ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 13, 2012

ਸਵਾਤ ਘਾਟੀ ਦੀ 14 ਸਾਲਾ ਬਹਾਦਰ ਲੜਕੀ ਮਲਾਲਾ ਯੂਸਫ਼ਜ਼ਈ

ਮਲਾਲਾ ਯੂਸਫ਼ਜ਼ਈ ਦੀ ਇਕ ਪੁਰਾਣੀ ਤਸਵੀਰ (ਸੱਜੇ) ਉਸ ਦੀ ਸਿਹਤਯਾਬੀ 
ਲਈ ਦੁਆ ਕਰਦੀਆਂ ਹੋਈਆਂ ਪਿਸ਼ਾਵਰ ਦੀਆਂ ਸਕੂਲੀ ਲੜਕੀਆਂ
ਜ਼ਿੰਦਗੀ ਵਿਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ, ਜਦੋਂ ਕਿਸੇ ਸ਼ਖ਼ਸੀਅਤ ਬਾਰੇ ਲਿਖਣਾ ਬੇਹੱਦ ਮੁਸ਼ਕਿਲ ਲਗਦਾ ਹੈ। ਸਬੰਧਤ ਸ਼ਖ਼ਸੀਅਤ ਦੀ ਕਰਨੀ ਦੇ ਹਾਣ ਦੇ ਲਫ਼ਜ਼ ਨਹੀਂ ਲੱਭਦੇ। ਦਿਲ ਬਹੁਤ ਕੁਝ ਕਹਿਣ ਨੂੰ ਲੋਚਦਾ ਹੈ ਪਰ ਜ਼ਬਾਨ ਸਾਥ ਨਹੀਂ ਦਿੰਦੀ। ਅਜਿਹੇ ਪਲਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਲਿਖਣ ਬੈਠੋਗੇ, ਤਾਂ ਕਲਮ ਥਰਥਰਾਏਗੀ। ਪੰਨਾ ਹੰਝੂਆਂ ਨਾਲ ਭਰ ਜਾਏਗਾ।

ਅੱਜ ਜਦੋਂ ਮੈਂ ਸਵਾਤ ਘਾਟੀ ਦੀ 14 ਸਾਲਾ ਬਹਾਦਰ ਲੜਕੀ ਮਲਾਲਾ ਯੂਸਫ਼ਜ਼ਈ ਬਾਰੇ ਲਿਖਣ ਬੈਠਾ ਹਾਂ ਤਾਂ ਮਨ ਵਿਚ ਉਪਰੋਕਤ ਭਾਵ ਵਾਰ-ਵਾਰ ਉਮਡ ਰਹੇ ਹਨ। ਫਿਰ ਮੇਰੇ ਜ਼ਿਹਨ ਵਿਚ ਇਹ ਖਿਆਲ ਆਉਂਦਾ ਹੈ ਕਿ ਤਾਲਿਬਾਨ ਦੇ ਖਿਲਾਫ਼ ਲਿਖਦਿਆਂ ਮਲਾਲਾ ਦੀ ਕਲਮ ਨਹੀਂ ਸੀ ਥਰਥਰਾਈ। ਬੋਲਣ ਲੱਗਿਆਂ ਉਸ ਦੀ ਜ਼ਬਾਨ ਨਹੀਂ ਸੀ ਕੰਬੀ। ਫਿਰ ਉਸ ਬਾਰੇ ਲਿਖਦਿਆਂ ਮੈਂ ਏਨਾ ਕਮਜ਼ੋਰ ਕਿਉਂ ਮਹਿਸੂਸ ਕਰ ਰਿਹਾ ਹਾਂ? ਜ਼ਿੰਦਗੀ ਤਾਂ ਇਕ ਗੀਤ ਹੈ। ਜੇ ਮੈਂ ਨਹੀਂ ਗਾਵਾਂਗਾ ਤਾਂ ਕੋਈ ਹੋਰ ਗਾਏਗਾ। ਜ਼ਿੰਦਗੀ ਤਾਂ ਇਕ ਸੰਘਰਸ਼ ਹੈ, ਜੇ ਮੈਂ ਨਹੀਂ ਕਰਾਂਗਾ ਤਾਂ ਕੋਈ ਹੋਰ ਕਰੇਗਾ। ਜ਼ਿੰਦਗੀ ਤਾਂ ਇਕ ਇਬਾਰਤ ਹੈ, ਜੇ ਮੈਂ ਨਹੀਂ ਲਿਖਾਂਗਾ ਤਾਂ ਕੋਈ ਹੋਰ ਲਿਖੇਗਾ। ਇਹ ਸੋਚ ਕੇ ਮੈਂ ਆਪਣੇ ਮਨ ਨੂੰ ਢਾਰਸ ਦਿੰਦਾ ਹਾਂ ਤੇ ਮਲਾਲਾ ਯੂਸਫਜ਼ਈ ਦੀ ਸ਼ਖ਼ਸੀਅਤ ਦੇ ਹਾਣ ਦੇ ਲਫ਼ਜ਼ ਲੱਭਣ ਦੀ ਕੋਸ਼ਿਸ਼ ਕਰਦਾ ਹਾਂ।
ਮਲਾਲਾ ਯੂਸਫ਼ਜ਼ਈ ਨੂੰ ਪਿਸ਼ਾਵਰ ਤੋਂ ਰਾਵਲਪਿੰਡੀ ਲਿਆਏ ਜਾਣ ਦਾ ਇਕ ਦ੍ਰਿਸ਼

