ਪੰਜਾਬ ਵਿਚ ਪ੍ਰਦੂਸ਼ਣ ਵਧਣ ਕਾਰਨ ਪੰਜਾਬ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਣਕ ਤੇ ਝੋਨੇ ਦੀ ਮੁੱਖ ਫਸਲ ਹੋਣ ਕਰਕੇ ਜ਼ਿਆਦਾਤਰ ਕਿਸਾਨ ਇਨ੍ਹਾਂ ਫਸਲਾਂ ਨੂੰ ਹੀ ਪਹਿਲ ਦਿੰਦੇ ਹਨ। ਹਰ ਸਾਲ ਕਣਕ ਤੇ ਝੋਨੇ ਦੀ ਕਟਾਈ ਤੋਂ ਬਾਅਦ ਜਦੋਂ ਇਸ ਦੀ ਪਰਾਲੀ ਅਤੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਕਈ-ਕਈ ਦਿਨ ਅਸਮਾਨ ਧੂੰਏਂ ਦੇ ਗੁਬਾਰਾਂ ਨਾਲ ਭਰਿਆ ਰਹਿੰਦਾ ਹੈ। ਸੜਕਾਂ ਕਿਨਾਰੇ ਅੱਗ ਲਾਉਣ ਕਾਰਨ ਕਈ ਵਾਰ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਧੂੰਏਂ ਦਾ ਪ੍ਰਦੂਸ਼ਣ ਇਕ ਅਤੀ ਗੰਭੀਰ ਮਾਮਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ-ਚੱਕਰ 'ਚੋਂ ਕੱਢਣ ਲਈ ਕਿਸਾਨਾਂ ਲਈ ਵੱਧ ਤੋਂ ਵੱਧ ਸਬਸਿਡੀਆਂ ਦੇਵੇ, ਨਹੀਂ ਤਾਂ ਘੱਟੋ-ਘੱਟ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਖਪਾਉਣ ਲਈ ਖੇਤੀਬਾੜੀ ਦੇ ਸੰਦ ਘੱਟ ਤੋਂ ਘੱਟ ਰੇਟ 'ਤੇ ਮੁਹੱਈਆ ਕਰਵਾਏ ਜਾਣ, ਜਿਸ ਨਾਲ ਉਹ ਸੌਖੇ ਤਰੀਕੇ ਨਾਲ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੀ ਖਾਦ ਬਣਾ ਸਕਣ। ਇਕੱਲੇ ਸਰਕਾਰੀ ਇਸ਼ਤਿਹਾਰਾਂ ਜਾਂ ਅਪੀਲਾਂ ਨਾਲ ਇਹ ਮਾਮਲਾ ਹੱਲ ਨਹੀਂ ਹੋਣ ਵਾਲਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨੀ ਲਈ ਵਧੀਆ ਸਕੀਮਾਂ ਲੈ ਕੇ ਪਿੰਡਾਂ ਵਿਚ ਸੈਮੀਨਾਰ ਕਰਵਾਉਣ ਤੇ ਕਿਸਾਨਾਂ ਨੂੰ ਪਰਾਲੀ ਦੇ ਫੈਲਣ ਵਾਲੇ ਪ੍ਰਦੂਸ਼ਣ ਤੋਂ ਜਾਗਰੂਕ ਕਰਨ ਤਾਂ ਜਾ ਕੇ ਇਸ ਸਮੱਸਿਆ ਦਾ ਥੋੜ੍ਹਾ-ਬਹੁਤ ਹੱਲ ਹੋ ਸਕਦਾ ਹੈ, ਨਹੀਂ ਤਾਂ ਜਿੰਨੇ ਮਰਜ਼ੀ ਪਰਚੇ ਕਿਸਾਨਾਂ 'ਤੇ ਦਰਜ ਕੀਤੇ ਜਾਣ ਪਰ ਇਹ ਰੁਝਾਨ ਬਿਨਾਂ ਸੂਝ-ਬੂਝ ਦੇ ਰੁਕਣ ਵਾਲਾ ਨਹੀਂ।
