ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, November 9, 2012

ਹੁਣ ਕਿੱਥੇ ਲੱਭਦੀ ਹੈਚਾਟੀ ਦੀ ਲਾਲ ਲੱਸੀ


ਚਾਟੀ ਦੀ ਲਾਲ ਲੱਸੀ ਜੇਕਰ ਕਿਸੇ ਭਾਗਾਂ ਵਾਲੇ ਘਰ ਵਿਚ ਵੇਖਣ ਨੂੰ ਮਿਲ ਜਾਵੇ ਤਾਂ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਸਾਡੇ ਸੱਭਿਆਚਾਰ ਵਿਚੋਂ ਇਹ ਲੋਪ ਹੋਇਆ ਅੰਮ੍ਰਿਤ ਰੂਪੀ ਪਦਾਰਥ ਅੱਜ ਇਸ ਘਰ ਵਿਚ ਰਹਿਮਤ ਦੇ ਰੂਪ ਵਿਚ ਦਿੱਸਣ ਨੂੰ ਨਸੀਬ ਹੋਇਆ ਹੈ। ਇਸ ਲਾਲ ਲੱਸੀ ਨੂੰ ਵੇਖ ਕੇ ਬਦੋ-ਬਦੀ ਮੂੰਹ ਵਿਚ ਪਾਣੀ ਆ ਜਾਂਦਾ ਸੀ। ਯਾਦ ਆਉਂਦੇ ਹਨ, ਉਹ ਬੀਤ ਗਏ ਸਮੇਂ, ਜਦੋਂ ਬੇਬੇ ਚਾਟੀ ਦੀ ਲਾਲ ਰੰਗ ਦੀ ਲੱਸੀ ਪਿੱਤਲ ਦੇ ਲੰਮੀ ਜੀਭ ਵਾਲੇ ਗੰਗਾ ਸਾਗਰ ਵਿਚ ਪਾ ਕੇ ਪਰਿਵਾਰ ਨੂੰ ਵਰਤਾਇਆ ਕਰਦੀ ਸੀ। ਸਾਨੂੰ ਕੰਗਣੀ ਵਾਲੇ ਵੱਡੇ-ਵੱਡੇ ਪਿੱਤਲ ਦੇ ਗਿਲਾਸ ਭਰ ਕੇ ਲੱਸੀ ਦੇ ਜਦੋਂ ਬੇਬੇ ਦਿੰਦੀ ਤਾਂ ਇਹ ਗਿਲਾਸ ਗਟ-ਗਟ ਕਰਕੇ ਪੀ ਜਾਇਆ ਕਰਦੇ। ਅੱਜ ਇਹ ਲੱਸੀ ਤਾਂ ਬੀਤੇ ਦੀ ਗੱਲ ਹੋ ਗਈ ਹੈ। ਉਦੋਂ ਤਾਂ ਇਹ ਕੰਗਣੀ ਵਾਲੇ ਗਿਲਾਸ ਹੀ ਹੋਇਆ ਕਰਦੇ ਸਨ। ਉਦੋਂ ਗੱਭਰੂਆਂ ਦੀਆਂ ਚੌੜੀਆਂ ਛਾਤੀਆਂ ਭਰਵੇਂ ਜੁੱਸੇ ਇਨ੍ਹਾਂ ਹੀ ਲੱਸੀ ਦੁੱਧਾਂ ਦੀ ਬਦੌਲਤ ਹੀ ਸਨ ਜੋ ਪੰਜਾਬ ਦੀ ਸ਼ਾਨ ਹੋਇਆ ਕਰਦੇ ਸਨ। ਉਹ ਪੁਰਾਣੇ ਚੋਬਰ ਗੱਭਰੂ।  ਗੱਭਰੂਆਂ ਦੇ ਨਾਲ-ਨਾਲ ਅੱਜ ਕੰਗਣੀ ਵਾਲੇ ਗਿਲਾਸ ਵੀ ਲੋਪ ਹੋ ਗਏ ਹਨ। ਸਿਰਫ ਬਨਾਵਟੀ ਲੱਸੀ, ਦੁੱਧ ਡੇਅਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ।