ਉਸ ਦਾ ਜਨਮ 1998 ਵਿਚ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਸਵਾਤ ਘਾਟੀ ਦੇ ਪ੍ਰਸਿੱਧ ਕਸਬੇ ਮੰਗੋਰਾ ਵਿਚ ਹੋਇਆ। ਉਸ ਦੇ ਪਿਤਾ ਦਾ ਨਾਂਅ ਜ਼ਿਆ-ਉੱਦ-ਦੀਨ ਯੂਸਫਜ਼ਈ ਹੈ, ਜੋ ਕਿ ਮੰਗੋਰਾ ਵਿਚ ਖੁਸ਼ਹਾਲ ਪਬਲਿਕ ਸਕੂਲ ਨਾਂਅ ਦਾ ਨਿੱਜੀ ਸਕੂਲ ਚਲਾਉਂਦੇ ਹਨ। ਇਸ ਨਾਂਅ ਵਾਲੇ ਸਵਾਤ ਘਾਟੀ ਵਿਚ ਉਨ੍ਹਾਂ ਦੇ ਕਈ ਹੋਰ ਵੀ ਸਕੂਲ ਹਨ। ਉਨ੍ਹਾਂ ਨੇ ਆਪਣੇ ਸਕੂਲਾਂ ਦਾ ਨਾਂਅ ਪ੍ਰਸਿੱਧ ਪਖਤੂਨੀ ਯੋਧੇ ਅਤੇ ਸ਼ਾਇਰ ਖੁਸ਼ਹਾਲ ਖਾਨ ਖਟਕ ਦੇ ਨਾਂਅ 'ਤੇ ਰੱਖਿਆ ਹੋਇਆ ਹੈ। ਜ਼ਿਆ-ਉੱਦ-ਦੀਨ ਦੇ ਮਲਾਲਾ ਤੋਂ ਇਲਾਵਾ ਦੋ ਹੋਰ ਲੜਕੇ ਵੀ ਹਨ। ਪਰ ਮਲਾਲਾ ਆਪਣੇ ਭਰਾਵਾਂ ਤੋਂ ਬਿਲਕੁਲ ਵੱਖਰੀ ਤਰ੍ਹਾਂ ਦੀ ਸ਼ਖ਼ਸੀਅਤ ਹੈ। ਉਹ ਸਵਾਤ ਘਾਟੀ ਵਿਚ ਬੱਚਿਆਂ, ਖਾਸ ਕਰਕੇ ਲੜਕੀਆਂ ਦੀ ਸਿੱਖਿਆ ਦੇ ਅਧਿਕਾਰ ਲਈ ਲੜਨ ਵਾਲੀ ਸ਼ਾਇਦ ਸਭ ਤੋਂ ਛੋਟੀ ਉਮਰ ਦੀ ਸਮਾਜਿਕ ਕਾਰਜਕਰਤਾ ਹੈ। 9 ਅਕਤੂਬਰ ਨੂੰ ਤਾਲਿਬਾਨੀਆਂ ਨੇ ਉਸ 'ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਆਪਣੀਆਂ ਸਕੂਲੀ ਸਾਥਣਾਂ ਨਾਲ ਇਕ ਬੱਸ ਵਿਚ ਸਕੂਲ ਤੋਂ ਇਮਤਿਹਾਨ ਦੇ ਕੇ ਵਾਪਸ ਆ ਰਹੀ ਸੀ। ਦੋ ਹਥਿਆਰਬੰਦ ਤਾਲਿਬਾਨੀ ਨੌਜਵਾਨਾਂ ਨੇ ਸਕੂਲ ਬੱਸ ਨੂੰ ਰੁਕਵਾਇਆ ਅਤੇ ਉਨ੍ਹਾਂ ਵਿਚੋਂ ਇਕ ਨੇ ਉੱਚੀ ਆਵਾਜ਼ ਵਿਚ ਕਿਹਾ, ਤੁਹਾਡੇ ਵਿਚੋਂ ਮਲਾਲਾ ਕੌਣ ਹੈ? ਇਸ ਬਾਰੇ ਦੱਸ ਦਿਓ, ਨਹੀਂ ਤਾਂ ਮੈਂ ਸਾਰਿਆਂ ਨੂੰ ਗੋਲੀ ਮਾਰ ਦਿਆਂਗਾ। ਫਿਰ ਉਸ ਨੇ ਮਲਾਲਾ ਨੂੰ ਪਛਾਣ ਲਿਆ ਅਤੇ ਨੇੜੇ ਤੋਂ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਇਸ ਗੋਲੀਬਾਰੀ ਵਿਚ ਮਲਾਲਾ ਦੀ ਜਮਾਤਣ ਸਾਜ਼ੀਆ ਅਤੇ ਇਕ ਸਕੂਲ ਟੀਚਰ ਵੀ ਜ਼ਖ਼ਮੀ ਹੋ ਗਈ।

ਤੁਹਾਡੇ ਸਾਰਿਆਂ ਦੇ ਜ਼ਿਹਨ ਵਿਚ ਇਹ ਸਵਾਲ ਜ਼ਰੂਰ ਉੱਭਰਨਗੇ ਕਿ 14 ਸਾਲਾਂ ਦੀ ਸਕੂਲ ਪੜ੍ਹਦੀ ਲੜਕੀ ਮਲਾਲਾ ਯੂਸਫਜ਼ਈ ਨੂੰ ਤਾਲਿਬਾਨਾਂ ਨੇ ਨਿਸ਼ਾਨਾ ਕਿਉਂ ਬਣਾਇਆ? ਉਨ੍ਹਾਂ ਨੂੰ ਉਸ ਤੋਂ ਕੀ ਖ਼ਤਰਾ ਸੀ? ਉਹ ਉਸ ਤੋਂ ਕਿਉਂ ਭੈਭੀਤ ਸਨ? ਇਹ ਸਕੂਲ ਪੜ੍ਹਦੀ ਲੜਕੀ ਜਿਸਮਾਨੀ ਤੌਰ 'ਤੇ ਭਾਵੇਂ ਤਾਲਿਬਾਨਾਂ ਲਈ ਕੋਈ ਖ਼ਤਰਾ ਨਹੀਂ ਸੀ ਪਰ ਉਸ ਦੇ ਬੇਬਾਕ ਵਿਚਾਰ ਉਨ੍ਹਾਂ ਲਈ ਵੱਡਾ ਖ਼ਤਰਾ ਬਣੇ ਹੋਏ ਸਨ। ਉਨ੍ਹਾਂ ਦੇ ਸਿਧਾਂਤਾਂ ਦੇ ਕਿਲ੍ਹੇ ਨੂੰ ਜੜ੍ਹਾਂ ਤੋਂ ਹਿਲਾ ਰਹੇ ਸਨ। ਉਸ ਦੇ ਵਿਚਾਰਾਂ ਤੋਂ ਉਨ੍ਹਾਂ ਨੂੰ ਉਸ ਇਸਲਾਮ ਨੂੰ ਖ਼ਤਰਾ ਪੈਦਾ ਹੁੰਦਾ ਨਜ਼ਰ ਆ ਰਿਹਾ ਸੀ, ਜਿਸ ਇਸਲਾਮ ਦਾ ਸੰਕਲਪ ਉਨ੍ਹਾਂ ਨੇ ਆਪੇ ਹੀ ਘੜਿਆ ਹੋਇਆ ਸੀ।

