ਬਠਿੰਡਾ ਦੇ ਜੰਮਿਆਂ ਨੂੰ ਕਦੇ ਇਹ ਮਿਹਣਾ ਤੰਗ ਕਰਦਾ ਹੁੰਦਾ ਸੀ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਮਿਹਣਾ ਕੋਈ ਜ਼ਿਆਦਤੀ ਵੀ ਨਹੀਂ ਸੀ। ਵਲ਼ਦਾਰ ਰੇਤਲਾ ਇਲਾਕਾ, ਟਿੱਬਿਆਂ ਦੀ ਉਡਦੀ ਧੂੜ, ਅੰਗਰੇਜ਼ਾਂ ਦਾ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ ਦਾ ਤੋਹਫ਼ਾ, ਛੋਟੇ-ਛੋਟੇ ਬਜ਼ਾਰਾਂ ’ਚ ਖੜ੍ਹੀਆਂ ਬਲਦ ਗੱਡੀਆਂ ਤੇ ਬੋਤਿਆਂ ਦੀਆਂ ਕਤਾਰਾਂ, ਕਈ ਏਕੜ ’ਚ ਫੈਲਿਆ ਕਿਲ੍ਹਾ ਤੇ ਇਸ ਦੀ ਬੁੱਕਲ ’ਚ ਬਣੇ ਘਰ, ਇਨ੍ਹਾਂ ਘਰਾਂ ਦੀਆਂ ਘੜਿਆਂ ਤੇ ਟੋਕਣੀਆਂ ਨਾਲ ਪਾਣੀ ਭਰਦੀਆਂ ਸੁਆਣੀਆਂ, ਸ਼ਾਮ ਢਲਦੇ ਤੇ ਸਵੇਰ ਪੈਂਦੇ ਚੱਲਣ ਵਾਲੀਆਂ ਹਨੇਰੀਆਂ, ਲੇਹਾ, ਕਰੀਰ ਤੇ ਮਲ੍ਹੇ-ਝਾੜੀਆਂ, ਕਮਲ, ਜਗਜੀਤ ਤੇ ਰਾਜੇਸ਼ ਵਰਗੀਆਂ ਛੋਟੀਆਂ ਜਿਹੀਆਂ ਟਾਕੀਆਂ, ਪਿਆਰ-ਮੁਹੱਬਤ ਵੰਡਦੇ ਸਿੱਧ-ਪੱਧਰੇ ਲੋਕ ਤੇ ਸੱਟਾ ਬਜ਼ਾਰ। ਉਦੋਂ ਇਹੋ ਪਛਾਣ ਸੀ ਬਠਿੰਡਾ ਦੀ।
ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਲੋਕਾਂ ਦੇ ਮਨਾਂ ’ਚ ਉਸ ਪੁਰਾਣੇ ਬਠਿੰਡਾ ਦੇ ਨੈਣ ਨਕਸ਼ ਅੱਜ ਵੀ ਤਾਜ਼ਾ ਹਨ। ਉਦੋਂ ਹਾੜ੍ਹੀ ਰੁੱਤੇ ਛੋਲਿਆਂ ਦੇ ਢੇਰ ਲੱਗਦੇ। ਵੱਡੀਆਂ ਚੱਕੀਆਂ ’ਤੇ ਛੋਲਿਆਂ ਦੀ ਦਾਲ ਬਣ ਕੇ ਇੱਥੋਂ ਬਾਹਰ ਜਾਂਦੀ ਸੀ। ਮਾਰਵਾੜੀ ਤੇ ਗੁਜਰਾਤੀ ਵੀ ਇੱਥੇ ਹੀ ਠਹਿਰ ਕਰਦੇ। ਕਾਲ ਮਾਰੇ ਇਲਾਕਿਆਂ ਨੂੰ ਬਠਿੰਡਾ ਜੰਕਸ਼ਨ ਤੋਂ ਰੇਲਾਂ ਰਾਹੀਂ ਪਾਣੀ ਭੇਜਿਆ ਜਾਂਦਾ ਸੀ। ਵਕਤ ਦੀ ਅੰਗੜਾਈ ਨੇ ਹੁਣ ਮਿਹਣਾ ਮਾਰਨ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ।
