ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, November 29, 2012

ਬੇਚੈਨ ਹੁੰਦਾ ਜਾ ਰਿਹਾ ਹੈ ਬਚਪਨ


ਮਾਂ-ਬਾਪ ਅਤੇ ਬੱਚੇ ਇਕ ਘਰ ਦੀ ਬੁਨਿਆਦ ਹੁੰਦੇ ਹਨ ਜਾਂ ਇਹ ਕਹਿ ਲਈਏ ਕਿ ਇਨ੍ਹਾਂ ਨਾਲ ਹੀ ਘਰ ਸਹੀ ਅਰਥਾਂ ਵਿਚ ਘਰ ਕਹਿਲਾਉਂਦਾ ਹੈ ਤਾਂ ਇਸ ਵਿਚ ਵੀ ਕੋਈ ਝੂਠ ਨਹੀਂ। ਬੱਚੇ ਮਾਂ-ਬਾਪ ਦੀ ਜ਼ਿੰਦਗੀ ਦਾ ਉਹ ਹਿੱਸਾ ਹੁੰਦੇ ਹਨ, ਜਿਸ ਨੂੰ ਚਾਹ ਕੇ ਵੀ ਮਾਪੇ ਆਪਣੇ ਤੋਂ ਵੱਖ ਜਾਂ ਦੂਰ ਨਹੀਂ ਕਰ ਸਕਦੇ, ਚਾਹੇ ਉਨ੍ਹਾਂ ਦੇ ਬੱਚੇ ਕਿੰਨੀ ਵੀ ਵੱਡੀ ਗ਼ਲਤੀ ਕਿਉਂ ਨਾ ਕਰ ਲੈਣ, ਆਪਣੇ ਮਾਂ-ਬਾਪ ਲਈ ਉਹ ਉਹੀ ਅਹਿਮੀਅਤ ਰੱਖਦੇ ਹਨ ਜੋ ਬੱਚੇ ਦੇ ਜਨਮ ਦੇ ਪਹਿਲੇ ਦਿਨ ਤੋਂ ਹੁੰਦੀ ਹੈ। ਮਾਂ-ਪਿਓ ਬੱਚਿਆਂ ਦੀ ਹਰ ਲੋੜ ਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਦੇ ਹਨ ਅਤੇ ਆਪਣੀ ਗੁੰਜਾਇਸ਼ ਮੁਤਾਬਿਕ ਉਸ ਨੂੰ ਪੂਰਾ ਵੀ ਕਰਦੇ ਹਨ ਪਰ ਹੁਣ ਕੁਝ ਸਮੇਂ ਤੋਂ ਮਾਂ-ਬਾਪ ਇਹ ਮਹਿਸੂਸ ਕਰ ਰਹੇ ਹਨ ਕਿ ਬੱਚੇ ਹੌਲੀ-ਹੌਲੀ ਆਪਣੇ ਪਰਿਵਾਰਾਂ ਦੇ ਰਿਸ਼ਤਿਆਂ ਤੋਂ ਵੱਖ ਹੁੰਦੇ ਜਾ ਰਹੇ ਹਨ। ਘਰੇਲੂ ਗੱਲਾਂਬਾਤਾਂ ਤੇ ਪੁਰਾਣੇ ਸੰਸਕਾਰਾਂ ਤੇ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਹ ਸਿਰਫ ਆਪਣੇ ਤੱਕ ਹੀ ਸਿਮਟ ਕੇ ਰਹਿ ਗਏ ਹਨ। ਇਸ ਦਾ ਇਕ ਕਾਰਨ ਤਾਂ ਅਸੀਂ ਮਾਂ-ਬਾਪ ਤੇ ਬੱਚਿਆਂ ਦੇ ਵਿਚ ਵਧ ਰਹੇ 'ਜਨਰੇਸ਼ਨ ਗੈਪ' ਨੂੰ ਮੰਨਦੇ ਹਾਂ, ਕਿਉਂਕਿ ਅੱਜ ਬੱਚਿਆਂ ਦੇ ਵਿਚਾਰ ਕਿਸੇ ਵੀ ਥਾਂ 'ਤੇ ਆਪਣੇ ਮਾਪਿਆਂ ਨਾਲ ਮੇਲ ਨਹੀਂ ਖਾਂਦੇ, ਉਹ ਖੁੱਲ੍ਹੀ ਸੋਚ ਦੇ ਧਾਰਨੀ ਹਨ, ਜਦਕਿ ਮਾਂ-ਬਾਪ ਆਪਣੇ ਪੁਰਾਣੇ ਸੰਸਕਾਰਾਂ ਤੇ ਵਿਚਾਰਾਂ 'ਤੇ ਅਡਿੱਗ ਖੜ੍ਹੇ ਹਨ।

