ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, November 22, 2012

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਗਿਆਨੀ ਬਿਸ਼ਨ ਸਿੰਘ


ਸਿੱਖ ਪੰਥ ਦੇ ਵੱਡਮੁੱਲੇ ਹੀਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਗਿਆਨੀ ਬਿਸ਼ਨ ਸਿੰਘ ਦਾ ਜਨਮ 1875 ਦੇ ਆਸ ਪਾਸ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੱਖੂਵਾਲ ਵਿਖੇ ਸ. ਬੁਲਾਕਾ ਸਿੰਘ ਅਤੇ ਬੀਬੀ ਭਾਗੋ ਦੇ ਘਰ ਹੋਇਆ। ਸੱਤ ਸਾਲ ਦੀ ਉਮਰ ਵਿਚ ਆਪ ਦੇ ਵੱਡੇ ਭਾਈ ਗਿ: ਆਤਮਾ ਸਿੰਘ ਆਪ ਨੂੰ ਚੀਫ ਕਾਲਜ ਲਾਹੌਰ ਲੈ ਗਏ ਜਿਥੇ ਗ੍ਰੰਥੀ ਭਾਈ ਹੀਰਾ ਸਿੰਘ ਵਿਦਿਆਰਥੀਆਂ ਨੂੰ ਧਾਰਮਿਕ ਵਿਦਿਆ ਪੜ੍ਹਾਉਂਦੇ ਸਨ ਅਤੇ ਸੂਰਜ ਪ੍ਰਕਾਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਲਿਖ ਕੇ ਹੀਰਾ ਨੰਦ ਤੇ ਚਰਾਗਦੀਨ ਸਰਾਜ ਦੀਨ ਕਸ਼ਮੀਰੀ ਬਜ਼ਾਰ ਵਾਲਿਆਂ ਨੂੰ ਦਿੰਦੇ ਸੀ ਜਿਥੇ ਪੱਥਰ ਦੇ ਛਾਪੇਖਾਨੇ ਵਿਚ ਛਪਦੀਆਂ ਸਨ। ਵੱਡੇ ਭਾਈ ਸਾਹਿਬ ਇਥੇ ਵਿਦਿਆ ਪ੍ਰਾਪਤ ਕਰਦੇ ਸਨ। ਜਿਥੋਂ ਆਪ ਨੂੰ ਪੜ੍ਹਨ ਦੀ ਲਗਨ ਲੱਗੀ।
ਇਸ ਤੋਂ ਪਿੱਛੋਂ ਆਪ ਬਾਬਾ ਅਟੱਲ ਰਾਏ ਜੀ ਦੇ ਗੁਰਦੁਆਰੇ ਕੋਲ ਰਹਿਣ ਲੱਗ ਪਏ। ਇਥੇ ਉਸ ਵੇਲੇ ਬੜੇ ਸੰਤ-ਮਹਾਤਮਾ, ਨਿਰਮਲੇ, ਉਦਾਸੀ ਅਤੇ ਨਾਮਧਾਰੀ ਰਹਿੰਦੇ ਸਨ ਜਿਨ੍ਹਾਂ ਦੀ ਕ੍ਰਿਪਾ ਨਾਲ ਆਪ ਨੇ ਵਿਦਿਆ ਪ੍ਰਾਪਤ ਕੀਤੀ। ਆਪ ਨੇ ਪਹਿਲਾਂ ਅਮਰਦਾਸ ਜੀ ਮਹਾਨ ਵਿਦਵਾਨ ਤੋਂ, ਸੰਤ ਸਿੰਘ ਜੀ ਗਿਆਨੀ ਕਪੂਰਥਲੀਆਂ ਦੇ ਬੁੰਗੇ ਤੋਂ, ਸੰਤ ਬਖਸ਼ੀਸ਼ ਸਿੰਘ ਜੀ ਪਾਸੋਂ ਦਸਮ ਗ੍ਰੰਥ ਅਤੇ ਫਿਰ ਡਾ. ਚਰਨ ਸਿੰਘ (ਭਾਈ ਵੀਰ ਸਿੰਘ ਜੀ ਦੇ ਪਿਤਾ) ਤੋਂ ਵਿਦਿਆ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ ਮਹਾਨ ਵਿਦਵਾਨਾਂ ਭਾਸਕਰਾ ਜੀ ਅਤੇ ਫਿਰ ਸੰਤ ਸਰੂਪ ਦਾਸ ਪਾਸੋਂ ਵਿਦਿਆ ਦੀ ਜੋਤ ਲਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਅਰਥਾਂ ਦੀ ਸੰਪ੍ਰਦਾਯ ਜਿਸ ਤਰ੍ਹਾਂ ਸੀਨਾ ਬ. ਸੀਨਾ ਆਪ ਤਕ ਪਹੁੰਚੀ ਉਹ ਇਸ ਤਰ੍ਹਾਂ ਹੈ: ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਭਾਈ ਮਨੀ ਸਿੰਘ ਫਿਰ ਭਾਈ ਕਰਮ ਸਿੰਘ ਤੋਂ ਭਾਈ ਦੀਵਾਨ ਸਿੰਘ ਫਿਰ ਭਾਈ ਖਜਾਨ ਸਿੰਘ ਤੋਂ ਭਾਈ ਗੁਰਦਿਆਲ ਸਿੰਘ, ਭਾਈ ਗੁਰਬਖਸ਼ ਸਿੰਘ ਤੋਂ ਭਾਈ ਅਮਰ ਸਿੰਘ ਅਤੇ ਭਾਈ ਕੌਰ ਸਿੰਘ ਤੋਂ ਭਾਈ ਸੂਰਤ ਸਿੰਘ,  ਭਾਈ ਅਮਰ ਸਿੰਘ ਤੋਂ ਭਾਈ ਰਾਮ ਸਿੰਘ  ਅਤੇ ਭਾਈ ਸੂਰਤ ਸਿੰਘ ਤੋਂ ਭਾਈ ਸੰਤ ਸਿੰਘ, ਉਨ੍ਹਾਂ ਤੋਂ ਭਾਈ ਬਿਅੰਤ ਸਿੰਘ ਫਿਰ ਭਾਈ ਚੰਦਾ ਸਿੰਘ ਉਨ੍ਹਾਂ ਤੋਂ ਭਾਈ ਸੰਤ ਸਿੰਘ ਕਪੂਰਥਲਾ, ਭਾਈ ਭਗਵਾਨ ਸਿੰਘ ਅਤੇ ਭਾਈ ਬਖਸ਼ੀਸ਼ ਸਿੰਘ। ਫਿਰ ਮੁਕਾਲਿਫ ਸਾਹਿਬ, ਭਾਈ ਸਾਵਨ ਸਿੰਘ, ਭਾਈ ਆਤਮਾ ਸਿੰਘ, ਸ੍ਰੀ ਦੇਵਾ ਸਿੰਘ, ਭਾਈ ਬੇਅੰਤ ਸਿੰਘ ਅਤੇ ਆਪ ਭਾਈ ਬਿਸ਼ਨ ਸਿੰਘ ਗਿਆਨੀ।
