ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 20, 2012

ਮਹਾਂਕਵੀ ਭਾਈ ਸੰਤੋਖ ਸਿੰਘ ਜੀ


ਭਾਈ ਸਾਹਿਬ ਭਾਈ ਸੰਤੋਖ ਸਿੰਘ, ਜਿਨ੍ਹਾਂ ਨੂੰ ਮਹਾਂਕਵੀ ਚੂੜਾਮਣੀ ਕਵੀ ਕਰਕੇ ਪੁਕਾਰਿਆ ਜਾਂਦਾ ਹੈ, ਨੇ ਸਿੱਖ ਇਤਿਹਾਸ ਨੂੰ ਵਿਸਥਾਰ ਸਹਿਤ ਸੂਰਜ ਪ੍ਰਕਾਸ਼ ਵਿੱਚ ਸੰਭਾਲਿਆ ਹੈ। ਉਸ ਦੀ ਬਰਾਬਰੀ ਹੋਰ ਕੋਈ ਇਤਿਹਾਸਕ ਪੁਸਤਕ ਨਹੀਂ ਕਰ ਸਕਦੀ। ਇਸ ਪੁਸਤਕ ਦਾ ਪੂਰਾ ਨਾਂ ‘ਸ੍ਰੀ ਗੁਰਪ੍ਰਤਾਪ ਸੂਰਜ’ ਹੈ, ਜਿਸ ਨੂੰ ਚਲੰਤ ਨਾਂ ‘ਸੂਰਜ ਪ੍ਰਕਾਸ਼’ ਦਿੱਤਾ ਗਿਆ ਹੈ। ਅੱਜ ਤੋਂ 223 ਸਾਲ ਪਹਿਲਾਂ ਭਾਈ ਸੰਤੋਖ ਸਿੰਘ ਦਾ ਜਨਮ ਸੰਨ 1757 ਈਸਵੀ (7 ਅੰਸੂ 1844) ਬਿਕਰਮੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਛੋਟੇ ਪਿੰਡ ਨੂਰ ਦੀ ਸਰਾਂ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਾਈ ਦੇਵਾ ਸਿੰਘ ਅਤੇ ਮਾਤਾ ਰਜਾਈ ਜੀ ਜਾਂ ਰੱਜੀ ਸਨ। ਉਨ੍ਹਾਂ ਅੰਮ੍ਰਿਤਸਰ ਵਿਖੇ ਭਾਈ ਸੰਤ ਸਿੰਘ ਪਾਸੋਂ ਵਿਦਿਆ ਪ੍ਰਾਪਤ ਕੀਤੀ। ਉਹ ਵਿਦਿਆ ਵਿੱਚ ਬੜੇ ਚਤੁਰ ਅਤੇ ਹੁਸ਼ਿਆਰ ਸਨ। ਆਪ ਮਹਾਰਾਜਾ ਉਦੈ ਸਿੰਘ ਦੇ ਦਰਬਾਰੀ ਕਵੀ ਵੀ ਬਣੇ। ਮਹਾਰਾਜਾ ਪਟਿਆਲਾ ਅਤੇ ਕੈਥਲ ਦੇ ਮਹਾਰਾਜ ਉਦੈ ਸਿੰਘ ਦੀ ਪ੍ਰੇਰਨਾ ‘ਤੇ ਉਨ੍ਹਾਂ ਸਿੱਖ ਇਤਿਹਾਸ ਲਿਖਣਾ ਸ਼ੁਰੂ ਕੀਤਾ ਸੀ। ਗੁਰਪ੍ਰਤਾਪ ਸੂਰਜ ਤੋਂ ਬਿਨਾਂ ਭਾਈ ਸਾਹਿਬ ਨੇ ਨਾਮ ਕੋਸ਼, ਸ੍ਰੀ ਨਾਨਕ ਪ੍ਰਕਾਸ਼, ਪੰਜਾਬੀ ਸੀਹਰਫੀ, ਗਰਬ ਗੰਜਨੀ, ਬਾਲਮੀਕੀ ਰਮਾਇਣ ਅਤੇ ਆਤਮ ਪੁਰਾਣ ਆਦਿ ਪੁਸਤਕਾਂ ਵੀ ਲਿਖੀਆਂ। ਕੈਥਲ ਵਿੱਚ ਹੀ ਲਗਪਗ 56 ਸਾਲ ਦੀ ਉਮਰ ਵਿੱਚ ਉਹ ਚਲਾਣਾ ਕਰ ਗਏ। ਉਹ ਬ੍ਰਿਜ ਭਾਸ਼ਾ ਤੇ ਪੰਜਾਬੀ ਦੇ ਮਹਾਨ ਵਿਦਵਾਨ ਲਿਖਾਰੀ ਹੋਏ ਹਨ। ਸੂਰਜ ਪ੍ਰਕਾਸ਼ ਗ੍ਰੰਥ ਭਾਈ ਸਾਹਿਬ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰਕੇ ਤਿਆਰ ਕੀਤਾ। ਏਨੀ ਵੱਡੀ ਪੁਸਤਕ ਸੰਸਾਰ ਭਰ ਵਿੱਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ। ਵਰਤਮਾਨ ਸਦੀ ਦੇ ਜਿੰਨੇ ਲੇਖਕਾਂ ਨੇ ਸਿੱਖ ਇਤਿਹਾਸ ਲਿਖਿਆ ਹੈ, ਉਨ੍ਹਾਂ ਨੇ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾਇਆ ਹੈ।