ਮਾਂ-ਪਿਓ ਆਪਣੇ-ਆਪਣੇ ਰੁਝੇਵਿਆਂ ਕਾਰਨ ਬੱਚੇ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ ਤੇ ਬੱਚਿਆਂ 'ਤੇ ਬਾਹਰਲੇ ਜੀਵਨ ਦਾ ਵਧੇਰੇ ਅਸਰ ਹੁੰਦਾ ਹੈ ਤੇ ਇਥੋਂ ਹੀ ਮਾਂ-ਬਾਪ ਲਈ ਮੁਸ਼ਕਿਲਾਂ ਖੜ੍ਹੀਆਂ ਹੁੰਦੀਆਂ ਹਨ। ਮੀਡੀਆ ਰਾਹੀਂ ਜੋ ਬੱਚੇ ਦੇਖਦੇ ਹਨ, ਬਸ ਉਸੇ ਦੇ ਮਗਰ ਲੱਗ ਜਾਂਦੇ ਹਨ ਤੇ ਇਹ ਚੀਜ਼ਾਂ ਬੱਚੇ ਨੂੰ ਇਸ ਤਰ੍ਹਾਂ ਮੋਹ ਲੈਂਦੀਆਂ ਹਨ ਕਿ ਮਾਪਿਆਂ ਦਾ ਕਿਹਾ ਕੁਝ ਵੀ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਤੇ ਨਾ ਹੀ ਉਹ ਸਮਝਣਾ ਚਾਹੁੰਦੇ ਹਨ ਜੋ ਕਿ ਹੌਲੀ-ਹੌਲੀ ਚਿੰਤਾ ਦਾ ਵਿਸ਼ਾ ਬਣਦਾ ਜਾਂਦਾ ਹੈ। ਬੱਚਿਆਂ ਨੂੰ ਸਕੂਲ ਦੇ ਰਾਹ ਪਾ ਦੇਣਾ, ਵਧੀਆ ਤੋਂ ਵਧੀਆ ਚੀਜ਼ਾਂ ਲੈ ਦੇਣਾ ਹੀ ਕਾਫੀ ਨਹੀਂ, ਉਨ੍ਹਾਂ ਨੂੰ ਲੋੜ ਹੁੰਦੀ ਹੈ ਮਾਂ-ਬਾਪ ਤੇ ਘਰਦਿਆਂ ਦੇ ਪਿਆਰ ਦੀ। ਇਸ ਭੱਜ-ਦੌੜ ਭਰੀ ਜ਼ਿੰਦਗੀ ਵਿਚ ਮਾਂ-ਬਾਪ ਨੂੰ ਆਪਣੇ ਬੱਚਿਆਂ ਜੋਗਾ ਘੱਟੋ-ਘੱਟ ਏਨਾ ਕੁ ਸਮਾਂ ਜ਼ਰੂਰ ਕੱਢ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦੇ ਸਕਣ। ਉਸ ਨੂੰ ਹਮੇਸ਼ਾ ਅਜਿਹਾ ਮਾਹੌਲ ਦਿਓ, ਜਿਸ ਤੋਂ ਉਸ ਨੂੰ ਪ੍ਰੇਰਨਾ ਮਿਲੇ ਤੇ ਉਹ ਕੁਰਾਹੇ ਪੈਣ ਦੀ ਥਾਂ ਚੰਗੀ ਸੰਗਤ ਵੱਲ ਰੁਖ਼ ਕਰੇ। ਉਸ ਦੇ ਸਹੀ ਭਵਿੱਖ ਲਈ ਉਸ ਨੂੰ ਸਹੀ ਆਦਰਸ਼ਾਂ 'ਤੇ ਚੱਲਣਾ ਸਿਖਾਓ ਤੇ ਪੂਰਾ-ਪੂਰਾ ਸਮਾਂ ਉਸ ਨੂੰ ਦਿਓ ਤਾਂ ਹੀ ਬੱਚਿਆਂ ਦੇ ਬੇਚੈਨ ਮਨ ਨੂੰ ਸ਼ਾਂਤ ਕੀਤਾ ਜਾ ਸਕੇਗਾ।

ਹਰਜੀਤ ਕੌਰ


Post Comment


ਗੁਰਸ਼ਾਮ ਸਿੰਘ ਚੀਮਾਂ