ਬੇਬੇ ਨੂੰ ਇਹ ਲੱਸੀ ਬਣਾਉਣ ਖਾਤਰ ਬਹੁਤ ਮੁਸ਼ੱਕਤ ਕਰਨੀ ਪੈਂਦੀ ਸੀ। ਸਵੇਰੇ ਤੜਕੇ ਹੀ ਬੇਬੇ ਨੇ ਮੁਰਗੇ ਦੀ ਬਾਂਗ ਨਾਲ ਜਾਗ ਪੈਣਾ, ਲਵੇਰੀਆਂ ਦੀਆਂ ਧਾਰਾਂ ਕੱਢਣੀਆਂ, ਦੁੱਧ ਰਿੜਕਣਾ, ਬੇਬੇ ਦਾ ਸਵੇਰੇ ਵੇਲੇ ਦਾ ਇਹ ਮੁੱਢਲਾ ਕੰਮ ਹੁੰਦਾ ਸੀ। ਸਾਰੇ ਦਿਨ ਲਈ ਵਰਤਣ ਵਾਲਾ ਦੁੱਧ ਰੱਖ ਕੇ ਬਾਕੀ ਦੁੱਧ ਦੋਹਣੀ (ਕਾੜ੍ਹਨੀ) ਵਿਚ ਪਾ ਦਿਆ ਕਰਦੀ ਸੀ, ਸਾਰਾ ਦਿਨ ਕੜ੍ਹਨ ਲਈ। ਦੋਹਣੀ ਇਕ ਮਿੱਟੀ ਦਾ ਬਣਿਆ ਖੁੱਲ੍ਹਾ-ਡੁੱਲ੍ਹਾ ਵੱਡਾ ਮਟਕਾ ਨੁਮਾ ਬਰਤਨ ਹੁੰਦਾ ਸੀ ਜਿਸ ਨੂੰ ਘੁਮਿਆਰ ਲਾਲ ਮਿੱਟੀ ਨਾਲ ਬਹੁਤ ਹੀ ਮਿਹਨਤ ਕਰਕੇ ਆਵੇ ਜਰੀਏ ਪਕਾ ਕੇ ਤਿਆਰ ਕਰਦਾ ਸੀ। ਇਸ ਦੋਹਣੀ (ਕਾੜ੍ਹਨੀ) ਦੇ ਉਪਰ ਢੱਕਣ ਦੇ ਰੂਪ ਵਿਚ ਇਕ ਸੁਰਾਖਾਂ ਵਾਲੀ ਕੰਡੀਰੀ ਨਾਲ ਸੈੱਟ ਮਿਲਾ ਕੇ ਦੇ ਦਿਆ ਕਰਦੇ ਸੀ। ਬੇਬੇ ਇਸ ਦੋਹਣੀ ਨੂੰ ਦੁੱਧ ਨਾਲ ਭਰ ਕੇ ਹਾਰੇ ਵਿਚ ਸਾਰੇ ਦਿਨ ਲਈ ਕੜ੍ਹਨ ਲਈ ਰੱਖ ਦਿਆ ਕਰਦੀ ਸੀ। ਹਾਰੇ ਵਿਚ ਸਾਰੇ ਦਿਨ ਲਈ ਪਾਥੀਆਂ ਦੇ ਟੁੱਕੜੇ ਪਾ ਕੇ ਅੱਗ ਪਾ ਦਿੱਤੀ ਜਾਂਦੀ ਸੀ। ਜੋ ਸਾਰਾ ਦਿਨ ਸੁਲਘ ਕੇ ਦੁੱਧ ਨੂੰ ਕਾੜ੍ਹਦੀ ਰਹਿੰਦੀ ਸੀ। ਇੱਥੇ ਹਾਰੇ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਹਾਰਾ ਇਕ ਮਿੱਟੀ ਦਾ ਬਣਿਆ ਤੰਦੂਰਨੁਮਾ ਮੱਟ ਜਿਹਾ ਹੁੰਦਾ ਸੀ, ਜੋ ਹਰ ਘਰ ਵਿਚ ਚੁੱਲ੍ਹੇ ਦੇ ਨਜ਼ਦੀਕ ਹੀ ਜਾਂ ਥੋੜ੍ਹੇ ਵਕਫੇ ’ਤੇ ਬਹੁਤ ਹੀ ਸਲੀਕੇ ਨਾਲ ਬਣਿਆ ਹੁੰਦਾ ਸੀ। ਇਹ ਹਾਰਾ ਲਵੇਰੀਆਂ ਵਾਲੇ ਘਰ ਦਾ ਸ਼ਿੰਗਾਰ ਹੁੰਦਾ ਸੀ। ਅੱਜ ਹਾਰਾ ਆਮ ਤੌਰ ’ਤੇ ਸੱਭਿਆਚਾਰ ’ਚੋਂ ਲੋਪ ਹੋ ਚੁੱਕਾ ਹੈ। ਇਸ ਹਾਰੇ ਨੂੰ ਬੇਬੇ ਬਹੁਤ ਹੀ ਮਿਹਨਤ ਨਾਲ ਤਿਆਰ ਕਰਦੀ ਸੀ। ਹਰ ਘਰ ਵਿਚ ਇਹ ਹਾਰੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਏ ਹੁੰਦੇ ਸਨ। ਹਾਰੇ ’ਤੇ ਵੇਲ ਬੂਟੀਆਂ ਪਾਈਆਂ ਅਜੀਬ ਹੀ ਦਿਖ ਪੇਸ਼ ਕਰਦੀਆਂ ਸਨ, ਜੋ ਕਿ ਪੇਂਡੂ ਸੱਭਿਆਚਾਰ ਦਾ ਇਕ ਕਲਾਤਮਿਕ ਨਮੂਨਾ ਹੁੰਦਾ ਸੀ। ਦੋਹਣੀ ਵਿਚ ਪਾਇਆ ਦੁੱਧ ਹਾਰੇ ਵਿਚ ਸਾਰਾ ਦਿਨ ਕੜ੍ਹਦਾ ਰਹਿੰਦਾ ਅਤੇ ਚੌਗਿਰਦੇ ਵਿਚ ਕੜ੍ਹੇ ਦੁੱਧ ਦੀ ਖੁਸ਼ਬੂ ਫੈਲਦੀ ਰਹਿੰਦੀ। ਪਾਥੀਆਂ ਦੇ ਛੋਟੇ-ਛੋਟੇ ਟੁਕੜੇ ਬੇਬੇ ਦਿਨ ’ਚ ਗਾਹੇ-ਬਗਾਹੇ ਪਾਉਂਦੀ ਰਹਿੰਦੀ ਅਤੇ ਦੁੱਧ ਦੀ ਨਿਗਰਾਨੀ ਰੱਖਦੀ। ਦੁੱਧ ਕੜ੍ਹ-ਕੜ੍ਹ ਕੇ ਲਾਲ ਹੋ ਜਾਂਦਾ। ਉਪਰ ਮਲਾਈ ਦੀ ਮੋਟੀ ਪਰਤ ਜੰਮ ਜਾਂਦੀ। ਦੁੱਧ ਵਿਚਲਾ ਫਾਲਤੂ ਪਾਣੀ ਕੰਡੀਰੀ ਦੇ ਸੁਰਾਖਾਂ ਜਰੀਏ ਭਾਫ ਬਣ ਕੇ ਉਡਦਾ ਰਹਿੰਦਾ। ਬੇਬੇ ਸਾਨੂੰ ਨਿੱਕਿਆ ਹੁੰਦਿਆਂ ਨੂੰ ਦੋਹਣੀ ਨੂੰ ਛੂਹਣ ਨਾ ਦਿੰਦੀ। ਸ਼ਾਮੀ ਰੋਟੀ ਟੁੱਕ ਦੇ ਆਹਾਰ ਤੋਂ ਵਿਹਲੀ ਹੋ ਕੇ ਸ਼ਾਮ ਦਾ ਚੋਇਆ ਦੁੱਧ ਵੀ ਗਰਮ ਕਰਕੇ ਜਮਾਉਣ ਲਈ ਰੱਖ ਦਿੰਦੀ। ਸਭ ਤੋਂ ਪਹਿਲਾਂ ਦਿਨ ਦਾ ਕੜ੍ਹਿਆ ਦੁੱਧ ਚਾਟੀ ਵਿਚ ਪਲਟ ਦਿੰਦੀ ਸੀ। ਫਿਰ ਸ਼ਾਮ ਦਾ ਗਰਮ ਦੁੱਧ ਵੀ ਵਿਚ ਮਿਲਾ ਕੇ ਜਾਗ ਲਾ ਦਿੰਦੀ ਸੀ ਤਾਂ ਜੋ ਸਵੇਰੇ ਲਈ ਦਹੀਂ ਜੰਮ ਜਾਵੇ।