ਥਰਮਲਾਂ ਦੀਆਂ ਚਿਮਨੀਆਂ, ਹਰਿਆਵਲ ’ਚ ਵਸੀ ਛਾਉਣੀ, ਖਾਦਾਂ ਦਾ ਕਾਰਖਾਨਾ, ਚਾਰ-ਚੁਫ਼ੇਰੇ ਝੀਲਾਂ ਅਤੇ ਇਨ੍ਹਾਂ ਝੀਲਾਂ ਵਿੱਚ ਚੱਲਦੀਆਂ ਕਿਸ਼ਤੀਆਂ ਤੇ ਸ਼ਿਕਾਰੇ, ਓਵਰ ਬਰਿੱਜਾਂ ਉਪਰੋਂ ਲੰਘਦੀਆਂ ਗੱਡੀਆਂ, ਸ਼ਾਪਿੰਗ ਮਾਲ, ਆਧੁਨਿਕ ਕਲੋਨੀਆਂ ਅੱਜ ਆਧੁਨਿਕ ਬਠਿੰਡਾ ਦੀ ਪਛਾਣ ਹਨ। ਦਿਨੋਂ-ਦਿਨ ਤਰੱਕੀ ਕਰ ਰਿਹਾ ਬਠਿੰਡਾ ਸੱਚਮੁੱਚ ਹੁਣ ‘ਸਿਟੀ ਆਫ਼ ਲੇਕਸ’ ਜਾਂ ਫਿਰ ‘ਸ਼ਾਰਜਾਹ ਆਫ਼ ਪੰਜਾਬ’ ਬਣ ਚੱਲਿਆ ਹੈ। ਸਿਆਸੀ ਲੋਕ ਤਾਂ ਹੁਣ ਇਸ ਨੂੰ ‘ਬਾਦਲਾਂ ਦਾ ਬਠਿੰਡਾ’ ਵੀ ਆਖਣ ਲੱਗੇ ਹਨ ਜਿਨ੍ਹਾਂ ਨੇ ਇੱਥੇ ਹਵਾਈ ਅੱਡਾ ਬਣਾ ਕੇ ਜਹਾਜ਼ ਉਡਾਉਣ ਦੀ ਤਿਆਰੀ ਕੀਤੀ ਹੈ।
ਕੇਂਦਰੀ ਯੂਨੀਵਰਸਿਟੀ ਬਣ ਗਈ ਹੈ ਅਤੇ ਹੁਣ ਟੈਕਸਟਾਈਲ ਹੱਬ ਬਣਾਉਣ ਦੀ ਗੱਲ ਚੱਲੀ ਹੈ। ‘ਵਾਇਆ ਬਠਿੰਡਾ’ ਦਾ ਮਿਹਣਾ ਮਾਰਨ ਵਾਲੇ ਹੁਣ ਆ ਕੇ ਤੱਕਣ ਬਠਿੰਡਾ। ਬੰਦੂਕਾਂ ਰੱਖਣ ਦੇ ਸ਼ੌਕੀਨਾਂ ਨੇ ਹੁਣ ਕਲਮਾਂ ਫੜ ਲਈਆਂ ਹਨ। ਬਠਿੰਡਾ ਵਿੱਚ ਵਿਕਾਸ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਆਧੁਨਿਕ ਬਠਿੰਡਾ ਛੱਡ ਕੇ ਅੱਜ ਵੀ ਕੈਂਸਰ ਭੰਨੇ ਲੋਕ ਸਸਤੇ ਇਲਾਜ ਖਾਤਰ ਬੀਕਾਨੇਰ ਜਾਣ ਲਈ ਮਜਬੂਰ ਹਨ। ਮਾੜੇ ਪਾਣੀਆਂ ਵਾਲੇ ਪਿੰਡਾਂ ਦੀਆਂ ਔਰਤਾਂ ਨੂੰ ਹਾਲੇ ਵੀ ਸਿਰਾਂ ’ਤੇ ਪਾਣੀ ਢੋਣਾ ਪੈਂਦਾ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਹੁਣ ਸਰਕਾਰੀ ਤੇ ਪ੍ਰਾਈਵੇਟ ਤਿੰਨ ਯੂਨੀਵਰਸਿਟੀਆਂ ਹਨ ਜਦੋਂਕਿ ਕਿਸੇ ਵੇਲੇ ਪੁਰਾਣੇ ਬਠਿੰਡਾ ਵਿੱਚ ਇੱਕ ਹੀ ਸਕੂਲ ਹੁੰਦਾ ਸੀ ਜਿੱਥੇ ਮੂੰਹ ਜ਼ੁਬਾਨੀ ਗਿਣਤੀ-ਮਿਣਤੀ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਬਹੁਤੀ ਪੁਰਾਣੀ ਗੱਲ ਨਹੀਂ ਕਿ ਜਦੋਂ ਮਾਲਵੇ ਵਿੱਚ ਜ਼ੋਰਦਾਰ ਝੱਖੜ ਤੇ ਹਨੇਰੀ ਆਉਣੀ ਤਾਂ ਆਮ ਘਰਾਂ ਵਿੱਚ ਇਹੋ ਆਖਿਆ ਜਾਂਦਾ ਸੀ ਕਿ ‘ਬਠਿੰਡੇ ਵਾਲਾ ਦਿਓ’ ਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਬਠਿੰਡਾ ਦੇ ਲੋਕਾਂ ਨੂੰ ਕਿਲ੍ਹੇ ਵਿਚਲੇ ਦਿਓ ਤੋਂ ਮੁਕਤ ਕਰਵਾਇਆ ਦੱਸਿਆ ਜਾਂਦਾ ਹੈ। ਹੁਣ ਬਠਿੰਡਾ ਵਿੱਚ ਨਵੇਂ ਜ਼ਮਾਨੇ ਦੀ ਹਨੇਰੀ ਨੇ ਇਸ ਸ਼ਹਿਰ ਨੂੰ ਕਾਰਪੋਰੇਟ ਵਿਕਾਸ ਦਾ ਰੰਗ ਚਾੜ੍ਹ ਦਿੱਤਾ ਹੈ। ਹੁਣ ਬਠਿੰਡਾ ਉਪਰੋਂ ਚਮਕਾਂ ਮਾਰਦਾ ਹੈ ਜਦੋਂਕਿ ਇੱਥੋਂ ਦੇ ਲੋਕ ਹਾਲੇ ਵੀ ਬੁਨਿਆਦੀ ਲੋੜਾਂ ਲਈ ਜੰਗ ਲੜ ਰਹੇ ਹਨ। ਹਵਾਈ ਅੱਡੇ ਤਾਂ ਮਿਲ ਗਏ ਹਨ ਪਰ ਲੋਕਾਂ ਨੂੰ ਪਾਣੀ ਨਹੀਂ ਮਿਲਿਆ। ਜ਼ੋਰਦਾਰ ਮੀਂਹ ਪੈ ਜਾਏ ਤਾਂ ਪੂਰਾ ਬਠਿੰਡਾ ਡੁੱਬ ਜਾਂਦਾ ਹੈ।
20 ਅਗਸਤ 1948 ਤੋਂ ਪਹਿਲਾਂ ਇਹ ਤਹਿਸੀਲ ਸੀ। ਪੈਪਸੂ ਮਿਹਰਬਾਨ ਹੋਈ ਤਾਂ 1948 ’ਚ ਬਠਿੰਡਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ। ਜ਼ਿਲ੍ਹਾ ਕਚਹਿਰੀਆਂ ਪੈਪਸੂ ਦੇ ਪ੍ਰਬੰਧਕੀ ਸਲਾਹਕਾਰ ਪੀ.ਸੀ.ਰਾਓ ਦੀ ਦੇਣ ਹਨ। ਇੱਥੇ 1969 ’ਚ ਗੁਰੂ ਨਾਨਕ ਥਰਮਲ ਪਲਾਟ ਦਾ ਨੀਂਹ ਪੱਥਰ ਰੱਖਿਆ ਗਿਆ। ਫਿਰ ਕੀ ਸੀ, ਕੱਕੇ ਰੇਤੇ ਵਾਲੀਆਂ ਹਨੇਰੀਆਂ ਵਗਣੀਆਂ ਬੰਦ ਹੋਈਆਂ। ਖਾਦ ਫੈਕਟਰੀ ਅਤੇ ਉਸ ਤੋਂ ਬਾਅਦ ਬਣੀ ਬਠਿੰਡਾ ਛਾਉਣੀ ਨੇ ਸ਼ਹਿਰ ਤੇ ਇਲਾਕੇ ਦਾ ਚਿਹਰਾ-ਮੋਹਰਾ ਹੀ ਬਦਲ ਦਿੱਤਾ। ਹਵਾਈ ਫ਼ੌਜ ਦੇ ਹਵਾਈ ਅੱਡੇ, ਤੇਲ ਡਿਪੂ, ਕਾਂਡਲਾ-ਬਠਿੰਡਾ ਤੇਲ ਪਾਈਪ ਲਾਈਨ, ਸੀਮਿੰਟ ਕਾਰਖਾਨਾ ਤੇ ਤੇਲ ਸੋਧਕ ਕਾਰਖ਼ਾਨੇ ਨੇ ਇਸ ਨੂੰ ਨਵਾਂ ਰੂਪ ਦਿੱਤਾ।
ਬਠਿੰਡਾ ਦੇ ਇਤਿਹਾਸਕ ਕਿਲ੍ਹੇ ਨੂੰ ਨਵਾਂ ਰੰਗ ਰੂਪ ਚਾੜ੍ਹਿਆ ਜਾ ਰਿਹਾ ਹੈ। ਭੱਟੀ ਰਾਜਪੂਤ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ। ਉਸ ਨੇ ਬਠਿੰਡਾ ਨੂੰ ਮਾਲਵੇ ਦੀ ਰਾਜਧਾਨੀ ਬਣਾਇਆ। ਇਸੇ ਲਈ ਕਹਿੰਦੇ ਹਨ ਕਿ ਸ਼ਹਿਰ ਦਾ ਨਾਂ ਪਹਿਲਾਂ ਭੱਟੀਆਂ ਤੋਂ ਭਟਿੰਡਾ ਤੇ ਫਿਰ ਬਠਿੰਡਾ ਬਣਿਆ। 15 ਏਕੜ ’ਚ ਬਣਿਆ ਇੱਥੋਂ ਦਾ ਕਿਲ੍ਹਾ ਤਕਰੀਬਨ 1800 ਸਾਲ ਪੁਰਾਣਾ ਹੈ। ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਕਿਲ੍ਹੇ ਉਪਰ ਖੜ੍ਹ ਕੇ ਸਾਰਾ ਬਠਿੰਡਾ ਦਿਸਦਾ ਹੈ। ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦੱਬ ਦੇ ਪੂਰਵਜਾਂ ਨੇ 279 ਈਸਵੀ ਵਿੱਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿੱਚ ਚਰਨ ਪਾਏ। ਮਹਾਰਾਜਾ ਕਰਮ ਸਿੰਘ ਨੇ 1843-45 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ।
ਬੇਗਮ ਰਜ਼ੀਆ ਸੁਲਤਾਨ 1239 ਤੋਂ 1240 ਤੱਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਗਵਰਨਰ ਅਲਤੂਨੀਆਂ ਨੇ ਰਜ਼ੀਆ ਬੇਗਮ ਦੇ ਕਿਲ੍ਹੇ ਵਿਚਲੇ ਬਾਕੀ ਹਿੱਸੇ ਵਿੱਚ ਜਾਣ ’ਤੇ ਪਾਬੰਦੀ ਲਾਈ ਹੋਈ ਸੀ। ਇਤਿਹਾਸਕਾਰਾਂ ਮੁਤਾਬਕ ਰਜ਼ੀਆ ਸੁਲਤਾਨ ਨੂੰ ਸਿਰਫ਼ ਸ਼ੱੁਕਰਵਾਰ ਵਾਲੇ ਦਿਨ ਇੱਥੋਂ ਦੇ ਹਾਜੀ ਰਤਨ ਵਾਲੀ ਮਸਜਿਦ ’ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ। ਹਰ ਸ਼ੱੁਕਰਵਾਰ ਨੂੰ ਉਹ ਬੱਘੀ ’ਚ ਸਵਾਰ ਹੋ ਕੇ ਨਮਾਜ਼ ਲਈ ਜਾਂਦੀ ਸੀ। ਜਿਸ ਸੰਮਨ ਬੁਰਜ ’ਚ ਰਜ਼ੀਆ ਸੁਲਤਾਨ ਕੈਦ ਰਹੀ, ਹੁਣ ਉਸ ਦੀ ਹਾਲਤ ਖਸਤਾ ਹੈ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਰਹੀ ਹੈ।
ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫ਼ੇਰੇ ਥਮ੍ਹਲੇ ਖੜ੍ਹੇ ਕਰਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜ਼ੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਜਿਸ ਵੇਲੇ ਰਜ਼ੀਆ ਸੁਲਤਾਨ ਸੰਮਨ ਬੁਰਜ ਵਿੱਚ ਕੈਦ ਸੀ ਤਾਂ ਤਿਉਹਾਰਾਂ ਮੌਕੇ ਖ਼ਾਸ ਤੌਰ ’ਤੇ ਲੋਕ ਮੀਨਾ ਬਾਜ਼ਾਰ ਵਾਲੇ ਪਾਸਿਓਂ ਉਸ ਦੀ ਇੱਕ ਝਲਕ ਲਈ ਘੰਟਿਆਂਬੱਧੀ ਰੁਕ ਜਾਂਦੇ ਸਨ।
ਇਤਿਹਾਸਕਾਰ ਦੱਸਦੇ ਹਨ ਕਿ ਦਿੱਲੀ ਦੇ ਬਾਦਸ਼ਾਹ ਦੀ ਧੀ ਰਜ਼ੀਆ ਸੁਲਤਾਨ, ਅਲਤੂਨੀਆਂ ਦਾ ਤਖਤਾ ਪਲਟਣ ਲਈ ਆਪਣੇ ਪ੍ਰੇਮੀ ਜਲਾਲੂਦੀਨ ਯਾਕੂਤ ਨਾਲ ਇੱਥੇ ਆਈ ਸੀ। ਰਜ਼ੀਆ ਦੇ ਭਰਾਵਾਂ ਨੇ ਯਾਕੂਤ ਨੂੰ ਮਰਵਾ ਦਿੱਤਾ ਅਤੇ ਅਲਤੂਨੀਆਂ ਨੇ ਰਜ਼ੀਆ ਸੁਲਤਾਨ ਨੂੰ 1239 ’ਚ ਇਸ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਆਖਦੇ ਹਨ ਕਿ ਰਜ਼ੀਆ ਸੁਲਤਾਨ ਨੇ ਇਸ ਕਿਲ੍ਹੇ ਤੋਂ ਛਾਲ ਮਾਰ ਦਿੱਤੀ ਸੀ। ਦੂਜੇ ਪਾਸੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਸਲ ’ਚ ਰਜ਼ੀਆ ਸੁਲਤਾਨ ਦੇ ਭਰਾਵਾਂ ਨੇ 13 ਅਕਤੂਬਰ 1240 ਨੂੰ ਰਜ਼ੀਆ ਬੇਗਮ ਤੇ ਉਸ ਦੇ ਪਤੀ ਅਲਤੂਨੀਆਂ ਨੂੰ ਕੈਥਲ ਕੋਲ ਮਰਵਾ ਦਿੱਤਾ ਸੀ। ਰਜ਼ੀਆ ਬੇਗਮ ਦੇ ਭਰਾ ਪਹਿਲਾਂ ਅਲਤੂਨੀਆਂ ਦੇ ਦੋਸਤ ਸਨ। ਰਜ਼ੀਆ ਨਾਲ ਅਲਤੂਨੀਆਂ ਦਾ ਨਿਕਾਹ ਹੋਣ ਤੋਂ ਬਾਅਦ ਉਸ ਦੇ ਦੁਸ਼ਮਣ ਬਣ ਗਏ।