ਸੂਰਜ ਪ੍ਰਕਾਸ਼ ਦੇ ਕੁੱਲ 115 ਅਧਿਆਏ ਹਨ। 64 ਹਜ਼ਾਰ ਤੋਂ ਵੱਧ ਛੰਦ ਹਨ, ਜਿਨ੍ਹਾਂ ਦੀਆਂ ਲਗਪਗ ਢਾਈ ਲੱਖ ਸਤਰਾਂ ਹਨ। ਇਸ ਗ੍ਰੰਥ ਦੀਆਂ ਕੁੱਲ 14 ਜਿਲਦਾਂ ਹਨ ਅਤੇ 6 ਹਜ਼ਾਰ ਪੰਨੇ ਹਨ। ਉੱਘੇ ਵਿਦਵਾਨ ਪ੍ਰੋ. ਪਿਆਰਾ ਸਿੰਘ ਪਦਮ ਨੇ ਭਾਈ ਸਾਹਿਬ ਦਾ ਜੀਵਨ ਲਿਖਦਿਆਂ ਇਕ ਥਾਂ ਲਿਖਿਆ ਹੈ ਕਿ ਜੇਕਰ ਸਿੱਖ ਕੌਮ ਦੀ ਸਦੀ ਵਾਰ ਪ੍ਰਤੀਨਿਧ ਵਿਦਵਾਨਾਂ ਦੀ ਚੋਣ ਕੀਤੀ ਜਾਵੇ ਤਾਂ 17ਵੀਂ ਸਦੀ ਵਿੱਚ ਭਾਈ ਗੁਰਦਾਸ, 18ਵੀਂ ਸਦੀ ‘ਚ ਭਾਈ ਮਨੀ ਸਿੰਘ, 19ਵੀਂ ਸਦੀ ਵਿੱਚ ਭਾਈ ਸੰਤੋਖ ਸਿੰਘ ਅਤੇ 20ਵੀਂ ਸਦੀ ਦੇ ਮੁਖੀ ਵਿਦਵਾਨ ਭਾਈ ਵੀਰ ਸਿੰਘ ਜੀ ਨੂੰ ਆਧਾਰ ਬਣਾਇਆ ਹੈ।
ਸਿੱਖ ਕੌਮ ਨੂੰ ਆਪਣੇ ਇਸ ਮਹਾਨ ਇਤਿਹਾਸਕਾਰ ਦੀ ਜੀਵਨੀ ਅਤੇ ਉਸ ਦੀ ਰਚਨਾ ਨੂੰ ਵੱਧ ਤੋਂ ਵੱਧ ਪ੍ਰਚਾਰਨਾ ਅਤੇ ਸਤਿਕਾਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੇ ਸਿੱਖ ਰੈਫਰੈਂਸ ਲਾਇਬਰੇਰੀ ਅੰਮ੍ਰਿਤਸਰ ਦੇ ਵੱਡੇ ਭਵਨ ਦਾ ਨਾਂ ‘ਮਹਾਂਕਵੀ ਸੰਤੋਖ ਸਿੰਘ ਹਾਲ’ ਰੱਖਿਆ ਹੈ, ਜੋ ਸ਼ਲਾਘਾਯੋਗ ਹੈ, ਪਰ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਕਮੇਟੀ ਨੂੰ ਭਾਈ ਸਾਹਿਬ ਦੀਆਂ ਰਚਨਾਵਾਂ ‘ਤੇ ਹੋਰ ਖੋਜ ਕਰਵਾਉਣੀ ਚਾਹੀਦੀ ਹੈ। ਭਾਈ ਸਾਹਿਬ ਦੁਆਰਾ ਲਿਖਿਆ ਬਹੁਤ ਸਾਰਾ ਹੱਥ ਲਿਖਤ ਖਰੜਾ ਸਾਕਾ ਨੀਲਾ ਤਾਰਾ (1984) ਵਿੱਚ ਅਗਨ ਭੇਟ ਹੋ ਗਿਆ। ਸੂਰਜ ਪ੍ਰਕਾਸ਼ ਦੀ ਛਪਾਈ ਵੀ ਨਵੇਂ ਸਿਰਿਓਂ ਹੋਣੀ ਚਾਹੀਦੀ ਹੈ। ਭਾਸ਼ਾ ਵਿਭਾਗ ਨੇ ਕੁਝ ਜਿਲਦਾਂ ਛਾਪੀਆਂ ਹਨ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਭਾਈ ਸਾਹਿਬ ਨੇ ਪਿੰਡ ਨੂਰ ਦੀ ਸਰਾਂ, ਜਿਸ ਦਾ ਨਾਂ ਹੁਣ ਕਿਲਾ ਸੰਤੋਖ ਸਿੰਘ ਰੱਖਿਆ ਗਿਆ ਹੈ, ਦਾ ਪੂਰਾ ਵਿਕਾਸ ਕਰੇ ਤਾਂ ਜੋ ਭਾਈ ਜੀ ਦੀ ਸਾਹਿਤ ਸੇਵਾ ਨੂੰ ਮਾਨਤਾ ਮਿਲੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਭਾਈ ਸੰਤੋਖ ਸਿੰਘ ਚੇਅਰਜ਼ ਸਥਾਪਤ ਕੀਤੀਆਂ ਜਾਣ।