ਸਿੱਖ ਐਨਸਾਈਕਲੋਪੀਡੀਆ ਲਿਖਤ ਸ੍ਰੀ ਹਰਬੰਸ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਨੁਸਾਰ ਆਪ ਨੇ ਲਾਹੌਰ ਵਿਖੇ ਭਾਈ ਹੀਰਾ ਸਿੰਘ  ਪਾਸੋਂ ਬ੍ਰਿਜ ਭਾਸ਼ਾ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਆਪ ਨੇ 1909 ਤੋਂ 1940 ਤਕ ਖਾਲਸਾ ਕਾਲਜ ਵਿਖੇ ਨੌਕਰੀ ਕੀਤੀ। 1918 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਦੀ ਪਹਿਲੀ ਜਿਲਦ ਛਪਵਾਈ ਅਤੇ 1945 ਵਿਚ ਅੱਠਵੀਂ ਜਿਲਦ ਛਪਵਾਈ। ਇਸ ਤਰ੍ਹਾਂ ਕੋਈ 27 ਸਾਲ ਦੀ ਮਿਹਨਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸੰਪੂਰਨ ਹੋਇਆ। ਇਥੇ ਆਪ ਨਾਲ ਦੀ ਨਾਲ ਗਿਆਨੀ ਦੀਆਂ ਟਰੇਨਿੰਗ ਕਲਾਸਾਂ ਵੀ ਪੜਾਉਂਦੇ ਰਹੇ। 1940 ਵਿਚ ਆਪ ਦੀ ਇੱਥੋਂ ਸੇਵਾ ਮੁਕਤੀ ਹੋ ਗਈ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਅੱਠ ਜਿਲਦਾਂ ਵਿਚ ਸੁਖੈਨ ਅਤੇ ਪੁਰਾਤਨ ਵੇਦਾਂਤਕ ਪ੍ਰੰਪਰਾ ਤੋਂ ਹਟ ਕੇ ਕੀਤਾ। ਜੋ ਕਿ ਆਮ ਲੋਕਾਂ ਵਾਸਤੇ ਬੜਾ ਲਾਭਦਾਇਕ ਸੀ। ਆਪ ਨੇ ਗੁਰਬਾਣੀ ਭਾਵ ਪ੍ਰਕਾਸ਼, ਭਗਤ ਬਾਣੀ ਸਟੀਕ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿੱਤ, ਸਵੱਯੇ, ਸਟੀਕ ਦਾ ਟੀਕਾ ਅਤੇ ਤਵਾਰੀਖ ਗੁਰੂ ਕਾ ਬਾਗ, ਬਾਬਾ ਬੰਦਾ ਸਿੰਘ ਬਹਾਦਰ, ਸੂਰਬੀਰ ਖਾਲਸਾ, ਸ਼ਹੀਦ ਖਾਲਸਾ, ਸ਼ੇਰ ਖਾਲਸਾ ਅਤੇ ਮਹਾਰਾਜ ਖਾਲਸਾ ਆਦਿ ਪੁਸਤਕਾਂ ਲਿਖੀਆਂ। ਸਿੱਖ ਐਨਸਾਈਕਲੋਪੀਡੀਆ ਅਨੁਸਾਰ ਉਨ੍ਹਾਂ ਦੇ ਹੋਰ ਪ੍ਰਮੁੱਖ ਕੰਮਾਂ ਵਿਚੋਂ ਸਰੁਕਤਾਵਲੀ ਸਟੀਕ ਸਾਖੀ ਪ੍ਰਮਾਣ ਅਤੇ ਵਿਚਾਰਮਾਲਾ ਸਟੀਕ ਹਨ। ਸਿੱਖ ਐਨਸਾਈਕਲੋਪੀਡੀਆ ਅਨੁਸਾਰ ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਨੇ ਆਪ ਜੀ ਦੇ ਕਬਿੱਤ ਸਵੱਯੇ ਸਟੀਕ ਬਾਰੇ ਪ੍ਰਸ਼ੰਸਾ ਕਰਦਿਆਂ ਲਿਖਿਆ ਸੀ।
‘ਮੇਰੇ ਪਰਮ ਪਿਆਰੇ ਚਿਰਜੀਵੀ ਗਿਆਨੀ ਬਿਸ਼ਨ ਸਿੰਘ ਆਪ ਦਾ ਰਚਿਆ ਭਾਈ ਗੁਰਦਾਸ ਦੇ ਕਬਿੱਤਾਂ ਸਵੱਯਾ ਦਾ ਟੀਕਾ ਪਹੁੰਚਿਆ ਜਿਸ ‘ਪਰ ਅਨੇਕ ਬਾਰ ਧੰਨਵਾਦ ਹੈ ਆਪਨੇ ਆਪਣੀ ਰਚਨਾ ਪਹਿਲਾਂ ਕਈ ਵਾਰ ਭੇਜੀ ਹੈ ਉਸ ਨੂੰ ਅਰ ਇਸ ਟੀਕੇ ਨੂੰ ਵੇਖ ਕੇ ਮੇਰਾ ਚਿਤ ਅਤੀ ਪ੍ਰਸੰਨ ਹੋਆ ਹੈ। ਪਰਮ ਪਿਤਾ ਅੱਗੇ ਬੇਨਤੀ ਹੈ ਕਿ ਉਹ ਆਪ ਨੂੰ ਚਿਰ ਤੋੜੀ ਅਨੰਦ ਸਹਿਤ ਪੰਥ ਸੇਵਾ ਵਿਚ ਲਾਈ ਰੱਖੇ। ਆਪ ਜਿਹੇ ਗਿਆਨੀ ਅਰ ਗ੍ਰੰਥੀ ਸਾਡੀ ਕੌਮ ਵਿਚ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹੋ ਜਾਣ ਤਾਂ ਸ਼ੀਘਰ ਹੀ ਸਾਡੀ ਪੂਰਨ ਉੱਨਤੀ ਹੋ ਸਕਦੀ ਹੈ। ਕੁਝ ਹੋਰ ਵਿਦਵਾਨਾਂ ਦੇ ਗਿਆਨੀ ਜੀ ਬਾਰੇ ਵਿਚਾਰ: ਪ੍ਰਿੰਸੀਪਲ ਜੋਧ ਸਿੰਘ ਜੀ- ਮੈਂ ਇਹ ਕਹਿ ਸਕਦਾ ਹਾਂ ਕਿ ਸੰਪ੍ਰਦਾਈ ਅਰਥਾਂ ਨੂੰ ਸੌਖੀ ਪੰਜਾਬੀ ਦੁਆਰਾ ਦੱਸਣ ਵਿਚ ਆਪ ਨੇ ਬਹੁਤ ਵੱਡੀ ਹੱਦ ਤਕ ਸਫਲਤਾ ਪ੍ਰਾਪਤ ਕੀਤੀ ਹੈ ਤੇ ਇਹ ਉੱਦਮ ਆਪ ਦਾ ਸ਼ਲਾਘਾ ਤੇ ਸਹਾਇਤਾ ਯੋਗ ਹੈ। ਸ੍ਰੀ ਮਾਨ ਮਾ: ਹਰੀ ਸਿੰਘ ਜੀ- ਉਹ ਹੱਥ ਅਤੇ ਕਲਮ ਜਿਨ੍ਹਾਂ ਨਾਲ ਆਪਦੇ ਅਰਥ ਲਿਖੇ ਹਨ ਚੁੰਮਣ ਯੋਗ ਹਨ। ਸ੍ਰੀ ਮਾਨ ਨਰੈਣ ਸਿੰਘ ਵਾ: ਪ੍ਰਿੰ: ਖਾਲਸਾ ਕਾਲਜ- ਟੀਕਾ ਸਹੀ ਤੇ ਸਾਫ ਪੰਜਾਬੀ ਵਿਚ ਹੈ। ਗਿਆਨੀ ਸਾਹਿਬ ਨੂੰ ਐਸੀ ਲਾਭਦਾਇਕ ਪੁਸਤਕ ਤਿਆਰ ਕਰਨ ‘ਪੁਰ ਵਧਾਈ ਦਿੰਦਾ ਹਾਂ।
ਡਾ. ਮੱਖਣ ਸਿੰਘ ਜੀ (ਬਰਮਾ)- ਹਰ ਇਕ ਸ਼ਬਦ ਦਾ ਅਰਥ ਬਹੁਤ ਹੀ ਸੁਖੱਲੀ ਪੰਜਾਬੀ ਜ਼ੁਬਾਨ ਵਿਚ ਹੈ। ਅਕਾਲ ਪੁਰਖ ਦਾ ਸ਼ੁਕਰ ਹੈ ਜੋ ਅੱਜ ਤਕ ਆਪ ਜੈਸੇ ਸਿਤਾਰੇ ਸਿੱਖ ਕੌਮ ਵਿਚ ਹਨ ਜਿਨ੍ਹਾਂ ’ਤੇ ਸਾਰੀ ਸਿੱਖ ਕੌਮ ਨਾਜ਼ ਕਰ ਸਕਦੀ ਹੈ। ਆਪ ਦਾ ਨਾਮ ਇਸ ਪਵਿੱਤਰ ਕੰਮ ਤੋਂ ਹੀ ਸਿੱਖ ਕੌਮ ਦੀ ਤਵਾਰੀਖ ਵਿਚ ਹਮੇਸ਼ਾਂ ਚਮਕਦਾ ਰਹੇਗਾ। ਵਰਨਣਯੋਗ ਹੈ ਕਿ ਆਪ ਜੀ ਤੋਂ ਪਹਿਲਾਂ ਜੋ ਵੀ ਟੀਕੇ ਹੋਏ ਉਨ੍ਹਾਂ ਵਿਚ ਸ਼ਬਦਾਂ ਦੇ ਭਾਵ ਅਰਥ ਹੀ ਦੱਸੇ ਗਏ ਹਨ ਜਦ ਕਿ ਆਪ ਨੇ ਤੁਕ ਤੁਕ ਦਾ ਟੀਕਾ ਸ਼ਬਦਾਂ ਨਾਲ ਸਬੰਧਤ ਕਥਾਵਾਂ ਲਿਖ ਕੇ ਬੜੀ ਸੁਖੈਨ ਭਾਸ਼ਾ ਵਿਚ, ਜਿਹੜੀ ਕਿ ਆਮ ਲੋਕਾਂ ਦੀ ਸਮਝ ਵਿਚ ਆ ਸਕੇ, ਕੀਤਾ। ਆਪ ਦਾ ਇਸ ਕੰਮ ਕਰਨ ਪਿੱਛੇ ਕੋਈ ਕਮਾਈ ਕਰਨ ਦਾ ਮਕਸਦ ਨਹੀਂ ਸੀ ਕਿਉਂਕਿ ਆਪ ਕੋਲ ਆਪਣੇ ਨਿਰਬਾਹ ਵਾਸਤੇ ਨੌਕਰੀ ਅਤੇ ਪਿੰਡ ਵਿਚ ਕਾਫੀ ਜ਼ਮੀਨ ਸੀ ਅਤੇ ਜੀਵਨ ਬਹੁਤ ਸਾਦਾ ਸੀ। ਸੋ ਆਪ ਨੇ ਪੰਥ ਦੀ ਸੇਵਾ ਕਰਨ ਵਾਸਤੇ ਬਹੁਤ ਥੋੜ੍ਹੀ ਭੇਟਾ ਰੱਖੀ ਅਤੇ ਵੱਡੀ ਗੱਲ ਇਹ ਹੈ ਕਿ ਉਸ ਸਮੇਂ ਵਿਚ ਜਦੋਂ ਆਵਾਜਾਈ ਦੇ ਸੀਮਤ ਸਾਧਨ ਸਨ, ਆਪ ਨੇ ਦੂਰ-ਦੁਰਾਡੇ ਨਿੱਜੀ ਤੌਰ ‘ਤੇ ਪਹੁੰਚ ਕੇ ਇਸ ਟੀਕੇ ਨੂੰ ਪਹੁੰਚਾਇਆ ਤਾਂ ਕਿ ਘਰ-ਘਰ ਲੋਕ ਇਸ ਤੋਂ ਵੱਧ ਤੋਂ ਵੱਧ ਲਾਭ ਉਠਾ ਸਕਣ ਅਤੇ ਇਹ ਟੀਕਾ ਸਿੰਘਾਪੁਰ ਅਤੇ ਮਲੇਸ਼ੀਆ ਦੇ ਗੁਰਦੁਆਰਾ ਸਾਹਿਬਾਨ ਵਲੋਂ ਵਿਸ਼ੇਸ਼ ਤੌਰ ‘ਤੇ ਮੰਗਵਾਇਆ ਗਿਆ।
ਇਹ ਇਕ ਪੇਚੀਦਾ ਕੰਮ ਸੀ। ਆਪ ’ਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ। ਇਸ ਤੋਂ ਬਾਅਦ ਆਪ ਨੇ ਸ੍ਰੀ ਦਸਮ ਗ੍ਰੰਥ ਦਾ ਟੀਕਾ ਵੀ ਛੇ ਜਿਲਦਾਂ ਵਿਚ ਕੀਤਾ। ਇਹ ਬੜੀ ਵੱਡੀ ਸੇਵਾ ਸੀ ਕਿਉਂਕਿ ਕਿਸੇ ਨੇ ਵੀ ਇੰਨਾਂ ਵੱਡਾ ਕੰਮ ਇਕੱਠਾ ਨਹੀਂ ਸੀ ਕੀਤਾ।
ਖਾਲਸਾ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਿੰ. ਜੋਧ ਸਿੰਘ, ਪ੍ਰੋ. ਸਾਹਿਬ ਸਿੰਘ ਅਤੇ ਆਪ ਜੀ ਵਰਗੇ ਮਹਾਨ ਵਿਦਵਾਨ ਕਥਾ ਦੀ ਸੇਵਾ ਨਿਭਾਉਂਦੇ ਰਹੇ। ਸਿੱਖ ਪੰਥ ਦੇ ਇਹ ਸਾਰੇ ਸਤਿਕਾਰਯੋਗ ਵਿਦਵਾਨਾਂ ਦੀ ਇਹ ਕਹਿਕਸ਼ਾਂ ਜਿਸ ਸਮੇਂ ਵਿਚ ਇਕੱਠੀ ਹੋਵੇਗੀ ਉਹ ਕਿੰਨਾ ਅੰਮ੍ਰਿਤਮਈ ਮਾਹੌਲ ਬਣਦਾ ਹੋਵੇਗਾ। ਉਸ ਸਮੇਂ ਹੀ ਪੰਜਾਬੀ ਸਾਹਿਤ ਦੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਹੋਏ ਹਨ ਅਤੇ ਆਪ ਦੋਵੇਂ ਇਕੱਠੇ ਉਨ੍ਹਾਂ ਦੇ ਪਿਤਾ ਜੀ ਸਤਿਕਾਰਯੋਗ ਡਾ. ਚਰਨ ਸਿੰਘ ਜੀ ਤੋਂ ਕਵਿਤਾ ਸਿਖਦੇ ਰਹੇ। ਇਥੇ ਅਸੀਂ ਉਸ ਖਾਲਸਾ ਕਾਲਜ ਦੇ ਅੰਗਰੇਜ਼ ਪ੍ਰਿੰਸੀਪਲ ਵਾਦਨ ਸਾਹਿਬ ਨੂੰ ਵੀ ਭੁਲਾ ਨਹੀਂ ਸਕਦੇ ਜਿਨ੍ਹਾਂ ਨੇ ਇਸ ਮਹਾਨ ਕੰਮ ਵਿਚ ਆਪ ਨੂੰ ਉਥੇ ਰੱਖ ਕੇ ਆਪਣਾ ਸ਼ਲਾਘਾਯੋਗ ਸਹਿਯੋਗ ਦਿੱਤਾ। ਉਹ ਆਪ ਨੂੰ ‘ਸ਼ਕਿਹ ਫਰਇਸਟ’ ਕਹਿੰਦੇ ਸਨ। ਉਹ ਇਕ ਅਜਿਹਾ ਸਮਾਂ ਸੀ ਜਦੋਂ ਸਿੱਖ ਸਮਾਜ ਵਿਚ ਜਨਮ, ਮੌਤ ਅਤੇ ਵਿਆਹ-ਸ਼ਾਦੀਆਂ ਦੀਆਂ ਰਸਮਾਂ ਸਿੱਖੀ ਆਸ਼ੇ ਅਨੁਸਾਰ ਨਹੀਂ ਸਨ ਹੁੰਦੀਆਂ ਸੋ ਆਪ ਸਿੱਖੀ ਦੇ ਮਹਾਨ ਪ੍ਰਚਾਰਕ ਹੋਣ ਕਰਕੇ ਆਪ ਜੀ ਨੂੰ ਵੱਡੇ-ਵੱਡੇ ਸ਼ਾਹੀ ਘਰਾਣਿਆਂ ਵਿਚ ਵਿਸ਼ੇਸ਼ ਤੌਰ ’ਤੇ ਬੁਲਾਇਆ ਜਾਂਦਾ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਆਪ ਨੂੰ ਦੋ ਵਾਰੀ ਬੁਲਾ ਕੇ ਸਨਮਾਨਿਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਅੱਗੇ ਉਸ ਸਮੇਂ 500 ਰੁਪਏ ਰੱਖ ਕੇ ਮੱਥਾ ਟੇਕਿਆ ਅਤੇ ਆਪ ਨੂੰ ਭੇਟ ਕੀਤਾ। ਖਾਲਸਾ ਕਾਲਜ ਤੋਂ ਜਾ ਕੇ ਆਪ-ਆਪਣੇ ਪਿੰਡ ਚਲੇ ਗਏ ਜਿਥੇ ਆਪ ਨੇ ਗਰੀਬ ਅਤੇ ਵਿਦਿਆ ਤੋਂ ਕੋਹਾਂ ਦੂਰ ਬੱਚਿਆਂ ਨੂੰ ਹੱਥੀਂ ਫੱਟੀਆਂ ਪੋਚ ਕੇ, ਹੋਰ ਛੋਟੇ-ਛੋਟੇ ਲਾਲਚ ਦੇ ਕੇ ਆਪ ਕਿਤਾਬਾਂ ਲੈ ਕੇ ਪੜ੍ਹਾਉਂਦੇ ਰਹੇ ਅਤੇ ਨੌਕਰੀ ਤਕ ਲਗਵਾਉਂਦੇ ਰਹੇ। 1962 ਦੀ ਭਾਰਤ ਚੀਨ ਲੜਾਈ ਸਮੇਂ ਪਿੰਡ ਦੀਆਂ ਬੱਚੀਆਂ ਨੂੰ ਆਪਣੇ ਘਰ ਬੁਲਾ ਕੇ ਨਾਲ ਚਰਖਾ ਕੱਤਣ ਲਾਉਂਣਾ ਅਤੇ ਨਾਲ ਸ਼ਬਦ ਪੜ੍ਹਾਉਣੇ ਅਤੇ ਦੇਸ਼ ਦੇ ਰੱਖਿਅਕਾਂ ਲਈ ਅਰਦਾਸ ਕਰਨੀ। ਉਹ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਆਪਣੇ ਮੂੰਹ ਤੋਂ ਉੱਚੇ ਤੇ ਸੁੱਚੇ ਜੀਵਨ ਦਾ ਪ੍ਰਚਾਰ ਨਹੀਂ ਸੀ ਕੀਤਾ, ਬਲਕਿ ਉਸ ਤਰ੍ਹਾਂ ਦਾ ਜੀਵਨ ਜੀਅ ਕੇ ਦਿਖਾਇਆ। ਅਰਥਾਤ ਉਹ ਬੋਲਦੇ ਘੱਟ ਸੁਣੇ ਪਰ ਉਨ੍ਹਾਂ ਦੀ ਜੀਵਨ ਸ਼ੈਲੀ ਹੀ ਆਪਣੇ-ਆਪ ਵਿਚ ਮਾਰਗ ਦਰਸ਼ਕ ਸੀ। ਸਿੱਖੀ ਆਸ਼ੇ ਅਨੁਸਾਰ ਨਾ ਤਾਂ ਉਨ੍ਹਾਂ ਵਿਚ ਜਾਤ-ਪਾਤ ਦਾ, ਨਾ ਗਰੀਬ-ਅਮੀਰ ਦਾ ਅਤੇ ਨਾ ਹੀ ਧੀ-ਪੁੱਤਰ ਦਾ ਵਿਤਕਰਾ ਸੀ। ਉਹ ਕਦੇ ਗੁੱਸੇ ਵਿਚ ਨਹੀਂ ਸੀ ਆਉਂਦੇ ਅਤੇ ਨਾ ਹੀ ਬਹਿਸ ਵਿਚ ਪੈਂਦੇ ਸਨ। ਇਸ ਤਰ੍ਹਾਂ ਇਕ ਪਛੜੇ ਹੋਏ ਪਿੰਡ ਵਿਚੋਂ ਉਠ ਕੇ, ਇੰਨਾ ਮਹਾਨ ਕੰਮ ਕਰਕੇ ਦੇਸ਼, ਪੰਥ ਅਤੇ ਸਮਾਜ ਦੀ ਸੇਵਾ ਕਰਦੇ ਹੋਏ ਆਪ ਅੰਤ 29 ਮਈ 1966 ਨੂੰ ਆਪਣੇ ਪਿੰਡ ਵਿਚ ਹੀ ਤੰਦਰੁਸਤ ਜੀਵਨ ਬਤੀਤ ਕਰਕੇ ਚੜ੍ਹਾਈ ਕਰ ਗਏ।
ਸਿੱਖ ਪੰਥ ਧੰਨਵਾਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਗਿਆਨੀ ਭਾਨ ਸਿੰਘ ਜੀ ਦੇ ਉੱਦਮ ਸਦਕਾ ਆਪ ਦੀ ਫੋਟੋ ਸਿੱਖ ਅਜਾਇਬ ਘਰ ਵਿਚ ਲਗਾ ਕੇ ਆਪਣੇ ਕੌਮ ਦੇ ਹੀਰੇ ਨੂੰ ਸਨਮਾਨ ਬਖਸ਼ਿਆ। ਸ੍ਰੀ ਦਰਬਾਰ ਸਾਹਿਬ ਅਤੇ ਹੋਰ ਵੱਡੀਆਂ ਪੁਰਾਤਨ ਲਾਇਬ੍ਰੇਰੀਆਂ ਵਿਚ ਇਹ ਟੀਕਾ ਮੌਜੂਦ ਹੈ, ਬੇਨਤੀ ਕਰਦੇ ਹਾਂ ਇਸ ਮਹਾਨ ਸੰਸਥਾ ਨੂੰ ਕਿ ਇਸ ਟੀਕੇ ਨੂੰ ਦੁਬਾਰਾ ਛਪਵਾਇਆ ਜਾਵੇ ਤਾਂ ਕਿ ਸਿੱਖ ਪੰਥ ਗੁਰਬਾਣੀ ਦੇ ਅਰਥਾਂ ਦਾ ਗਿਆਨ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਸਕੇ।                       


ਸ਼ਾਹਬਾਜ਼ ਸਿੰਘ
ਸੰਪਰਕ: 98762-51571



Post Comment


ਗੁਰਸ਼ਾਮ ਸਿੰਘ ਚੀਮਾਂ