ਸਵੇਰੇ ਹੀ ਸਵੇਰੇ ਬੇਬੇ ਨੇ ਜਾਗ ਪੈਣਾ। ਸਭ ਤੋਂ ਪਹਿਲਾਂ ਲੱਕੜ ਦੀ ਮਧਾਣੀ ਦਾ ਕੁੜ ਪਾਟੀ ਦੇ ਮੂੰਹ ’ਤੇ ਰੱਖ ਕੇ ਘੜੌਂਜੀ ਨਾਲ ਮਧਾਣੀ ਨੂੰ ਬੰਨ੍ਹ ਦੇਣਾ। ਇਕ ਰੱਸੀ ਪਾ ਕੇ ਤਾਂ ਜੋ ਮਧਾਣੀ ਚਾਟੀ ’ਤੇ ਟਿਕੀ ਰਹੇ। ਨੇਤਰੇ ਦੇ ਜ਼ਰੀਏ ਬੇਬੇ ਨੇ ਦੁੱਧ ਰਿੜਕਣਾ ਤੇ ਨਾਲ ਗੁਰਬਾਣੀ ਦੀਆਂ ਤੁਕਾਂ ਗੁਣ-ਗੁਣਾਉਂਦੀ ਰਹਿਣਾ। ਚਾਟੀ ਵਿਚੋਂ ਘੰਮ-ਘੰਮ ਦੀ ਆਵਾਜ਼ ਆਉਂਦੀ ਜਿਸ ’ਤੇ ਇਕ ਮਧੁਰ ਜਿਹਾ ਸੰਗੀਤ ਫਿਜ਼ਾ ਵਿਚ ਗੂੰਜ ਉਠਣਾ। ਤੜਕੇ ਹੀ ਪਹੁ-ਫੁਟਾਲੇ ਨਾਲ ਚਿੜੀਆਂ ਦੀ ਚੀਂ-ਚੀਂ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵਿਚ ਆਮ ਹੀ ਸੁਣਨ ਨੂੰ ਮਿਲਦੀ ਸੀ, ਜਿਸ ਨਾਲ ਅੰਮ੍ਰਿਤ ਵੇਲੇ ਇਕ ਅਜੀਬ ਅਤੇ ਬਹੁਤ ਮਿੱਠਾ ਸੰਗੀਤ ਪੈਦਾ ਹੁੰਦਾ ਸੀ। ਇਹ ਦੁੱਧ ਰਿੜਕਣ ਦੀ ਕਾਰਵਾਈ ਬੇਬੇ ਦੀ ਘੰਟਾ ਕੁ ਭਰ ਚਲਦੀ ਰਹਿੰਦੀ। ਜਦੋਂ ਬੇਬੇ ਨੇ ਮੱਖਣ ਕੱਢ ਕੇ ਮਿੱਟੀ ਦੇ ਠੁੱਲ੍ਹੇ ਵਿਚ ਪਾ ਦੇਣਾ ਤਾਂ ਸਮਝ ਲੋ ਚਾਟੀ ਦੀ ਲਾਲ ਲੱਸੀ ਤਿਆਰ ਹੋ ਗਈ। ਚਾਟੀ ਵਿਚ ਪਈ ਲੱਸੀ, ਘਰ ਨੂੰ ਚਾਰ ਚੰਨ ਲਾ ਦਿੰਦੀ। ਅੱਜ ਤਾਂ ਚਿੜੀਆਂ ਦੀ ਚੀਂ-ਚੀਂ ਅਤੇ ਮਧਾਣੀਆਂ ਦੀ ਘੰਮ-ਘੰਮ ਦੀ ਆਵਾਜ਼ ਵੀ ਲੋਪ ਹੋ ਗਈ ਹੈ। ਅੱਜ-ਕੱਲ੍ਹ ਜੇਕਰ ਕਿਸੇ ਘਰ ਵਿਚ ਤ੍ਰੀਮਤਾਂ ਚਾਟੀ ਦੀਆਂ ਲੱਸੀਆਂ ਬਣਾਉਂਦੀਆਂ ਹਨ ਤਾਂ ਸਮਝ ਲਓ ਉਸ ਪਰਿਵਾਰ ਨੇ ਆਪਣਾ ਅਮੀਰ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਉਸ ਘਰ ਦੇ ਪਰਿਵਾਰ ਦੇ ਮੈਂਬਰ ਹਸਮੁੱਖ, ਚੌੜੀਆਂ ਛਾਤੀਆਂ, ਭਰਵੇਂ ਜੁੱਸੇ ਦੇ ਮਾਲਕ ਹੋਣਗੇ। ਸਾਰਾ ਘਰ ਕੁਦਰਤੀ ਰਹਿਮਤਾਂ ਨਾਲ ਭਰਿਆ ਹੋਵੇਗਾ ਅਤੇ ਘਰ ਦਾ ਮਾਹੌਲ ਵੀ ਖੁਸ਼ ਗਵਾਰ ਹੋਵੇਗਾ। ਲੱਸੀ ਦੁੱਧ ਰੱਜੇ-ਪੁੱਜੇ ਘਰ ਦੀ ਨਿਸ਼ਾਨੀ ਹੁੰਦੀ ਸੀ।
ਹੁਣ ਤਾਂ ਸਾਰੀਆਂ ਦੁੱਧ ਲੱਸੀ ਦੀਆਂ ਦਾਤਾਂ ਡੇਅਰੀਆਂ ਨੇ ਆਪਣੇ ਵਿਚ ਸਮੋ ਲਈਆਂ ਹਨ। ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਗਰਕ ਹੋ ਰਹੇ ਹਨ। ਦੁੱਧ ਲੱਸੀ ਤਾਂ ਦੂਰ ਦੀ ਗੱਲ ਹੋ ਗਈ ਹੈ। ਟੀਕੇ, ਫੈਂਸੀਆਂ, ਗੋਲੀਆਂ ਪੰਜਾਬ ਦੇ ਜਵਾਨਾਂ ਦੇ ਖੀਸਿਆਂ ਦਾ ਸ਼ਿੰਗਾਰ ਬਣ ਗਈਆਂ ਹਨ।
ਦੁੱਧ ਖੁਣੋ ਸੁੱਕ ਗਏ ਨੇ ਗੱਭਰੂ ਪੰਜਾਬ ਦੇ
ਗਲੀ-ਗਲੀ ਵਿਚ ਠੇਕੇ ਖੁੱਲ੍ਹ ਗਏ ਸ਼ਰਾਬ ਦੇ।
ਇਹ ਅੰਮ੍ਰਿਤ ਰੂਪੀ ਪਦਾਰਥ ਲੱਸੀ ਪੰਜਾਬੀ ਸੱਭਿਆਚਾਰ ’ਚੋਂ ਲੋਪ ਹੋ ਰਿਹਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਪਨਾ ਬਣ ਕੇ ਰਹਿ ਜਾਵੇਗੀ।
ਲੱਸੀਆਂ ਦੇ ਛੰਨੇ, ਹੈ ਨੀ ਮੱਖਣਾਂ ਦੀਆਂ ਪੇੜੀਆਂ
ਜਵਾਨੀਆਂ ਪੰਜਾਬ ਦੀਆਂ, ਨਸ਼ਿਆਂ ਨੇ ਘੇਰੀਆਂ।

ਜਗਜੀਤ ਸਿੰਘ ਜੱਗਾ ਮੁੰਡੀਆਂ
ਸੰਪਰਕ: 94177-05995

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 




Post Comment


ਗੁਰਸ਼ਾਮ ਸਿੰਘ ਚੀਮਾਂ