ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, November 29, 2012

ਹੋਰ ਸਾਰਥਿਕ ਕਿਵੇਂ ਬਣ ਸਕਦੇ ਹਨ ਖੇਡ ਮੇਲੇ?


ਲਗਾਤਾਰ ਦੋ ਵਾਰ 'ਵਿਸ਼ਵ ਕਬੱਡੀ ਕੱਪ' ਕਰਵਾ ਕੇ ਅਤੇ ਤੀਜੇ ਦੀ ਘੋਸ਼ਣਾ ਕਰਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਪੱਧਰ 'ਤੇ ਖੇਡ ਮੇਲੇ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ। ਅੱਜ ਲਗਭਗ ਹਰੇਕ ਪਿੰਡ ਤੇ ਸ਼ਹਿਰ ਵਿਚ ਖੇਡ ਮੇਲੇ ਕਰਵਾਉਣ ਦਾ ਰੁਝਾਨ ਵੀ ਵਧਿਆ ਹੈ। ਪਰ ਖੇਡ ਮੇਲੇ ਕਿਉਂ ਕਰਵਾਏ ਜਾਂਦੇ ਹਨ? ਇਨ੍ਹਾਂ ਦਾ ਮੁੱਖ ਮਕਸਦ ਕੀ ਹੈ? ਖੇਡ ਮੇਲੇ ਕਰਵਾਉਣ ਵਾਲੇ ਜ਼ਿਆਦਾਤਰ ਪ੍ਰਬੰਧਕ ਇਨ੍ਹਾਂ ਸਵਾਲਾਂ ਨੂੰ ਇਕ ਪਾਸੇ ਕਰਕੇ ਖੇਡ ਮੇਲੇ ਕਰਵਾ ਰਹੇ ਹਨ। ਅੱਜ ਖੇਡ ਮੇਲਿਆਂ ਦਾ ਪ੍ਰੋਗਰਾਮ ਉਲੀਕਣ ਸਮੇਂ ਸਭ ਤੋਂ ਪਹਿਲਾਂ ਕਿਸ ਨੇਤਾ ਤੋਂ ਉਦਘਾਟਨ ਕਰਵਾਉਣਾ ਹੈ, ਫਲਾਣੀ ਪਾਰਟੀ ਦਾ ਨੇਤਾ ਨਹੀਂ ਬੁਲਾਉਣਾ ਆਦਿ ਬਾਰੇ ਲੰਬੀ ਵਿਚਾਰ ਕੀਤੀ ਜਾਂਦੀ ਹੈ।

ਜਦਕਿ ਨੌਜਵਾਨਾਂ ਨੂੰ ਖੇਡਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਅਤੇ ਬੁਰੀਆਂ ਆਦਤਾਂ ਤੋਂ ਬਚਾਉਣਾ ਸਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਛੋਟੇ ਬੱਚਿਆਂ ਦੀਆਂ ਖੇਡਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਉਮਰ ਕਿਸੇ ਨੂੰ ਖੇਡਾਂ ਨਾਲ ਜੋੜਨ ਲਈ ਖਾਸ ਉਮਰ ਹੁੰਦੀ ਹੈ। ਗ੍ਰਾਮ ਪੰਚਾਇਤਾਂ ਅਤੇ ਖੇਡ ਕਲੱਬਾਂ ਨੂੰ ਚਾਹੀਦਾ ਹੈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀ ਦੇ ਨਾਲ-ਨਾਲ ਪਿੰਡ ਜਾਂ ਸ਼ਹਿਰ ਪੱਧਰ ਤੱਕ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਇਕੱਠੇ ਹੋ ਕੇ ਸਨਮਾਨਿਤ ਕੀਤਾ ਜਾਵੇ, ਉਸ ਨੂੰ ਵੱਧ ਤੋਂ ਵੱਧ ਖੇਡਣ ਲਈ ਹੱਲਾਸ਼ੇਰੀ ਦਿੱਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿਥੇ ਉਸ ਖਿਡਾਰੀ ਨੂੰ ਖੇਡਣ ਦਾ ਬਲ ਮਿਲੇਗਾ, ਉਥੇ ਨਾਲ ਹੀ ਪਿੰਡ ਦੇ ਹੋਰ
ਨੌਜਵਾਨ ਵੀ ਖੇਡਾਂ ਨਾਲ ਦਿਲੋਂ ਜੁੜਨਗੇ। ਉਪਰੋਕਤ ਕੰਮ ਲਈ ਪ੍ਰਸ਼ਾਸਨ ਨੂੰ ਵੀ ਪੰਚਾਇਤਾਂ ਤੇ ਖੇਡ ਕਲੱਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਖਿਡਾਰੀਆਂ ਨੂੰ ਤਨ-ਮਨ-ਧਨ ਨਾਲ ਸਨਮਾਨਿਤ ਕਰਨ ਦੀ ਨੀਤੀ ਤੋਂ ਸੇਧ ਲੈਣੀ ਚਾਹੀਦਾ ਹੈ।

