ਤਾਂ ਕਿ ਸਰਦੀਆਂ ਵਿਚ ਜੋੜਾਂ 'ਚ ਦਰਦ ਨਾ ਹੋਵੇ
ਜਿਵੇਂ-ਜਿਵੇਂ ਆਧੁਨਿਕਤਾ ਅਤੇ ਨਿੱਜੀਕਰਨ ਵਧ ਰਹੇ ਹਨ, ਉਵੇਂ-ਉਵੇਂ ਪ੍ਰਦੂਸ਼ਣ ਵਿਚ ਵਾਧਾ ਹੋ ਰਿਹਾ ਹੈ। ਵਧਦੇ ਪ੍ਰਦੂਸ਼ਣ ਦਾ ਸਿੱਧਾ ਅਸਰ ਮੌਸਮ ਦੇ ਮਿਜਾਜ਼ 'ਤੇ ਪੈਂਦਾ ਹੈ, ਜਿਸ ਕਾਰਨ ਗਰਮੀਆਂ ਵਿਚ ਅਧਿਕ ਸਰਦੀ ਪੈਣ ਲਗਦੀ ਹੈ। ਇਸ ਬਦਲਦੇ ਮੌਸਮ ਦਾ ਪ੍ਰਭਾਵ ਸਭ ਤੋਂ ਵੱਧ ਬਜ਼ੁਰਗਾਂ 'ਤੇ ਪੈਂਦਾ ਹੈ। ਠੰਢ ਦੇ ਨਾਲ ਹੀ ਉਨ੍ਹਾਂ ਦੇ ਜੋੜਾਂ ਦਾ ਦਰਦ ਵੀ ਵਧਦਾ ਜਾਂਦਾ ਹੈ।
ਇਨ੍ਹਾਂ ਲੋਕਾਂ ਵਿਚ ਜੋੜਾਂ ਦੇ ਦਰਦ ਦਾ ਕਾਰਨ ਆਮ ਤੌਰ 'ਤੇ ਆਰਥਰਾਇਟਸ ਜਾਂ ਗਠੀਆ ਹੁੰਦਾ ਹੈ। ਜਿਉਂ-ਜਿਉਂ ਉਮਰ ਵਧਦੀ ਜਾਂਦੀ ਹੈ, ਉਵੇਂ-ਉਵੇਂ ਸਰੀਰ ਦੇ ਅੰਗਾਂ ਵਿਚ ਸਖਤਾਈ ਆ ਜਾਂਦੀ ਹੈ। ਉਨ੍ਹਾਂ ਵਿਚ ਲਚਕੀਲਾਪਣ ਘਟਣ ਲਗਦਾ ਹੈ। ਧਿਆਨ ਨਾ ਦੇਣ 'ਤੇ ਜੋੜ ਘਸ ਜਾਂਦੇ ਹਨ ਅਤੇ ਹੌਲੀ-ਹੌਲੀ ਖਰਾਬ ਹੋ ਜਾਂਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰਦੀਆਂ ਵਿਚ ਜੋੜਾਂ ਦਾ ਦਰਦ ਕਿਉਂ ਵਧਦਾ ਹੈ? ਇਸ ਬਾਰੇ ਮਾਹਿਰਾਂ ਦੇ ਵੱਖ-ਵੱਖ ਵਿਚਾਰ ਹਨ। ਇਕ ਵਿਚਾਰ ਅਨੁਸਾਰ ਸਰਦੀਆਂ ਵਿਚ ਤਾਪਮਾਨ ਘਟਣ ਨਾਲ ਕਿਸੇ ਵਿਸ਼ੇਸ਼ ਜੋੜ ਵਿਚ ਖੂਨ ਦੀਆਂ ਨਾੜੀਆਂ ਸੰਕੁਚਿਤ ਹੋਣ ਨਾਲ ਉਸ ਹਿੱਸੇ ਵਿਚ ਖੂਨ ਦਾ ਤਾਪਮਾਨ ਘਟ ਹੋ ਜਾਂਦਾ ਹੈ, ਜਿਸ ਨਾਲ ਜੋੜ ਵਿਚ ਅਕੜਾਹਟ ਆ ਜਾਂਦੀ ਹੈ ਅਤੇ ਦਰਦ ਹੋਣ ਲਗਦਾ ਹੈ।
ਦੂਸਰੇ ਵਿਚਾਰ ਅਨੁਸਾਰ ਵਾਯੂਮੰਡਲੀ ਦਬਾਅ ਹੋ ਸਕਦਾ ਹੈ। ਇਸ ਵਿਚ ਕਮੀ ਆਉਣ ਨਾਲ ਰਕਤ ਧਮਣੀਆਂ ਦੀ ਦੀਵਾਰ ਦੇ ਤਣਾਅ ਵਿਚ ਕਮੀ ਆਉਂਦੀ ਹੈ। ਜਿਸ ਕਾਰਨ ਧਮਣੀਆਂ ਫੈਲ ਜਾਂਦੀਆਂ ਹਨ ਅਤੇ ਦਰਦ ਤੇ ਸੋਜ਼ ਵਧ ਜਾਂਦੇ ਹਨ। ਇਸ ਤੋਂ ਇਲਾਵਾ ਸਰਦੀਆਂ ਵਿਚ ਵਧੀ ਹੋਈ ਹਿਊਮਿਡਟੀ ਕਾਰਨ ਤੰਤਰਿਕਤਾਵਾਂ ਵਿਚ ਸੰਵੇਦਨਾ ਦੀ ਸਮਰੱਥਾ ਨਿਸ਼ਚਿਤ ਰੂਪ ਨਾਲ ਵਧ ਜਾਂਦੀ ਹੈ, ਜਿਸ ਨਾਲ ਜੋੜਾਂ ਦਾ ਦਰਦ ਵੱਧ ਮਹਿਸੂਸ ਹੁੰਦਾ ਹੈ। ਜਦੋਂਕਿ ਗਰਮੀ ਵਿਚ ਇਸ ਉਲਟੇ ਸਿਧਾਂਤ ਕਾਰਨ ਦਰਦ ਘੱਟ ਮਹਿਸੂਸ ਹੁੰਦਾ ਹੈ।
ਆਸਟੀਓ ਆਰਥਾਰਾਇਟਸ ਬਾਰੇ ਆਰਥਾਰਾਇਟਸ ਵਿਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਰੋਗ ਹੈ, ਜੋ 40 ਸਾਲ ਤੋਂ ਵੱਧ ਉਮਰ ਵਾਲੇ ਖਾਸ ਕਰਕੇ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਰੋਗ ਆਮ ਤੌਰ 'ਤੇ ਸਰੀਰ ਦੇ ਵਜ਼ਨ ਸਹਿਣ ਵਾਲੇ ਸਾਰੇ ਜੋੜਾਂ ਖਾਸ ਕਰਕੇ ਗੋਡਿਆਂ ਦੇ ਜੋੜਾਂ ਨੂੰ ਪ੍ਰਭਾਵਿਤ ਕਰਦਾ ਹੈ। ਰੋਗ ਦੇ ਵਧਣ ਨਾਲ ਰੋਗੀ ਦੀਆਂ ਲੱਤਾਂ ਵਿਚ ਟੇਢਾਪਣ ਅਤੇ ਗੋਡਿਆਂ ਵਿਚ ਦੂਰੀ ਵਧਣ ਲਗਦੀ ਹੈ। ਪੌੜੀਆਂ ਚੜ੍ਹਨ, ਉਤਰਨ 'ਤੇ ਦਰਦ ਹੁੰਦਾ ਹੈ।
ਹੁਣ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਹਰ ਸਰਦੀਆਂ ਵਿਚ ਆਰਥਾਰਾਇਟਸ ਦੇ ਰੋਗੀ ਨੂੰ ਜੋੜਾਂ ਵਿਚ ਦਰਦ ਸਹਿਣ ਕਰਨਾ ਪੈਂਦਾ ਹੈ। ਜੋੜ ਰੋਗ ਮਾਹਿਰਾਂ ਅਨੁਸਾਰ ਉਚਿਤ ਯੋਗ ਅਤੇ ਕਸਰਤ,
