ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 20, 2012

ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ (ਮਾਂ ਬੋਲੀ ਪੰਜਾਬੀ)


ਜਦ ਵੀ ਮਾਂ ਬੋਲੀ ਪੰਜਾਬੀ ਦੀ ਗੱਲ ਚਲਦੀ ਆ ਤੇ ਜਹਿਨ ਵਿਚ ਕਈ ਸਵਾਲ ਆ ਜਾਂਦੇ ਹਨ। ‌ਕਿ ਕਿਤੇ ਅਸੀਂ ਮਾਂ ਬੋਲੀ ਨੂੰ  ਵਿਸਾਰ ਤਾਂ ਨਹੀ ਰਹੇ ? ਅਜੋਕੀ ਪੀੜ੍ਹੀ ਦਾ ਪੱਛਮ ਵੱਲ ਵੱਧ ਰਿਹਾ ਰੁਜ਼ਾਨ ਕਿਤੇ ਉਹਨਾ ਨੂੰ ਮਾਂ ਬੋਲੀ ਪੰਜਾਬੀ ਤੋਂ ਦੂਰ ਤਾਂ ਨਹੀ ਕਰ ਰਿਹਾ, ਫਿਰ ਕੀ ਕਾਰਨ ਨੇ ਕੇ  ਨੋਜਵਾਨ ਪੀੜ੍ਹੀ ਪੰਜਾਬੀ ਤੋਂ ਮੂੰਹ  ਮੋੜ੍ਹ ਰਹੀ  ਹੈ ?ਇਸ ਤਰਾਂ ਦੇ ਕਈ ਸਵਾਲ ਮਨ ਵਿਚ ਆਉਂਦੇ ਹਨ । ਸਾਨੂੰ ਤਾਂ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਮਾਣ ਹੋਣਾ ਚਾਹਿਦਾ ਹੈ ਹਰ ਦੇਸ ਦੇ ਨਾਗਰਿਕ ਨੂੰ ਆਪਣੀ ਬੋਲੀ ਤੇ ਆਪਣੇ ਸਭਿਆਚਾਰ ਉੱਤੇ ਮਾਣ ਹੁੰਦਾ ਹੈ ਫਿਰ ਅਸੀਂ ਕਿਓ ਮੂੰਹ  ਮੋੜੀ ਬੇਠੇ ਹਾਂ ਕਿਓ ਪੰਜਾਬੀ ਬੋਲਣ ਵਾਲਿਆਂ ਨੂੰ ਅੱਜ ਦੇ ਪੜਾਕੂ ਦੇਸੀ ਸੱਦਦੇ ਨੇ। ਅਸਲ ਵਿਚ ਅੱਜ ਦੀ ਪੜਾਕੂ ਨੋਜਵਾਨ ਪੀੜ੍ਹੀ ਨੂੰ ਸਮਝਣ ਦੀ ਲੋੜ੍ਹ ਹੈ ਕੈ ਬੋਲੀ ਕਹਿੰਦੇ ਕਿਸ ਨੂੰ ਹਨ। ਜੋ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਸਖਣਾ ਹੈ ਅਸਲ ਵਿਚ ਉਹ ਪੜਿਆ ਲਿਖਿਆ ਵੀ ਅਨਪੜ੍ਹ ਹੈ।  
ਮਾਂ ਬੋਲੀ ਕਹਿੰਦੇ ਕਿਸ ਨੂੰ ਨੇ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਮਾਂ ਬੋਲੀ ਜਿਸ ਨੂੰ ਆਹ ਤੁਹਾਡੀ ਅੰਗ੍ਰੇਜੀ ਵਿਚ (Mother ! tongue) ਵੀ ਕਹਿੰਦੇ ਨੇ। ਤੁਹਾਡੀ ਸ਼ਬਦ ਮੈਂ ਇਸ ਲਈ ਵਰਤਿਆ ਕਿਓ ਕੈ ਅੱਜ ਦਾ ਨੋਜਵਾਨ ਵਰਗ ਅੰਗ੍ਰੇਜੀ  ਨੂੰ ਹੀ ਮੁਖ ਰਖੀ ਬੈਠਾ ਹੈ। 
ਮਾਂ ਬੋਲੀ ਆਪਾਂ ਉਸ ਬੋਲੀ , ਭਾਸ਼ਾ ਜਾਂ ਜ਼ੁਬਾਨ ਨੂੰ ਕਹਿੰਦੇ ਹਾਂ ਜਿਸਨੂੰ ਇਨਸਾਨ ਜਨਮ ਤੋਂ ਹੀ ਆਪਣੀ ਮਾਂ ਤੋਂ  ਆਪਣੇ ਸਮਾਜ ਤੋਂ ਆਪਣੇ ਘਰ ਤੋਂ ਸਿਖਦਾ ਹੈ  ਅਤੇ ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ। ਕਈ ਦੇਸ਼ਾਂ  ਵਿਚ ਤਾਂ ਮਾਂ ਬੋਲੀ ਕਿਸੇ ਖ਼ਾਸ ਲੋਕ- ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਮਾਂ ਬੋਲੀ ਤੋਂ ਬਿਨਾ ਜੋ ਹੋਰ ਬੋਲੀਆਂ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਕਹਿੰਦੇ ਹਨ। ਪੰਜਾਬੀਓ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਜੋ ਕੇ  ਅਸੀਂ ਦੇ ਨਹੀ ਰਹੇ ਇਹੀ ਬੋਲੀ ਸਾਡੀ ਨਿੱਜੀ , ਸਮਾਜਿਕ ਅਤੇ ਸਭਿਆਚਾਰਕ ਪਛਾਣ ਹੈ। 
ਤਿੰਨ ਤਰਾਂ ਦੀਆਂ ਮਾਂਵਾਂ ਹੁੰਦੀਆ ਹਨ। ਇਕ ਸਾਡੀ ਜਨਮ ਦੇਣ ਵਾਲੀ ਮਾਂ, ਦੁਜੀ  ਜਨਮ ਸਥਾਨ ਧਰਤੀ ਮਾਂ ਅਤੇ ਤੀਜੀ ਸਾਡੀ ਮਾਂ ਬੋਲੀ, ਉਹ ਬੋਲੀ ਜਿਸ ਦਾ ਰਸ  ਬਚਪਨ ਤੋਂ ਹੀ ਬੱਚੇ ਦੇ ਕੰਨਾਂ ਵਿਚ ਘੁਲਣਾ ਸ਼ੁਰੂ ਹੋ ਜਾਂਦਾ ਹੈ । ਸੰਸਾਰ ਅੰਦਰ ਹਜ਼ਾਰਾਂ ਭਾਸ਼ਾਵਾਂ ਨੇ। ਮਾਂ ਬੋਲੀ ਤੋਂ ਅਲਾਇਦਾ ਅਗਰ ਕੋਈ ਹੋਰ ਭਾਸ਼ਾ ਬੋਲਣੀ ਹੋਵੇ ਤਾਂ ਸਾਨੂੰ ਸਿੱਖਣ ਦੀ ਜਰੂਰਤ ਪੈਂਦੀ ਹੈ। 
ਮਾਂ ਬੋਲੀ ਨਾਲ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਇਹੋ ਸਵਾਲ ਪ੍ਰੇਸ਼ਾਨ ਕਰਦਾ ਹੈ ਕੇ ਕੀ ਬਣੂ  ਸਾਡੀ ਅਜੋਕੀ ਪੀੜ੍ਹੀ ਦਾ । ਮੰਨਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਹਾਜ਼ਮਾਂ ਬਹੁਤ ਹੀ ਤੰਦਰੁਸਤ ਹੈ ਇਸੇ ਕਰਕੇ ਪੰਜਾਬੀ ਨੇ ਬਾਹਰਲੀਆਂ ਬੋਲੀਆਂ ਦੇ ਕਈ ਸ਼ਬਦ ਵੀ ਅਪਣਾਏ ਹੋਏ ਹਨ।  