ਕਈ ਪਿੰਡਾਂ ਵਿਚ ਸਿਰਫ ਜ਼ਿਦਬਾਜ਼ੀ ਕਰਕੇ ਹੀ ਦੋ-ਦੋ ਖੇਡ ਮੇਲੇ ਕਰਵਾਏ ਜਾਂਦੇ ਹਨ। ਇਕ-ਦੂਜੀ ਪਾਰਟੀ ਤੋਂ ਵੱਡਾ ਤੇ ਹਟਵਾਂ ਮੇਲਾ ਕਰਵਾਉਣ ਦੀ ਜ਼ਿਦ ਵਿਚ ਅੰਨ੍ਹੇਵਾਹ ਪੈਸੇ ਖਰਚ ਕੀਤੇ ਜਾਂਦੇ ਹਨ। ਸਬੰਧਤ ਪਿੰਡ ਅਤੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਂਦਾ ਹੈ। ਪਿੰਡ ਦੇ ਖਿਡਾਰੀਆਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਕ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਕਈ ਪ੍ਰਬੰਧਕ ਇਨ੍ਹਾਂ ਮੇਲਿਆਂ ਦੌਰਾਨ ਸ਼ਰਾਬਾਂ ਦੇ ਖੂਬ ਜਾਮ ਟਕਰਾਉਂਦੇ ਹਨ, ਜੋ ਕਿ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ। ਜੇਕਰ ਅਸੀਂ ਅਜਿਹੇ ਖੇਡ ਮੇਲਿਆਂ ਨੂੰ ਦਿਸ਼ਾਹੀਣ ਜਾਂ ਉਦੇਸ਼ਹੀਣ ਕਹਿ ਲਈਏ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਤਰ੍ਹਾਂ ਕਰਕੇ ਅਸੀਂ ਆਪਣੇ ਸੱਭਿਆਚਾਰ ਨਾਲ ਖਿਲਵਾੜ ਕਰ ਰਹੇ ਹਾਂ ਅਤੇ ਇਕ ਭੈੜੀ ਬੁਰਾਈ ਦਾ ਪਸਾਰਾ ਵੀ ਕਰ ਰਹੇ ਹਾਂ।

ਖੇਡ ਮੇਲੇ ਸਾਨੂੰ ਆਪਸੀ ਮਿਲਵਰਤਨ ਦਾ ਸੰਦੇਸ਼ ਦਿੰਦੇ ਹਨ। ਜੇਕਰ ਇਹ ਮੇਲੇ ਇਕਜੁਟਤਾ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਕਰਵਾਏ ਜਾਣ ਤਾਂ ਇਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

ਬੂਟਾ ਸਿੰਘ ਲੋਹਟ
-ਪਿੰਡ ਅੜ੍ਹੈਚਾਂ ਰੋਡ, ਡਾਕ: ਦੋਰਾਹਾ, ਜ਼ਿਲ੍ਹਾ ਲੁਧਿਆਣਾ। 
ਮੋਬਾ: 98147-18761



Post Comment


ਗੁਰਸ਼ਾਮ ਸਿੰਘ ਚੀਮਾਂ