੀਂ ਅਤੇ ਗਰਮੀ ਦੇ ਮੌਸਮ ਵਿਚ ਪਾਣੀ ਦੀ ਵੀ ਬੱਚਤ ਹੁੰਦੀ ਹੈ।

ਪਨੀਰੀ ਰਾਹੀਂ ਕਾਸ਼ਤ : ਜੇਕਰ ਸੂਰਜਮੁਖੀ ਦੀ ਬਿਜਾਈ ਪਛੜ ਜਾਵੇ ਤਾਂ ਇਸਦੀ ਕਾਸ਼ਤ ਪਨੀਰੀ ਰਾਹੀਂ ਕਰਨੀ ਚਾਹੀਦੀ ਹੈ। ਫਰਵਰੀ ਵਿਚ ਪਨੀਰੀ ਰਾਹੀਂ ਬਿਜਾਈ ਨਾਲ ਬੀਜ ਰਾਹੀਂ ਬੀਜੀ ਫ਼ਸਲ ਨਾਲੋਂ ਵੱਧ ਝਾੜ ਲਿਆ ਜਾ ਸਕਦਾ ਹੈ। ਇਕ ਏਕੜ ਖੇਤ ਦੀ ਪਨੀਰੀ ਲਈ 1.5 ਕਿਲੋ ਬੀਜ ਨੂੰ ਪਨੀਰੀ ਲਾਉਣ ਤੋਂ ਇਕ ਮਹੀਨਾ ਪਹਿਲਾਂ ਚੰਗੀ ਤਰ੍ਹਾਂ ਤਿਆਰ ਕੀਤੇ 30 ਵਰਗ ਮੀਟਰ ਦੇ ਕਿਆਰੇ ਵਿਚ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਵਿਚ ਅੱਧਾ ਕਿਲੋ ਯੂਰੀਆ ਅਤੇ 1.5 ਕਿਲੋ ਸੁਪਰਫਾਸਫੇਟ ਰਲਾ ਕੇ ਇਕਸਾਰ ਛਿੱਟਾ ਦੇ ਦਿਓ। ਬਾਅਦ ਵਿਚ ਗਲੀ ਸਲੀ ਰੂੜੀ ਦੀ ਪਤਲੀ ਤਹਿ ਨਾਲ ਬੀਜ ਨੂੰ ਢੱਕ ਦਿਉ। ਹਲਕਾ ਪਾਣੀ ਲਾਉਣ ਤੋਂ ਬਾਅਦ ਪਨੀਰੀ ਵਾਲੀ ਥਾਂ ਨੂੰ ਪਾਰਦਰਸ਼ੀ ਪਲਾਸ਼ਟਿਕ ਦੀ ਚਾਦਰ ਨਾਲ ਸੋਟੀਆਂ ਦੇ ਸਹਾਰੇ ਸੁਰੰਗ ਬਣਾ ਕੇ ਢੱਕ ਦਿਉ। ਬੀਜ ਉਗਣ ਤੋਂ ਬਾਅਦ ਪਲਾਸਟਿਕ ਦੀ ਚਾਦਰ ਲਾਹ ਦਿਉ। ਚਾਰ ਪੱਤੇ ਨਿਕਲਣ ਤੇ ਪਾਣੀ ਲਾ ਕੇ ਪਨੀਰੀ ਪੁੱਟ ਕੇ 60 ਸੈਂਟੀਮੀਟਰ ( 2 ਫੁੱਟ ) ਦੀ ਦੂਰੀ ਤੇ ਬੂਟੇ ਤੋਂ ਬੂਟੇ ਦਾ ਫਾਸਲਾ 30 ਸੈਂਟੀਮੀਟਰ (1 ਫੁੱਟ ) ਰੱਖ ਕੇ ਸਿਆੜਾਂ ਵਿਚ ਲਾ ਕੇ ਪਾਣੀ ਲਾ ਦਿੳ।

ਰਲਵੀਂ ਫ਼ਸਲ ਬੀਜਣਾ : ਵਧੇਰੇ ਮੁਨਾਫਾ ਲੈਣ ਲਈ ਮੈਂਥੇ ਨੂੰ ਸੂਰਜਮੁਖੀ ਵਿਚ ਰਲਵੀਂ ਫ਼ਸਲ ਵਜੋਂ ਵੀ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਵਾਸਤੇ ਸੂਰਜਮੁਖੀ ਦੀ ਫ਼ਸਲ ਨੂੰ 120 ਸੈਂਟੀਮੀਟਰ (4 ਫੁੱਟ ) ਦੀ ਵਿੱਥ ਤੇ ਸਿਆੜਾਂ ਵਿਚ ਉਤਰ-ਦੱਖਣ ਦਿਸ਼ਾ ਵੱਲ ਬੀਜੋ ਅਤੇ ਬੂਟਿਆਂ ਦੀ ਵਿੱਥ 15 ਸੈਟੀਮੀਟਰ (ਅੱਧਾ ਫੁੱਟ) ਰੱਖੋ। ਸੂਰਜਮੁਖੀ ਦੀਆਂ ਦੋ ਲਾਈਨਾਂ ਵਿਚ ਮੈਂਥੇ ਦੀਆਂ ਦੋ ਲਾਈਨਾਂ ਅਖੀਰ ਜਨਵਰੀ ਵਿਚ ਬੀਜੋ। ਇਸ ਰਲਵੀਂ ਫ਼ਸਲ ਲਈ ਮੈਂਥੇ ਦੀਆਂ 150 ਕਿਲੋ ਜੜ੍ਹਾਂ ਪ੍ਰਤੀ ਏਕੜ ਵਰਤੋ। ਚੰਗਾ ਝਾੜ ਲੈਣ ਲਈ ਸੂਰਜਮੁਖੀ ਨੂੰ ਸਿਫਾਰਸ਼ ਕੀਤੀ ਖਾਦ ਤੋਂ ਇਲਾਵਾ 23 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਅਤੇ ਬਾਕੀ ਰਹਿੰਦੀ ਨਾਈਟਰੋਜਨ ਖਾਦ ਬਿਜਾਈ ਤੋਂ 40 ਦਿਨ ਬਾਅਦ ਪਾਉ।

(ਬਾਕੀ ਅਗਲੇ ਅੰਕ 'ਚ)

-ਸ਼ੈਲੀ ਨਈਅਰ , ਸੁਖਵਿੰਦਰ ਸਿੰਘ ਅਤੇ ਜੀ. ਐਸ. ਔਲਖ
ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ।



Post Comment


ਗੁਰਸ਼ਾਮ ਸਿੰਘ ਚੀਮਾਂ