ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, November 21, 2012

ਬੰਸਾਵਲੀਨਾਮਾ : ਮਹਾਰਾਜਾ ਦਲੀਪ ਸਿੰਘ

ਮਹਾਰਾਜਾ ਦਲੀਪ ਸਿੰਘ (ਵਿਚਕਾਰ) ਦੀ ਬੇਟੀ ਸੋਫੀਆ ਦਲੀਪ ਸਿੰਘ ਅਤੇ ਪੁੱਤਰ ਵਿਕਟਰ ਦਲੀਪ ਸਿੰਘ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਬੇਟੇ (ਮਹਾਰਾਜਾ) ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ। ਉੱਥੇ ਉਸ ਨੂੰ ਈਸਾਈ ਬਣਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਵੱਲ ਧੱਕ ਦਿੱਤਾ ਗਿਆ। ਉਸ ਨੂੰ ਉੱਚ ਸਿੱਖਿਆ ਲਈ ਕਿਸੇ ਯੂਨੀਵਰਸਿਟੀ ਆਦਿ ਵਿੱਚ ਦਾਖਲ ਨਾ ਕਰਵਾਇਆ ਗਿਆ। ਜਦੋਂ ਉਹ ਜਵਾਨ ਹੋਇਆ ਤਾਂ ਉਸ ਦੀ ਸ਼ਾਦੀ ਇੱਕ ਯੂਰਪੀ ਸੌਦਾਗਰ ਲੁਡਵਿਕ ਮੂਲਰ ਅਤੇ ਐਬਸੀਨਨ-ਮਿਸਰੀ ਮਾਂ ਸੋਫੀਆ ਦੀ ਹਸੀਨ ਬੇਟੀ ਬੰਬਾ ਮੂਲਰ ਨਾਲ 7 ਜੂਨ 1864 ਨੂੰ ਕਰਵਾ ਦਿੱਤੀ ਗਈ। ਬੰਬਾ ਉਸ ਸਮੇਂ ਕੈਰੋ ਮਿਸ਼ਨ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੀ ਸੀ ਜਦੋਂ ਉਸ ਦੀ ਸ਼ਾਦੀ ਹੋਈ। ਬਾਂਬਾ, ਕੈਰੋ ਵਿੱਚ 1863 ’ਚ ਮਹਾਰਾਜਾ ਦਲੀਪ ਸਿੰਘ ਨੂੰ ਮਿਲੀ ਸੀ। ਇਹ ਸ਼ਾਦੀ ਬ੍ਰਿਟਿਸ਼ ਕੌਂਸੂਲੇਟ, ਅਲੈਗਜ਼ੈਂਡਰਾ (ਮਿਸਰ) ਵਿੱਚ ਹੋਈ।

ਮਹਾਰਾਜਾ ਦਲੀਪ ਸਿੰਘ ਦੂਜੀ ਵਾਰ ਜਦੋਂ 1864 ਦੀਆਂ ਗਰਮੀਆਂ ਵਿੱਚ ਆਪਣੀ ਮਾਤਾ (ਮਹਾਰਾਣੀ ਜਿੰਦ ਕੌਰ) ਦੀਆਂ ਅਸਥੀਆਂ ਲੈ ਕੇ ਪੰਜਾਬ ਜਾ ਰਿਹਾ ਸੀ ਤਾਂ ਉਸ ਨੂੰ ਅੰਗਰੇਜ਼ਾਂ ਨੇ ਅਦੀਨ (1den) ਹੀ ਰੋਕ ਦਿੱਤਾ। ਗੋਦਾਵਰੀ ਦਰਿਆ ਵਿੱਚ ਕੁਝ ਅਸਥੀਆਂ ਜਲ ਪ੍ਰਵਾਹ ਕੀਤੀਆਂ ਅਤੇ ਕੁਝ ਬੰਬਈ ਰੱਖ ਦਿੱਤੀਆਂ। ਬਾਂਬਾ ਸਿਰਫ਼ ਅਰਬੀ ਲਿਖਦੀ ਅਤੇ ਬੋਲਦੀ ਸੀ, ਜਿਸ ਕਾਰਨ ਮਹਾਰਾਜੇ ਨੂੰ ਸ਼ੁਰੂ-ਸ਼ੁਰੂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਬੰਬਾ ਮੂਲਰ ਨੇ ਮਹਾਰਾਜਾ ਦਲੀਪ ਸਿੰਘ ਦੇ ਛੇ ਬੱਚਿਆਂ ਸ਼ਹਿਜ਼ਾਦਾ ਵਿਕਟਰ ਐਲਬੋਰਟ ਜੈ ਦਲੀਪ ਸਿੰਘ (1866-1918), ਸ਼ਹਿਜ਼ਾਦਾ ਫਰੈਡਰਿਕ ਵਿਕਟਰ ਦਲੀਪ ਸਿੰਘ (1868-1926), ਸ਼ਹਿਜ਼ਾਦੀ ਬੰਬਾ ਜਿੰਦਾਂ ਦਲੀਪ ਸਿੰਘ (1869-1957), ਸ਼ਹਿਜ਼ਾਦੀ ਕੈਥਰਿਨ ਹਿਜਦਾ ਦਲੀਪ ਸਿੰਘ (1871-1942), ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰ ਦਲੀਪ ਸਿੰਘ (1874-1948) ਅਤੇ ਸ਼ਹਿਜ਼ਾਦਾ ਐਲਬੋਰਟ ਐਡਵਰਡ ਦਲੀਪ ਸਿੰਘ (1879-1893) ਨੂੰ ਜਨਮ ਦਿੱਤਾ।....