ਮਲਾਲਾ ਯੂਸਫਜ਼ਈ ਦੇ ਵਿਚਾਰ ਬੀ.ਬੀ.ਸੀ. ਦੇ ਉਰਦੂ ਅਤੇ ਅੰਗਰੇਜ਼ੀ ਬਲਾਗ ਰਾਹੀਂ 3 ਜਨਵਰੀ, 2009 ਨੂੰ ਪਹਿਲੀ ਵਾਰ ਉਦੋਂ ਸਾਹਮਣੇ ਆਏ, ਜਦੋਂ ਉਸ ਨੇ ਸਵਾਤ ਦੀ ਡਾਇਰੀ ਦੇ ਰੂਪ ਵਿਚ 'ਗੁਲ ਮੱਕੀ' ਨਾਂਅ ਦੇ ਕਲਮੀ ਨਾਂਅ ਹੇਠ ਲਿਖਣਾ ਆਰੰਭ ਕੀਤਾ। ਸਵਾਤ ਘਾਟੀ, ਜੋ ਕਿ ਜੰਮੂ-ਕਸ਼ਮੀਰ ਵਾਂਗ ਹੀ ਕੁਦਰਤੀ ਸੁੰਦਰਤਾ ਦਾ ਮੁਜੱਸਮਾ ਹੈ ਅਤੇ ਜਿਸ ਨੂੰ ਪਾਕਿਸਤਾਨ ਦਾ ਸਵਿੱਟਜ਼ਰਲੈਂਡ ਵੀ ਕਿਹਾ ਜਾਂਦਾ ਹੈ, 'ਤੇ 2007 ਵਿਚ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਨੇ ਇਸ ਖਿੱਤੇ 'ਤੇ ਆਪਣੀ ਬਣਾਈ ਹੋਈ ਸ਼ਰੀਅਤ ਲਾਗੂ ਕਰਦਿਆਂ ਇਹ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਕੋਈ ਵੀ ਲੜਕੀ ਪੜ੍ਹਨ ਲਈ ਸਕੂਲ ਨਾ ਜਾਵੇ। ਉਨ੍ਹਾਂ ਨੇ ਆਪਣੇ ਇਸ ਫਰਮਾਨ ਨੂੰ ਲਾਗੂ ਕਰਦਿਆਂ ਸਵਾਤ ਘਾਟੀ ਅਤੇ ਫਾਟਾ ਦੇ ਹੋਰ ਇਲਾਕਿਆਂ ਵਿਚ ਸੈਂਕੜੇ ਸਕੂਲਾਂ ਨੂੰ ਬੰਬਾਂ ਨਾਲ ਉਡਾ ਦਿੱਤਾ ਸੀ। ਮਲਾਲਾ ਯੂਸਫਜ਼ਈ ਦਾ ਮੰਗੋਰਾ ਵਿਚ ਘਰ ਉਸ ਚੌਂਕ ਦੇ ਨੇੜੇ ਸੀ, ਜਿਸ ਵਿਚ ਤਾਲਿਬਾਨ ਆਪਣੇ ਹੁਕਮਾਂ ਦੀ ਤਾਮੀਲ ਨਾ ਕਰਨ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਸਵੇਰੇ ਸਾਝਰੇ ਗੋਲੀਆਂ ਨਾਲ ਉਡਾ ਦਿੰਦੇ ਸਨ। ਉਨ੍ਹਾਂ ਦੀਆਂ ਲਹੂ ਭਿੱਜੀਆਂ ਲਾਸ਼ਾਂ ਅਨੇਕਾਂ ਵਾਰ ਮਲਾਲਾ ਯੂਸਫਜ਼ਈ ਨੇ ਆਪਣੀਆਂ ਅੱਖਾਂ ਨਾਲ ਵੇਖੀਆਂ ਸਨ। ਤਾਲਿਬਾਨ ਦੇ ਜ਼ੁਲਮਾਂ ਦੀਆਂ ਹੋਰ ਵੀ ਅਨੇਕਾਂ ਦਾਸਤਾਨਾਂ ਉਸ ਨੇ ਵੇਖੀਆਂ ਅਤੇ ਸੁਣੀਆਂ ਸਨ। ਉਸ ਨੇ ਇਹ ਵੀ ਵੇਖਿਆ ਸੀ ਕਿ ਕਿਸ ਤਰ੍ਹਾਂ ਲੋਕ ਤਾਲਿਬਾਨ ਦੀ ਦਹਿਸ਼ਤ ਕਾਰਨ ਆਪਣੇ ਘਰਾਂ ਨੂੰ ਛੱਡ ਕੇ ਪਿਸ਼ਾਵਰ, ਰਾਵਲਪਿੰਡੀ ਜਾਂ ਲਾਹੌਰ ਨੂੰ ਚਲੇ ਗਏ ਸਨ। ਉਹ ਇਹ ਸਭ ਕੁਝ ਦੁਨੀਆ ਭਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਪਰ ਉਸ ਕੋਲ ਕੋਈ ਸਾਧਨ ਨਹੀਂ ਸੀ। ਉਸ ਨੇ ਆਪ ਕਿਹਾ ਹੈ ਕਿ 'ਉਹ ਚੀਕ-ਚੀਕ ਕੇ ਦੁਨੀਆ ਨੂੰ ਇਥੇ ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਦੱਸਣਾ ਚਾਹੁੰਦੀ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ, ਉਹ ਕੀ ਕਰੇ।' ਇਸ ਨੂੰ ਕੁਦਰਤ ਦਾ ਮੌਕਾ-ਮੇਲ ਹੀ ਸਮਝੋ ਕਿ ਇਨ੍ਹਾਂ ਦਿਨਾਂ ਵਿਚ ਹੀ ਬੀ.ਬੀ.ਸੀ. ਦੇ ਇਕ ਪੱਤਰਕਾਰ ਅਬਦੁਲ ਹਾਈ ਕਾਕੁਰ ਦੇ ਮਨ ਵਿਚ ਇਹ ਖਿਆਲ ਆਇਆ ਕਿ ਸਵਾਤ ਘਾਟੀ ਵਿਚ ਜਿਸ ਤਰ੍ਹਾਂ ਤਾਲਿਬਾਨ ਨੇ ਸੈਂਕੜੇ ਸਕੂਲਾਂ ਨੂੰ ਤਬਾਹ ਕੀਤਾ ਹੈ ਅਤੇ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਕਰ ਦਿੱਤਾ ਹੈ, ਇਸ ਸਬੰਧੀ ਕਿਸੇ ਲੜਕੀ ਤੋਂ ਬੀ.ਬੀ.ਸੀ. ਦੇ ਉਰਦੂ ਅਤੇ ਅੰਗਰੇਜ਼ੀ ਬਲਾਗ ਲਈ ਡਾਇਰੀ ਲਿਖਵਾਈ ਜਾਵੇ। ਅਬਦੁੱਲ ਹਾਈ ਕਾਕੁਰ ਨੇ ਇਸ ਮਕਸਦ ਲਈ ਮਲਾਲਾ ਯੂਸਫਜ਼ਈ ਦੇ ਪਿਤਾ ਜ਼ਿਆ-ਉੱਦ-ਦੀਨ ਯੂਸਫਜ਼ਈ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਦੋ ਲੜਕੀਆਂ ਦੇ ਨਾਂਅ ਸੁਝਾਏ। ਫਿਰ ਨਾਲ ਹੀ ਇਹ ਵੀ ਆਖਿਆ ਕਿ ਉਨ੍ਹਾਂ ਦੇ ਮਾਂ-ਬਾਪ ਲੜਕੀਆਂ ਨੂੰ ਤਾਲਿਬਾਨ ਦੇ ਡਰ ਕਾਰਨ ਅਜਿਹੀ ਡਾਇਰੀ ਲਿਖਣ ਦੀ ਇਜਾਜ਼ਤ ਨਹੀਂ ਦੇਣਗੇ। ਫਿਰ ਕੁਝ ਸੋਚ-ਵਿਚਾਰ ਤੋਂ ਬਾਅਦ ਜ਼ਿਆ-ਉੱਦ-ਦੀਨ ਯੂਸਫਜ਼ਈ ਨੇ ਇਹ ਡਾਇਰੀ ਲਿਖਣ ਲਈ ਆਪਣੀ ਲੜਕੀ ਮਲਾਲਾ ਦਾ ਨਾਂਅ ਪੇਸ਼ ਕਰ ਦਿੱਤਾ ਤੇ ਇਸ ਤਰ੍ਹਾਂ ਇਹ ਡਾਇਰੀ ਲਿਖਣ ਦਾ ਸਿਲਸਿਲਾ ਆਰੰਭ ਹੋ ਗਿਆ। 3 ਜਨਵਰੀ, 2009 ਤੋਂ ਉਸ ਨੇ ਇਹ ਡਾਇਰੀ ਲਿਖਣੀ ਆਰੰਭ ਕੀਤੀ ਅਤੇ ਲਗਾਤਾਰ 10 ਹਫ਼ਤੇ ਤੱਕ ਉਹ ਇਸ ਨੂੰ ਲਿਖਦੀ ਰਹੀ। ਅਬਦੁੱਲ ਹਾਈ ਕਾਕੁਰ ਹਰ ਰੋਜ਼ ਉਸ ਨਾਲ ਫੋਨ 'ਤੇ 30 ਮਿੰਟ ਤੱਕ ਗੱਲ ਕਰਦਾ ਸੀ ਅਤੇ ਉਹ ਜੋ ਕੁਝ ਦੇਖਦੀ ਸੀ, ਸੁਣਦੀ ਸੀ ਤੇ ਮਹਿਸੂਸ ਕਰਦੀ ਸੀ, ਉਸ ਨੂੰ ਲਿਖਵਾ ਦਿੰਦੀ ਸੀ। ਇਹ ਡਾਇਰੀ ਦੁਨੀਆ ਭਰ ਵਿਚ ਏਨੀ ਚਰਚਿਤ ਹੋਈ ਕਿ ਇਸ ਨੂੰ 'ਸਵਾਤ ਦੀ ਆਵਾਜ਼' ਆਖਿਆ ਗਿਆ। 2009 ਵਿਚ ਪਾਕਿਸਤਾਨ ਦੀ ਫ਼ੌਜ ਨੇ ਸਵਾਤ ਘਾਟੀ ਨੂੰ ਸਖ਼ਤ ਫ਼ੌਜੀ ਕਾਰਵਾਈ ਤੋਂ ਬਾਅਦ ਤਾਲਿਬਾਨ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ। ਇਸ ਫ਼ੌਜੀ ਕਾਰਵਾਈ ਦੌਰਾਨ ਮਲਾਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਾ ਸ਼ਹਿਰ ਮੰਗੋਰਾ ਛੱਡਣਾ ਪਿਆ ਪਰ ਉਸ ਦੇ ਪਿਤਾ ਜ਼ਿਆ-ਉੱਦ-ਦੀਨ ਨੇ ਇਹ ਕਹਿੰਦਿਆਂ ਸਵਾਤ ਘਾਟੀ ਛੱਡਣ ਤੋਂ ਨਾਂਹ ਕਰ ਦਿੱਤੀ ਕਿ, 'ਮੈਂ ਉਸ ਸਵਾਤ ਨੂੰ ਔਖੇ ਸਮੇਂ ਕਿਵੇਂ ਛੱਡ ਸਕਦਾ ਹਾਂ, ਜਿਸ ਨੇ ਮੈਨੂੰ ਏਨਾ ਕੁਝ ਦਿੱਤਾ ਹੈ।' ਫ਼ੌਜੀ ਕਾਰਵਾਈ ਤੋਂ ਬਾਅਦ ਮਲਾਲਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁੜ ਆਪਣੇ ਸ਼ਹਿਰ ਮੰਗੋਰਾ ਆ ਗਈ। ਪਰ ਹੁਣ ਤੱਕ ਉਸ ਦੀ ਸ਼ਖ਼ਸੀਅਤ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਚੁੱਕੀ ਸੀ। ਉਸ ਵੱਲੋਂ ਸਵਾਤ ਘਾਟੀ 'ਤੇ ਤਾਲਿਬਾਨ ਦੇ ਜ਼ੁਲਮਾਂ ਵਿਰੁੱਧ ਬੁਲੰਦ ਕੀਤੀ ਗਈ ਆਵਾਜ਼, ਖਾਸ ਕਰਕੇ ਉਸ ਵੱਲੋਂ ਲੜਕੀਆਂ ਦੀ ਸਿੱਖਿਆ ਦੇ ਅਧਿਕਾਰ ਲਈ ਲਿਖਣ ਤੇ ਬੋਲਣ ਕਾਰਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਵੱਲੋਂ ਉਸ ਨੂੰ 'ਨੈਸ਼ਨਲ ਪੀਸ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਸਵਾਤ ਘਾਟੀ ਦੇ ਇਕ ਹਾਇਰ ਸੈਕੰਡਰੀ ਸਰਕਾਰੀ ਸਕੂਲ ਦਾ ਨਾਂਅ ਉਸ ਦੇ ਨਾਂਅ 'ਤੇ ਰੱਖਿਆ ਗਿਆ। ਉਸ ਵੱਲੋਂ ਲਿਖੇ ਬਲਾਗ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ ਨੇ ਮੰਗੋਰਾ ਦੇ ਕਾਲਜ ਵਿਚ ਇਨਫਰਮੇਸ਼ਨ ਤਕਨਾਲੋਜੀ ਦਾ ਵਿਭਾਗ ਸਥਾਪਿਤ ਕਰਨ ਦੇ ਆਦੇਸ਼ ਵੀ ਦਿੱਤੇ। ਅੰਤਰਰਾਸ਼ਟਰੀ ਪੱਧਰ 'ਤੇ ਵੀ ਮਲਾਲਾ ਯੂਸਫਜ਼ਈ ਦੀ ਬੇਹੱਦ ਚਰਚਾ ਹੋਈ। ਉਸ 'ਤੇ ਇਕ ਡਾਕੂਮੈਂਟਰੀ ਬਣਾਈ ਗਈ, ਜਿਸ ਵਿਚ ਉਸ ਨੇ ਸਵਾਤ ਘਾਟੀ ਦੀਆਂ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਵਿਚ ਆ ਰਹੀਆਂ ਸਮੱਸਿਆਵਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ। ਇਸ ਨੂੰ ਦੁਨੀਆ ਭਰ ਵਿਚ ਵੇਖਿਆ ਗਿਆ। ਅਮਰੀਕਾ ਦੇ ਇਕ ਸ਼ਹਿਰ ਵਿਚ ਇਕ ਪਰਿਵਾਰ ਦੇ ਕੁਝ ਬੱਚੇ, ਜੋ ਸਕੂਲ ਜਾਣ ਤੋਂ ਝਿਜਕਦੇ ਸਨ, ਉਨ੍ਹਾਂ ਨੇ ਇਹ ਡਾਕੂਮੈਂਟਰੀ ਵੇਖੀ ਤਾਂ ਉਹ ਸਕੂਲ ਜਾਣ ਲਈ ਦ੍ਰਿੜ੍ਹ ਹੋ ਗਏ। ਮਲਾਲਾ ਯੂਸਫ਼ਜ਼ਈ ਦਾ ਨਾਂਅ ਬੱਚਿਆਂ ਦੀ ਬਹਾਦਰੀ ਲਈ ਦਿੱਤੇ ਜਾਣ ਵਾਲੇ ਕੌਮਾਂਤਰੀ ਐਵਾਰਡ ਲਈ ਵੀ ਨਾਮਜ਼ਦ ਹੋਇਆ ਅਤੇ ਦੁਨੀਆ ਭਰ ਦੇ ਹਜ਼ਾਰਾਂ ਬੱਚਿਆਂ ਵਿਚੋਂ ਉਹ ਪੰਜਵੇਂ ਸਥਾਨ ਤੱਕ ਪਹੁੰਚੀ। ਮਲਾਲਾ ਦੇ ਪਿਤਾ, ਜੋ ਖ਼ੁਦ ਇਕ ਸਮਾਜਿਕ ਕਾਰਜਕਰਤਾ ਅਤੇ ਦਿਲੇਰੀ ਨਾਲ ਬੋਲਣ ਵਾਲੇ ਵਿਅਕਤੀ ਹਨ, ਨੇ ਆਪਣੀ ਇਸ ਲੜਕੀ ਦਾ ਨਾਂਅ ਮਾਈਵੰਦ ਦੀ ਬਹਾਦਰ ਔਰਤ ਮਾਲਾਲਈ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ, ਜਿਸ ਨੇ 17 ਜੁਲਾਈ, 1880 ਨੂੰ ਆਪਣੇ ਕਬੀਲੇ ਦੀ ਅਗਵਾਈ ਕਰਦਿਆਂ ਅੰਗਰੇਜ਼ਾਂ ਨੂੰ ਵੱਡੀ ਹਾਰ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਮਾਲਾਲਈ ਦੇ ਕਬੀਲੇ ਦਾ ਲਸ਼ਕਰ ਹਾਰ ਕੇ ਭੱਜਾ ਜਾ ਰਿਹਾ ਸੀ। ਉਸ ਨੇ ਆਪਣੇ ਕਬੀਲੇ ਦੇ ਲਸ਼ਕਰ ਨੂੰ ਮੁੜ ਇਕੱਠਾ ਕੀਤਾ ਅਤੇ ਅਗਵਾਈ ਦਿੱਤੀ। ਇਸ ਲੜਾਈ ਵਿਚ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਰ ਮਲਾਲਾ ਨੂੰ ਆਪਣਾ ਇਹ ਨਾਂਅ ਪਸੰਦ ਨਹੀਂ ਸੀ। ਕਿਉਂਕਿ ਉਸ ਨੇ ਹੋਸ਼ ਸੰਭਾਲਣ ਤੋਂ ਬਾਅਦ ਸਵਾਤ ਵਿਚ ਦੁੱਖ-ਤਕਲੀਫਾਂ ਅਤੇ ਜ਼ੁਲਮ ਜਬਰ ਹੀ ਦੇਖੇ ਸਨ। ਇਸ ਲਈ ਉਹ ਆਪਣੇ ਨਾਂਅ ਨੂੰ ਥੋੜ੍ਹੀ ਨਫ਼ਰਤ ਕਰਦੀ ਸੀ ਅਤੇ ਉਹ ਮਲਾਲਾ ਦੇ ਅਰਥ 'ਦੁੱਖਾਂ ਨਾਲ ਭੰਨੀ ਹੋਈ' ਜ਼ਿੰਦਗੀ ਦੇ ਰੂਪ ਵਿਚ ਕਰਦੀ ਸੀ। ਜਿਥੋਂ ਤੱਕ ਉਸ ਦੇ ਕਲਮੀ ਨਾਂਅ ਗੁਲ ਮੱਕੀ ਦਾ ਸਬੰਧ ਹੈ, ਇਹ ਨਾਂਅ ਪਖਤੂਨ ਲੋਕ ਨਾਇਕਾ ਦੇ ਨਾਂਅ 'ਤੇ ਰੱਖਿਆ ਗਿਆ ਸੀ, ਜਿਸ ਨੂੰ ਸਵਾਤ ਘਾਟੀ ਦੀਆਂ ਲੋਕ ਕਹਾਣੀਆਂ ਵਿਚ ਇਕ ਸ਼ਾਇਰਾ ਅਤੇ ਇਕ ਬਹਾਦਰ ਨਾਇਕਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਸ ਦਾ ਇਹ ਕਲਮੀ ਨਾਂਅ ਇਸ ਲਈ ਰੱਖਿਆ ਗਿਆ ਸੀ ਕਿ ਤਾਲਿਬਾਨ ਨੂੰ ਪਤਾ ਨਾ ਲੱਗੇ, ਪਰ ਜਦੋਂ ਉਸ ਦੀ ਕੌਮੀ ਪੱਧਰ 'ਤੇ ਚਰਚਾ ਹੋ ਗਈ ਤਾਂ ਉਸ ਦਾ ਅਸਲੀ ਨਾਂਅ ਨਸ਼ਰ ਹੋ ਗਿਆ।

