ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, November 7, 2012

ਨਿੰਮ ਦੇ ਸੰਦੂਕ ਵਾਲੀਏ


ਸੰਦੂਕ ਵਿਆਹੀ ਜਾਣ ਵਾਲੀ ਕੁੜੀ ਨੂੰ ਦਾਜ ਵਿੱਚ ਦਿੱਤੀ ਜਾਣ ਵਾਲੀ ਅਹਿਮ ਵਸਤੂ ਹੁੰਦੀ ਸੀ, ਜਿਸ ਵਿੱਚ ਉਸ ਦੇ ਪਹਿਨਣ ਵਾਲੇ ਸੂਟ, ਘੱਗਰੇ, ਫੁਲਕਾਰੀਆਂ, ਪੱਖੀਆਂ, ਭਾਂਡੇ, ਬਿਸਤਰੇ, ਰੁਮਾਲਾਂ, ਝੋਲੇ ਅਤੇ ਹਾਰ-ਸ਼ਿੰਗਾਰ ਨਾਲ ਸਬੰਧਤ ਵਸਤਾਂ ਹੁੰਦੀਆਂ ਸਨ। ਸੰਦੂਕ ਨਿੰਮ ਜਾਂ ਟਾਹਲੀ ਦੀ ਲੱਕੜੀ ਦਾ ਬਣਿਆ ਹੁੰਦਾ ਸੀ। ਇਸ ਲੱਕੜ ਨੂੰ ਘੁਣ ਜਾਂ ਕੀੜਾ ਨਹੀਂ ਸੀ ਲੱਗਦਾ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸਭ ਤੋਂ ਉੱਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ‘ਤੇ ਬਹੁਤ ਸਮਾਂ ਲੱਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਿਲ ਨਾਲ ਮਿਲਦੀ ਸੀ। ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ। ਲੱਕੜੀ ਦੇ ਕੰਮ ਵਿੱਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ। ਵਿਆਹ ਤੋਂ ਦੋ ਤਿੰਨ ਮਹੀਨੇ ਪਹਿਲਾਂ ਮਾਹਿਰ ਤਰਖਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖਾਣ ਕਾਰੀਗਰ ਆਪਣੀ ਪੂਰੀ ਕਲਾ ਕਿਰਤ ਅਤੇ ਮਹੀਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਾਧਾਰਨ ਰੱਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ਉੱਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ।
ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਮਾਹਿਰ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁੱਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ। ਸੰਦੂਕਾਂ ਉੱਪਰ ਹਾਰ-ਸ਼ਿੰਗਾਰ ਲਈ ਵੱਡਾ ਸ਼ੀਸਾ ਜਾਂ ਗੁਰੂਆਂ ਦੀਆਂ ਤਸਵੀਰਾਂ ਵੀ ਫਿੱਟ ਕਰ ਦਿੱਤੀਆਂ ਜਾਂਦੀਆਂ ਸਨ। ਪਹਿਲਾਂ-ਪਹਿਲ ਵਰਗਾਕਾਰ ਸਾਦੇ ਜਿਹੇ ਛੋਟੇ ਸੰਦੂਕ (4 ਫੁੱਟੇ) ਬਣਾਏ ਜਾਂਦੇ ਸਨ ਪਰ ਹੌਲੀ-ਹੌਲੀ ਸਮੇਂ ਦੇ ਬਦਲਾਅ ਨਾਲ ਛੇਜਿਆਂ ਵਾਲੇ ਲੰਮੇ 7-8 ਫੁੱਟੇ ਸੰਦੂਕ ਬਣਾਏ ਜਾਣ ਲੱਗੇ। ਫਿਰ ਦੋ ਛੱਤੇ ਜਾਂ ਰਖਣਿਆਂ (ਖਾਨਿਆਂ) ਵਾਲੇ ਸੰਦੂਕ ਬਹੁਤ ਮਸ਼ਹੂਰ ਹੋਏ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ (ਦਰੀਆਂ, ਖੇਸ, ਰਜਾਈਆਂ, ਗਦੈਲੇ) ਰੱਖੇ ਜਾਂਦੇ ਸਨ। ਉਪਰਲੇ ਖਾਨੇ ਵਿੱਚ ਘਰ ਜਾਂ ਔਰਤ ਦੇ ਨਿੱਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ। ਸੰਦੂਕ ਵਿੱਚ ਇੱਕ-ਦੋ ਸ਼ੈਲਫਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ। ਇਨ੍ਹਾਂ ਫੱਟੀਆਂ ਉੱਪਰ ਪੰਜਾਬਣ ਮੁਟਿਆਰ ਆਪਣੇ ਹਾਰ-ਸ਼ਿੰਗਾਰ ਦਾ ਸਾਮਾਨ ਰੱਖਦੀ ਸੀ, ਜਿਸ ਵਿੱਚ ‘ਸੁਹਾਗ ਪਿਟਾਰੀ’ ਦਾ ਅਹਿਮ ਸਥਾਨ ਸੀ। ਸੁਹਾਗ ਪਿਟਾਰੀ ਅੱਜ-ਕੱਲ੍ਹ ਦੇ ‘ਮੇਕਅੱਪ ਬਾਕਸ’ ਵਾਂਗ ਲੱਕੜੀ ਦਾ ਇੱਕ ਢੱਕਣ ਵਾਲਾ ਡੱਬਾ ਹੁੰਦਾ ਸੀ, ਜਿਸ ਨੂੰ ਗੋਟੇ-ਕਿਨਾਰੀਆਂ ‘ਤੇ ਰੰਗਦਾਰ ਕੱਪੜੇ (ਖਾਸ ਕਰਕੇ ਲਾਲ-ਸੂਹੇ) ਨਾਲ ਸ਼ਿੰਗਾਰਿਆ ਹੁੰਦਾ ਸੀ। ਇਸ ਦੇ ਵਿਚਕਾਰ ਢੱਕਣ ਦੇ ਅੰਦਰਲੇ ਪਾਸੇ ਇੱਕ ਸ਼ੀਸ਼ਾ ਜੜਤ ਹੁੰਦਾ ਸੀ। ਇਨ੍ਹਾਂ ਫੱਟੀਆਂ ਉੱਪਰ ਨਾਲੇ, ਪਰਾਂਦੀਆਂ, ਚੂੜੀਆਂ, ਗਹਿਣੇ, ਦੰਦਾਸਾ, ਮਹਿੰਦੀ ਅਤੇ ਸੁਰਮੇਦਾਨੀ ਵਰਗੇ ਸ਼ਿੰਗਾਰ ਸਾਧਨ ਰੱਖੇ ਹੁੰਦੇ ਸਨ। ਸ਼ਿੰਗਾਰ ਸਾਧਨ ਵੀ ਕੁਦਰਤੀ ਹੁੰਦੇ ਸਨ, ਅੱਜ-ਕੱਲ੍ਹ ਦੇ ਹਾਨੀਕਾਰਕ ਰਸਾਇਣਾਂ ਵਰਗੇ ਨਹੀਂ। ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇੱਕ ਦਰਵਾਜ਼ਾ ਲੱਗਿਆ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇੱਕ ਕੁੰਡਾ ਲਾਇਆ ਜਾਂਦਾ ਸੀ। ਪੁਰਾਤਨ ਸੰਦੂਕਾਂ ਨੂੰ ਆਮ ਕਰਕੇ ਮੁੱਠੀਨੁਮਾ ਜਿੰਦੇ ਲਗਾਏ ਜਾਂਦੇ ਸਨ ਜਿਸ ਦੀ ਚਾਬੀ ਮਾਲਕਣ ਨਿਗਰਾਨੀ ਹੇਠ ਰੱਖਦੀ ਸੀ। ਕਦੇ-ਕਦੇ ਸੁਆਣੀਆਂ ਚਾਬੀ ਆਪਣੀ ਪਰਾਂਦੀ ਨਾਲ ਹੀ ਬੰਨ੍ਹ ਲੈਂਦੀਆਂ ਸਨ। ਕਈ ਪਰਿਵਾਰਾਂ ਵਿੱਚ ਸੰਦੂਕ ਨੂੰ ਜਿੰਦਾ ਲਾਉਣਾ ਅਸ਼ੁੱਭ ਮੰਨਿਆ ਜਾਂਦਾ ਸੀ।
ਸਾਂਝੇ ਪਰਿਵਾਰ ਵਿੱਚ ਬਾਪੂ ਦੇ ਖੂੰਡੇ ਅਤੇ ਬੇਬੇ ਦੀ ਦਬਕ ਤੋਂ ਡਰਦੀਆਂ ਨੂੰਹਾਂ ਚਾਹੁੰਦੀਆਂ ਹੋਈਆਂ ਵੀ ਜਿੰਦਾ ਨਹੀਂ ਸੀ ਲਾ ਸਕਦੀਆਂ। ਸੰਦੂਕ ਹਰ ਵਸਦੇ-ਰਸਦੇ ਘਰ ਦੀ ਨਿਸ਼ਾਨੀ ਹੁੰਦੇ ਸਨ। ਵੱਡੇ ਕੱਚੀ ਸਬਾਤ ਵਿੱਚ ਪਏ ਸੰਦੂਕ ਘਰ ਦਾ ਸ਼ਿੰਗਾਰ ਮੰਨੇ ਜਾਂਦੇ ਸਨ। ਜਿਵੇਂ ਪੁਰਾਤਨ ਬਰਾਤਾਂ ਅਤੇ ਮੇਲ ਊਠ ਗੱਡੀਆਂ ਜਾਂ ਬੈਲ ਗੱਡੀਆਂ ‘ਤੇ ਹੀ ਆਉਂਦਾ ਸੀ। ਇਸ ਤਰ੍ਹਾਂ ਵਿਆਹ ਸਮੇਂ ਦਾਜ ਦਾ ਸਾਮਾਨ ਵੀ ਇਨ੍ਹਾਂ ਗੱਡੀਆਂ ਉੱਪਰ ਹੀ ਲਿਆਂਦਾ ਜਾਂਦਾ ਸੀ। ਆਮ ਪਰਿਵਾਰ ਇੱਕ-ਇੱਕ ਤੇ ਜ਼ਿਆਦਾ ਸਰਦੇ-ਪੁੱਜਦੇ ਘਰ ਦੋ-ਦੋ ਸੰਦੂਕ ਦੇ ਕੇ ਵੀ ਡੋਲੀ ਤੋਰਦੇ ਸਨ। ਗੱਡੀ ਵਿੱਚ ਆਏ ਸੰਦੂਕ ਦੀ ਸ਼ਾਹਦੀ ਤਾਂ ਸਾਡੇ ਲੋਕ ਗੀਤ ਵੀ ਭਰਦੇ ਹਨ:-
ਗੱਡੀ ਵਿੱਚ ਆ ਗਿਆ ਸੰਦੂਕ ਮੁਟਿਆਰ ਦਾ,
ਸ਼ੀਸ਼ਿਆਂ ਜੜਤ ਚਮਕਾਰੇ ਪਿਆ ਮਾਰਦਾ।