ਪੌਸ਼ਟਿਕ ਭੋਜਨ, ਰਹਿਣ-ਸਹਿਣ ਵਿਚ ਤਬਦੀਲੀ, ਆਧੁਨਿਕ ਦਵਾਈਆਂ ਅਤੇ ਸਾਧਾਰਨ ਸਰੀਰਕ ਵਜ਼ਨ ਨਾਲ ਜੋੜਾਂ ਵਿਚ ਹੀ ਨਹੀਂ ਬਲਕਿ ਲੰਬੇ ਸਮੇਂ ਤੱਕ ਦੇ ਕਈ ਜੋੜਾਂ ਦੇ ਦਰਦ ਤੋਂ ਨਾ ਸਿਰਫ਼ ਛੁਟਕਾਰਾ ਹੀ ਪਾਇਆ ਜਾ ਸਕਦਾ ਹੈ ਬਲਕਿ ਭਵਿੱਖ ਵਿਚ ਹੋਣ ਵਾਲੀ ਸਰਜਰੀ ਤੋਂ ਵੀ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।
ਮਾਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਜੋੜਾਂ ਦੀ ਕਿਰਿਆ ਅਤੇ ਸਥਿਰਤਾ ਵਧਾਈ ਜਾਂਦੀ ਹੈ। ਜੋੜਾਂ ਵਿਚ ਖੂਨ ਪ੍ਰਵਾਹ ਠੀਕ ਕੀਤਾ ਜਾਂਦਾ ਹੈ ਤਾਂ ਕਿ ਜੋੜਾਂ 'ਤੇ ਪ੍ਰਭਾਵ ਨਾ ਪਵੇ। ਰੋਗੀ ਦੇ ਸਰੀਰ, ਖੂਨ ਹੱਡੀਆਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਵਧੇ ਹੋਏ ਭਾਰ, ਬਲੱਡ ਪ੍ਰੈਸ਼ਰ, ਸ਼ੂਗਰ, ਇਸ ਬਿਮਾਰੀ ਨੂੰ ਕਾਫ਼ੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਰੋਗੀ ਦਾ ਭਾਰ ਇਕ ਮਹੀਨੇ ਵਿਚ ਘੱਟੋ-ਘੱਟ 10 ਕਿਲੋ ਤੱਕ ਘਟ ਹੋ ਸਕਦਾ ਹੈ, ਜਿਸ ਨਾਲ ਰੋਗੀ ਆਪਣੇ-ਆਪ ਨੂੰ ਜਵਾਨ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਕਰਕੇ ਤੁਸੀਂ ਕੁਝ ਹੱਦ ਤੱਕ ਸਰਦੀਆਂ ਵਿਚ ਜੋੜਾਂ ਦੇ ਦਰਦ ਤੋਂ ਰਾਹਤ ਭਰਿਆ ਜੀਵਨ ਬਤੀਤ ਕਰ ਸਕਦੇ ਹੋ।
ਅਸ਼ੋਕ ਗੁਪਤਾ
ਘਰੇਲੂ ਨੁਸਖੇ
ਆਪ ਦੇ ਸਾਹਮਣੇ ਬਜ਼ੁਰਗਾਂ ਲਈ ਕੁਝ ਦੇਸੀ ਘਰੇਲੂ ਨੁਸਖੇ ਵੀ ਸਨਮੁਖ ਕਰ ਰਹੇ ਹਾਂ ਵਡੇਰੀ ਉਮਰ 'ਚ ਬਜ਼ੁਰਗਾਂ ਨੂੰ ਖੰਘ, ਖਾਂਸੀ ਹੋਣ ਤੇ ਇਨ੍ਹਾਂ ਕੋਲ ਸਾਬਤ ਕਾਲਾ ਲੂਣ ਜਾਂ ਮਿਸ਼ਰੀ ਹੋਣਾ ਜ਼ਰੂਰੀ ਹੈ, ਜਿਸ ਨੂੰ ਲੋੜ ਪੈਣ 'ਤੇ ਇਹ ਚੂਸ ਸਕਣ ਅਤੇ ਕਫ਼ ਦੇ ਜ਼ਿਆਦਾ ਵਧ ਜਾਣ 'ਤੇ ਮੁਲੱਠੀ, ਮਘਾਂ, ਕਾਲੀ ਮਿਰਚ, ਕਾਕੜਸਿੰਗੀ ਪੀਸ ਕੇ ਦੇਸੀ ਸ਼ਹਿਦ ਵਿਚ ਇਕ ਚੁਟਕੀ ਚੰਗੀ ਤਰ੍ਹਾਂ ਰਲਾ ਕੇ ਸਵੇਰ-ਸ਼ਾਮ ਦਿੱਤੀ ਜਾਵੇ। ਅੱਖਾਂ ਵਿਚ ਕੋਈ ਨਿੱਕਾ ਮੋਟਾ ਰੋਗ ਜਿਵੇਂ ਖਾਰਸ਼, ਲਾਲੀ, ਪਾਣੀ ਡਿੱਗਣਾ ਆਦਿ ਸ਼ਿਕਾਇਤ ਹੋਵੇ ਤਾਂ ਗੁਲਾਬ ਜਲ 'ਚ ਸ਼ਹਿਦ ਮਿਲਾ ਕੇ ਅੱਖਾਂ 'ਚ ਪਾਇਆ ਜਾ ਸਕਦਾ ਹੈ। ਪੇਟ ਗੈਸ ਜਾਂ ਕਬਜ਼ ਹੋਵੇ ਤਾਂ ਸੌਂਫ, ਸਰਨਾਂਅ ਪੱਤਰ, ਹਰੜ ਬਹੇੜਾ, ਹਿੰਗ ਪੀਸ ਕੇ ਫੱਕ ਲਈ ਜਾਵੇ। ਗੋਡੇ-ਮੋਢੇ ਜਾਂ ਕੋਈ ਸਰੀਰ 'ਚ ਹੋਰ ਦਰਦ ਜਾਂ ਜੋੜ ਦਰਦ ਦੀ ਸ਼ਿਕਾਇਤ ਆ ਜਾਵੇ ਤਾਂ ਅਸਗੰਧ, ਅੰਬਾ ਹਲਦੀ ਪੀਸ ਕੇ ਲੋੜ ਮੁਤਾਬਿਕ ਫੱਕੋ ਅਤੇ ਨਾਲ ਮਹਾਂਯੋਗਰਾਜ ਗੁਗਲ ਗੋਲੀ ਵੀ ਦਿੱਤੀ ਜਾ ਸਕਦੀ ਹੈ। ਹੱਥਾਂ-ਪੈਰਾਂ 'ਚ ਬਿਆਈਆਂ ਫਟ ਜਾਣ ਤਾਂ ਵੈਸਲੀਨ ਵਿਚ ਸੁਹਾਗਾ ਖਿੱਲ ਅਤੇ ਮੋਮ ਮਿਕਸ ਕਰਕੇ ਬਿਆਈਆਂ 'ਚ ਭਰ ਦੇਵੋ। ਗਰਮੀ ਦੀ ਰੁੱਤ 'ਚ ਕਮਜ਼ੋਰੀ ਹੋਣ 'ਤੇ ਇਨ੍ਹਾਂ ਨੂੰ ਜ਼ਿਆਦਾਤਰ ਬੀ-ਕੰਪਲੈਕਸ ਦੇ ਟੀਕੇ, ਗੋਲੀਆਂ ਜਾਂ ਟਾਨਿਕ ਦੇਣਾ ਲਾਭਦਾਇਕ ਹੈ, ਲੱਤਾਂ-ਬਾਹਾਂ 'ਚ ਕੜੱਲਾਂ ਪੈਣ ਤੇ ਵਿਟਾਮਿਨ ਡੀ ਦੇ ਅਤੇ ਸੌਂ ਜਾਣ ਦੀ ਸ਼ਿਕਾਇਤ ਹੋਵੇ ਤਾਂ ਕੈਲਸ਼ੀਅਮ ਅਤੇ ਆਇਰਨ ਦੀਆਂ ਗੋਲੀਆਂ ਜਾਂ ਟਾਨਿਕ ਵਰਤਣਾ ਸਿੱਧ ਹੈ। ਵਾਰ-ਵਾਰ ਮੂੰਹ ਪੱਕ ਰਿਹਾ ਹੋਵੇ ਜਾਂ ਫਿਰ ਬੈਅਬਾਦੀ ਨਾਲ ਸੁੱਤਿਆਂ ਪਿਆਂ ਦੇ ਮੂੰਹ 'ਚੋਂ ਪਾਣੀ ਚੱਲੇ ਤਾਂ ਕਾਲੀਆਂ ਮਿਰਚਾਂ ਦੋ ਸਵੇਰੇ-ਦੋ ਸ਼ਾਮ ਨੂੰ ਤਾਜ਼ੇ ਪਾਣੀ ਨਾਲ ਅਤੇ ਦਹੀਂ ਵਿਚ ਖੰਡ ਪਾ ਕੇ ਵਰਤਣੀ ਲਾਭਦਾਇਕ ਹੋ ਸਕਦੀ ਹੈ। ਜੇਕਰ ਬਜ਼ੁਰਗ ਚਵਨਪ੍ਰਾਸ਼ ਦੀ ਵਰਤੋਂ ਕਰਦੇ ਰਹਿਣ ਤਾਂ ਇਸ ਨਾਲ ਪੇਟ ਦੀ ਹਰ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਤੇ ਸਰੀਰ ਵੀ ਰਿਸ਼ਟ-ਪੁਸ਼ਟ ਰਹਿੰਦਾ ਹੈ, ਸਿਰ ਵਿਚ ਜ਼ਿਆਦਾ ਦਰਦ ਮਹਿਸੂਸ ਹੁੰਦਾ ਰਹੇ ਤਾਂ ਰਾਤ ਨੂੰ ਸੌਣ ਦੇ ਟਾਈਮ ਨੱਕ ਵਿਚ ਬਦਾਮਾਂ ਦੇ ਤੇਲ ਜਾਂ ਸਰ੍ਹੋਂ ਦੇ ਤੇਲ ਦੀਆਂ ਬੂੰਦਾਂ ਪਾਉਣੀਆਂ ਬੇਹੱਦ ਸਿੱਧ ਹਨ। ਸਰੀਰ ਉਪਰ ਖੁਰਕ-ਖਾਜ਼ ਹੋਵੇ ਸਰ੍ਹੋਂ ਦੇ ਤੇਲ ਵਿਚ ਸ਼ੁੱਧ ਗੰਧਕ ਮਿਲਾ ਕੇ ਮਲਿਆ ਜਾ ਸਕਦਾ ਹੈ ਜਾਂ ਖੱਟੀ ਲੱਸੀ ਵਿਚ ਸਰ੍ਹੋਂ ਦਾ ਤੇਲ ਮਿਲਾ ਕੇ ਨਹਾਉਣ ਸਮੇਂ ਸਰੀਰ ਉਪਰ ਪਾਣੀ ਪਾਉਣ ਤੋਂ ਪਹਿਲਾਂ ਮਲਿਆ ਜਾ ਸਕਦਾ ਹੈ। ਪੈਰਾਂ ਦੀਆਂ ਅੱਡੀਆਂ ਜ਼ਿਆਦਾ ਦਰਦ ਮਹਿਸੂਸ ਕਰਨ ਤਾਂ ਅਦਰਕ ਸੁਕਾ ਕੇ ਪੀਸ ਕੇ ਲੋੜ ਮੁਤਾਬਿਕ ਵਰਤਿਆ ਜਾ ਸਕਦਾ ਹੈ। ਕੰਨਾਂ ਪੱਖੋਂ ਕਿਸੇ ਵੀ ਪ੍ਰਕਾਰ ਨਾਲ ਪੀੜਤ ਹੋਣ ਤਾਂ ਸਰ੍ਹੋਂ ਦੇ ਤੇਲ 'ਚ ਲਸਣ ਦੀ ਗੰਢੀ ਸਾੜ ਕੇ ਵਿਚ ਥੋੜ੍ਹੀ ਜਿਹੀ ਹਲਦੀ ਰਲਾ ਕੇ ਪਾਈ ਜਾ ਸਕਦੀ ਹੈ। ਸਿਰ ਦੇ ਵਾਲਾਂ 'ਚ ਸ਼ਿਕਰੀ ਵਗੈਰਾ ਹੋਵੇ ਤਾਂ ਵਧੇ ਹੋਏ ਤ੍ਰਿਫਲੇ ਨੂੰ ਪਾਣੀ 'ਚ ਉਬਾਲ ਕੇ (ਕੇਸੀਂ ਇਸ਼ਨਾਨ) ਵਾਲ ਧੋਤੇ ਜਾਣ ਨਾਲ ਲਾਭ ਹੁੰਦਾ ਹੈ। ਖਾਣਾ ਖਾਣ ਤੋਂ ਬਾਅਦ ਹਮੇਸ਼ਾ ਗੁੜ ਜਾਂ ਖੰਡ ਦੀ ਵਰਤੋਂ ਕਰਨੀ, ਜਿਥੇ ਭੋਜਨ ਦੇ ਜਲਦੀ ਪਚਣ 'ਚ ਸਹਾਈ ਹੈ, ਉਥੇ ਅਚਾਨਕ ਆਉਂਦੇ ਹੱਥੂ ਤੋਂ ਵੀ ਬਚਿਆ ਜਾ ਸਕਦਾ ਹੈ। ਬਜ਼ੁਰਗਾਂ ਦੇ ਹੱਥਾਂ-ਪੈਰਾਂ ਦੇ ਨਹੁੰ ਸਮੇਂ ਸਿਰ ਕੱਟ ਦੇਣੇ ਚਾਹੀਦੇ ਹਨ।
-ਡਾ: ਸਾਧੂ ਰਾਮ ਲੰਗੇਆਣਾ
ਪਿੰਡ ਲੰਗੇਆਣਾ ਕਲਾਂ, ਜ਼ਿਲ੍ਹਾ ਮੋਗਾ।
ਬਵਾਸੀਰ ਕਾਰਣ, ਲੱਛਣ ਅਤੇ ਇਲਾਜ
ਆਧੁਨਿਕ ਸਮੇਂ ਵਿਚ ਸਾਡਾ ਰਹਿਣ-ਸਹਿਣ, ਖਾਣ-ਪੀਣ, ਆਚਾਰ-ਵਿਚਾਰ ਸਾਰੇ ਗੈਰ ਕੁਦਰਤੀ ਹੋ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਹੋਰ ਵੀ ਜ਼ਿਆਦਾ ਗੈਰ ਕੁਦਰਤੀ ਹੁੰਦੇ ਜਾ ਰਹੇ ਹਨ। ਨਤੀਜੇ ਵਜੋਂ ਬਿਮਾਰੀਆਂ ਵਧ ਰਹੀਆਂ ਹਨ ਅਤੇ ਸਾਡੀ ਪਕੜ ਵਿਚੋਂ ਤੰਦਰੁਸਤੀ ਘਟ ਰਹੀ ਹੈ। ਬਵਾਸੀਰ ਅਜੋਕੇ ਯੁੱਗ ਦਾ ਇਕ ਉਹ ਰੋਗ ਹੈ ਜਿਸ ਨੂੰ ਲਗਪਗ ਸਾਰੇ ਜਾਣਦੇ ਹਨ। ਬਵਾਸੀਰ ਹੋਣ ਦਾ ਸਭ ਤੋਂ ਵੱਡਾ ਅਤੇ ਮੁੱਖ ਕਾਰਨ ਲੰਬੇ ਸਮੇਂ ਤੋਂ ਪੇਟ ਦੀ ਖਰਾਬੀ, ਗਰਮਾਇਸ਼ ਅਤੇ ਕਬਜ਼ ਦਾ ਹੋਣਾ ਹੈ। ਇਨ੍ਹਾਂ ਕਾਰਨਾਂ ਤੋਂ ਬਿਨਾਂ ਬਵਾਸੀਰ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ।
ਬਵਾਸੀਰ ਦੇ ਲਛੱਣ : ਰੋਗੀ ਨੂੰ ਹਮੇਸ਼ਾ ਕਬਜ਼ ਬਣੀ ਰਹਿੰਦੀ ਹੈ। ਜੇ ਮੋਹਕੇ ਬਣ ਗਏ ਹਨ ਤਾਂ ਉਨ੍ਹਾਂ ਕਾਰਨ ਬੈਠਣ ਵਿਚ ਵੀ ਤਕਲੀਫ ਮਹਿਸੂਸ ਹੁੰਦੀ ਹੈ। ਕਦੇ- ਕਦੇ ਇਨ੍ਹਾਂ ਮੌਹਕਿਆਂ ਵਿਚ ਜਲਣ, ਖਾਰਿਸ਼ ਹੋਣ ਲੱਗ ਜਾਂਦੀ ਹੈ ਅਤੇ ਕਦੇ-ਕਦੇ ਇਹ ਮੋਹਕੇ ਆਕੜ ਜਾਂਦੇ ਹਨ। ਪਖ਼ਾਨਾ ਕਰਦੇ ਵਕਤ ਦਰਦ ਹੁੰਦਾ ਹੈ ਅਤੇ ਬਾਅਦ ਵਿਚ ਇਹ ਦਰਦ ਕਾਫੀ ਸਮਾਂ ਹੁੰਦਾ ਰਹਿੰਦਾ ਹੈ। ਖੂਨੀ ਬਵਾਸੀਰ ਦੇ ਨਾਲ ਜੂਝ ਰਿਹਾ ਮਰੀਜ਼ ਅਕਸਰ ਇਹ ਸ਼ਿਕਾਇਤ ਕਰਦਾ ਹੈ ਕਿ ਉਸਦੇ ਮੋਹਕਿਆਂ ਵਿਚੋਂ ਖੂਨ ਆ ਰਿਹਾ ਹੈ ਅਤੇ ਪਖ਼ਾਨੇ ਵਾਲੀ ਜਗ੍ਹਾ ਉਤੇ ਜਲਣ ਹੁੰਦੀ ਹੈ, ਖ਼ਾਰਿਸ਼ ਹੁੰਦੀ ਹੈ ਜਾਂ ਦਰਦ ਰਹਿੰਦਾ ਹੈ। ਜਦਕਿ ਬਾਦੀ ਬਵਾਸੀਰ ਦੇ ਮਰੀਜ਼ ਨੂੰ ਗੰਦੀ ਗੈਸ, ਪੇਟ ਦੀ ਖਰਾਬੀ ਅਤੇ ਕਮਜ਼ੋਰੀ ਦੀ ਸ਼ਿਕਾਇਤ ਹੁੰਦੀ ਹੈ। ਬਵਾਸੀਰ ਦੇ ਹੋਰ ਵੀ ਬਹੁਤ ਕਾਰਨ ਹਨ। ਗਰਮ, ਕੌੜਾ, ਚਟਪੱਟਾ, ਖੱਟਾ, ਪੁਰਾਣਾ ਅਤੇ ਠੰਡਾ ਭੋਜਨ, ਮਿਰਚ ਮਸਾਲੇ, ਬੈਂਗਨ, ਅਰਬੀ, ਮਾਂਹ ਅਤੇ ਮਸਰੀ ਦੀ ਦਾਲ ਦੀ ਜ਼ਿਆਦਾ ਵਰਤੋਂ ਅਤੇ ਲੋੜੋਂ ਵੱਧ ਦਵਾਈਆਂ ਦੀ ਵਰਤੋਂ ਬਵਾਸੀਰ ਦੇ ਮੁੱਖ ਕਾਰਨ ਹਨ। ਕਈਆਂ ਨੂੰ ਵਰਤ ਰੱਖਣ ਦੇ ਨਾਲ ਕਬਜ਼ ਹੋ ਜਾਂਦੀ ਹੈ। ਅਜਿਹੇ ਰੋਗੀਆਂ ਨੂੰ ਆਪਣੇ ਯੋਗ ਆਚਾਰੀਆ ਜਾਂ ਨੈਚੁਰੋਪੈਥ ਦੀ ਸਲਾਹ ਦੇ ਨਾਲ ਹੀ ਵਰਤ ਰੱਖਣਾ ਚਾਹੀਦਾ ਹੈ। ਬਵਾਸੀਰ ਤੋਂ ਬਚਣ ਵਾਸਤੇ ਜਿਹੜੀਆਂ ਚੀਜ਼ਾਂ ਦੱਸੀਆਂ ਗਈਆਂ ਹਨ ਉਹ ਨਹੀਂ ਵਰਤਣੀਆਂ ਚਾਹੀਦੀਆਂ । ਸਭ ਤੋਂ ਵਡੀ ਗੱਲ ਇਹ ਕਿ ਕਬਜ਼ ਨਾ ਰਹਿਣ ਦਿਉ। ਸਵੇਰੇ ਸਾਫ ਹਵਾ ਵਿਚ ਅਤੇ ਰਾਤ ਦੇ ਖਾਣੇ ਤੋਂ ਬਾਅਦ ਸੈਰ ਜ਼ਰੂਰ ਕਰੋ। ਸਲਾਦ ਖਾਣਾ ਬਵਾਸੀਰ ਦੇ ਮਰੀਜ਼ ਲਈ ਬੜਾ ਗੁਣਕਾਰੀ ਹੈ। ਆਪਣੇ ਪਖ਼ਾਨੇ ਵਾਲੀ ਜਗ੍ਹਾ ਉਤੇ ਕਦੇ- ਕਦੇ ਤੇਲ ਵੀ ਲਗਾਉਣਾ ਚਾਹੀਦਾ ਹੈ। ਭੋਜਨ ਪੂਰਾ ਸ਼ਾਕਾਹਾਰੀ ਅਤੇ ਸਾਤਵਿਕ ਹੋਵੇ। ਦਹੀਂ, ਲੱਸੀ, ਹਰੀਆਂ ਸਬਜ਼ੀਆਂ, ਸਲਾਦ ਬਵਾਸੀਰ ਦੇ ਮਰੀਜ਼ ਲਈ ਬਹੁਤ ਗੁਣਾਕਾਰੀ ਹਨ। ਜ਼ਿਆਦਾ ਤਲੀਆਂ, ਭੁੰਨੀਆਂ ਚੀਜ਼ਾਂ, ਮਾਸ, ਅੰਡੇ ਦੇ ਨਾਲ- ਨਾਲ ਮਰੀਜ਼ ਨੂੰ ਤੰਬਾਕੂ, ਸ਼ਰਾਬ ਅਤੇ ਚਾਹ ਕਾਫੀ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।
ਘਰੇਲੂ ਇਲਾਜ
ਸਭ ਤੋਂ ਪਹਿਲਾਂ ਨੈਚੁਰੋਪੈਥੀੇ ਵਿਚ ਫਸਟ- ਏਡ ਦੇ ਰੂਪ ਵਿਚ ਇਕ ਬਹੁਤ ਹੀ ਵਧੀਆ ਅਤੇ ਕਾਰਗਰ ਢੰਗ ਹੈ ਬਵਾਸੀਰ ਲਈ । ਉਹ ਹੈ ਆਪਣੇ ਹੀ ਪਿਸ਼ਾਬ ਦੇ ਨਾਲ ਆਪਣਾ ਪਖ਼ਾਨਾ ਸਾਫ ਕਰਨਾ। ਸਵੇਰੇ ਸ਼ਾਮ ਜਦੋਂ ਅਸੀਂ ਪਿਸ਼ਾਬ ਕਰਦੇ ਹਾਂ ਉਦੋਂ ਇਕ ਸਾਫ ਬਰਤਨ ਵਿਚ ਆਪਣਾ ਪਿਸ਼ਾਬ ਪਾਉ ਅਤੇ ਪਖ਼ਾਨੇ ਤੋਂ ਵਿਹਲੇ ਹੋਣ ਤੋਂ ਬਾਅਦ ਉਸ ਪਿਸ਼ਾਬ ਦੇ ਨਾਲ ਚੰਗੀ ਤਰ੍ਹਾਂ ਆਪਣੀ ਗੁਦਾ ਨੂੰ ਧੋ ਲਵੋ। ਪਖ਼ਾਨੇ ਵਾਸਤੇ ਜਾਣ ਵਾਲੇ ਪਾਣੀ ਵਿਚ ਥੋੜ੍ਹੀ ਜਿਹੀ ਫਿਟਕੜੀ ਜਾਂ ਅੱਧੀ ਕੁ ਚੂੰਡੀ ਪੋਟਾਸ਼ੀਅਮ ਧਰਮਾਗਨੇਟ (ਲਾਲ ਦਵਾਈ) ਪਾਉ ਅਤੇ ਵਰਤੋ। ਇਸ ਦੇ ਨਾਲ ਮੌਹਕੇ ਜਲਦੀ ਠੀਕ ਹੋ ਸਕਦੇ ਹਨ। ਦੁਪਹਿਰ ਦੀ ਰੋਟੀ ਤੋਂ ਬਾਅਦ ਇਕ ਗਲਾਸ ਲੱਸੀ ਅਜਵਾਇਣ ਪਾ ਕੇ ਪੀਣਾ ਵੀ ਫਾਇਦੇਮੰਦ ਹੁੰਦਾ ਹੈ। ਸੌਂਦੇ ਵਕਤ ਈਸਬਗੋਲ ਹਲਕੇ ਗਰਮ ਦੁੱਧ ਨਾਲ ਲੈਣਾ ਚਾਹੀਦਾ ਹੈ। ਸਵੇਰੇ ਦੇਸੀ ਗਾਂ ਦੇ ਇਕ ਕੱਪ ਦੁੱਧ ਵਿਚ ਇਕ ਪੀਲਾ ਨਿੰਬੂ ਕੱਟ ਕੇ ਅੱਧੇ ਨਿੰਬੂ ਦਾ ਰਸ ਪਾ ਕੇ ਤਿੰਨ ਦਿਨ ਪੀਉ। ਮੈਂ ਇਹ ਨੁਸਖਾ ਅਕਸਰ ਆਪਣੇ ਮਰੀਜ਼ਾਂ ਉਤੇ ਅਜ਼ਮਾਇਆ ਹੈ ਅਤੇ ਸਾਰਥਕ ਨਤੀਜੇ ਮਿਲੇ ਹਨ। ਖੂਨੀ ਬਵਾਸੀਰ ਹੋਣ ਉਤੇ ਨਾਰੀਅਲ ਨੂੇੰ ਅੱਗ ਲਗਾ ਕੇ ਸਵਾਹ ਕੀਤੇ ਹੋਏ ਵਾਲਾਂ ਦਾ ਬੂਰਾ ਇਕ ਚਮਚ ਸ਼ਾਮ ਨੂੰ ਜੇ ਲਿਆ ਜਾਵੇ ਤਾਂ ਕਾਫੀ ਫਾਇਦਾ ਕਰਦਾ ਹੈ। ਬਵਾਸੀਰ ਦੇ ਵਿਚ ਠੰਡੇ ਪਾਣੀ ਦਾ ਅਨੀਮਾ ਲੈਣਾ ਅਤੇ ਪੇਟ ਦੇ ਨਾਲ-ਨਾਲ ਪਖ਼ਾਨੇ ਵਾਲੀ ਜਗ੍ਹਾ ਉਤੇ ਠੰਡੇ ਪਾਣੀ ਦਾ ਕੱਪੜਾ ਰੱਖਣਾ, ਮਿੱਟੀ ਦਾ ਠੰਡਾ ਸੇਕ ਦੇਣਾ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ। ਬੇਸ਼ਕ ਇਹ ਘਰੇਲੂ ਨੁਸਖੇ ਕੋਈ ਦਸ਼ਪ੍ਰਭਾਵ ਨਹੀਂ ਕਰਦੇ ਪਰ ਆਪਣੇ ਰੋਗ ਨੂੰ ਸਮਝਣ ਅਤੇ ਖਤਮ ਕਰਨ ਦੇ ਲਈ ਆਪਣੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕੁਦਰਤੀ ਜੀਵਨ ਅਤੇ ਯੋਗ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰ ਕੇ ਅਸੀਂ ਇਸ ਦਰਦ ਵਾਲੀ ਗੰਦੀ ਅਤੇ ਭਿਅੰਕਰ ਬੀਮਾਰੀ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹਾਂ।
ਡਾ: ਹਰਪ੍ਰੀਤ ਸਿੰਘ ਭੰਡਾਰੀ
-ਕਿਸ਼ਨਪੁਰਾ ਕਲੋਨੀ, ਗਲੀ ਨੰ: 9, ਨਾਭਾ ਗੇਟ ਬਾਹਰ, ਸੰਗਰੂਰ।
ਔਰਤਾਂ ਵਿਚ ਮਾਨਸਿਕ ਤਣਾਅ ਦੇ ਕਾਰਨ
ਮਾਨਸਿਕ ਤਣਾਅ ਅਤੇ ਕੁੰਠਾ ਬਚਪਨ ਤੋਂ ਹੀ ਲੜਕੀਆਂ 'ਤੇ ਪ੍ਰਭਾਵ ਪਾਉਂਦੇ ਰਹੇ ਹਨ। ਲੜਕੀ ਹੋਣਾ ਹੀ ਤਣਾਅ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਦੇ ਕਾਰਨ ਉਸ ਨੂੰ ਸਹੀ ਢੰਗ ਨਾਲ ਖਾਣਾ, ਪੜ੍ਹਾਈ, ਸਮੇਂ ਸਿਰ ਡਾਕਟਰੀ ਸਹਾਇਤਾ, ਸਭ ਤੋਂ ਵਧ ਕੇ ਪਿਆਰ ਅਤੇ ਦੇਖਭਾਲ ਨਹੀਂ ਮਿਲ ਪਾਉਂਦੀ।
ਹਿਸਟੀਰੀਆ ਹੋਰ ਘੱਟ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਵਿਚੋਂ ਇਕ ਹੈ। ਸੀਜੋਫਰੇਨੀਆ ਅਤੇ ਆਰਗੈਨਿਸ ਸਾਇਕੋਸਿਸ ਗੰਭੀਰ ਬਿਮਾਰੀਆਂ ਹਨ। ਦੂਜੇ ਪਾਸੇ ਜਿਨ੍ਹਾਂ ਮਾਨਸਿਕ ਬਿਮਾਰੀਆਂ ਤੋਂ ਪੁਰਸ਼ ਅਕਸਰ ਪੀੜਤ ਹੁੰਦੇ ਹਨ, ਉਹ ਮਧਪਾਨ ਜਾਂ ਨਸ਼ੀਲੀਆਂ ਵਸਤਾਂ ਦੇ ਸੇਵਨ ਨਾਲ ਸਬੰਧ ਰੱਖਦੀਆਂ ਹਨ।
ਹਰ ਦਸ ਔਰਤਾਂ ਵਿਚੋਂ ਇਕ ਔਰਤ ਮਾਨਸਿਕ ਤਣਾਅ ਦੀ ਸ਼ਿਕਾਰ ਆਪਣੇ-ਆਪ ਨੂੰ ਅਸੰਤੁਲਤ ਮਹਿਸੂਸ ਕਰ ਰਹੀ ਹੈ। ਚਾਹੇ ਔਰਤਾਂ ਇਸ ਬਿਮਾਰੀ ਨੂੰ ਚੁੱਪ-ਚਾਪ ਸਹਿਣ ਕਰਦੀਆਂ ਰਹਿੰਦੀਆਂ ਹਨ ਤੇ ਜਦੋਂ ਤੱਕ ਇਹ ਗੰਭੀਰ ਰੂਪ ਨਾ ਧਾਰਨ ਕਰ ਜਾਵੇ, ਉਨ੍ਹਾਂ ਨੂੰ ਸਮਝ ਨਹੀਂ ਆਉਂਦੀ।
ਔਰਤਾਂ ਦੀ ਮਾਨਸਿਕ ਦਸ਼ਾ ਅਤੇ ਅਸੰਤੁਲਨ ਦੇ ਕਈ ਕਾਰਨ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਵਿਚ ਕੁਝ ਇਸ ਤਰ੍ਹਾਂ ਹਨ-
ਸਰੀਰਕ ਪ੍ਰਕਿਰਿਆ ਅਤੇ ਜੀਵਨ ਹਾਲਾਤ 'ਚ ਤਬਦੀਲੀ : ਔਰਤ ਦੇ ਜੀਵਨ ਵਿਚ ਅਨੇਕਾਂ ਸਰੀਰਕ ਤਬਦੀਲੀਆਂ ਆਉਂਦੀਆਂ ਹਨ, ਜਿਨ੍ਹਾਂ ਕਰਕੇ ਤਣਾਅ ਦਾ ਆਉਣਾ ਕੁਦਰਤੀ ਹੈ। ਕਈ ਔਰਤਾਂ ਤਾਂ ਆਪਣੇ-ਆਪ ਨੂੰ ਤਬਦੀਲੀ ਮੁਤਾਬਿਕ ਢਾਲ ਲੈਂਦੀਆਂ ਹਨ ਪਰ ਕੁਝ ਇਸ ਤਬਦੀਲੀ ਕਰਕੇ ਤਣਾਅਗ੍ਰਸਤ ਹੋ ਜਾਂਦੀਆਂ ਹਨ।
ਨੀਵੇਂ ਸਮਾਜਿਕ ਪੱਧਰ ਦੇ ਕਾਰਨ ਬਹੁਤੀਆਂ ਔਰਤਾਂ ਸ਼ਕਤੀਹੀਣ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿਮਾਗ 'ਤੇ ਗਰੀਬੀ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਬੁਰਾ ਪ੍ਰਭਾਵ ਪਾਉਂਦੀ ਹੈ।