3 ਜਨਵਰੀ, 2009 ਨੂੰ ਆਪਣੇ ਪਹਿਲੇ ਬਲਾਗ ਵਿਚ ਉਸ ਨੇ ਲਿਖਿਆ ਸੀ, 'ਬੀਤੇ ਦਿਨ ਮੈਨੂੰ ਬੜਾ ਭਿਆਨਕ ਸੁਪਨਾ ਆਇਆ, ਜਿਸ ਵਿਚ ਮੈਂ ਫ਼ੌਜੀ ਹੈਲੀਕਾਪਟਰਾਂ ਅਤੇ ਤਾਲਿਬਾਨ ਨੂੰ ਦੇਖਿਆ। ਸਵਾਤ ਘਾਟੀ ਵਿਚ ਫ਼ੌਜੀ ਕਾਰਵਾਈ ਸ਼ੁਰੂ ਹੋਣ ਤੋਂ ਹੀ ਮੈਨੂੰ ਇਹੋ ਜਿਹੇ ਸੁਪਨੇ ਆਉਂਦੇ ਹਨ। ਮੇਰੀ ਮਾਂ ਮੇਰੇ ਲਈ ਸਵੇਰ ਦਾ ਨਾਸ਼ਤਾ ਤਿਆਰ ਕਰਦੀ ਹੈ ਅਤੇ ਮੈਂ ਸਕੂਲ ਚਲੀ ਜਾਂਦੀ ਹਾਂ। ਮੈਨੂੰ ਸਕੂਲ ਜਾਣ ਤੋਂ ਡਰ ਲਗਦਾ ਹੈ ਕਿਉਂਕਿ ਤਾਲਿਬਾਨ ਨੇ ਲੜਕੀਆਂ ਦੇ ਸਕੂਲ ਜਾਣ 'ਤੇ ਪਾਬੰਦੀ ਲਾਉਣ ਸਬੰਧੀ ਫਤਵਾ ਜਾਰੀ ਕੀਤਾ ਹੋਇਆ ਹੈ। ਸਾਡੀ 27 ਵਿਦਿਆਰਥੀਆਂ ਦੀ ਕਲਾਸ ਵਿਚੋਂ ਸਿਰਫ 11 ਵਿਦਿਆਰਥੀਆਂ ਪੜ੍ਹਨ ਆਏ ਹਨ। ਤਾਲਿਬਾਨ ਦੇ ਫਤਵੇ ਕਾਰਨ ਵਿਦਿਆਰਥੀਆਂ ਦੀ ਗਿਣਤੀ ਘੱਟ ਗਈ ਹੈ। ਮੇਰੇ ਤਿੰਨ ਦੋਸਤ ਫਤਵਾ ਜਾਰੀ ਹੋਣ ਤੋਂ ਬਾਅਦ ਆਪਣੇ ਪਰਿਵਾਰਾਂ ਸਮੇਤ ਪਿਸ਼ਾਵਰ, ਲਾਹੌਰ ਅਤੇ ਰਾਵਲਪਿੰਡੀ ਨੂੰ ਚਲੇ ਗਏ ਹਨ। ਜਦੋਂ ਮੈਂ ਸਕੂਲ ਤੋਂ ਵਾਪਸ ਆ ਰਹੀ ਸਾਂ, ਤਾਂ ਇਕ ਵਿਅਕਤੀ ਨੂੰ ਇਹ ਕਹਿੰਦਿਆਂ ਸੁਣਿਆ, 'ਮੈਂ ਤੈਨੂੰ ਮਾਰ ਦਿਆਂਗਾ।' ਮੈਂ ਤੇਜ਼-ਤੇਜ਼ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਅਤੇ ਫਿਰ ਪਿੱਛੇ ਮੁੜ ਕੇ ਦੇਖਿਆ ਕਿ, ਕੀ ਉਹ ਆਦਮੀ ਅਜੇ ਵੀ ਮੇਰੇ ਪਿੱਛੇ ਆ ਰਿਹਾ ਹੈ। ਪਰ ਮੇਰੇ ਲਈ ਇਹ ਰਾਹਤ ਦੀ ਗੱਲ ਸੀ ਕਿ ਉਹ ਕਿਸੇ ਹੋਰ ਨਾਲ ਮੋਬਾਈਲ 'ਤੇ ਗੱਲ ਕਰ ਰਿਹਾ ਸੀ ਅਤੇ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਨੂੰ ਫੋਨ 'ਤੇ ਧਮਕੀਆਂ ਦੇ ਰਿਹਾ ਹੋਵੇ।'

14 ਜਨਵਰੀ, 2009 ਨੂੰ ਬਲਾਗ ਲਈ ਭੇਜੀ ਆਪਣੀ ਡਾਇਰੀ ਵਿਚ ਉਸ ਨੇ ਲਿਖਿਆ ਹੈ, 'ਸਕੂਲ ਜਾਣ ਸਮੇਂ ਮੇਰਾ ਮਨ ਬਹੁਤ ਖਰਾਬ ਸੀ ਕਿਉਂਕਿ ਕੱਲ੍ਹ ਤੋਂ ਸਰਦੀਆਂ ਦੀਆਂ ਛੁੱਟੀਆਂ ਆਰੰਭ ਹੋ ਰਹੀਆਂ ਸਨ। ਪ੍ਰਿੰਸੀਪਲ ਨੇ ਛੁੱਟੀਆਂ ਦਾ ਐਲਾਨ ਤਾਂ ਕਰ ਦਿੱਤਾ ਪਰ ਇਹ ਜ਼ਿਕਰ ਨਾ ਕੀਤਾ ਕਿ ਸਕੂਲ ਮੁੜ ਕਦੋਂ ਖੁੱਲ੍ਹੇਗਾ। ਕੁੜੀਆਂ ਛੁੱਟੀਆਂ ਬਾਰੇ ਬਹੁਤੀਆਂ ਉਤਸ਼ਾਹਿਤ ਨਹੀਂ ਸਨ, ਕਿਉਂਕਿ ਉਹ ਜਾਣਦੀਆਂ ਸਨ ਕਿ ਜੇਕਰ ਤਾਲਿਬਾਨ ਦੇ ਫਤਵੇ 'ਤੇ ਅਮਲ ਹੋਇਆ ਤਾਂ ਉਹ ਮੁੜ ਸਕੂਲ ਨਹੀਂ ਆ ਸਕਣਗੀਆਂ। ਮੇਰਾ ਵਿਚਾਰ ਸੀ ਕਿ ਇਕ ਦਿਨ ਸਕੂਲ ਜ਼ਰੂਰ ਮੁੜ ਖੁੱਲ੍ਹੇਗਾ। ਪਰ ਸਕੂਲ ਨੂੰ ਛੱਡਦਿਆਂ ਮੈਂ ਪਿੱਛੇ ਮੁੜ ਕੇ ਸਕੂਲ ਦੀ ਇਮਾਰਤ ਵੱਲ ਇਵੇਂ ਵੇਖਿਆ ਕਿ ਜਿਵੇਂ ਮੈਂ ਇਥੇ ਮੁੜ ਕੇ ਨਹੀਂ ਆ ਸਕਾਂਗੀ।' 15 ਜਨਵਰੀ, 2009 ਨੂੰ ਆਪਣੀ ਡਾਇਰੀ ਵਿਚ ਉਸ ਨੇ ਲਿਖਿਆ, 'ਰਾਤ ਅੱਗ ਉਗਲਦੀਆਂ ਤੋਪਾਂ ਦੀ ਆਵਾਜ਼ ਨਾਲ ਭਰੀ ਹੋਈ ਸੀ ਅਤੇ ਮੈਂ ਤਿੰਨ ਵਾਰ ਨੀਂਦ ਵਿਚੋਂ ਜਾਗ ਪਈ। ਪਰ ਕਿਉਂਕਿ ਮੈਂ ਸਕੂਲ ਨਹੀਂ ਸੀ ਜਾਣਾ, ਇਸ ਲਈ ਮੈਂ ਸਵੇਰੇ 10 ਵਜੇ ਹੀ ਬਿਸਤਰ ਤੋਂ ਉੱਠੀ। ਇਸ ਤੋਂ ਬਾਅਦ ਮੇਰੀਆਂ ਸਹੇਲੀਆਂ ਆ ਗਈਆਂ ਅਤੇ ਅਸੀਂ ਆਪਣੇ ਸਕੂਲ ਦੇ ਕੰਮ ਬਾਰੇ ਵਿਚਾਰਾਂ ਕੀਤੀਆਂ। ਅੱਜ ਦਾ ਦਿਨ ਤਾਲਿਬਾਨ ਦੇ ਲੜਕੀਆਂ ਦੀ ਸਿੱਖਿਆ 'ਤੇ ਰੋਕ ਲਾਉਣ ਸਬੰਧੀ ਫਤਵੇ ਦੇ ਲਾਗੂ ਹੋਣ ਤੋਂ ਪਹਿਲਾਂ ਦਾ ਆਖਰੀ ਦਿਨ ਸੀ। ਪਰ ਮੇਰੀਆਂ ਸਹੇਲੀਆਂ ਆਪਣੇ ਸਕੂਲ ਦੇ ਕੰਮ ਸਬੰਧੀ ਇਸ ਤਰ੍ਹਾਂ ਵਿਚਾਰਾਂ ਕਰ ਰਹੀਆਂ ਸਨ, ਜਿਵੇਂ ਕੁਝ ਵੀ ਅਸਾਧਾਰਨ ਨਾ ਵਾਪਰਿਆ ਹੋਵੇ। ਅੱਜ ਮੈਂ ਬੀ.ਬੀ.ਸੀ. ਲਈ ਉਰਦੂ ਵਿਚ ਲਿਖੀ ਹੋਈ ਆਪਣੀ ਡਾਇਰੀ ਨੂੰ ਪੜ੍ਹਿਆ। ਮੇਰੇ ਪਿਤਾ ਨੂੰ ਮੇਰਾ ਕਲਮੀ ਨਾਂਅ 'ਗੁੱਲ ਮੱਕੀ' ਬੇਹੱਦ ਪਸੰਦ ਹੈ। ਮੈਂ ਵੀ ਇਸ ਨਾਂਅ ਨੂੰ ਪਸੰਦ ਕਰਦੀ ਹਾਂ ਕਿਉਂਕਿ ਮੇਰੇ ਅਸਲੀ ਨਾਂਅ ਦੇ ਅਰਥ ਹਨ ਦੁੱਖਾਂ ਨਾਲ ਭੰਨੀ ਹੋਈ।

ਆਪਣੇ ਉੱਪਰ ਤਾਲਿਬਾਨ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ 28 ਸਤੰਬਰ, 2012 ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਸੀ, 'ਮੈਂ ਕਿਸੇ ਇਨਾਮ ਲਈ ਨਹੀਂ ਲੜ ਰਹੀ। ਨਾ ਹੀ ਮੈਂ ਕਿਸੇ ਲਿਸਟ ਵਿਚ ਆਪਣਾ ਨਾਂਅ ਲਿਖਵਾਉਣ ਲਈ ਸੰਘਰਸ਼ ਕਰ ਰਹੀ ਹਾਂ। ਮੇਰੇ ਲਈ ਮੇਰਾ, ਲੜਕੀਆਂ ਦੀ ਅਤੇ ਬੱਚਿਆਂ ਦੀ ਸਿੱਖਿਆ ਦੇ ਅਧਿਕਾਰ ਲਈ ਲੜਨ ਦਾ ਮਿਸ਼ਨ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ ਅਤੇ ਇਸ ਨੂੰ ਮੈਂ ਅੰਤ ਤੱਕ ਜਾਰੀ ਰੱਖਾਂਗੀ।' ਉਹ ਆਰੰਭ ਵਿਚ ਡਾਕਟਰ ਬਣਨਾ ਚਾਹੁੰਦੀ ਸੀ ਪਰ ਕੌਮੀ ਐਵਾਰਡ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੀ ਇਕ ਰਾਜਨੀਤਕ ਪਾਰਟੀ ਬਣਾਏਗੀ, ਜਿਸ ਦੇ ਯੂਨਿਟ ਪਾਕਿਸਤਾਨ ਦੇ ਸਾਰੇ ਚਾਰ ਸੂਬਿਆਂ ਵਿਚ ਹੋਣਗੇ ਅਤੇ ਉਸ ਵਿਚ ਸਿੱਖਿਆ ਦੇ ਅਧਿਕਾਰਾਂ ਲਈ ਲੜਨ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ।

ਇਸ ਸਮੇਂ ਇਹ ਬਹਾਦਰ ਲੜਕੀ ਰਾਵਲਪਿੰਡੀ ਦੇ ਫ਼ੌਜੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰ ਰਹੀ ਹੈ। ਮੰਗੋਰਾ ਵਿਚ ਤਾਲਿਬਾਨੀ ਹਮਲੇ ਤੋਂ ਬਾਅਦ ਉਸ ਨੂੰ ਪਿਸ਼ਾਵਰ ਦੇ ਫ਼ੌਜੀ ਹਸਪਤਾਲ ਵਿਚ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਸਫਲਤਾ ਨਾਲ ਆਪ੍ਰੇਸ਼ਨ ਕਰਕੇ ਉਸ ਦੇ ਦਿਮਾਗ ਵਿਚੋਂ ਗੋਲੀ ਬਾਹਰ ਕੱਢ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਹੋਰ ਵਧੇਰੇ ਚੰਗੀ ਦੇਖਭਾਲ ਲਈ ਰਾਵਲਪਿੰਡੀ ਦੇ ਹਸਪਤਾਲ ਤਬਦੀਲ ਕਰ ਦਿੱਤਾ ਗਿਆ। ਪਾਕਿਸਤਾਨ ਦੇ ਮਾਹਿਰ ਫ਼ੌਜੀ, ਗ਼ੈਰ-ਫ਼ੌਜੀ ਅਤੇ ਦੋ ਬਰਤਾਨਵੀ ਡਾਕਟਰ ਉਸ ਦੀ ਦੇਖਭਾਲ ਵਿਚ ਲੱਗੇ ਹੋਏ ਹਨ। ਡਾਕਟਰਾਂ ਦੇ ਅਨੁਸਾਰ ਅਗਲੇ 48 ਘੰਟੇ (ਕਾਲਮ ਲਿਖੇ ਜਾਣ ਤਕ) ਉਸ ਲਈ ਬੇਹੱਦ ਅਹਿਮ ਹਨ। ਡਾਕਟਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਵੇਂ ਉਸ ਦੇ ਦਿਮਾਗ ਨੂੰ ਕੁਝ ਨੁਕਸਾਨ ਪਹੁੰਚਿਆ ਹੈ ਪਰ ਉਸ ਦੇ ਦਿਮਾਗ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਉਸ ਦੇ ਸਿਹਤਯਾਬ ਹੋਣ ਦੀਆਂ 70 ਫ਼ੀਸਦੀ ਸੰਭਾਵਨਾਵਾਂ ਮੌਜੂਦ ਹਨ।

ਮਲਾਲਾ ਯੂਸਫਜ਼ਈ 'ਤੇ ਤਾਲਿਬਾਨ ਵੱਲੋਂ ਕੀਤੇ ਗਏ ਇਸ ਘਿਨੌਣੇ ਹਮਲੇ ਦੀ ਦੇਸ਼ ਵਿਚ ਸਖ਼ਤ ਆਲੋਚਨਾ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਬਹੁਤ ਸਾਰੇ ਹੋਰ ਦੇਸ਼ਾਂ ਦੇ ਮੁਖੀਆਂ ਅਤੇ ਇਥੋਂ ਤੱਕ ਕਿ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਵੀ ਇਸ ਹਮਲੇ ਨੂੰ ਬੇਹੱਦ ਘਿਨੌਣਾ ਅਤੇ ਕਾਇਰਾਨਾ ਕਾਰਵਾਈ ਕਰਾਰ ਦਿੱਤਾ ਹੈ।