ਗੱਡੇ ਗੱਡੀਆਂ ਵਿੱਚ ਜਾਂਦੇ ਸੰਦੂਕਾਂ ਨੂੰ ਵੀ ਵੇਖ ਕੇ ਪਾਰਖੂ ਨਜ਼ਰਾਂ ਵਾਲੇ ਉਸ ਦੀ ਲੱਕੜੀ ਦਾ ਅੰਦਾਜ਼ਾ ਲਾ ਲੈਂਦੇ ਸਨ। ਉਹ ਗੱਡੀ ਵਿੱਚ ਬੈਠੀ ਵਿਆਹੁਲੀ ਮੁਟਿਆਰ ਨੂੰ ਮੁਖ਼ਾਤਿਬ ਹੋ ਕੇ ਕਹਿੰਦੇ ਸਨ:-
ਕਿਹੜੇ ਪਿੰਡ ਮੁਕਲਾਵੇ ਜਾਣਾ,
ਨੀਂ ਨਿੰਮ ਦੇ ਸੰਦੂਕ ਵਾਲੀਏ।
ਜੇ ਸੰਦੂਕ ਲਈ ਢੁੱਕਵੀਂ ਲੱਕੜ ਨਾ ਮਿਲਦੀ ਜਾਂ ਨਿਪੁੰਨ ਕਾਰੀਗਰ ਨਾ ਮਿਲਦਾ ਤਾਂ ਵਿਆਹ-ਸਾਹੇ ਮਿਥਣ ਵਿੱਚ ਵੀ ਦੇਰੀ ਹੋ ਜਾਂਦੀ ਕਿਉਂਕਿ ਕੁੜੀ ਦੇ ਵਿਆਹ ਦਾ ਸਾਰਾ ਸਾਮਾਨ ਸੰਦੂਕ ਵਿੱਚ ਪਾ ਕੇ ਹੀ ਤੋਰਨਾ ਹੁੰਦਾ ਸੀ। ਉਸ ਸਮੇਂ ਆਰਥਿਕ ਸਾਧਨ ਖੇਤੀ ‘ਤੇ ਨਿਰਭਰ ਹੋਣ ਕਰਕੇ ਹਾੜ੍ਹੀ-ਸਾਉਣੀ ਦੀ ਫ਼ਸਲ ਦੀ ਵੱਟਤ ਹੀ ਘਰ ਦੀ ਉਪਜੀਵਕਾ ਹੁੰਦੀ ਸੀ। ਇਸ ਲਈ ਹਾੜ੍ਹੀ ਸਾਉਣੀ ਨੂੰ ਮੁੱਖ ਰੱਖ ਕੇ ਹੀ ਵਿਆਹ ਸਾਹੇ ਕਢਵਾਏ ਜਾਂਦੇ ਸਨ। ਜਿਵੇਂ:-
ਸਾਉਣੀ ਆਈ ਤੋਂ ਮਿਥਾਂਗੇ ਸਾਹਾ
ਬਈ ਅਜੇ ਨਾ ਸੰਦੂਕ ਬਣਿਆ।
ਕਈ ਵਾਰ ਅਜਿਹੀ ਸਥਿਤੀ ਵੀ ਬਣ ਜਾਂਦੀ ਹੈ ਜਦੋਂ ਮੁੰਡੇ ਵਾਲੇ ਵਿਆਹ ਮੰਗ ਲੈਂਦੇ ਪਰ ਸੰਦੂਕ ਨਾ ਬਣਿਆ ਹੁੰਦਾ। ਅਜਿਹੀ ਸਥਿਤੀ ਵਿੱਚ ਸੰਦੂਕ ਵਿਆਹ ਤੋਂ ਪਿੱਛੋਂ ਦੇਣ ਦਾ ਵਾਅਦਾ ਕਰਕੇ ਕੁੜੀ ਨੂੰ ਸੰਦੂਕੋਂ ਸੱਖਣੀ ਹੀ ਸਹੁਰੇ ਘਰ ਤੋਰ ਦਿੱਤਾ ਜਾਂਦਾ। ਸੰਦੂਕੋਂ ਸੱਖਣੀ ਆਈ ਨੂੰਹ ਨੂੰ ਸਹੁਰੇ ਪਿੰਡ ਕਈ ਵਾਰ ਤਾਹਨੇ-ਮਿਹਣਿਆਂ ਦਾ ਸ਼ਿਕਾਰ ਵੀ ਹੋਣਾ ਪੈ ਜਾਂਦਾ:-
ਗੱਡੀ ਆ ਗਈ ਸੰਦੂਕੋਂ ਖਾਲੀ,
ਨੀਂ ਬਹੁਤਿਆਂ ਭਰਾਵਾਂ ਵਾਲ਼ੀਏ।
ਸਹੁਰਿਆਂ ਦੇ ਅਜਿਹੇ ਤਿੱਖੇ ਬੋਲ ਸਹਾਰਦੀ ਤੇ ਆਪਣੇ ਆਪ ਨੂੰ ਹੀਣੀ ਮਹਿਸੂਸ ਕਰਦੀ ਉਹ ਅੱਗੋਂ ਵੀਰ ਨੂੰ ਉਲਾਂਭਾ ਦਿੰਦੀ ਹੈ:-
ਭੈਣ ਤੁਰਗੀ ਸੰਦੂਕੋਂ ਸੱਖਣੀ,
ਵੀਰਾ ਵੇ ਮੁਰੱਬੇ ਵਾਲਿਆ।
ਜਦੋਂ ਵੀਰ ਘਰ ਪੁੱਤ ਜਨਮ ਲੈਂਦਾ ਹੈ ਤਾਂ ਉਹ ਵੀਰ ਤੋਂ ਆਪਣੀ ਅਧੂਰੀ ਰੀਝ ਦੀ ਪੂਰਤੀ ਲਈ ਆਪਣੇ  ਵੀਰ ਨੂੰ ਕਾਲੀ ਟਾਹਲੀ ਦਾ ਸੰਦੂਕ ਬਣਵਾ ਕੇ ਦੇਣ ਦੀ ਮੰਗ ਕਰਦੀ ਹੈ:-
ਕਾਲੀ ਟਾਹਲੀ ਦਾ ਸੰਦੂਕ ਬਣਾ ਦੇ,
ਵੀਰਾ ਤੇਰੇ ਪੁੱਤ ਜੰਮਿਆ।
ਧੀ ਬਾਬਲ ਨੂੰ ਵੀ ਸੂਟ, ਘੱਗਰੇ, ਫੁਲਕਾਰੀਆਂ ਨਾਲ ਭਰਿਆ ਸੰਦੂਕ ਦੇਣ ਅਤੇ ਚੰਗਾ ਵਰ-ਘਰ ਟੋਲਣ ਦੀ ਅਰਜ਼ੋਈ ਕਰਦੀ ਹੈ, ਜਿੱਥੇ ਉਹ ਸੰਦੂਕ ਵਿੱਚੋਂ ਕੱਢ ਕੇ ਨਿੱਤ ਬਦਲਵੇਂ ਬਾਣੇ ਪਾ ਸਕੇ:-
ਦੇਈਂ ਵੇ ਬਾਬਲ ਉਸ ਘਰੇ,
ਜਿੱਥੇ ਦਰਜੀ ਸੀਵੇ ਨਿੱਤ।
ਇੱਕ ਲਾਹਾਂ ਇੱਕ ਪਾਵਾਂ,
ਮੇਰਾ ਵਿੱਚ ਸੰਦੂਕਾਂ ਦੇ ਹੱਥ।
ਬਾਬਲ ਤੇਰਾ ਪੁੰਨ ਹੋਵੇ…।
ਵਿਆਹੀ ਕੁੜੀ ਜਦੋਂ ਆਪਣੇ ਲੋੜੀਂਦੇ ਸਾਮਾਨ ਸਹਿਤ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਦੀ ਨਣਦ ਵੱਲੋਂ ‘ਸੰਦੂਕ ਖੁੱਲ੍ਹਵਾਈ’ ਦੀ ਰਸਮ ਕੀਤੀ ਜਾਂਦੀ ਹੈ। ਨਣਦ ਆਪਣੀ ਭਰਜਾਈ ਦਾ ਸੰਦੂਕ ਖੋਲ੍ਹ ਕੇ ਉਸ ਵਿੱਚੋਂ ਇੱਕ ਸੂਟ ਆਪਣੇ ਸਿਵਾਉਣ ਲਈ ਕੱਢ ਲੈਂਦੀ ਹੈ। ਭਾਵ ਇਹ ਰਸਮ ਨਣਦ-ਭਰਜਾਈ ਦੇ ਮਿਲਵਰਤਣ ਦਾ ਪ੍ਰਤੀਕ ਹੈ।
ਗ੍ਰਹਿਸਥੀ ਜੀਵਨ ਵਿੱਚ ਪਤੀ-ਪਤਨੀ ਦੀ ਹੁੰਦੀ ਨਿੱਕੀ ਨੋਕ-ਝੋਕ ਵੇਲੇ ਵੀ ਪਤਨੀ ਆਪਣੇ ਪਤੀ ਨੂੰ ਸੰਦੂਕ ਵਿੱਚ ਪਿਆ ਵਰੀਆਂ ਵਾਲਾ ਘੱਗਰਾ ਚੇਤੇ ਕਰਵਾਉਂਦੀ ਹੈ। ਉਹ ਕਹਿੰਦੀ ਹੈ, ”ਹੁਣ ਤੂੰ ਮੇਰੇ ਨਾਲ ਲੜਦਾ ਹੈਂ ਪਰ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਸੰਦੂਕ ਵਿੱਚ ਪਿਆ ਕਾਲੀ ਸੂਫ ਦਾ ਘੱਗਰਾ ਵੇਖ-ਵੇਖ ਕੇ ਰੋਇਆ ਕਰੇਂਗਾ।”
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ,
ਵੇ ਵੇਖ-ਵੇਖ ਰੋਏਂਗਾ ਜੱਟਾ।