ਸ਼ਹਿਰੀਕਰਨ : ਭੀੜ-ਭਾੜ ਸਮਾਜਿਕ ਪ੍ਰਵੇਸ਼, ਸਮਾਜਿਕ ਸਹਾਇਤਾ ਦੀ ਕਮੀ ਅਤੇ ਨਕਾਰਾਤਮਿਕ ਜੀਵਨ ਘਟਨਾਵਾਂ, ਨੌਕਰੀ ਤੋਂ ਹੱਥ ਧੋਣਾ ਵਰਗੇ ਕਾਰਨ ਮਾਨਸਿਕ ਤਣਾਅ ਨੂੰ ਉਤਪੰਨ ਕਰਦੇ ਹਨ ਜਾਂ ਵਧਾਉਂਦੇ ਹਨ।
ਬਚਪਨ : ਮਾਨਸਿਕ ਤਣਾਅ ਅਤੇ ਕੁੰਠਾ ਬਚਪਨ ਤੋਂ ਹੀ ਲੜਕੀਆਂ 'ਤੇ ਪ੍ਰਭਾਵ ਪਾਉਂਦੇ ਰਹੇ ਹਨ। ਲੜਕੀ ਹੋਣਾ ਹੀ ਤਣਾਅ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਦੇ ਕਾਰਨ ਉਸ ਨੂੰ ਸਹੀ ਢੰਗ ਨਾਲ ਖਾਣਾ, ਪੜ੍ਹਾਈ, ਸਮੇਂ ਸਿਰ ਡਾਕਟਰੀ ਸਹਾਇਤਾ, ਸਭ ਤੋਂ ਵਧ ਕੇ ਪਿਆਰ ਅਤੇ ਦੇਖਭਾਲ ਨਹੀਂ ਮਿਲ ਪਾਉਂਦੀ।
ਬਾਂਝਪਨ : ਬਾਂਝਪਣ ਵੀ ਮਾਨਸਿਕ ਤਣਾਅ ਦਾ ਕਾਰਨ ਹੈ। ਮਨੋਵਿਗਿਆਨਕ ਰੋਗ ਬਹੁਤ ਸਾਰੇ ਇਸਤਰੀ ਰੋਗਾਂ ਨਾਲ ਜੁੜੇ ਹੋਏ ਹਨ, ਜਿਵੇਂ ਬੱਚੇਦਾਨੀ ਦਾ ਕੱਢਿਆ ਜਾਣਾ ਜਾਂ ਸਤਨ ਕੈਂਸਰ ਜੋ ਕਿ ਜ਼ਿਆਦਾਤਰ ਅਧੇੜ ਉਮਰ ਵਿਚ ਹੁੰਦੇ ਹਨ।
ਰਜੋਨਵਿਰਤੀ : ਔਰਤਾਂ ਨੂੰ ਰਜੋਨਵਿਰਤੀ ਦੇ ਉਪਰੰਤ ਹਾਰਮੋਨਲ ਬਦਲਾਅ ਦੇ ਕਾਰਨ ਵੀ ਮਾਨਸਿਕ ਤਣਾਅ, ਬੇਚੈਨੀ ਅਤੇ ਉਦਾਸੀਨਤਾ ਆ ਜਾਂਦੀ ਹੈ। ਮਾਨਸਿਕ ਰੋਗ ਦੇਵੀ-ਦੇਵਤਿਆਂ ਦੇ ਪ੍ਰਕੋਪ ਜਾਂ ਕਾਲੇ ਜਾਦੂ ਜਾਂ ਟੂਣੇ-ਟੋਟਕਿਆਂ ਨਾਲ ਠੀਕ ਨਹੀਂ ਹੁੰਦੇ।
ਮਨੋਵਿਗਿਆਨਕ ਡਾਕਟਰ ਨਾਲ ਆਪਣੇ ਰੋਗ ਬਾਰੇ ਗੱਲਬਾਤ ਕਰਨ ਨਾਲ ਔਰਤਾਂ ਦਾ ਤਣਾਅ ਘੱਟ ਹੋ ਸਕਦਾ ਹੈ। ਪਤੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਨ ਨਾਲ ਮਾਹੌਲ ਠੀਕ ਬਣਦਾ ਹੈ ਤੇ ਤਣਾਅ ਤੋਂ ਰਾਹਤ ਮਿਲ ਸਕਦੀ ਹੈ। ਆਰਾਮ ਅਤੇ ਮਨੋਰੰਜਨ ਵੀ ਇਸ ਦਿਸ਼ਾ ਵਿਚ ਸਹਾਇਕ ਸਿੱਧ ਹੋ ਸਕਦੇ ਹਨ।
-ਅਨੁਰਾਗ ਪਰਿਮਲ
ਛੋਟੇ ਬੱਚਿਆਂ ਵਿਚ ਬੁਖਾਰ ਦਾ ਰੋਗ ਵਧੇਰੇ ਪਾਇਆ ਜਾਂਦਾ ਹੈ। ਇਹ ਆਮ ਤੌਰ 'ਤੇ ਵਧੇਰੇ ਬੈਕਟੀਰੀਆ ਜਾਂ ਵਾਇਰਸ ਵਾਲੇ ਇਨਫੈਕਸ਼ਨ ਤੋਂ ਹੁੰਦਾ ਹੈ। ਇਸ ਦੇ ਇਲਾਵਾ ਬੱਚੇ ਦਾ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਹੋਣਾ ਵੀ ਬੁਖਾਰ ਦੇ ਕਾਰਨ ਹੋ ਸਕਦਾ ਹੈ ਕਿਉਂਕਿ ਬੱਚਾ ਜਦੋਂ ਭਾਵਨਾਤਮਿਕ ਰੂਪ ਨਾਲ ਪ੍ਰੇਸ਼ਾਨ ਹੁੰਦਾ ਹੈ ਤਾਂ ਉਸ ਦੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਜ਼ਿਆਦਾ ਗਰਮੀ ਹੋਣ ਜਾਂ ਜ਼ਿਆਦਾ ਜ਼ੋਰ ਅਤੇ ਦੇਰ ਤੱਕ ਰੋਣ ਨਾਲ ਵੀ ਬੱਚੇ ਦੇ ਸਰੀਰ ਦਾ ਤਾਪਮਾਨ ਵਧਦਾ ਹੈ। ਇਸ ਬੁਖਾਰ ਵਿਚ ਕੋਈ ਦਵਾਈ ਦੀ ਲੋੜ ਨਹੀਂ ਹੁੰਦੀ। ਬਹੁਤੇ ਲੋਕ ਸੋਚਦੇ ਹਨ ਕਿ ਸਰੀਰ ਦਾ ਆਮ ਤਾਪਮਾਨ 98.4 ਡਿਗਰੀ ਹੁੰਦਾ ਹੈ ਪਰ ਇਹ ਤੱਥ ਸਹੀ ਨਹੀਂ ਹੈ। ਇਹ ਵਿਅਕਤੀ ਦੀ ਉਮਰ, ਵਾਤਾਵਰਨ ਦੇ ਤਾਪਮਾਨ ਅਤੇ ਤੰਦਰੁਸਤੀ ਦੀ ਹਾਲਤ 'ਤੇ ਨਿਰਭਰ ਕਰਦੀ ਹੈ। ਬੱਚੇ ਦੇ ਸਰੀਰ ਦਾ ਤਾਪਮਾਨ ਨਾਪਣ ਦੇ ਲਈ ਥਰਮਾਮੀਟਰ ਨੂੰ ਧੋ-ਪੂੰਝ ਕੇ ਹਲਕੇ-ਹਲਕੇ ਝਟਕੇ ਦੇ ਕੇ ਹੀ ਲਾਲ ਨਿਸ਼ਾਨ ਨਾਲ ਹੇਠਾਂ ਲਿਆਉਣਾ ਨਾ ਭੁੱਲੋ।
ਬੁਖਾਰ ਦੇ ਆਮ ਕਾਰਨ
ੲ ਜਦੋਂ ਬੱਚੇ ਨੂੰ ਬੁਖਾਰ ਹੋਵੇ ਅਤੇ ਉਹ ਕੋਈ ਵੀ ਠੋਸ ਚੀਜ਼ ਖਾਣ ਲਈ ਮਨ੍ਹਾ ਕਰ ਰਿਹਾ ਹੋਵੇ ਤਾਂ ਉਸ ਦਾ ਅਰਥ ਹੈ ਕਿ ਉਸ ਦੇ ਗਲ ਵਿਚ ਖਰਾਬੀ ਹੈ।