ਰਜ਼ੀਆ ਬੇਗਮ ਦੇ ਪ੍ਰੇਮੀ ਯਾਕੂਤ ਦੀ ਕਬਰ ਬਠਿੰਡਾ ਦੀ ਰੇਲਵੇ ਕਲੋਨੀ ਦੇ ਪਿਛਲੇ ਪਾਸੇ ਸਥਿਤ ਹੈ ਜਿਸ ਨੂੰ ਆਧੁਨਿਕ ਜ਼ਮਾਨੇ ਦੇ ਲੋਕ ਲਵਰਜ਼ ਪੁਆਇੰਟ ਵੀ ਆਖਦੇ ਹਨ। ਰਜ਼ੀਆ ਨੇ ਜਲਾਲੂਦੀਨ ਯਾਕੂਤ ਨੂੰ ਫ਼ੌਜਾਂ ਦਾ ਸੈਨਾਪਤੀ ਬਣਾ ਦਿੱਤਾ ਸੀ। ਇਸ ਕਾਰਨ ਬਠਿੰਡਾ ਦੇ ਗਵਰਨਰ ਅਲਤੂਨੀਆਂ ਸਮੇਤ ਪੰਜਾਬ ਦੇ ਕੁਝ ਗਵਰਨਰ ਬਾਗੀ ਹੋ ਗਏ ਸਨ। ਤੁਰਕਾਂ ਨੇ ਬਗਾਵਤ ਕਰ ਦਿੱਤੀ। ਜਦੋਂ ਰਜ਼ੀਆ ਬਗਾਵਤ ਕੁਚਲਣ ਲਈ ਇਸ ਪਾਸੇ ਵਧੀ ਤਾਂ ਯਾਕੂਤ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਰਜ਼ੀਆ ਨੂੰ ਕੈਦ ਕਰਕੇ ਅਲਤੂਨੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਦੇ ਪੁਰਾਣੇ ਕਿਲ੍ਹੇ ਦਾ ਮੁਹਾਂਦਰਾ ਸਮੇਂ ਦੀ ਗਰਦਿਸ਼ ਵਿੱਚ ਗੁਆਚ ਗਿਆ ਹੈ। ਪੁਰਾਤਤਵ ਵਿਭਾਗ ਇਸ ਕਿਲ੍ਹੇ ਨੂੰ ਸੰਭਾਲਣ ਲਈ ਚਾਰ-ਚੁਫ਼ੇਰੇ ਤੋਂ ਨਵਾਂ ਰੂਪ ਦੇ ਰਿਹਾ ਹੈ ਜਿਸ ਕਰਕੇ ਪੁਰਾਣੀ ਦਿੱਖ ਗੁਆਚਣ ਲੱਗੀ ਹੈ।
ਇਸੇ ਤਰ੍ਹਾਂ ਬਟਵਾਰੇ ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਸਮਾਧ ’ਤੇ ਵੱਡਾ ਮੇਲਾ ਲੱਗਦਾ ਰਿਹਾ ਹੈ। ਬਾਬਾ ਹਾਜੀ ਰਤਨ ਦਾ ਪਹਿਲਾ ਨਾਂ ਰਤਨਪਾਲ ਸੀ। ਮਗਰੋਂ ਉਹ ਮੱਕਾ ਸ਼ਰੀਫ਼ ਗਏ ਅਤੇ ਮੁਸਲਮਾਨ ਬਣ ਗਏ। ਉਨ੍ਹਾਂ ਨੇ ਬਠਿੰਡਾ ਵਾਪਸ ਆ ਕੇ ਇਸਲਾਮ ਮੱਤ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮਕਬਰਾ ਇਸੇ ਸ਼ਹਿਰ ਵਿੱਚ ਹੈ। ਪੁਰਾਤਨ ਸ਼ਹਿਰ ਬਠਿੰਡਾ ਆਪਣੀ ਗੋਦ ਵਿੱਚ ਅਨੇਕਾਂ ਯਾਦਾਂ ਨੂੰ ਸਮੋਈ ਬੈਠਾ ਹੈ। ਇੱਥੇ ਗੋਆ ਦੇ ਸ਼ਹੀਦ ਮਾਸਟਰ ਕਰਨੈਲ ਸਿੰਘ ਨੂੰ ਸਮਰਪਿਤ ਟੀਚਰਜ਼ ਹੋਮ ਹੈ। ਇਸ ਦੇ ਨੇੜੇ ਫ਼ੌਜੀ ਚੌਕ ਹੈ ਜੋ ਵਿਕਟੋਰੀਆ ਕਰਾਸ ਸੂਬੇਦਾਰ ਨੰਦ ਸਿੰਘ ਨੂੰ ਸਮਰਪਿਤ ਹੈ।
ਚਰਨਜੀਤ ਭੁੱਲਰ