ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 23, 2012

ਕੋਹੇਨੂਰ ਹੀਰਾ ਅੰਗਰੇਜ਼ਾਂ ਕੋਲ ਕਿਵੇਂ ਗਿਆ?

ਲੰਦਨ ਵਿਖੇ 1851 ਵਿਚ ਹੋਈ ਨੁਮਾਇਸ਼ ਵਿਚ
ਕੋਹੇਨੂਰ ਹੀਰੇ ਨੂੰ ਪ੍ਰਦਰਸ਼ਿਤ ਕਰਦਾ ਇਕ ਰੇਖਾ-ਚਿੱਤਰ।

ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਤੋਂ, ਜੋ ਪਹਿਲਾਂ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ, ਕੋਹੇਨੂਰ ਹੀਰਾ ਕਿਵੇਂ ਲਿਆ ਸੀ? ਇਸ ਸਬੰਧ ਵਿਚ ਅੰਗਰੇਜ਼ਾਂ ਦੀਆਂ 19ਵੀਂ ਸਦੀ ਦੇ ਪੰਜਾਬ ਬਾਰੇ ਲਿਖਤਾਂ ਵਿਚ ਕਈ ਥਾਵਾਂ 'ਤੇ ਜ਼ਿਕਰ ਆਉਂਦਾ ਹੈ। ