ਕਹਿੰਦਾ ਜੱਸੋਵਾਲ ਸ਼ੇਰ ਬੱਗਿਆ।
ਸੁਣ ਤੂੰ ਦੁੱਲਿਆ- ਸੁਣ ਤੂੰ ਜੱਗਿਆ।
ਮੇਲਾ ਮੋਹਣ ਸਿੰਘ ਦਾ ਲੱਗਿਆ। ਪਰਗਟਾ ਕਹਿ ਗੁਰਮੇਲੇ ਨੂੰ।
ਨਾਭੇ ਸ਼ਹਿਰ ਰੌਣਕਾਂ ਲੱਗੀਆਂ। ਦੁਨੀਆਂ ਜਾਂਦੀ ਮੇਲੇ ਨੂੰ।
* ਖਲਕਤ ਦੂਰੋਂ-ਦੂਰੋਂ ਆਉਣੀ।
ਬਾਜ਼ੀਗਰਾਂ ਬਾਜੀ ਹੈ ਪਾਉਣੀ,
ਬੀਨਾਂ ਵਾਲਿਆਂ ਬੀਨ ਵਜਾਉਣੀ।
ਰੌਣਕ ਪਹਿਲਵਾਨਾਂ ਨੇ ਲਾਉਣੀ। ਸੱਦ ਲਿਆ ਤੂੰ ਜਗਮੇਲੇ ਨੂੰ।
ਨਾਭੇ ਸ਼ਹਿਰ ਰੌਣਕਾਂ ਲੱਗੀਆਂ…
* ਰਾਵਣ ਹੈ ਨਸ਼ਿਆਂ ਦਾ ਸਾੜਨਾ,
ਨਿੰਮ ਦੇ ਉੱਤੇ ਕਰੇਲਾ ਚਾੜਨਾ।
ਕਰਨੀ ਕੁੱਲ ਪੰਜਾਬ ਨੂੰ ਤਾੜਨਾ।
ਮੁੜ ਕੇ ਨਸ਼ਾ ਘਰੇ ਨੀ ਵਾੜਨਾ। ਕਹਿੰਦੇ ਤੂੰ ਜਸਮੇਲੇ ਨੂੰ।
ਨਾਭੇ ਸ਼ਹਿਰ ਰੌਣਕਾਂ ਲੱਗੀਆਂ…
* ਉੱਠ ਖੜ ਹੋ ਤਿਆਰ ਤੂੰ ਗੱਜਣਾ।
ਤੂੰ ਵੀ ਸੁਣ ਲੈ ਸੁਰਜਣਾ ਸੱਜਣਾ।
ਖਾੜਾ ਗੌਣ ਦਾ ਉੱਥੇ ਲੱਗਣਾ।
ਤੂੰਬੀ ਨਾਲ ਦੋਤਾਰਾ ਵੱਜਣਾ। ਦੱਸਦਾ ਸਾਧ ਹੈ ਚੇਲੇ ਨੂੰ।
ਨਾਭੇ ਸ਼ਹਿਰ ਰੌਣਕਾਂ ਲੱਗੀਆਂ…
* ਮੇਲਾ ਜੱਸੋਵਾਲ ਜਦ ਲਾਉਂਦਾ।
ਜੱਟ ਤਾਂ ਧੰਨ ਧੰਨ ਕਰਵਾਉਂਦਾ।
ਜਿਹੜਾ ਸੱਭਿਆਚਾਰ ਬਚਾਉਂਦਾ।
ਸਾਰਾ ਮੁਲਖ ਮੇਲੇ ਵਿਚ ਆਉਂਦਾ। ਜੋੜ ਟਰੈਕਟਰ ਠੇਲੇ ਨੂੰ।
ਨਾਭੇ ਸ਼ਹਿਰ ਰੌਣਕਾਂ ਲੱਗੀਆਂ…
* ਕਹਿੰਦਾ ‘ਦੇਵ ਥਰੀਕਿਆਂ’ ਵਾਲਾ।
ਮੇਲੇ ਚੱਲ ਤੂੰ ਲਾ ਨਾ ਟਾਲ੍ਹਾ।
ਨਾਭੇ ਜਾਣਾ ਬੜਾ ਸੁਖਾਲਾ।
ਆਹ ਚੁੱਕ ਚਾਬੀ ਖੋਲ੍ਹੇ ਕੇ ਭਾਲ੍ਹਾ, ਲੈ ਲੈ ਪੇਸੇ ਧੇਲੇ ਨੂੰ।
ਨਾਭੇ ਸ਼ਹਿਰ ਰੌਣਕਾਂ ਲੱਗੀਆਂ- ਦੁਨੀਆਂ ਜਾਂਦੀ ਮੇਲੇ ਨੂੰ।
ਦੇਵ ਥਰੀਕਿਆਂ ਵਾਲਾ