ੲ ਬੁਖਾਰ ਦੇ ਨਾਲ-ਨਾਲ ਪਤਲੇ ਦਸਤ ਅਤੇ ਉਲਟੀਆਂ ਹੋਣ ਤਾਂ ਇਹ ਪਾਚਣ ਨਲੀ ਵਿਚ ਇਨਫੈਕਸ਼ਨ ਦੇ ਕਾਰਨ ਹੋ ਸਕਦਾ ਹੈ।
ੲ ਜੇਕਰ ਬੱਚਾ ਬੁਖਾਰ ਵਿਚ ਬਹੁਤ ਅਧਿਕ ਹੋਵੇ ਅਤੇ ਆਪਣਾ ਹੱਥ ਵਾਰ-ਵਾਰ ਕੰਨ ਵੱਲ ਲਿਜਾਵੇ ਤਾਂ ਇਹ ਕੰਨ ਵਿਚ ਇਨਫੈਕਸ਼ਨ ਦੀ ਵਜ੍ਹਾ ਨਾਲ ਹੋ ਸਕਦਾ ਹੈ।
ੲ ਜਦੋਂ ਬੱਚਾ ਖੰਘਦੇ ਸਮੇਂ ਛਾਂ-ਛਾਂ ਦੀ ਆਵਾਜ਼ ਕਰੇ ਤਾਂ ਇਹ ਛਾਤੀ ਦੀ ਇਨਫੈਕਸ਼ਨ ਕਰਕੇ ਹੁੰਦਾ ਹੈ।
ੲ ਜੇਕਰ ਬੱਚਾ ਬੁਖਾਰ ਵਿਚ ਕਾਫ਼ੀ ਊਂਘ ਰਿਹਾ ਹੋਵੇ। ਸੁਭਾਅ ਵਿਚ ਚਿੜਚਿੜਾ ਹੋਵੇ ਤਾਂ ਉਲਟੀ ਕਰਦਾ ਹੋਵੇ ਅਤੇ ਉਸ ਦੀ ਗਰਦਨ ਆਕੜ ਗਈ ਹੋਵੇ ਤਾਂ ਉਸ ਨੂੰ ਜ਼ਰੂਰ ਦਿਮਾਗੀ ਬੁਖਾਰ ਹੋ ਸਕਦਾ ਹੈ। ਇਸ ਵਿਚ ਬੱਚੇ ਦਾ ਤੁਰੰਤ ਇਲਾਜ ਕਰਵਾਉਣ ਦੀ ਲੋੜ ਹੈ।
ੲ ਕਾਂਬਾ ਲੱਗ ਕੇ ਬੁਖਾਰ ਚੜ੍ਹਨਾ ਮਲੇਰੀਆ ਜਾਂ ਮੂਤਰ ਪ੍ਰਣਾਲੀ ਵਿਚ ਇਨਫੈਕਸ਼ਨ ਹੁੰਦਾ ਹੈ।
ਇਲਾਜ ਕਿਵੇਂ ਹੋਵੇ?
ੲ ਜਦੋਂ ਬੱਚੇ ਨੂੰ 102 ਜਾਂ 103 ਡਿਗਰੀ ਤੋਂ ਵੱਧ ਬੁਖਾਰ ਹੋਵੇ ਤਾਂ ਇਸ ਨੂੰ ਤੇਜ਼ ਮੰਨਣਾ ਚਾਹੀਦਾ ਹੈ। ਇਸ ਬੁਖਾਰ ਵਿਚ ਬੱਚੇ ਨੂੰ ਦੌਰੇ ਪੈ ਸਕਦੇ ਹਨ। ਹੱਥਾਂ-ਪੈਰਾਂ ਨੂੰ ਝਟਕੇ ਲੱਗ ਸਕਦੇ ਹਨ। ਚਿਹਰੇ ਦਾ ਰੰਗ ਪੀਲਾ ਪੈ ਸਕਦਾ ਹੈ। ਬੱਚੇ ਨੂੰ ਠੰਢੇ ਪਾਣੀ ਨਾਲ ਪੂੰਝਣਾ ਚਾਹੀਦਾ ਹੈ।
ੲ ਜੇਕਰ ਬੱਚੇ ਨੂੰ ਬੁਖਾਰ ਦੇ ਦੌਰਾਨ ਦੌਰਾ ਪਵੇ ਤਾਂ ਬੱਚੇ ਦੇ ਪੇਟ ਹੇਠਾਂ ਸਿਰਹਾਣਾ ਲਗਾਓ ਅਤੇ ਉਸ ਨੂੰ ਪੇਟ ਦੇ ਭਾਰ ਲਿਟਾ ਦਿਓ ਕਿਉਂਕਿ ਦੌਰੇ ਸਮੇਂ ਉਲਟੀ ਆਉਣ ਨਾਲ ਸਾਹ ਵੀ ਬੰਦ ਹੋ ਸਕਦਾ ਹੈ।
ੲ ਡਾਕਟਰ ਦੇ ਆਉਣ ਤੱਕ ਬੱਚੇ ਦੇ ਸਰੀਰ 'ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖਦੇ ਰਹੋ, ਇਸ ਨਾਲ ਬੱਚੇ ਦਾ ਬੁਖਾਰ ਘੱਟ ਹੋ ਜਾਵੇਗਾ।
ੲ ਜ਼ਿਆਦਾ ਤੇਜ਼ ਬੁਖਾਰ ਹੋਣ ਨਾਲ ਉਸ ਦੇ ਕੱਪੜੇ ਉਤਾਰ ਦਿਓ ਅਤੇ ਠੰਢੇ ਪਾਣੀ ਨਾਲ ਤੌਲੀਆ ਭਿਉਂ ਕੇ ਬੱਚੇ ਦਾ ਸਰੀਰ ਸਾਫ਼ ਕਰੋ।
ੲ ਮੈਥੇ 'ਤੇ ਪੱਟੀ ਨੂੰ ਭਿਊਂਣ ਲਈ ਬਰਫ਼ ਜਾਂ ਠੰਢੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਸਾਰੇ ਸਰੀਰ ਨੂੰ ਪੂੰਝਣ ਨਾਲ ਤਾਪਮਾਨ 'ਚ ਫਰਕ ਪਵੇਗਾ।
ੲ ਤੇਜ਼ ਬੁਖਾਰ ਵਿਚ ਬੱਚਿਆਂ ਦੇ ਸਰੀਰ 'ਤੇ ਕੰਬਲ ਜਾਂ ਰਜਾਈ ਨਾ ਦਿਓ ਜਾਂ ਜ਼ਿਆਦਾ ਕੱਪੜੇ ਨਾ ਪਾਓ। ਉਸ ਨੂੰ ਠੰਢਾ ਜਾਂ ਤਾਜ਼ਾ ਪਾਣੀ ਪਿਲਾਓ।
ੲ ਵਾਰ-ਵਾਰ ਤਾਪਮਾਨ ਨਾਪਦੇ ਰਹਿਣਾ ਚਾਹੀਦਾ ਹੈ। ਅੱਧੇ ਘੰਟੇ ਬਾਅਦ ਹੀ ਤਾਪਮਾਨ ਮਾਪੋ। ਘੱਟ ਬੁਖਾਰ ਵਿਚ ਦਿਨ ਵਿਚ ਚਾਰ ਵਾਰ ਤਾਪਮਾਨ ਨਾਪੋ।
ੲ ਅਜਿਹੀ ਹਾਲਤ ਵਿਚ ਬੱਚਿਆਂ ਨੂੰ ਸਾਫ਼ ਪਾਣੀ, ਬਰਾਊਨ ਬਰੈਡ, ਦੁੱਧ, ਫਲਾਂ ਦਾ ਰਸ, ਚਾਵਲ, ਦਲੀਆ, ਦਾਲ ਜਾਂ ਸੂਪ ਦਿਓ। ਤਲਿਆ ਭੋਜਨ ਨਾ ਦਿਓ। ਬੁਖਾਰ ਵਿਚ ਛੋਟੇ ਬੱਚੇ ਨੂੰ ਮਾਤਾ ਦਾ ਦੁੱਧ ਠੀਕ ਰਹੇਗਾ।
-ਭਾਸ਼ਣਾ ਬਾਂਸਲ
ਲਾਭਦਾਇਕ ਫ਼ਲ ਮੌਸੱਮੀ
ਵਿਟਾਮਿਨ ਸੀ ਨਾਲ ਭਰਪੂਰ ਇਸ ਫਲ ਤੋਂ ਸਾਰੇ ਜਾਣੂ ਹਨ। ਮੌਸੱਮੀ ਅਜਿਹਾ ਪੌਸ਼ਟਿਕ ਫਲ ਹੈ, ਜਿਸ ਦਾ ਰਸ ਆਸਾਨੀ ਨਾਲ ਪਚ ਜਾਂਦਾ ਹੈ, ਇਸ ਨੂੰ ਬਿਮਾਰ ਵਿਅਕਤੀ ਨੂੰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰੇ ਜਾਂ ਹਲਕੇ ਪੀਲੇ ਰੰਗ ਦੀ ਮੌਸੱਮੀ ਦੇਖਣ ਵਿਚ ਸੰਤਰੇ ਦੀ ਤਰ੍ਹਾਂ ਲਗਦੀ ਹੈ। ਕੈਲਸ਼ੀਅਮ, ਫਾਸਫੋਰਸ ਆਦਿ ਤੱਤਾਂ ਨਾਲ ਭਰਪੂਰ ਮੌਸੱਮੀ ਅਤਿਅੰਤ ਗੁਣਕਾਰੀ ਅਤੇ ਹਿਤਕਾਰੀ ਹੈ। ਮੌਸੱਮੀ ਦੇ ਰਸ ਨੂੰ ਨਿਯਮਤ ਪੀਣ ਨਾਲ ਖੂਨ ਵਿਚ ਵਾਧਾ ਹੁੰਦਾ ਹੈ। ਚਮੜੀ ਰੋਗਾਂ ਵਿਚ ਵੀ ਲਾਭਦਾਇਕ ਹੈ, ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਹੋਰ ਵੀ ਕਈ ਗੁਣ ਹਨ। ਮੌਸੱਮੀ ਦਾ ਰਸ ਦਿਲ ਦੇ ਰੋਗੀਆਂ ਲਈ ਲਾਭਦਾਇਕ ਹੈ, ਇਹ ਕੋਲੈਸਟਰੋਲ ਘੱਟ ਕਰਦਾ ਹੈ। ਦਿਲ ਦੇ ਰੋਗੀਆਂ ਨੂੰ ਇਸ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਮੌਸੱਮੀ ਦਾ ਰਸ ਦੇਣ ਨਾਲ ਚਮੜੀ ਸੁੰਦਰ ਬਣਦੀ ਹੈ, ਖੂਨ ਸਾਫ਼ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਹੱਲ ਹੁੰਦੀ ਹੈ। ਖਾਂਸੀ ਹੋਣ 'ਤੇ ਇਹ ਜੂਸ ਦਿਨ ਵੇਲੇ ਪੀਣਾ ਚਾਹੀਦਾ ਹੈ। ਜ਼ਕਾਮ ਦੇਣ 'ਤੇ ਮੌਸੱਮੀ ਦੇ ਰਸ ਵਿਚ ਥੋੜ੍ਹਾ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਜ਼ਕਾਮ ਵਿਚ ਆਰਾਮ ਮਿਲਦਾ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਰਦੀ ਦਾ ਅਸਰ ਜਲਦੀ ਹੁੰਦਾ ਹੈ।
ਸਾਵਧਾਨੀਆਂ
ਮੌਸੱਮੀ ਦਾ ਰਸ ਕੁਝ ਰੋਗਾਂ ਵਿਚ ਲੈਣ ਨਾਲ ਨੁਕਸਾਨ ਪਹੁੰਚਦਾ ਹੈ। ਜਿਵੇਂ ਜਿਨ੍ਹਾਂ ਲੋਕਾਂ ਨੂੰ ਮੂਤਰ ਅਧਿਕ ਆਉਣ ਦੀ ਸਮੱਸਿਆ ਹੈ ਜਾਂ ਪੇਟ ਖਰਾਬ ਹੋਣ ਜਾਂ ਸਰਦੀ ਜ਼ਕਾਮ ਹੋਣ 'ਤੇ ਘੱਟ ਮਾਤਰਾ ਵਿਚ ਸੇਵਨ ਕਰਨਾ ਚਾਹੀਦਾ ਹੈ। ਕਫ਼ ਪ੍ਰਵਿਰਤੀ ਵਾਲੇ ਲੋਕਾਂ ਨੂੰ ਵੀ ਇਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ, ਨਹੀਂ ਤਾਂ ਕਫ਼ ਵਧੇਰੇ ਹੋ ਜਾਵੇਗੀ।
-ਸਾਰਿਕਾ
ਤੰਦਰੁਸਤੀ ਲਈ ਟਿਪਸ
ੲ ਰਾਤ ਨੂੰ ਜਲਦੀ ਸੌਂ ਕੇ ਸਵੇਰੇ ਜਲਦੀ ਉਠੋ, ਕਸਰਤ ਕਰੋ, ਹੋ ਸਕੇ ਤਾਂ ਸ਼ਾਮ ਨੂੰ ਵੀ ਟਹਿਲੋ।
ੲ ਸਮੇਂ ਦਾ ਉਪਯੋਗ ਠੀਕ ਤਰ੍ਹਾਂ ਕਰਨਾ ਸਿੱਖੋ।
ੲ ਭੋਜਨ ਵਿਚ ਵਧੇਰੇ ਸਲਾਦ ਦਾ ਸੇਵਨ ਕਰੋ। ਫ਼ਲ ਖਾਣ ਨਾਲ ਤਨ, ਮਨ ਸਵਸਥ ਰਹਿੰਦਾ ਹੈ।
ੲ ਰੁਝੇਵੇਂ ਵਿਚ ਮਨੋਰੰਜਨ ਲਈ ਵਕਤ ਜ਼ਰੂਰ ਕੱਢੋ।
ੲ ਹਰ ਵਿਅਕਤੀ ਵਿਚ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਹੁੰਦੀ ਹੈ, ਅਣਦੇਖਾ ਕਰਕੇ ਦਬਾਓ ਨਾ।
ੲ ਜੇ ਰਚਨਾਤਮਿਕ ਕੰਮਾਂ ਵਿਚ ਦਿਲਚਸਪੀ ਹੈ ਤਾਂ ਜ਼ਰੂਰੀ ਕਰੋ ਇਸ ਤਰ੍ਹਾਂ ਜੀਵਨ ਦਾ ਅਨੰਦ ਉਠਾਓ।
ੲ ਹਮੇਸ਼ਾ ਆਸ਼ਾਵਾਦੀ ਬਣ ਕੇ ਰਹੋ। ਮਿਹਨਤ ਕਰਨ ਤੇ ਵਿਸ਼ਵਾਸ ਨਾਲ ਕੰਮ ਕਰੋ, ਸਫ਼ਲਤਾ ਜ਼ਰੂਰ ਮਿਲੇਗੀ।
ੲ ਆਪਣੀ ਸ਼ਖ਼ਸੀਅਤ ਨੂੰ ਆਦਰਸ਼ਕ ਬਣਾਉਣ ਲਈ ਸਾਦਗੀ ਅਪਣਾਓ। ਬੁੱਲਾਂ 'ਤੇ ਸਦਾ ਮੁਸਕਾਨ ਬਣਾ ਕੇ ਰੱਖੋ।
ੲ ਹਮੇਸ਼ਾ ਖੁਸ਼ ਰਹੋ। ਮਿੱਠੇ ਬੋਲ ਬੋਲੋ। ਆਪਣੇ-ਆਪ ਵਿਚ ਤਬਦੀਲੀ ਨਾਲ ਅਦਭੁਤ ਸ਼ਕਤੀ ਦਾ ਸੰਚਾਰ ਹੋਏਗਾ। ਇਸ ਨਾਲ ਜੀਵਨ ਵਿਚ ਤੇਜ਼ੀ ਆਵੇਗੀ। ਤੁਸੀਂ ਸਮਾਜ, ਦਫ਼ਤਰ ਤੇ ਘਰ ਵਿਚ ਆਪਣੀ ਸਨਮਾਨਜਨਕ ਥਾਂ ਬਣਾ ਸਕਦੇ ਹੋ।
-ਸਮਿੱਤਰਾ ਯਾਦਵ
POST BY: Gursham Singh Cheema