ਮਹਾਰਾਜਾ ਦਲੀਪ ਸਿੰਘ ਦੇ ਸਾਰੇ ਬੱਚੇ 1866 ਤੋਂ ਲੈ ਕੇ 1879 ਵਿਚਕਾਰ ਪੈਦਾ ਹੋਏ ਸਨ। ਮਹਾਰਾਜੇ ਨੇ 25 ਮਈ 1886 ਨੂੰ ‘ਖੰਡੇ ਦੀ ਪਾਹੁਲ’ ਲੈ ਲਈ ਸੀ ਅਤੇ ਆਪਣੇ ਪੁਰਖਿਆਂ ਦੇ ਧਰਮ ਵਿੱਚ ਆ ਗਿਆ ਸੀ। ਮਹਾਰਾਜੇ ਦੇ ਦੋਵੇਂ ਵੱਡੇ ਬੇਟੇ ਸ਼ਹਿਜ਼ਾਦਾ ਵਿਕਟਰ ਐਲਬੋਰਟ ਜੈ ਦਲੀਪ ਸਿੰਘ ਅਤੇ ਫਰੈਡਰਿਕ ਵਿਕਟਰ ਦਲੀਪ ਸਿੰਘ ਇੰਗਲੈਂਡ ਦੇ ਈਟਨ (5ton) ਕਾਲਜ ਵਿੱਚ ਪੜ੍ਹਦੇ ਸਨ। ਇਹ 1870 ਦਾ ਸਮਾਂ ਸੀ। ਇਨ੍ਹਾਂ ਦੋਵਾਂ ਭਰਾਵਾਂ ਦੀਆਂ ਯਾਦਗਾਰਾਂ ਕਾਲਜ ਵਾਲਿਆਂ ਨੇ ਮਹਿਫ਼ੂਜ਼ ਰੱਖੀਆਂ ਹਨ। ਫਰੈਡਰਿਕ ਵਿਕਟਰ ਦਲੀਪ ਸਿੰਘ ਨੇ ਮੈਗਡਾਲੀਨ ਕਾਲਜ, ਕੈਂਬਰਿਜ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ। ਉਸ ਨੇ ਇਤਿਹਾਸ ਦੀ ਆਨਰਜ਼ ਦੀ ਪ੍ਰੀਖਿਆ ਪਾਸ ਕਰਕੇ ਐੱਮ.ਏ. ਕੀਤੀ ਸੀ। ਉਸ ਨੇ Sufflox Yeomanry ਵਿੱਚ ਕਮਿਸ਼ਨ ਹਾਸਲ ਕਰ ਲਈ ਸੀ ਅਤੇ ਬਾਅਦ ਵਿੱਚ Norfolk Yeomanry ਵਿੱਚ ਤਬਦੀਲ ਹੋ ਗਿਆ ਸੀ। 1909 ਵਿੱਚ ਉਸ ਨੇ ਕਮਿਸ਼ਨ ਤੋਂ ਅਸਤੀਫਾ ਦੇ ਦਿੱਤਾ ਅਤੇ ਬਾਅਦ ਵਿੱਚ 1914 ਵਿੱਚ ਦੁਬਾਰਾ ਫ਼ੌਜ ਵਿੱਚ ਭਰਤੀ ਹੋ ਗਿਆ। ਉਸ ਦੀਆਂ ਸੇਵਾਵਾਂ ਬਦਲੇ ਉਸ ਨੂੰ ਟੇਰੀਟੋਰੀਅਲ ਡੈਕੋਰੇਸ਼ਨ ਨਾਲ ਸਨਮਾਨਿਆ ਗਿਆ। ਸ਼ਹਿਜ਼ਾਦਾ ਫਰੈਡਰਿਕ ਪੁਰਾਤਤਵ ਖੋਜਾਂ ਵਿੱਚ ਜਨੂੰਨ ਦੀ ਹੱਦ ਤਕ ਰੁਚੀ ਰੱਖਦਾ ਸੀ ਅਤੇ ਉਹ ਸੁਸਾਇਟੀ ਆਫ਼ ਐਂਟੀਕੇਰੀਜ਼ (ਪੁਰਾਤਤਵ, ਪੁਰਾਣੀਆਂ ਵਸਤਾਂ ਦਾ ਅਧਿਐਨ) ਦਾ ਫੈਲੋ ਬਣਿਆ। ਉਸ ਨੇ ਇਸ ਸਬੰਧੀ ਕਈ ਲੇਖ ਮੈਗਜ਼ੀਨਾਂ ਅਤੇ ਅਖ਼ਬਾਰਾਂ ਲਈ ਲਿਖੇ। ਉਹ ਆਪਣੇ ਪਿਤਾ ਦੇ ਸ਼ਹਿਰੀ ਘਰ 2lonorton 8all in Norfolk ਵਿੱਚ ਹੀ ਰਿਹਾ। ਵੱਡੇ ਭਰਾ ਵਿਕਟਰ ਦਲੀਪ ਸਿੰਘ ਦੀ ਸ਼ਾਦੀ ਇੱਕ ਜਰਮਨ ਕੁੜੀ ਨਾਲ ਹੋਈ ਸੀ, ਉਸ ਤੋਂ ਕੋਈ ਔਲਾਦ ਨਾ ਹੋਈ। ਆਖ਼ਰ ਵਿਕਟਰ 52 ਸਾਲ ਦੀ ਉਮਰ ਵਿੱਚ ਗੁਜ਼ਰ ਗਿਆ।