ਪਿਛਲੇ ਕਈ ਸਾਲਾਂ ਤੋਂ ਤਾਲਿਬਾਨਾਂ ਦੇ ਡਰ ਹੇਠ ਜੀਅ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਇਸ ਹਮਲੇ ਨੇ ਗਲੀਆਂ-ਬਾਜ਼ਾਰਾਂ ਵਿਚ ਆ ਕੇ ਆਵਾਜ਼ ਬੁਲੰਦ ਕਰਨ ਲਈ ਅੰਦੋਲਤ ਕਰ ਦਿੱਤਾ ਹੈ। ਮੁਹਾਜਰ ਕੌਮੀ ਮੁਹਾਜ਼ ਦੇ ਇੰਗਲੈਂਡ ਵਿਚ ਰਹਿੰਦੇ ਮੁਖੀ ਅਲਤਾਫ ਹੁਸੈਨ ਨੇ ਪਾਕਿਸਤਾਨ ਦੇ ਮੌਲਾਣਿਆਂ ਨੂੰ ਇਹ ਧਮਕੀ ਦਿੱਤੀ ਹੈ ਕਿ ਉਹ 48 ਘੰਟਿਆਂ ਦੇ ਅੰਦਰ-ਅੰਦਰ ਤਾਲਿਬਾਨ ਦੇ ਇਸ ਕਾਰੇ ਵਿਰੁੱਧ ਆਵਾਜ਼ ਬੁਲੰਦ ਕਰਨ, ਨਹੀਂ ਤਾਂ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਨੰਗੇ ਕਰ ਦੇਵੇਗਾ। ਉਸ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਇਸ ਕਾਰੇ ਵਿਰੁੱਧ ਖਾਮੋਸ਼ ਰਹਿਣ ਵਾਲੇ ਮੌਲਾਣਿਆਂ ਅਤੇ ਹੋਰ ਧਾਰਮਿਕ ਆਗੂਆਂ ਦੀਆਂ ਲਿਸਟਾਂ ਤਿਆਰ ਕਰਨ ਦੇ ਆਦੇਸ਼ ਵੀ ਦੇ ਦਿੱਤੇ ਹਨ। ਖ਼ੈਬਰ ਪਖਤੂਨਖਵਾ ਦੀ ਸਰਕਾਰ ਨੇ ਦੋਸ਼ੀ ਤਾਲਿਬਾਨ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ਅਤੇ ਰਾਜ ਵਿਚ ਮਲਾਲਾ ਯੂਸਫਜ਼ਈ ਦੀ ਸਿਹਤਯਾਬੀ ਲਈ ਦੁਆ ਕਰਨ ਵਾਸਤੇ 'ਜੁੰਮੇ-ਦੁਆ ਦਿਵਸ' ਮਨਾਉਣ ਦਾ ਸੱਦਾ ਵੀ ਦਿੱਤਾ ਹੈ। ਸਵਾਤ ਘਾਟੀ ਅਤੇ ਖੈਬਰ ਪਖਤੂਨਖਵਾ ਦੇ ਹੋਰ ਇਲਾਕਿਆਂ ਵਿਚ ਸਕੂਲੀ ਲੜਕੀਆਂ ਮਲਾਲਾ ਯੂਸਫਜ਼ਈ ਦੀ ਸਿਹਤਯਾਬੀ ਲਈ ਦੁਆ ਕਰਦੀਆਂ ਵੇਖੀਆਂ ਗਈਆਂ ਹਨ ਅਤੇ ਬਹੁਤ ਸਾਰੀਆਂ ਲੜਕੀਆਂ ਤਾਲਿਬਾਨ ਦੇ ਇਸ ਹਮਲੇ ਵਿਰੁੱਧ ਗਲੀਆਂ-ਬਾਜ਼ਾਰਾਂ ਵਿਚ ਵੀ ਆਈਆਂ ਹਨ।

ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮਲਾਲਾ ਯੂਸਫਜ਼ਈ 'ਤੇ ਹਮਲਾ ਪਾਕਿਸਤਾਨ ਦੇ ਇਤਿਹਾਸ ਵਿਚ ਇਕ ਨਿਰਣਾਇਕ ਮੋੜ ਸਾਬਤ ਹੋਵੇਗਾ ਅਤੇ ਪਾਕਿਸਤਾਨ ਦੇ ਲੋਕ ਹੁਣ ਇਸਲਾਮੀ ਅੱਤਵਾਦ ਵਿਰੁੱਧ ਸੰਘਰਸ਼ ਲਈ ਅੱਗੇ ਆਉਣਗੇ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਲਾਹੌਰ ਵਿਚ 50 ਸੁੰਨੀ ਮੌਲਾਣਿਆਂ ਨੇ ਮਲਾਲਾ 'ਤੇ ਹਮਲੇ ਦੀ ਨਿੰਦਾ ਕਰਦਿਆਂ ਤਾਲਿਬਾਨ ਦੇ ਖਿਲਾਫ਼ ਫਤਵਾ ਜਾਰੀ ਕੀਤਾ ਹੈ ਅਤੇ ਇਹ ਵੀ ਆਖਿਆ ਹੈ ਕਿ ਇਸਲਾਮ ਵਿਚ ਲੜਕੀਆਂ ਦੀ ਸਿੱਖਿਆ ਦੀ ਕੋਈ ਮਨਾਹੀ ਨਹੀਂ ਹੈ। ਤਾਲਿਬਾਨ ਭੁੱਲੜ ਲੋਕ ਹਨ ਅਤੇ ਇਸਲਾਮ ਦੀ ਗ਼ਲਤ ਵਿਆਖਿਆ ਕਰ ਰਹੇ ਹਨ।

ਦੁਨੀਆ ਦੇ ਇਤਿਹਾਸ ਵਿਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਜ਼ੁਲਮ ਤੇ ਜਬਰ ਦੀ ਅੱਤ ਹੋ ਜਾਂਦੀ ਹੈ ਅਤੇ ਕੋਈ ਇਕ ਸ਼ਖ਼ਸੀਅਤ ਅਜਿਹੇ ਜ਼ੁਲਮ ਤੇ ਜਬਰ ਦੇ ਵਿਰੋਧ ਦਾ ਪ੍ਰਤੀਕ ਹੋ ਨਿਬੜਦੀ ਹੈ ਅਤੇ ਇਤਿਹਾਸ ਨੂੰ ਨਵਾਂ ਮੋੜ ਦੇ ਦਿੰਦੀ ਹੈ। ਮਲਾਲਾ ਯੂਸਫਜ਼ਈ ਅਜਿਹੀ ਹੀ ਸ਼ਖ਼ਸੀਅਤ ਹੋ ਨਿਬੜੇ ਅਤੇ ਉਸ 'ਤੇ ਹੋਇਆ ਹਮਲਾ ਪਾਕਿਸਤਾਨ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਲਿਆਉਣ ਵਾਲਾ ਸਾਬਤ ਹੋਵੇ, ਅਜਿਹੀ ਹੀ ਸਾਡੀ ਕਾਮਨਾ ਹੈ। ਇਨ੍ਹਾਂ ਸ਼ਬਦਾਂ ਨਾਲ ਹੀ ਅਸੀਂ ਪਾਕਿਸਤਾਨ ਦੀ ਇਸ ਬਹਾਦਰ ਲੜਕੀ ਨੂੰ ਸਲਾਮ ਕਰਦੇ ਹਾਂ। ਇਸੇ ਦੌਰਾਨ ਮਲਾਲਾ ਯੂਸਫਜ਼ਈ ਦੇ ਪਿਤਾ ਜ਼ਿਆ-ਉੱਦ-ਦੀਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਕੀ ਬਚੇ, ਚਾਹੇ ਨਾ ਬਚੇ, ਉਹ ਆਪਣਾ ਦੇਸ਼ ਨਹੀਂ ਛੱਡਣਗੇ। ਸ਼ਾਂਤੀ ਲਈ ਲੜਨ ਦੀ ਪਖਤੂਨਾਂ ਦੀ ਪਰੰਪਰਾ ਹੈ ਅਤੇ ਉਹ ਉਸ ਨੂੰ ਨਿਭਾਉਣਗੇ।

ਸਤਨਾਮ ਸਿੰਘ ਮਾਣਕ



Post Comment


ਗੁਰਸ਼ਾਮ ਸਿੰਘ ਚੀਮਾਂ