ਜਿਵੇ ਅਰਬੀ, ਸੰਸਕ੍ਰਿਤ, ਫ਼ਾਰਸੀ ਆਦਿ ਇਹ ਸ਼ਬਦ ਪੰਜਾਬੀ ਨੇ ਤਤਸਮ ਅਤੇ ਤਦਭਵ ਸ਼ਬਦ ਰੂਪ ਵਿਚ ਅਪਣਾਏ ਹਨ। ਹੁਣ ਜੇ ਗਲ ਕਰੀਏ ਕੈ ਤਤਸਮ ਅਤੇ ਤਦਭਵ ਵਿਚ ਕੀ ਫਰਕ ਅਤੇ ਇਹ ਕਿਹੜੇ ਸ਼ਬਦ ਹਨ ਤਾਂ ਮੈਂ ਇਥੇ ਪੰਜਾਬੀਆਂ ਨੂੰ ਦੱਸਣਾ ਮੁਨਾਸਿਬ ਸਮਝਾਗਾ ਕੇ  ਤਤਸਮ ਸ਼ਬਦ ਉਹ ਹਨ ਜਿਨ੍ਹਾਂ ਦਾ ਮੂਲ-ਭਾਸ਼ਾ ਦਾ ਮੁੱਢਲਾ ਸਰੂਪ ਪੰਜਾਬੀ ਬੋਲੀ ਵਿਚ ਅਪਣਾਏ ਜਾਣ ਮਗਰੋਂ ਵੀ ਨਹੀਂ ਬਦਲਦਾ । ਅਤੇ ਤਦਭਵ ਸ਼ਬਦ ਉਹ ਹਨ ਜਿਨ੍ਹਾਂ ਦਾ ਹੋਰ ਬੋਲੀ ਵਿਚ ਅਪਣਾਏ ਜਾਣ ਮਗਰੋਂ ਮੁੱਢਲਾ ਸਰੂਪ ਕਈ ਥਾਵਾਂ ਤੇ  ਬਦਲ ਵੀ ਸਕਦਾ ਹੈ। 
ਪਰ ਇਸ ਦਾ ਮਤਲਬ ਇਹ ਨਹੀ ਕੇ ਅਸੀਂ ਅੰਗ੍ਰੇਜੀ  ਵਰਗੀਆਂ  ਭਾਸ਼ਾਵਾਂ ਨੂੰ ਅਹਿਮੀਅਤ ਦਈਏ ਤੇ ਪੰਜਾਬੀ ਤੋਂ ਦੂਰ ਹੁੰਦੇ ਜਾਈਏ । ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕੈ ਅੱਜ ਦੇ ਸਮੇ ਅੰਦਰ ਆਮ ਪੰਜਾਬੀ ਬੋਲ-ਚਾਲ ਵਿਚ ਜਿਆਦਾਤਰ ਪੰਜਾਬੀ ਅੰਗ੍ਰੇਜੀ ਅਤੇ ਹੋਰਨਾ ਭਾਸ਼ਾਵਾਂ ਨੂੰ ਘਸੀਟਦੇ ਨੇ।  ਬਿਨਾ ਅੰਗ੍ਰੇਜੀ ਅਤੇ ਹੋਰਨਾ ਭਾਸ਼ਾਵਾਂ ਨੂੰ ਵਿਚ ਬੋਲਿਆਂ ਅੱਜ ਕਿੰਨੇ ਪੰਜਾਬੀ ਨੇ ਜੋ ਆਪਣੀ ਗੱਲ ਨੂ ਚੰਗੀ ਤਰਾਂ ਸ਼ਪਸਟ ਕਰ ਸਕਦੇ  ਨੇ ? ਤੁਸੀਂ ਕਿਸੇ ਵੀ ਪੰਜਾਬੀ ਨਾਲ ਪੰਜ ਮਿੰਟ ਗੱਲ ਕਰੋ ਤਾ ਤੁਸੀਂ ਉਸਨੂੰ ਪੰਜਾਬੀ ਬੋਲਦਿਆਂ ਅੰਗ੍ਰੇਜੀ ਅਤੇ ਦੂਜੀਆਂ ਭਾਸ਼ਾਵਾਂ ਦੀ ਵਰਤੋਂ ਕਰਦਾ ਦੇਖ ਸਕਦੇ ਹੋ। ਠੇਠ ਪੰਜਾਬੀ ਤਾਂ ਕਿਤੇ ਵਿਰਲੀ ਹੀ ਸੁਣਨ ਨੂੰ ਮਿਲਦੀ ਹੈ । ਹੁਣ ਸਵਾਲ ਇਹ ਉਠਦਾ ਹੈ ਕਿ ਅਸੀਂ ਕਿਓਂ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇਂ ਹਾਂ?ਕਿਓਂ ਅਸੀਂ ਪੰਜਾਬੀ ਬੋਲਣ ਵਿਚ ਸ਼ਰਮ ਮਹਿਸੂਸ ਕਰਦੇ ਹਾਂ ?ਹਾਲਾਂਕਿ ਸਾਨੂ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ । ਹਰ ਇੱਕ ਦੇਸ਼ ਨੂੰ ਆਪਣੀ ਮਾਂ ਬੋਲੀ ਉੱਤੇ ਮਾਣ ਹੈ ਜਿਵੇਂ ਅਮਰੀਕਾ ਵਾਲੇ ਅੰਗ੍ਰੇਜੀ ਬੋਲਦੇ ਨੇ ਸਪੈਨ ਵਾਲੇ ਸਪੈਨਿਸ਼ ਬੋਲਦੇ ਨੇ ਇਸੇ ਤਰਾਂ ਹੋਰ ਦੇਸ਼ਾਂ ਵਾਲੇ ਆਪਣੀ-ਆਪਣੀ ਭਾਸ਼ਾਂ ਨੂੰ ਮੁਖ ਰਖਦੇ ਨੇ ਤੇ ਬੋਲ ਕੇ ਮਾਣ ਮਹਿਸੂਸ ਕਰਦੇ ਨੇ । ਯੂਰਪ ਦੇ ਬਹੁਤ ਸਾਰੇ ਦੇਸ਼ ਨੇ ਜਿਹਨਾ ਨੂੰ ਸਿਰਫ ਆਪਣੀ ਭਾਸ਼ਾ ਅਉਂਦੀ ਹੈ ਅਤੇ ਦੂਸਰੀਆਂ ਭਾਸ਼ਾਂਵਾਂ ਦਾ ਉਹਨਾ ਨੂੰ ਨਾ-ਮਾਤਰ ਗਿਆਂਨ ਹੈ ਕਿ ਓਹ ਦੇਸੀ ਨੇ ,ਤੇ ਫੇਰ ਅਸੀਂ ਕਿਓਂ ਆਪਣੇ ਆਪ ਨੂੰ ਦੇਸੀ ਸਮਝਦੇ ਹਾਂ । ਸਾਨੂੰ ਵੀ ਆਪਣੀ ਮਾਂ ਬੋਲੀ ਉੱਤੇ ਮਾਣ ਹੋਣਾ ਚਾਹੀਦਾ ਹੈ । ਅਸੀਂ ਬਚਿਆ ਨਾਲ ਕਿਨੀ ਕੁ ਪੰਜਾਬੀ ਵਿਚ ਗੱਲ ਕਰਦੇ ਹਾਂ? ਇਹ ਤੁਸੀਂ ਸਭ ਆਪਣੇ ਆਪ ਤੋਂ ਪ੍ਰਸ਼ਨ ਕਰੋ। ਆਮ ਪੰਜਾਬੀ ਘਰਾਂ ਵਿਚ ਜੇ ਮਾਪੇ ਕੀਤੇ ਚਾਰ ਜਮਾਤਾਂ ਪੜ੍ਹੇ ਹੁੰਦੇ ਨੇ ਤਾਂ ਬਚਿਆਂ ਨਾਲ ਅੰਗ੍ਰੇਜੀ ਅਤੇ ਹਿੰਦੀ ਵਿਚ ਗੱਲ ਕਰਦੇ ਮੈਂ ਦੇਖੇ ਨੇ। ਮਾਪੇ ਇਓ ਸੋਚਦੇ ਨੇ ਕੀਤੇ ਗੁਆਂਢੀਆ ਦਾ ਬੱਚਾ ਸਾਡੇ ਬੱਚੇ ਤੋਂ ਪਹਿਲਾ ਅੰਗ੍ਰੇਜੀ  ਬੋਲਣਾ  ਨਾ ਸਿਖ ਜਾਏ। ਮਾਂ ਬੋਲੀ ਦਾ ਗਲਾ ਨਾ ਘੁਟੋ ਪੰਜਾਬੀਓ ਇਸ ਦਾ ਕੁਝ ਤਾਂ ਸਤਿਕਾਰ ਕਰੋ ਇਸ ਨੇ  ਸਾਨੂੰ ਬਹੁਤ ਕੁਝ ਦਿੱਤਾ ਹੈ ਇਹ ਸਾਥੋਂ ਜਿਆਦਾ ਕੁਝ ਨਹੀ ਮੰਗਦੀ ਬਸ ਇਹੀ ਕੇ  ਇਸ ਨੂੰ ਵਿਸਾਰੋ ਨਾ। ਸਾਡੀ ਹਸਤੀ ਸਾਡੀ ਪਹਿਚਾਨ ਸਾਡੀ ਮਾਂ ਬੋਲੀ ਸਦਕਾ ਹੈ ਇਥੇ ਕਿਸੇ ਸ਼ਾਇਰ ਦੀਆਂ ਬਹੁਤ ਹੀ ਖੂਬਸੂਰਤ ਲਿਖਿਆ ਸਤਰਾਂ ਯਾਦ ਆਉਂਦੀਆਂ ਨੇ  ਸ਼ਾਇਰ ਲਿਖਦਾ ਹੈ :- 

ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ

ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ

ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ

ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ

ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ

ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ।

ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ

ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ

ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ..

ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ

ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ

ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ..

ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ

ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ

ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ

ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ…

‘ਪੰਜਾਬੀਓ ਜਿਥੋ ਤੱਕ ਹੋ ਸਕੇ ਪੰਜਾਬੀ ਵਿਚ ਗੱਲ ਕਰਦੇ ਸਮੇ ਹੋਰ ਕਿਸੇ ਭਾਸ਼ਾ ਦਾ ਪ੍ਰਯੋਗ ਨਾ ਕੀਤਾ ਜਾਵੇ ਤਾਂਕਿ ਅਸੀਂ ਆਪਣੀ ਪੁਰਾਤਨ ਮਾਂ ਬੋਲੀ ਨੂੰ ਜਿਓੰਦਿਆਂ ਰਖ ਸਕੀਏ । ਅੱਜ ਤੋ ੫੦ ਸਾਲ ਪਹਿਲਾ ਪੰਜਾਬੀ ਭਾਸ਼ਾ ਦਾ ਇਤਿਹਾਸ ਦੇਖੋ ਅਤੇ ਹੁਣ ਦਾ ਫਰਕ ਤੁਹਾਡੇ ਸਾਹਮਣੇ ਹੋਵੇਗਾ ,ਜੋ ਕੀ ਹੁਣ ਕਮਜੋਰ ਹੁੰਦੀ ਨਜਰ ਆ ਰਹੀ ਹੈ। ਆਓ ਪੰਜਾਬੀਓ ਫਿਰ ਕਰੀਏ ਪਿਆਰ ਪੰਜਾਬੀ ਨਾਲ, ਸਿਰ ਉੱਚਾ ਕਰਕੇ ਮਾਣ ਨਾਲ ਬੋਲੀਏ ਸਾਡੇ ਗੁਰੂਆਂ –ਪੀਰਾਂ ਦੀ ਬੋਲੀ ਨੂੰ ਤਾਂ ਕੇ  ਅਸੀਂ ਇਸ ਨੂੰ ਸੰਭਾਲ ਸਕੀਏ । ਵਾਸਤਾ ਹੈ ਪੰਜਾਬੀਅਤ ਦਾ ਪੰਜਾਬੀਓ ,ਪੰਜਾਬੀ ਵੱਲ ਪਰਤ ਆਓ । 



Post Comment


ਗੁਰਸ਼ਾਮ ਸਿੰਘ ਚੀਮਾਂ