ਹਰਿਆਣਾ ਸਰਕਾਰ ਨੂੰ ਕੈਥਲ ਨਗਰ ਮਹਾਂਕਵੀ ਦੇ ਨਾਲ ਸਬੰਧਤ ਕਰਨਾ ਚਾਹੀਦਾ ਹੈ। ਹਰਿਆਣਾ ਸਰਕਾਰ ਨੇ ਭਾਈ ਸਾਹਿਬ ਦੇ ਨਾਂ ‘ਤੇ ਸਾਲਾਨਾ ਐਵਾਰਡ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੂੰ ਅਜਿਹਾ ਐਵਾਰਡ ਜਾਰੀ ਕਰਨਾ ਚਾਹੀਦਾ ਹੈ।
ਜਿਸ ਘਰ ਵਿੱਚ ਮਹਾਂਕਵੀ ਨੇ ਜਨਮ ਲਿਆ ਉਥੇ ਪਹਿਲਾਂ ਟਾਂਕ ਕਸ਼ੱਤਰੀ ਬਰਾਦਰੀ ਨੇ ਗੁਰਦੁਆਰਾ ਬਣਾਇਆ, ਜਿਸ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਨਵੇਂ ਸਿਰਿਓਂ ਬਹੁਤ ਸ਼ਾਨਦਾਰ ਉਸਾਰਿਆ।
ਵਿਦੇਸ਼ਾਂ ਵਿੱਚ ਕਵੀਆਂ, ਲੇਖਕਾਂ, ਪੱਤਰਕਾਰਾਂ ਦੇ ਨਾਵਾਂ ‘ਤੇ ਸੜਕਾਂ ਤੇ ਯਾਦਗਾਰਾਂ ਉਸਾਰੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਮਹਾਂਕਵੀ ਦੇ ਪਿੰਡ ਨੂੰ ਬਹੁਤ ਸੁੰਦਰ ਵਿਦਿਅਕ ਕੇਂਦਰ ਅਤੇ ਟੂਰਿਸਟ ਕੇਂਦਰ ਦੇ ਰੂਪ ਵਿੱਚ ਉਸਾਰੇ ਤਾਂ ਜੋ ਦੂਜੇ ਦੇਸ਼ਾਂ ਦੇ ਲੋਕ ਇਸ ਮਹਾਨ ਜੀਵਨ ਬਾਰੇ ਜਾਣਕਾਰੀ ਅਤੇ ਪ੍ਰੇਰਨਾ ਪ੍ਰਾਪਤ ਕਰਨ। ਭਾਈ ਸਾਹਿਬ ਦੀ ਕਵਿਤਾ ਵਿੱਚ ਬੜੀ ਉਚ ਪਾਏ ਦੀ ਰਵਾਨਗੀ ਹੈ। ਦਸ਼ਮੇਸ਼ ਪਿਤਾ ਬਾਰੇ ਉਹ ਲਿਖਦੇ ਹਨ ਕਿ ਜੇ ਦਸਮ ਪਿਤਾ ਅਵਤਾਰ ਨਾ ਧਰਦੇ ਤਾਂ ਹਿੰਦੂ ਸੰਸਕ੍ਰਿਤੀ ਮਿਟ ਜਾਣੀ ਸੀ।
ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ,
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ
ਪਾਪ ਪਰਪੱਕ ਜਾਤੇ ਧਰਮ ਧਸੱਕ ਜਾਤੇ,
ਵਰਨ ਗਰਕ ਜਾਤੇ ਸਾਹਿਤ ਬਿਧਾਨ ਕੀ
ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ,
ਰੀਤਿ ਮਿਟ ਜਾਤੀ ਸਭ ਬੇਦਨ ਪੁਰਾਨ ਕੀ
ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤਿ ਨਾ ਹੋਤੀ ਜਉਪੈ ਕਰੁਣਾ ਨਿਧਾਨ ਕੀ।।