ਭੈੜੀਆਂ ਸੱਸਾਂ ਦੀਆਂ ਸਤਾਈਆਂ ਸਹੇਲੀਆਂ ਤੀਆਂ-ਤ੍ਰਿੰਞਣਾਂ ਵਿੱਚ ਇਕੱਠੀਆਂ ਹੋਈਆਂ ਹਾਣ ਦੀਆਂ ਸਖੀਆਂ ਸੰਗ ਸੱਸਾਂ-ਨਣਦਾਂ ਪ੍ਰਤੀ ਗ਼ਿਲੇ ਸ਼ਿਕਵਿਆਂ ਦਾ ਗੁੱਭ-ਗੁਭਾਟ ਕੱਢਦੀਆਂ ਨੇ। ਕੁਪੱਤੀ ਸੱਸ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਉਹ ਉਸ ਨੂੰ ਮਨੋ-ਮਨੀ ਮੁਕਲਾਵਾ ਦੇ ਕੇ ਤੋਰਨ ਦੀ ਗੱਲ ਕਰਕੇ ਸਕੂਨ ਮਹਿਸੂਸ ਕਰਦੀਆਂ ਨੇ। ਤੀਆਂ ਦੇ ਪਿੜ ਵਿੱਚ ਬੋਹੜ ਕਿੱਕਰਾਂ ਨੂੰ ਸੰਬੋਧਨ ਕਰਦੀਆਂ ਕੁੜੀਆਂ ਹੀਂਘ ਚੜ੍ਹਾਉਂਦੀਆਂ ਬੋਲੀ ਪਾਉਂਦੀਆਂ ਨੇ :-
ਅਸੀਂ ਸੱਸ ਦਾ ਸੰਦੂਕ ਬਣਾਉਣਾ,
ਨੀਂ ਛੇਤੀ ਛੇਤੀ ਵਧ ਕਿੱਕਰੇ।
ਸਹੁਰੇ ਘਰ ਜਦੋਂ ਸਬਰ ਜਬਰ ਅੱਗੇ ਹਾਰ ਜਾਂਦਾ ਹੈ ਤਾਂ ਬਘਿਆੜੀ ਸੱਸ ਨੂੰ ਸਿੱਧੀ ਕਰਨ ਲਈ ਵੀ ਮੁਟਿਆਰਾਂ ਸੰਦੂਕਾਂ ਦੇ ਓਹਲੇ ਦਾ ਸਹਾਰਾ ਲੈਂਦੀਆਂ ਰਹੀਆਂ ਨੇ :-
ਸੱਸ ਕੁੱਟਣੀ ਸੰਦੂਕਾਂ ਓਹਲੇ,
ਨਿੰਮ ਦਾ ਘੜਾ ਕੇ ਘੋਟਣਾ।
ਜਦੋਂ ਹਾਣ-ਪ੍ਰਵਾਨ ਦੀਆਂ ਸਖੀਆਂ ਕੋਲ ਮੁਟਿਆਰਾਂ ਅੜ੍ਹਬ ਵੈਲੀ ਪਤੀ ਦੇ ਜ਼ੋਰ ਜਬਰ ਦਾ ਜ਼ਿਕਰ ਕਰਦੀਆਂ ਨੇ ਤਾਂ ਕੋਈ ਅਲਬੇਲੀ  ਸਹੇਲੀ ਪਤੀ ਦੀ ਸੁਧਾਈ ਲਈ ਸੰਦੂਕਾਂ ਓਹਲੇ ਦੈਂਗੜ-ਦੈਂਗੜ ਕਰਨ ਦੀ ਸਲਾਹ ਵੀ ਦੇ ਜਾਂਦੀ ਹੈ :-
ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਕਾਂ ਓਹਲੇ।
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ,
ਫੇਰ ਚਲਾਈਏ ਛੋਲੇ,
ਜੱਟੀਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ।
ਗੱਲ ਕੀ, ਸੰਦੂਕ ਨਾਲ ਪੰਜਾਬਣ ਦਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਸਹੁਰੇ ਘਰ ਜੇ ਕੋਈ ਚੀਜ਼ ਉਸ ਦੀ ਆਪਣੀ ਹੁੰਦੀ ਸੀ ਤਾਂ ਉਹ ਸੀ ਪੇਕਿਆਂ ਵੱਲੋਂ ਦਿੱਤਾ ਸੰਦੂਕ ਜਿਸ ਨੂੰ ਖੋਲ੍ਹਦੀ ਉਹ ਪੇਕਿਆਂ ਦੀਆਂ ਅਤੀਤ ਦੀਆਂ ਯਾਦਾਂ ਵਿੱਚ ਗੁੰਮ ਜਾਂਦੀ ਸੀ। ਸੰਦੂਕ ਵਿੱਚ ਰੱਖੇ ਝੋਲੇ, ਸਰ੍ਹਾਣਿਆਂ, ਫੁਲਕਾਰੀਆਂ ਨੂੰ ਫਰੋਲਦੀ ਉਹ ਸਹੇਲੀਆਂ ਸੰਗ ਸੰਵਾਦ ਰਚਾ ਲੈਂਦੀ ਸੀ। ਬਹੁਤ ਹੀ ਅਪਣੱਤ ਭਰਿਆ ਰਿਸ਼ਤਾ ਹੁੰਦਾ ਸੀ ਸੁਆਣੀ ਦਾ ਸੰਦੂਕ ਨਾਲ। ਧੀ-ਬਾਬਲ ਜਿਹਾ ਰਿਸ਼ਤਾ। ਵਰ੍ਹੇ ਛਿਮਾਹੀ ਉਹ ਆਪ ਰੰਗ-ਰੋਗਨ ਕਰਕੇ ਫੁੱਲਾਂ ਵੇਲਾਂ, ਮੋਰ-ਘੁੱਗੀਆਂ ਨਾਲ ਸੰਦੂਕ ਸ਼ਿੰਗਾਰਦੀ ਸੀ। ਸੱਚਮੁੱਚ ਉਸ ਦਾ ਸੱਚਾ ਸਾਥੀ ਹੁੰਦਾ ਸੀ ਸੰਦੂਕ। ਪੰਜਾਬ ਵਿੱਚ ਜਦੋਂ ਪਹਿਲਾਂ-ਪਹਿਲਾਂ ਰੇਲ ਗੱਡੀ ਆਈ ਤਾਂ ਪੰਜਾਬੀਆਂ ਨੇ ਇਸ ਦੇ ਡੱਬਿਆਂ ਦੀ ਤੁਲਨਾ ਵੀ ਸੰਦੂਕਾਂ ਨਾਲ ਕੀਤੀ। ਜਿਵੇਂ ਇੱਕ ਬੁਝਾਰਤ ਹੈ :
ਨਿੱਕੇ ਨਿੱਕੇ ਠੇਮਣੇ ਸੰਦੂਕ ਚੁੱਕੀ ਜਾਂਦੇ ਨੇ,
ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ। (ਰੇਲ ਗੱਡੀ)
ਹੌਲੀ-ਹੌਲੀ ਲੱਕੜੀ ਦੇ ਸੰਦੂਕ ਘਟਦੇ ਗਏ। ਇਨ੍ਹਾਂ ਦੀ ਥਾਂ ਲੋਹੇ ਦੀਆਂ ਪੇਟੀਆਂ ਅਲਮਾਰੀਆਂ ਨੇ ਲੈ ਲਈ। ਬਣੇ ਬਣਾਏ ਮਿਲਦੇ ਬਿਸਤਰਿਆਂ ਕਾਰਨ ਹੁਣ ਪੇਟੀਆਂ ਦੇਣ ਦੇ ਰਿਵਾਜ ਵੀ ਘਟ ਰਹੇ ਹਨ। ਅੱਜ ਪਿੰਡਾਂ ਦੇ ਘਰਾਂ ਵਿੱਚ ਪਏ ਬੇਬੇ ਦੇ ਸੰਦੂਕ ਕਿਸੇ ਤੂੜੀ ਵਾਲੇ ਕੋਠੇ ਦੇ ਖੂੰਜੇ ਪਏ ਹਨ। ਲੋੜ ਹੈ ਇਨ੍ਹਾਂ ਨੂੰ ਝਾੜ-ਪੂੰਝ ਕੇ ਇਨ੍ਹਾਂ ਦੀ ਸਿਰਜਣਾਤਮਕ ਅਤੇ ਕਲਾਤਮਕ ਦਿੱਖ ਦੇਖਣ ਦੀ। ਭਾਵੇਂ ਇਨ੍ਹਾਂ ਉੱਪਰ ਸਮੇਂ ਦੀ ਧੂੜ ਪੈ ਗਈ ਹੈ ਪਰ ਇਹ ਲੱਕੜੀ ਦੇ ਸੰਦੂਕ ਸਾਡੇ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਰਹੇ ਹਨ।

-ਜਗਜੀਤ ਕੌਰ ਜੀਤ
* ਮੋਬਾਈਲ:94173-80887

ਪੋਸਟ ਕਰਤਾ: ਗੁਰਸ਼ਾਮ  ਸਿੰਘ ਚੀਮਾ 



Post Comment


ਗੁਰਸ਼ਾਮ ਸਿੰਘ ਚੀਮਾਂ