ਭਗਤ ਪੀਪਾ ਜੀ ਦਾ ਜਨਮ 1425-26 ਈ. ਵਿਚ ਭਾਵ ਗੁਰੂ ਨਾਨਕ ਜੀ ਤੋਂ ਲਗਭਗ 44-45 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ। ਉਹ ਰਾਜਸਥਾਨ ਦੇ ਇਕ ਰਾਜ ਘਰਾਣੇ ਨਾਲ ਸੰਬੰਧਤ ਸਨ। ਉਨ੍ਹਾਂ ਕਾਂਸ਼ੀ ਜਾ ਕੇ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ। ਰਾਜ ਭਾਗ ਛੱਡ-ਛਡਾ ਕੇ ਗੁਜਰਾਤ ਵਿਖੇ ਦੁਆਰਕਾ ਦੇ ਸਥਾਨ 'ਤੇ ਚਲੇ ਗਏ। ਆਪਣੀਆਂ ਸਾਰੀਆਂ ਰਾਣੀਆਂ ਨੂੰ ਤਿਆਗ ਕੇ ਕੇਵਲ ਇਕ ਪਤਨੀ ਸੀਤਾ ਨਾਲ ਇਕ ਗੁਫਾ 'ਚ ਰਹਿਣ ਲੱਗੇ। ਸਮੁੰਦਰੀ ਤੱਟ ਦੇ ਕੰਢੇ ਸਥਿਤ ਕ੍ਰਿਸ਼ਨ ਮੰਦਰ ਵਿਖੇ ਜਾਣਾ ਉਨ੍ਹਾਂ ਦਾ ਨਿਤਨੇਮ ਸੀ। ਫਿਰ ਮੂਰਤੀ ਪੂਜਾ ਤਿਆਗ ਦਿਤੀ ਅਤੇ ਪ੍ਰਮਾਤਮਾ ਦੇ ਨਿਰਗੁਣ ਸਰੂਪ ਦੇ ਵਿਸ਼ਵਾਸੀ ਬਣੇ। ਨਿਰਗੁਣ ਵਿਚਾਰਧਾਰਾ ਨੂੰ ਅਪਣਾ ਕੇ ਭਗਤ ਪੀਪਾ ਜੀ ਪਤਨੀ ਸਮੇਤ ਕੁਝ ਸਮੇਂ ਲਈ ਜੰਗਲਾਂ ਵਿਚ ਚਲੇ ਗਏ, ਫਿਰ ਆਪਣੇ ਅਨੁਭਵ ਅਤੇ ਵਿਚਾਰਾਂ ਦੇ ਪ੍ਰਚਾਰ ਪਸਾਰ ਲਈ ਭ੍ਰਮਣ ਸ਼ੁਰੂ ਕੀਤਾ। ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਉਨ੍ਹਾਂ ਦੀ ਵਡੇਰੀ ਉਮਰ ਵੇਲੇ ਗੁਰੂ ਨਾਨਕ ਜੀ ਦਾ ਉਨ੍ਹਾਂ ਨਾਲ ਮੇਲ ਹੋਇਆ ਹੋਵੇ ਅਤੇ ਗੁਰੂ ਸਾਹਿਬ ਨੇ ਉਨ੍ਹਾਂ ਤੋਂ ਕੁਝ ਬਾਣੀ ਹਾਸਲ ਕੀਤੀ ਹੋਵੇ।
ਉਨ੍ਹਾਂ ਦਾ ਕੇਵਲ 6 ਸਤਰਾਂ ਦਾ ਇਕੋ-ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 695 'ਤੇ ਦਰਜ ਹੈ। ਇਸ ਵਿਚ ਬ੍ਰਹਮ, ਬ੍ਰਹਿਮੰਡ, ਪਿੰਡ ਅਤੇ ਪਿੰਡੇ ਦੇ ਇਕਸੁਰਤਾ ਅਤੇ ਇਕਸਾਰਤਾ ਭਰੇ ਸੰਬੰਧ ਨੂੰ ਬੜੀ ਕਮਾਲ ਨਾਲ ਚਿਤਰਿਆ ਗਿਆ ਹੈ। ਇਸ ਵਿਚੋਂ ਆਧੁਨਿਕ ਵਿਗਿਆਨ ਦੇ ਹੈਰਾਨ ਕਰਨ ਵਾਲੇ ਝਲਕਾਰੇ ਮਿਲਦੇ ਹਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਪ੍ਰਮਾਤਮਾ ਅਤੇ ਸਰੀਰ ਦੇ ਸੰਬੰਧ ਦੀ ਚਰਚਾ ਕਰਨ ਵਾਲੀ ਪ੍ਰਤੀਨਿਧ ਰਚਨਾ ਲੱਗਦੀ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ :
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ
ਰਵਾਇਤੀ ਧਾਰਮਿਕ ਪ੍ਰਵਚਨਾਂ ਵਿਚ ਦੇਹੀ ਨੂੰ ਛੁਟਿਆਇਆ ਅਤੇ ਨਕਾਰਿਆ ਜਾਂਦਾ ਹੈ ਕਿਉਂਕਿ ਜਿਥੇ ਆਤਮਾ ਨੂੰ ਅਮਰ ਕਿਹਾ ਜਾਂਦਾ ਹੈ ਉਥੇ ਸਰੀਰ ਨੂੰ ਨਾਸ਼ਵਾਨ ਮੰਨਿਆ ਜਾਂਦਾ ਹੈ ਪਰ ਇਸ ਸ਼ਬਦ ਵਿਚ ਕਾਇਆ ਭਾਵ ਦੇਹੀ ਦੀ ਮਹਿਮਾ ਕੀਤੀ ਗਈ, ਇਸ ਦੇ ਮਹੱਤਵ ਨੂੰ ਵਡਿਆਇਆ ਗਿਆ, ਦੇਹੀ ਦੇ ਜਲਵੇ ਦੀ ਬੇਅੰਤਤਾ ਨੂੰ ਗਾਇਆ ਗਿਆ ਹੈ। ਪਹਿਲਾਂ ਮੈਂ ਇਸ ਸ਼ਬਦ ਦੀ ਸਿਰਫ ਪੰਜਵੀਂ ਸਤਰ ਹੀ ਕਿਧਰੇ ਸੁਣੀ-ਪੜ੍ਹੀ ਸੀ ਜਿਸ ਨੇ ਮੈਨੂੰ ਬੇਹੱਦ ਅਚੰਭਿਤ ਕੀਤਾ। ਇਸ ਇਕੱਲੀ ਸਤਰ ਦੇ ਸੁਣਨ ਪੜ੍ਹਨ ਨਾਲ ਮੇਰੀ ਪੂਰੇ ਸ਼ਬਦ ਨੂੰ ਜਾਨਣ-ਸਮਝਣ ਦੀ ਜਿਗਿਆਸਾ ਬਣੀ। ਇਹ ਸਤਰ ਹੈ :
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ
ਇਕ ਅਣੂੰ ਤੋਂ ਲੈ ਕੇ ਸਮੁੱਚੇ ਬ੍ਰਹਿਮੰਡ ਤਕ ਨੂੰ ਇਕੋ ਹੀ ਮਹਾਚੇਤਨਾ ਸੰਚਾਲਤ ਕਰਨ ਵਾਲੀ ਹੈ। ਜਿਵੇਂ ਕਿਸੇ ਵੱਡੇ ਚੁੰਬਕ ਨੂੰ ਵੱਖ-ਵੱਖ ਆਕਾਰਾਂ ਅਤੇ ਸ਼ਕਲਾਂ ਦੇ ਟੁਕੜਿਆਂ ਵਿਚ ਵੰਡਣ 'ਤੇ ਵੀ ਹਰੇਕ ਨਿੱਕੇ ਤੋਂ ਨਿੱਕਾ ਟੁਕੜਾ ਸੰਪੂਰਨ ਚੁੰਬਕ ਹੀ ਰਹਿੰਦਾ ਹੈ, ਇਸੇ ਤਰ੍ਹਾਂ ਸ੍ਰਿਸ਼ਟੀ ਦੀ ਨਿੱਕੀ ਤੋਂ ਨਿੱਕੀ ਇਕਾਈ ਵਿਚ ਸੰਪੂਰਨ ਬ੍ਰਹਮ ਦਾ ਵਾਸ ਹੈ। ਸ੍ਰਿਸ਼ਟੀ ਦਾ ਹਰੇਕ ਨਿੱਕਾ-ਵੱਡਾ ਅੰਗ ਸੰਪੂਰਨ ਬ੍ਰਹਿਮੰਡੀ ਏਕਤਾ ਵਿਚ ਬੱਝਾ ਹੋਇਆ ਹੈ । ਸਾਡਾ ਪਿੰਡ (ਧਰਤੀ) ਬ੍ਰਹਿਮੰਡ ਤੋਂ ਵੱਖਰਾ ਨਹੀਂ ਉਸ ਦਾ ਸਹਿਜ ਭਾਗ ਹੈ। ਇਸੇ ਤਰ੍ਹਾਂ ਸਾਡਾ ਪਿੰਡਾ (ਸਰੀਰ) ਪਿੰਡ (ਦੁਨੀਆ) ਤੋਂ ਅਲਹਿਦਾ ਨਹੀਂ। ਜੋ ਗੱਲ ਸਮੁੱਚੇ ਬ੍ਰਹਿਮੰਡ ਬਾਰੇ ਕਹੀ ਜਾ ਸਕਦੀ ਹੈ ਉਹੀ ਧਰਤੀ ਜਾਂ ਦੁਨੀਆਂ ਬਾਰੇ ਕਹੀ ਜਾ ਸਕਦੀ ਹੈ । ਜਿਸ ਮਾਦੇ (ਤੱਤਾਂ) ਨਾਲ ਧਰਤੀ ਬਣੀ ਹੈ ਉਸੇ ਨਾਲ ਹੀ ਧਰਤੀ 'ਤੇ ਰਹਿੰਦਾ ਹਰ ਸਰੀਰ ਬਣਿਆ ਹੈ । ਜੋ ਗੱਲ ਦੁਨੀਆ ਬਾਰੇ ਕਹੀ ਜਾ ਸਕਦੀ ਹੈ ਉਹੀ ਬੰਦੇ ਬਾਰੇ ਕਹੀ ਜਾ ਸਕਦੀ ਹੈ । ਭਗਤ ਪੀਪਾ ਜੀ ਨੇ ਜਿਵੇਂ ਬੰਦੇ ਦੇ ਸਰੀਰ ਅਤੇ ਧਰਤੀ (ਸ੍ਰਿਸ਼ਟੀ) ਦੇ ਸੰਬੰਧ ਦੀ ਗੱਲ ਕੀਤੀ ਭਗਤ ਕਬੀਰ ਜੀ ਅਤੇ ਗੁਰੂ ਨਾਨਕ ਜੀ ਨੇ ਬੰਦੇ ਦੇ ਮਨ ਅਤੇ ਦੁਨੀਆ ਦੇ ਉਸੇ ਤਰ੍ਹਾਂ ਦੇ ਸੰਬੰਧ ਨੂੰ ਦੇਖਿਆ ਅਤੇ ਬਿਆਨਿਆ :
ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ
ਉਪਰੋਕਤ ਵਿਚਾਰ ਦੀ ਰੋਸ਼ਨੀ ਵਿਚ ਪੂਰਾ ਸ਼ਬਦ ਜਿਸ ਤਰ੍ਹਾਂ ਮੇਰੇ ਸਾਹਮਣੇ ਆਪਣੇ ਵਿਚਾਰ ਅਤੇ ਭਾਵ ਨਾਲ ਪ੍ਰਗਟ ਹੋਇਆ, ਉਸ ਨੂੰ ਸਤਰਵਾਰ ਸਾਂਝਾ ਕਰਦਾ ਹਾਂ :
ਪਹਿਲੀ ਸਤਰ :
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ
ਸਰੀਰ ਵਿਚ ਪ੍ਰਮਾਤਮਾ ਦਾ ਨਿਵਾਸ ਹੈ, ਨਿਵਾਸ ਹੀ ਨਹੀਂ ਪ੍ਰਮਾਤਮਾ ਇਸ ਵਿਚ ਰਚਿਆ-ਮਿਚਿਆ ਜਾਂ ਰਮਿਆ ਹੋਇਆ ਹੈ। ਸਰੀਰ ਈਸ਼ਵਰ ਦਾ ਮੰਦਰ ਹੈ, ਤੀਰਥ ਹੈ ਭਾਵ ਪਵਿੱਤਰ ਸਥਾਨ ਹੈ। ਗੁਰੂ ਨਾਨਕ ਸਾਹਿਬ ਅਤੇ ਅਰਜਨ ਸਾਹਿਬ ਨੇ ਇਸ ਵਿਚਾਰ ਦੀ ਪ੍ਰੋੜ੍ਹਤਾ ਇਸ ਤਰ੍ਹਾਂ ਕੀਤੀ ਹੈ :
ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ£ ਦੇਹੀ ਮਹਿ ਇਸ ਕਾ ਬਿਸ੍ਰਾਮੁ
ਨਾਲ ਹੀ ਗੁਰੂ ਸਾਹਿਬ ਇਹ ਕਥਨ ਵੀ ਦੁਹਰਾਉਂਦੇ ਹਨ ਕਿ ਪਰਮਾਤਮਾ ਦਾ ਨਿਵਾਸ ਹੋਣ ਕਰਕੇ ਸਾਡਾ ਸਰੀਰ ਪਵਿੱਤਰ ਹੈ :
ਦੇਹੀ ਨਗਰੀ ਊਤਮ ਥਾਨਾ
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ
ਕਿਉਂਕਿ ਪਿੰਡੇ ਅਤੇ ਪਿੰਡ ਅਰਥਾਤ ਬੰਦੇ ਅਤੇ ਜਗਤ ਵਿਚ ਭੇਦ ਨਹੀਂ ਇਸ ਲਈ ਗੁਰੂ ਅੰਗਦ ਸਾਹਿਬ ਪ੍ਰਮਾਤਮਾ ਦੀ ਮੌਜੂਦਗੀ ਦੇ ਹਵਾਲੇ ਨਾਲ ਸਮੁੱਚੇ ਜਗਤ ਦੀ ਉਸੇ ਤਰ੍ਹਾਂ ਮਹਿਮਾ ਕਰਦੇ ਹਨ ਜਿਵੇਂ ਭਗਤ ਪੀਪਾ ਜੀ ਨੇ ਸਰੀਰ ਦੀ ਕੀਤੀ :
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ
ਦੂਸਰੀ ਸਤਰ :
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ
ਧੂਫ, ਦੀਵੇ, ਨਲੇਰ ਅਤੇ ਫੁੱਲ ਪੱਤੀਆਂ ਆਦਿਕ ਰਵਾਇਤੀ ਪੂਜਾ ਜਾਂ ਆਰਤੀ ਦੀ ਸਮੱਗਰੀ ਹਨ। ਜੇ ਪ੍ਰਮਾਤਮਾ ਨੂੰ ਕੋਈ ਬਾਹਰੀ ਸ਼ਕਤੀ ਜਾਂ ਹਸਤੀ ਮੰਨਦੇ ਹੋਈਏ ਤਾਂ ਹੀ ਉਸ ਦੀ ਪੂਜਾ ਜਾਂ ਆਰਤੀ ਲਈ ਇਸ ਬਾਹਰੀ ਸਮੱਗਰੀ ਦੀ ਲੋੜ ਹੈ। ਭਗਤ ਪੀਪਾ ਜੀ ਅਨੁਸਾਰ ਜਦ ਸੰਪੂਰਨ ਬ੍ਰਹਮ ਜਾਂ ਪ੍ਰਮਾਤਮਾ ਸਾਡੇ ਸਰੀਰ ਅੰਦਰ ਹੀ ਰਮਿਆ ਹੋਇਆ ਹੈ ਫਿਰ ਉਸ ਦੀ ਪੂਜਾ ਜਾਂ ਆਰਤੀ ਲਈ ਬਾਹਰੀ ਸਮੱਗਰੀ ਦੀ ਲੋੜ ਨਹੀਂ, ਉਸ ਵਾਸਤੇ ਸਾਡੀ ਦੇਹ ਹੀ ਧੂਫ, ਦੀਵਾ, ਨਲੇਰ, ਫੁੱਲ ਆਦਿ ਹੈ। ਅਸੀਂ ਆਪਣੀ ਦੇਹੀ ਨੂੰ ਸੁਰ ਕਰ ਕੇ ਇਸ ਨਾਲ ਅੰਦਰ ਰਮੇ ਹੋਏ ਈਸ਼ਵਰ ਦੀ ਪੂਜਾ ਕਰਨੀ ਹੈ। ਭਗਤ ਪੀਪਾ ਜੀ ਨੇ ਕਿਹਾ¸ਜੋ ਬ੍ਰਹਮੰਡੇ ਸੋਈ ਪਿੰਡੇ।
..ਜਿਵੇਂ ਭਗਤ ਜੀ ਅਨੁਸਾਰ ਪਿੰਡੇ 'ਚ ਵਸਦੇ ਦੀ ਆਰਤੀ ਲਈ ਪਿੰਡਾ ਹੀ ਆਰਤੀ ਦੀ ਸਮੱਗਰੀ ਹੈ ਹੋਰ ਧੂਫ, ਦੀਵੇ, ਨਲੇਰ, ਫੁੱਲਾਂ ਆਦਿ ਦੀ ਲੋੜ ਨਹੀਂ ਇਵੇਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪੂਰੇ ਬ੍ਰਹਿਮੰਡ 'ਚ ਵਸਦੇ ਲਈ ਪੂਰਾ ਬ੍ਰਹਿਮੰਡ ਹੀ ਆਰਤੀ ਦੀ ਸਮੱਗਰੀ ਹੈ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ
ਤੀਸਰੀ ਸਤਰ :
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ
ਭਗਤ ਪੀਪਾ ਜੀ ਦੀ ਇਸ ਸਤਰ ਦੇ ਭਾਵ ਨੂੰ ਗੁਰੂ ਰਾਮਦਾਸ ਜੀ ਨੇ ਇਸ ਤਰ੍ਹਾਂ ਵਿਸਥਾਰ ਕੇ ਦੱਸਿਆ ਹੈ:
ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ
ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ
ਸਾਨੂੰ ਸਾਰੀਆਂ ਪ੍ਰਾਪਤੀਆਂ-ਅਪ੍ਰਾਪਤੀਆਂ, ਜਿੱਤਾਂ-ਹਾਰਾਂ, ਭਟਕਣਾਂ, ਅਨੁਭਵਾਂ ਉਪਰੰਤ ਆਪਣੇ ਆਪ ਕੋਲ ਹੀ ਆਉਣਾ ਪੈਂਦਾ ਹੈ । ਸਭ ਕਾਸੇ ਦਾ ਮਿਲਣ-ਬਿੰਦੂ ਅਸੀਂ ਆਪ ਹੀ ਬਣਦੇ ਹਾਂ। ਖੋਜ ਦੀ ਸਾਰੀ ਯਾਤਰਾ ਆਪਣੇ ਅੰਦਰ ਪਹੁੰਚ ਕੇ ਹੀ ਸੰਪੂਰਨ ਹੁੰਦੀ ਹੈ। ਈਸ਼ਵਰ ਮਿਲਾਪ ਆਪਣੇ ਆਪ ਨਾਲ ਬਖਸ਼ਿਸ਼ ਭਰਿਆ ਮਿਲਾਪ ਹੈ, ਆਪਣੀ ਸਮੁੱਚਤਾ ਦਾ ਮਿਲਾਪ ਹੈ। ਪ੍ਰਮਾਤਮਾ ਦੀ ਖੋਜ ਸਰੀਰ ਦੇ ਅੰਦਰੋਂ ਹੀ ਕਰਨੀ ਬਣਦੀ ਹੈ, ਅੰਦਰੋਂ ਹੀ ਉਸ ਨਾਲ ਮਿਲਾਪ ਹੁੰਦਾ ਹੈ। ਜਿਥੇ ਜੀਵਨ ਦੇ ਹੋਰ ਸਾਰੇ ਰਸਾਂ ਅਤੇ ਰੰਗਾਂ ਨੂੰ ਦੇਹੀ ਨਾਲ ਮਾਣਿਆ ਜਾਂਦਾ ਹੈ ਉਥੇ ਸ੍ਰੇਸ਼ਟ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਵੀ ਦੇਹੀ ਨਾਲ ਹੀ ਹੁੰਦੀ ਹੈ। ਇਸੇ ਕਰਕੇ ਦੇਵਤੇ ਵੀ ਮਨੁੱਖੀ ਦੇਹ ਨੂੰ ਪ੍ਰਾਪਤ ਕਰਨ ਲਈ ਤਰਸਦੇ ਹਨ :
ਇਸ ਦੇਹੀ ਕਉ ਸਿਮਰਹਿ ਦੇਵ£ ਸੋ ਦੇਹੀ ਭਜੁ ਹਰਿ ਕੀ ਸੇਵ
ਚੌਥੀ ਸਤਰ :
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ
ਵਿਗਿਆਨ ਦੇ ਨਿਊਟਨ-ਕਾਲ ਸਮੇਂ ਪਦਾਰਥ ਨੂੰ ਅਮਰ ਐਲਾਨਿਆ ਗਿਆ ਸੀ, ਕਿ ਪਦਾਰਥ (ਮਾਦਾ) ਨਾ ਪੈਦਾ ਹੁੰਦਾ ਹੈ ਨਾ ਨਸ਼ਟ ਹੁੰਦਾ ਹੈ ਸਿਰਫ ਰੂਪ ਬਦਲਦਾ ਹੈ। ਥਰਮੋਡਾਈਨਾਮੈਕਸ ਨੇ ਇਹ ਗੱਲ ਸਥਾਪਤ ਕੀਤੀ ਕਿ ਊਰਜਾ ਨਾ ਪੈਦਾ ਹੁੰਦੀ ਹੈ ਨਾ ਨਸ਼ਟ ਹੁੰਦੀ ਹੈ ਸਿਰਫ ਇਸ ਦੀ ਕਿਸਮ ਬਦਲਦੀ ਹੈ। ਅਧੁਨਿਕ ਵਿਗਿਆਨ ਦੇ ਐਟਮੀ ਗਿਆਨ (ਆਈਨਸਟਾਈਨ-ਕਾਲ) ਨੇ ਸਿੱਧ ਕੀਤਾ ਕਿ ਇਹ ਦੋਨੋਂ ਗੱਲਾਂ ਸੁਤੰਤਰ ਰੂਪ ਵਿਚ ਤਾਂ ਸੱਚ ਨਹੀਂ ਪਰ ਦੋਨਾਂ ਦਾ ਜੋੜ ਸੱਚ ਹੈ। ਭਾਵ ਮਾਦਾ ਊਰਜਾ ਵਿਚ ਵਟ ਸਕਦਾ ਹੈ ਅਤੇ ਊਰਜਾ ਮਾਦੇ ਵਿਚ ਵਟ ਸਕਦੀ ਹੈ ਪਰ ਤਬਦੀਲੀ ਦੇ ਵਰਤਾਰੇ ਦੌਰਾਨ ਪਦਾਰਥ ਅਤੇ ਊਰਜਾ ਦੇ ਜੋੜ ਨਹੀਂ ਵਧਦੇ-ਘਟਦੇ। ਭਾਵ ਸ੍ਰਿਸ਼ਟੀ ਵਿਚ ਕੁਝ ਵੀ ਵਾਪਰ ਜਾਣ ਦੇ ਬਾਵਜੂਦ ਮਾਦੇ ਅਤੇ ਊਰਜਾ ਦੀ ਕੁਲ ਮਾਤਰਾ ਵਿਚ ਕੋਈ ਫਰਕ ਨਹੀਂ ਪੈਂਦਾ। ਇਹੀ ਗੱਲ ਇਸ ਸਤਰ ਵਿਚ ਭਗਤ ਪੀਪਾ ਜੀ ਆਖਦੇ ਹਨ ਕਿ ਪ੍ਰਮਾਤਮਾ ਦੀ ਕੁਲ ਮਲਕੀਅਤ ਵਿਚ ਕੋਈ ਵਾਧਾ-ਘਾਟਾ ਨਹੀਂ ਹੁੰਦਾ ਪਰ ਭਗਤ ਜੀ ਇਹ ਗੱਲ ਰਾਮ ਦੁਹਾਈ ਨਾਲ ਭਾਵ ਰੱਬ ਦਾ ਵਾਸਤੇ ਪਾ ਕੇ ਕਹਿ ਰਹੇ ਹਨ । ਜੇ ਇਹ ਗੱਲ ਸਧਾਰਨ ਜਾਂ ਸਹਿ-ਸੁਭਾਅ ਕਹੀ ਜਾਵੇ ਤਾਂ ਇਸ ਨੂੰ ਕੌਣ ਸੁਣੇ? ਕਿਉਂਕਿ ਪ੍ਰਚਲਿਤ ਅਤੇ ਸਥਾਪਤ ਵਿਚਾਰ ਤਾਂ ਇਹੀ ਹੈ ਕਿ ਕੁਝ ਪੈਦਾ ਹੁੰਦਾ ਹੈ ਕੁਝ ਖਤਮ ਹੁੰਦਾ ਹੈ, ਕੋਈ ਦੁਨੀਆ 'ਤੇ ਆਉਂਦਾ ਹੈ ਕੋਈ ਜਾਂਦਾ ਹੈ, ਕੋਈ ਜੰਮਦਾ ਹੈ ਕੋਈ ਮਰਦਾ ਹੈ ਪਰ ਮਾਨਸ ਦੇਹੀ (ਜਿਸ ਬਾਰੇ ਗੱਲ ਚਲ ਰਹੀ ਹੈ) ਸੰਬੰਧੀ ਗਹੁ ਨਾਲ ਦੇਖਿਆ ਜਾਵੇ ਕਿ ਜਨਮ ਤੋਂ ਪਹਿਲਾਂ ਸਾਡਾ ਸਰੀਰ ਮਾਂ ਦੇ ਖੂਨ ਤੋਂ ਬਣਦਾ ਰਹਿੰਦਾ ਹੈ, ਇਹ ਖੂਨ ਧਰਤੀ ਤੋਂ ਪੈਦਾ ਹੋਈ ਮਾਂ ਦੁਆਰਾ ਖਾਧੀ ਜਾਂਦੀ ਖੁਰਾਕ ਅਤੇ ਹਵਾ 'ਚੋਂ ਸਵਾਸਾਂ ਰਾਹੀਂ ਲਈ ਜਾਂਦੀ ਆਕਸੀਜਨ ਨਾਲ ਬਣਦਾ ਹੈ। ਜਨਮ ਪਿੱਛੋਂ ਸਾਡਾ ਸਰੀਰ ਸਿੱਧੇ ਤੌਰ 'ਤੇ ਧਰਤੀ ਤੋਂ ਮਿਲੀ ਖੁਰਾਕ ਅਤੇ ਹਵਾ ਨਾਲ ਬਣਦਾ ਵਿਗਸਦਾ ਹੈ । ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ ਉਸ ਤੋਂ ਮਗਰੋਂ ਸਰੀਰ ਫਿਰ ਕਿਸੇ ਨਾ ਕਿਸੇ ਰੂਪ 'ਚ ਧਰਤੀ ਅਤੇ ਹਵਾ 'ਚ ਰਲ-ਮਿਲ ਜਾਂਦੇ ਹਾਂ। ਅਸੀਂ ਨਾ ਕਿਤੋਂ ਆਉਂਦੇ ਹਾਂ ਨਾ ਕਿਤੇ ਜਾਂਦੇ ਹਾਂ, ਸਦਾ ਧਰਤੀ ਅਤੇ ਇਸ ਦੇ ਵਾਯੂਮੰਡਲ ਦਾ ਹਿੱਸਾ ਹੀ ਹੁੰਦੇ ਹਾਂ, ਸਿਰਫ ਰੂਪ ਬਦਲਦਾ ਹੈ।
ਅੰਤਿਮ ਸਤਰ :
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ
ਭਗਤ ਜੀ ਪ੍ਰਾਰਥਨਾ ਕਰਦੇ ਹਨ ਕਿ ਸਤਿਗੁਰੂ ਦੀ ਕਿਰਪਾ ਨਾਲ ਉਸ ਨੂੰ ਬ੍ਰਹਮ ਦੇ ਭੇਦ ਨੂੰ ਜਾਨਣ, ਵਿਚਾਰਨ ਅਤੇ ਲਿਖਣ ਦੀ ਸੋਝੀ ਮਿਲੇ। ਪੰਜ ਸਤਰਾਂ ਵਿਚ ਚਰਚਾ ਕਰ ਕੇ ਇਸ ਆਖਰੀ ਸਤਰ 'ਚ ਸਤਿਗੁਰੂ ਦੀ ਮਹਿਮਾ ਨਾਲ ਇਸ ਸ਼ਬਦ ਨੂੰ ਮੁਕੰਮਲ ਕੀਤਾ ਗਿਆ ਹੈ। ਮੂਲ ਮੰਤਰ ਵਿਚ ਵੀ ਗੁਰੂ ਸਾਹਿਬ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਦਰਜ ਕਰ ਕੇ ਇਸ ਨੂੰ ਗੁਰ ਪ੍ਰਸਾਦਿ ਨਾਲ ਸੰਪੂਰਨ ਕੀਤਾ ਹੈ।
ਭਗਤ ਪੀਪਾ ਜੀ ਦੇ ਇਸ ਦੇਹੀ-ਸੁਖ਼ਨ ਦੀ ਚਰਚਾ ਦੀ ਲਗਾਤਾਰਤਾ ਵਿਚ ਅਸੀਂ ਗੁਰੂ ਅਮਰਦਾਸ ਜੀ ਦੇ ਵਲੋਂ ਮਾਰੂ ਰਾਗ ਵਿਚ ਕੀਤੀ ਗਈ ਦੇਹੀ-ਉਪਮਾ ਦਾ ਆਨੰਦ ਮਾਣ ਸਕਦੇ ਹਾਂ।