ਸ਼ਹਿਜ਼ਾਦੀ ਬਾਂਬਾ ਸੋਫ਼ੀਆ ਦਲੀਪ ਸਿੰਘ ਦਾ ਜਨਮ 29 ਸਤੰਬਰ 1869 ਨੂੰ ਲੰਡਨ ਵਿੱਚ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ ਇਸ ਪੋਤੀ ਨੇ ਕੌਮੀ ਖ਼ਜ਼ਾਨੇ ਨੂੰ ਸੁਰੱਖਿਅਤ ਰੱਖਿਆ ਸੀ। ਭਾਵੇਂ ਬਹੁਤ ਸਾਰੇ ਚਿੱਤਰ ਆਦਿ ਅੰਗਰੇਜ਼ 1849 ਵਿੱਚ ਮਹਾਰਾਜਾ ਦਲੀਪ ਸਿੰਘ ਨਾਲ ਹੀ ਇੰਗਲੈਂਡ ਲੈ ਗਏ ਸਨ। ਮਹਾਰਾਜਾ ਦਲੀਪ ਸਿੰਘ 22 ਅਕਤੂਬਰ 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਪ੍ਰਾਣ ਤਿਆਗ ਗਿਆ ਸੀ। ਉਸ ਦਾ ਵੱਡਾ ਬੇਟਾ ਸ਼ਹਿਜ਼ਾਦਾ ਵਿਕਟਰ ਐਲਬੋਰਟ ਦਲੀਪ ਸਿੰਘ, ਪਿਤਾ ਦੀ ਮ੍ਰਿਤਕ ਦੇਹ ਨੂੰ ਏਲਨਡਿੰਨ (ਇੰਗਲੈਂਡ) ਲੈ ਗਿਆ, ਜਿੱਥੇ ਉਸ ਨੂੰ ਪਰਿਵਾਰ ਦੇ ਹੋਰ ਫੌਤ ਹੋਏ ਜੀਆਂ ਨਾਲ ਸਪੁਰਦ-ਏ-ਖ਼ਾਕ ਕਰ ਦਿੱਤਾ। ਮਹਾਰਾਜਾ ਦਲੀਪ ਸਿੰਘ ਦੇ ਦੇਹਾਂਤ ਤੋਂ ਬਾਅਦ ਇਸ ਸਾਰੇ ਵਿਰਾਸਤੀ ਖ਼ਜ਼ਾਨੇ ਦੀ ਨਿਗਰਾਨੀ ਸ਼ਹਿਜ਼ਾਦੀ ਬੰਬਾ ਕਰਦੀ ਸੀ। ਪਾਕਿਸਤਾਨ ਦੇ ਪੁਰਾਤਤਵ ਵਿਭਾਗ ਨੇ “he Princess 2amba 3ollection ਪੁਸਤਕ ਛਾਪੀ ਹੈ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪ੍ਰਸਿੱਧ ਚਿੱਤਰਕਾਰਾਂ ਦੇ ਚਿੱਤਰ ਛਾਪੇ ਹਨ। ਸ਼ਹਿਜ਼ਾਦੀ ਬੰਬਾ ਕੋਲ ਜੋ ਬੇਸ਼ਕੀਮਤੀ ਚਿੱਤਰ ਸਨ, ਉਨ੍ਹਾਂ ਵਿੱਚ 18 ਤੇਲ ਚਿੱਤਰ, 14 ਜਲ ਚਿੱਤਰ,  22 ਹਾਥੀਦੰਦ ਚਿੱਤਰ ਅਤੇ 17 ਫੋਟੋ ਸਨ। ਇਹ ਸਾਰੇ ਚਿੱਤਰ ਯੂਰਪੀ ਚਿੱਤਰਕਾਰਾਂ ਨੇ ਬਣਾਏ ਸਨ, ਜਿਨ੍ਹਾਂ ਵਿੱਚ 1ugust Schoefft, Leslieopoole Smith, 7oldingham, 2lakneyward, P.3. 