ਆਪ ਨੂੰ ਹਿੰਦੀ, ਸੰਸਕ੍ਰਿਤ, ਫਾਰਸੀ ਅਤੇ ਪੰਜਾਬੀ ਦਾ ਵਿਸ਼ਾਲ ਗਿਆਨ ਸੀ। ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਆਪ ਦੀ ਇੱਕ ਮਹਾਨ ਰਚਨਾ ਹੈ ਜਿਸ ਵਿੱਚ ਗੁਰੂ-ਪਰੰਪਰਾ ਦੇ ਇਤਿਹਾਸ ਨੂੰ ਵਿਸਥਾਰ ਨਾਲ ਕਾਵਿ ਰੂਪ ਦਿੱਤਾ ਗਿਆ ਹੈ।  ਸਾਹਿਤ ਦੇ ਰੀਤੀ ਕਾਲ (ਸੰਮਤ 1700 ਤੋਂ 1900 ਤਕ ਦਾ ਕਾਲ) ਵਿੱਚ ਭਾਈ ਸੰਤੋਖ ਸਿੰਘ ਅੰਤਲੇ ਚਰਨ ਦੇ ਕਵੀ ਸਨ। ਆਪ ਦੇ ਸਾਹਿਤ ਜਗਤ ਨੂੰ ਦਿੱਤੇ ਵੱਡਮੁੱਲੇ ਯੋਗਦਾਨ ਦੀ ਪਛਾਣ ਹੀ ਆਪ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।

ਬੇਅੰਤ ਸਿੰਘ ਸਰਹੱਦੀ

post by: gursham singh 


Post Comment


ਗੁਰਸ਼ਾਮ ਸਿੰਘ ਚੀਮਾਂ