ਕਿਸਾਨਾਂ ਨੂੰ ਵੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਪਿੰਡਾਂ ਦੇ ਜ਼ਿਆਦਾਤਰ ਲੋਕ ਜੋ ਕਿ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਵਿਚ ਜ਼ਿਆਦਾਤਰ ਤਬਕਾ ਕਿਸਾਨ ਅਤੇ ਮਜ਼ਦੂਰਾਂ ਦਾ ਹੈ। ਅਜਿਹੀਆਂ ਬਿਮਾਰੀਆਂ ਫੈਲਣ ਦਾ ਕਾਰਨ ਜ਼ਿਆਦਾਤਰ ਧੂੰਆਂ ਹੀ ਬਣਦਾ ਹੈ। ਇਹ ਠੀਕ ਹੈ ਕਿ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਕਿਸਾਨ ਖੇਤ ਵਿਚ ਪਰਾਲੀ ਦੀ ਖਪਤ ਨਹੀਂ ਕਰ ਸਕਦਾ ਪਰ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਅਤੇ ਕੀਮਤੀ ਜਾਨਾਂ ਬਚਾਉਣ ਲਈ ਅਜਿਹਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਰਾਲੀ ਸਾੜਨ ਨਾਲ ਇਕੱਲੀਆਂ ਬਿਮਾਰੀਆਂ ਹੀ ਨਹੀਂ ਲਗਦੀਆਂ, ਸਗੋਂ ਅਸੀਂ ਇਸ ਵਿਚ ਸੈਂਕੜੇ ਜੀਵ-ਜੰਤੂਆਂ ਨੂੰ ਸਾੜ ਕੇ ਸੁਆਹ ਕਰ ਦਿੰਦੇ ਹਾਂ, ਜੋ ਕਿ ਕੁਦਰਤ ਦੇ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਇਕ ਘੋਰ ਪਾਪ ਵੀ ਹੈ। ਮੇਰੀ ਬੁੱਧੀਜੀਵੀ ਵਰਗ ਨੂੰ ਅਪੀਲ ਹੈ ਕਿ ਉਹ ਇਸ ਪਵਿੱਤਰ ਕੰਮ ਲਈ ਅੱਗੇ ਆਵੇ ਅਤੇ ਪਿੰਡਾਂ ਵਿਚ ਜਾ ਕੇ ਪ੍ਰਦੂਸ਼ਣ ਸਬੰਧੀ ਕੈਂਪ ਲਾਏ ਜਾਣ। ਮੀਡੀਆ ਵੱਧ ਤੋਂ ਵੱਧ ਪ੍ਰਦੂਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕਰੇ ਤਾਂ ਜਾ ਕੇ ਅਸੀਂ ਕੁਝ ਹੱਦ ਤੱਕ ਇਸ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਫਲ ਹੋਵਾਂਗੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਿਸਾਨਾਂ ਲਈ ਨਵੀਆਂ-ਨਵੀਆਂ ਸਕੀਮਾਂ ਲਿਆਉਣ ਵਿਚ ਪਹਿਲ ਕਰਨ, ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਿਆ ਜਾ ਸਕੇ। ਇਕੱਲੀਆਂ ਅਪੀਲਾਂ ਅਤੇ ਅਖਬਾਰਾਂ ਵਿਚ ਇਸ਼ਤਿਹਾਰ ਦੇਣਾ ਇਸ ਦਾ ਕੋਈ ਹੱਲ ਨਹੀਂ ਹੈ। ਆਓ ਆਪਾਂ ਸਾਰੇ ਰਲ ਕੇ ਹੰਭਲਾ ਮਾਰੀਏ ਅਤੇ ਪੰਜਾਬ ਨੂੰ ਇਕ ਪ੍ਰਦੂਸ਼ਣ ਰਹਿਤ ਸੂਬਾ ਬਣਾਉਣ ਦਾ ਪ੍ਰਣ ਲਈਏ ਅਤੇ ਇਕ ਨਵੀਂ ਸਵੇਰ ਦੀ ਸਿਰਜਣਾ ਕਰੀਏ।
ਜਸਵੀਰ ਸਿੰਘ ਬਰਾੜ
-ਆਲਮਵਾਲਾ ਕਲਾਂ, ਤਹਿ: ਬਾਘਾ ਪੁਰਾਣਾ (ਮੋਗਾ)।
ਮੋਬਾ: 98145-42271