6rench, Paillet ਅਤੇ Winter 8alter ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ। ਇੱਕ ਵੱਡ ਆਕਾਰੀ ਚਿੱਤਰ (192’’&100’’) ‘ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ’ ਵਾਲਾ ਹੈ ਜੋ 1ugust Schoefft ਨੇ ਬਣਾਇਆ ਸੀ। ਇੱਕ ਜਲ ਚਿੱਤਰ ਦਿਲ ਖਿੱਚਵੇਂ ਅੰਦਾਜ਼ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਹੈ ਜੋ ਵਿਸ਼ੇਸ਼ ਤੌਰ ’ਤੇ ਮਹਾਰਾਣੀ ਵਿਕਟੋਰੀਆ ਨੇ ਇੱਕ ਯੂਰਪੀ ਚਿੱਤਰਕਾਰ ਹਾਲਟਰ ਰਾਹੀਂ ਬਕਿੰਘਮ ਪੈਲੇਸ ਲਈ ਬਣਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਲਿਬਾਸ ਵਿੱਚ ਹਾਥੀ ਉੱਪਰ ਬੈਠੇ ਦੀ ਇੱਕ ਸਿਲਵਰ ਪੇਂਟਿੰਗ ਹੈ। ਮਹਾਰਾਜਾ ਦਲੀਪ ਸਿੰਘ ਦਾ ਸਿਰੀ ਸਾਹਿਬ ਹੱਥ ਵਿੱਚ ਲੈ ਕੇ ਸ਼ਾਹੀ ਲਿਬਾਸ ਵਾਲਾ ਚਿੱਤਰ ਵਿੰਟਰ ਹਾਲਟਰ (1805-1873) ਨੇ ਬਣਾਇਆ ਸੀ। ਇਹ ਲੰਡਨ ਦੇ ਓਸਬਾਰਨ ਹਾਊਸ ਵਿੱਚ ਮੌਜੂਦ ਹੈ।
ਬਾਂਬਾ ਐਲਵਰਡਨ ਵਿੱਚ ਰਹਿੰਦੀ ਸੀ, ਜਿੱਥੇ ਉਸ ਦੀ ਮਾਂ ਦਾ ਗੁਰਦੇ ਫੇਲ੍ਹ ਹੋਣ ਕਾਰਨ ਦੇਹਾਂਤ ਹੋਇਆ। ਉਹ ਆਪਣੇ ਭੈਣ-ਭਰਾਵਾਂ ਨਾਲ 1rthur Oliphant ਦੀ ਨਿਗਰਾਨੀ ਹੇਠ ਰਹੀ, ਜੋ ਉਨ੍ਹਾਂ ਦੇ ਪਿਤਾ ਦਾ ਰਾਜ ਮਹਿਲ ਕਰਮਚਾਰੀ ਸੀ। ਬਾਂਬਾ ਆਪਣੇ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਸੋਮਰਵਿਲੇ ਦੇ ਔਕਸਫੋਰਡ ਕਾਲਜ ਵਿੱਚ ਦਾਖਲ ਹੋਈ। ਬਾਂਬਾ ਨੇ ਹਿੰਦੁਸਤਾਨ ਆਉਣ ਤੋਂ ਪਹਿਲਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ। ਜੋ ਤੀਵੀਂ ਉਸ ਨੇ ਚੁਣੀ ਉਹ ਹੰਗਰੀ ਦੀ Marie 1ntoine 7ottesman ਸੀ ਜਿਸ ਦਾ ਪਿਤਾ ਸੱਭਿਆਚਾਰ ਸਬੰਧੀ ਜਾਣਕਾਰੀ ਰੱਖਦਾ ਸੀ। ਇਹ ਦੋਵੇਂ ਕੁੜੀਆਂ ਕਈ ਵਾਰ ਹਿੰਦੁਸਤਾਨ ਆ ਕੇ ਲਾਹੌਰ ਅਤੇ ਸ਼ਿਮਲੇ ਰਹੀਆਂ।  Marie 1ntonie ਜਦੋਂ ਸ. ਉਮਰਾਓ ਸਿੰਘ ਸ਼ੇਰਗਿਲ ਨੂੰ ਮਿਲੀ ਤਾਂ ਉਸ ਨਾਲ ਵਿਆਹ ਕਰਵਾ ਲਿਆ। ਇਸ ਮਗਰੋਂ ਦੋਵੇਂ ਹੰਗਰੀ ਚਲੇ ਗਏ, ਜਿੱਥੇ ਉਨ੍ਹਾਂ ਦੇ ਘਰ ਪ੍ਰਸਿੱਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦਾ ਜਨਮ ਹੋਇਆ। ਆਖ਼ਰਕਾਰ ਸ਼ਹਿਜ਼ਾਦੀ ਬਾਂਬਾ ਨੂੰ ਆਪਣੀ ਦਾਦੀ ਦੀਆਂ ਕੁਝ ਅਸਥੀਆਂ (ਜੋ ਬੰਬਈ ਵਿੱਚ ਸੁਰੱਖਿਅਤ ਸਨ) ਲਾਹੌਰ ਦਫ਼ਨਾਉਣ ਦੀ ਇਜਾਜ਼ਤ ਮਿਲ ਗਈ। ਇਹ ਬਾਂਬਾ ਦੀ ਨਿਗਰਾਨੀ ਵਿੱਚ ਬੰਬਈ ਤੋਂ ਲਾਹੌਰ ਪੁੱਜੀਆਂ। ਉੱਥੇ ਉਸ ਨੇ ਇਹ ਅਸਥੀਆਂ ਆਪਣੇ ਦਾਦੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਦਫ਼ਨਾ ਦਿੱਤੀਆਂ।
ਸ਼ਹਿਜ਼ਾਦੀ ਬਾਂਬਾ ਕੁਝ ਸਮੇਂ ਲਈ ਲਾਹੌਰ ਦੇ ਫਲੈਟੀਜ਼ ਹੋਟਲ ਵਿੱਚ ਰਹੀ ਅਤੇ ਬਾਅਦ ਵਿੱਚ ਇੱਕ ਬੰਗਲਾ ਕਿਰਾਏ ’ਤੇ ਲੈ ਲਿਆ। ਉਹ ਦੋ ਸਾਲ ਇਸੇ ਬੰਗਲੇ ਵਿੱਚ ਰਹੀ। ਉਸ ਨੇ ਇੱਕ ਫਾਰਸੀ ਉਸਤਾਦ ਦੀ ਮੰਗ ਸਬੰਧੀ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ। ਪੀਰ ਕਰੀਮ ਬਖ਼ਸ਼ ਸਪਰਾ ਦੀ ਚੋਣ ਹੋਈ। ਸ਼ਹਿਜ਼ਾਦੀ ਬੰਬਾ ਚਾਹੁੰਦੀ ਸੀ ਕਿ ਉਹ ਫ਼ਾਰਸੀ ਸਿੱਖ ਕੇ ਉਹ ਸਾਰੇ ਫੁਰਮਾਨ ਆਦਿ ਆਪ ਪੜ੍ਹੇ ਜੋ ਉਸ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਨੇ ਸਮੇਂ-ਸਮੇਂ ਲਿਖੇ ਸਨ। ਪੀਰ ਕਰੀਮ ਬਖ਼ਸ਼ ਫ਼ਾਰਸੀ, ਅਰਬੀ ਅਤੇ ਅੰਗਰੇਜ਼ੀ ਦਾ ਵਿਦਵਾਨ ਸੀ। ਸ਼ਹਿਜ਼ਾਦੀ ਬੰਬਾ ਉਸ ਦੀ ਬੜੀ ਇੱਜ਼ਤ ਅਤੇ ਭਰੋਸਾ ਕਰਦੀ ਸੀ। ਸ਼ਹਿਜ਼ਾਦੀ ਨੇ ਮਾਡਲ ਟਾਊਨ, ਲਾਹੌਰ ਵਿੱਚ ਆਪਣਾ ਮਕਾਨ ਖਰੀਦ ਲਿਆ ਅਤੇ ਆਸ-ਪਾਸ ਗੁਲਾਬ ਦੇ ਪੌਦੇ ਲਗਵਾਏ। ਉਹ ਗੁਲਾਬਾਂ ਦੀ ਸ਼ੈਦਾਈ ਸੀ। ਆਪਣੇ ਮਕਾਨ ਵਿੱਚ ਉਸ ਨੇ ਇੱਕ ਖ਼ਾਸ ਕਮਰਾ ਰਾਖਵਾਂ ਰੱਖਿਆ, ਜਿੱਥੇ ਲਾਹੌਰ ਦਰਬਾਰ ਦੇ ਬੇਸ਼ਕੀਮਤੀ ਖ਼ੂਬਸੂਰਤ ਚਿੱਤਰ, ਸੁਨਹਿਰੀ ਪਾਣੀ ਨਾਲ ਲਿਖੇ ਹੋਏ ਸ਼ਾਹੀ ਫੁਰਮਾਨ, ਹੀਰੇ-ਜਵਾਹਰਾਤ, ਹੀਰਿਆਂ ਲੱਗੇ ਲਿਬਾਸ, ਹੀਰਿਆਂ ਦੇ ਕੀਮਤੀ ਹਾਰ ਬਕਸਿਆਂ ਵਿੱਚ ਬੰਦ ਕਰਕੇ ਰੱਖੇ ਸਨ। ਕਰੀਮ ਬਖ਼ਸ਼ ਦੀ ਬੀਵੀ ਨੂੰ ਹੀ ਉਸ ਕਮਰੇ ਵਿੱਚ ਜਾਣ ਦੀ ਇਜਾਜ਼ਤ ਸੀ। ਉਹ ਸ਼ਹਿਜ਼ਾਦੀ ਲਈ ਜਿੱਥੇ ਖਾਣਾ ਬਣਾਉਂਦੀ, ਉੱਥੇ ਰੋਜ਼ ਉਸ ਨਾਲ ਸੈਰ ’ਤੇ ਜਾਂਦੀ ਸੀ। ਜਦੋਂ ਕਦੀ ਕਰੀਮ ਬਖ਼ਸ਼ ਦੀ ਬੀਵੀ ਸ਼ਹਿਜ਼ਾਦੀ ਦੇ ਕਮਰੇ ਵਿੱਚ ਆਉਂਦੀ ਤਾਂ ਹੀਰੇ-ਜਵਾਹਰਾਤ  ਕਮਰੇ ਵਿੱਚ ਬਿਖਰੇ ਦੇਖ ਕੇ ਹੈਰਾਨ ਹੁੰਦੀ। ਉਹ ਸਾਰੇ ਸਾਂਭ ਕੇ ਰੱਖਦੀ ਪਰ ਦੂਜੇ ਦਿਨ ਵੀ ਸ਼ਹਿਜ਼ਾਦੀ ਉਨ੍ਹਾਂ ਨੂੰ ਫਰਸ਼ ’ਤੇ ਸੁੱਟ ਕੇ ਆਨੰਦਿਤ ਹੁੰਦੀ ਰਹਿੰਦੀ। ਇੱਥੇ ਰਹਿੰਦਿਆਂ ਹੀ ਸ਼ਹਿਜ਼ਾਦੀ ਬੰਬਾ ਨੇ ਕਿੰਗ ਐਡਵਰਡ ਮੈਡੀਕਲ ਕਾਲਜ (ਅਜੋਕੀ ਮੈਡੀਕਲ ਯੂਨੀਵਰਸਿਟੀ) ਦੇ ਪ੍ਰਿੰਸੀਪਲ ਡਾ. ਡੇਵਿਡ ਵਾਟਰਸ ਸਦਰਲੈਂਡ ਨਾਲ ਸ਼ਾਦੀ ਕਰ ਲਈ। ਉਹ 1939 ਵਿੱਚ ਮਰ ਗਿਆ। ਸ਼ਹਿਜ਼ਾਦੀ ਫਿਰ ਇਕੱਲੀ ਹੋ ਗਈ। ਉਸ ਦੀ ਖ਼ਿਦਮਤ ਵਿੱਚ ਕਰੀਮ ਬਖ਼ਸ਼ ਅਤੇ ਉਸ ਦੀ ਬੀਵੀ ਸੀ। ਆਖ਼ਰ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਆਖ਼ਰੀ ਨਿਸ਼ਾਨੀ ਵੀ 10 ਮਾਰਚ 1957 ਨੂੰ ਲਾਹੌਰ ਵਿੱਚ  ਬੇਔਲਾਦ ਗੁਜ਼ਰ ਗਈ। ਉਸ ਦੀਆਂ ਆਖ਼ਰੀ ਰਸਮਾਂ ਲਾਹੌਰ ਵਿੱਚ ਬਰਤਾਨੀਆ ਦੇ ਹਾਈ ਕਮਿਸ਼ਨਰ ਨੇ ਪੂਰੀਆਂ ਕੀਤੀਆਂ। ਕਰੀਮ ਬਖ਼ਸ਼ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੋਰਾ ਕਬਰਸਤਾਨ ਵਿੱਚ ਦਫ਼ਨਾ ਦਿੱਤਾ। 1957 ਵਿੱਚ ਪਾਕਿਸਤਾਨ-ਹਿੰਦੁਸਤਾਨ ਦੇ ਸਬੰਧ ਚੰਗੇ ਨਾ ਹੋਣ ਕਾਰਨ ਕੋਈ ਸਿੱਖ ਵੀ ਸ਼ਾਮਲ ਨਾ ਹੋ ਸਕਿਆ। ਉਸ ਦੀ ਕਬਰ ’ਤੇ ਫ਼ਾਰਸੀ ਵਿੱਚ ਇੰਜ ਲਿਖਿਆ ਹੈ:
ਫ਼ਰਕ-ਏ-ਸ਼ਾਹੀ-ਓ-ਬੰਦਗੀ ਬਰਖ਼ਸਤ
ਚੂਨ ਕਜ਼ਾ-ਏ-ਨਿਵਸ਼ਤਾ ਆਇਦ ਪਿੱਸ਼
ਗਰ ਕਿਸੀ ਖ਼ਾਕ-ਏ-ਮੁਰਦਾ ਬਾਜ਼ ਕੁਨੰਦ
ਨਾ ਸ਼ਾਨਾਸਦ ਤਵੰਨਗਰ ਅਜ਼ ਦਰਵੇਸ਼
ਬਾਂਬਾ ਸਦਰਲੈਂਡ
ਜਨਮ: 1869
ਮੌਤ: 1957
ਆਰਾਮਗਾਹ: ਗੋਰਾ ਕਬਰਸਤਾਨ
ਲਕਬ: ਸ਼ਹਿਜ਼ਾਦੀ
ਬੀਵੀ: ਡਾ. ਸੁਧਰਲੈਂਡ
ਬੱਚਾ: ਕੋਈ ਨਹੀਂ
ਮਾਂ-ਬਾਪ: ਦਲੀਪ ਸਿੰਘ ਸ਼ੁਕਰਚੱਕੀਆ ਅਤੇ ਉਸ ਦੀ ਪਤਨੀ ਬਾਂਬਾ ਮੂਲਰ।
ਹਰ ਸਾਲ 10 ਮਾਰਚ ਨੂੰ ਪੈਲੇਸ ਖੁੱਲ੍ਹਣ ’ਤੇ ਕਰੀਮ ਬਖ਼ਸ਼ ਦੇ ਵੰਸ਼ਜ ਉਸ ਦੀ ਕਬਰ ਉੱਤੇ ਗੁਲਾਬ ਦੇ ਫੁੱਲ ਅਰਪਿਤ ਕਰਦੇ ਹਨ। ਪਾਕਿਸਤਾਨ ਸਰਕਾਰ ਨੇ ਬਹੁਤੇ ਚਿੱਤਰ ਅਤੇ ਹੋਰ ਵਸਤਾਂ ਕਰੀਮ ਬਖ਼ਸ਼ ਦੇ ਪਰਿਵਾਰ ਕੋਲੋਂ ਖਰੀਦ ਲਈਆਂ ਸਨ, ਜੋ ਅੱਜ-ਕੱਲ੍ਹ ਲਾਹੌਰ ਅਜਾਇਬਘਰ ਅਤੇ ਸ਼ਾਹੀ ਕਿਲ੍ਹਾ ਲਾਹੌਰ ਦੀ ਜ਼ੀਨਤ ਬਣੀਆਂ ਹਨ। ਬਹੁਤੀਆਂ ਚੀਜ਼ਾਂ ਅਜੇ ਵੀ ਪੀਰ ਕਰੀਮ ਬਖ਼ਸ਼ ਦੇ ਬੇਟਿਆਂ ਅਤੇ ਪੋਤਿਆਂ ਕੋਲ ਪਈਆਂ ਹਨ। ਮਹਾਰਾਜਾ ਦਲੀਪ ਸਿੰਘ ਦੇ ਸਾਰੇ ਬੱਚਿਆਂ ਦੀ ਤਫ਼ਸੀਲ ਇਤਿਹਾਸ ਦੀਆਂ ਪਰਤਾਂ ਵਿੱਚ ਲੁਕੀ ਹੋਈ ਹੈ। ਇਸ ਨੂੰ ਹੋਰ ਖੋਜਣ ਦੀ ਜ਼ਰੂਰਤ ਹੈ।  ਸ਼ਹਿਜ਼ਾਦੀ ਕੈਥਰੀਨ ਨੇ ਵਿਆਹ ਨਹੀਂ ਸੀ ਕਰਵਾਇਆ। ਉਹ ਔਰਤਾਂ ਦੇ ਵੋਟ ਦਾ ਹੱਕ ਮੰਗਣ ਵਿੱਚ ਬੜੀ ਸਰਗਰਮ ਸੀ। ਕਈ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੀ ਅਗਵਾਈ ਕਰਦੀ ਸੀ।
ਮਹਾਰਾਜਾ ਦਲੀਪ ਸਿੰਘ ਦੀ ਦੂਜੀ ਬੀਵੀ ਬਾਰੇ ਕਈ ਸੋਮੇ ਦੱਸਦੇ ਹਨ ਕਿ ਉਹ ਫਰਾਂਸੀਸੀ ਸ਼ਹਿਜ਼ਾਦੀ ਸੀ ਜਿਸ ਦਾ ਨਾਂ ਅੱਡਾ ਡਗਲਸ ਵਿੱਥਰਿਲੈ ਸੀ। ਕਈ ਸੋਮੇਂ ਉਸ ਨੂੰ ਮਹਾਰਾਜੇ ਦੀ ਪ੍ਰੇਮਿਕਾ ਲਿਖਦੇ ਹਨ। ਇਹ ਮਹਾਰਾਜੇ ਨਾਲ ਪੈਰਿਸ ਵਿੱਚ ਰਹੀ ਅਤੇ ਜਦੋਂ ਮਹਾਰਾਜਾ ਰੂਸ ਰਿਹਾ, ਇਹ ਨਾਲ ਹੀ ਸੀ। ਮਹਾਰਾਣੀ ਬੰਬਾ ਮੂਲਰ ਦੀ ਮੌਤ ਭਾਵ 1887  ਤੋਂ ਪਹਿਲਾਂ ਅੱਡਾ, ਮਹਾਰਾਜੇ ਦੇ ਸੰਪਰਕ ਵਿੱਚ ਆ ਚੁੱਕੀ ਸੀ। ਮਹਾਰਾਜੇ ਦੀ ਇਸ ਬੀਵੀ ਤੋਂ ਦੋ ਸ਼ਹਿਜ਼ਾਦੀਆਂ ਹੋਈਆਂ, ਜਿਨ੍ਹਾਂ ਦੇ ਨਾਂ ਪੋਲਾਇਨ ਅਲੈਗਜ਼ੈਂਡਰਾ  ਦਲੀਪ ਸਿੰਘ ਅਤੇ ਸ਼ਹਿਜ਼ਾਦੀ ਅੱਡਾ ਏਰਨਬਰਿਲ ਦਲੀਪ ਸਿੰਘ ਸਨ। ਇਨ੍ਹਾਂ ਦੋਵੇਂ ਸ਼ਹਿਜ਼ਾਦੀਆਂ ਦੀ ਕੋਈ ਔਲਾਦ ਨਹੀਂ ਸੀ।
ਪਿਛਲੇ ਕਈ ਵਰ੍ਹਿਆਂ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਬੰਸਾਵਲੀ ਬਾਰੇ ਚਰਚਾ ਰਹੀ ਹੈ। ਹਾਲੀਫੈਕਸ ਦੇ ਬ੍ਰਿਟਿਸ਼ ਡੈਬਟ ਕੋਲੈਕਟਰ ਬਾਬ ਗਾਡਰਡ ਨੂੰ ਉਸ ਦਾ ਵੰਸ਼ਜ ਕਿਹਾ ਜਾਂਦਾ ਹੈ। ਉਸ ਬਾਰੇ ਆਖਿਆ ਜਾਂਦਾ ਹੈ ਕਿ ਉਸ ਦਾ great-great grandfather ਮਹਾਰਾਜਾ ਦਲੀਪ ਸਿੰਘ ਸੀ। ਉਸ ਦੇ ਖ਼ੂਨ ਆਦਿ ਰਾਹੀਂ ਵੀ ਪੁਸ਼ਟੀ ਮੰਨੀ ਜਾਂਦੀ ਹੈ। ਗਾਡਰਡ ਦੇ ਕੁਰਸੀਨਾਮੇ ਵਿੱਚ ਉਸ ਦਾ ਦਾਦਾ 3harlie 7oddard 1888 ਵਿੱਚ ਪੈਦਾ ਹੋਇਆ, ਜੋ ਇੱਕ ਨਾਜਾਇਜ਼ ਬੱਚਾ ਸੀ, ਜਿਸ ਦੀ ਮਾਂ ਅੰਗਰੇਜ਼ ਨੌਕਰਾਣੀ ਸੀ। ਉਹ ਨੌਕਰਾਣੀ ਬਰਿਕਲਸ ਹਾਲ ਵਿੱਚ ਕੰਮ ਕਰਦੀ ਸੀ। ਆਮ ਚਰਚਾ ਇਹ ਵੀ ਰਹੀ ਹੈ ਕਿ ਉਹ ਇੱਕ ਹਿੰਦੁਸਤਾਨੀ ਸ਼ਹਿਜ਼ਾਦੇ ਦਾ ਵੰਸ਼ਜ ਸੀ। ਸ਼ਹਿਜ਼ਾਦਾ ਫਰੈਡਰਿਕ ਦਲੀਪ ਸਿੰਘ ਬਰਿਕਲਸ ਹਾਲ ਵਿੱਚ ਰਹਿੰਦਾ ਸੀ, ਜਦੋਂ 3harlie 7oddard ਦਾ ਜਨਮ ਹੋਇਆ ਸੀ। ਇੱਕ ਹੋਰ ਚਰਚਾ ਇਹ ਵੀ ਰਹੀ ਹੈ ਕਿ ਜੌਰਜ ਹਰਬਟ ਦਾ ਪੜਦਾਦਾ ਸ਼ਹਿਜ਼ਾਦਾ ਵਿਕਟਰ ਦਲੀਪ ਸਿੰਘ ਸੀ। ਇਹ ਦੋਵੇਂ ਨੁਕਤੇ ਖੋਜ-ਤਲਬ ਹਨ।

ਡਾ. ਜਸਬੀਰ ਸਿੰਘ ਸਰਨਾ
ਮੋਬਾਈਲ: 099065-66604




Post Comment


ਗੁਰਸ਼ਾਮ ਸਿੰਘ ਚੀਮਾਂ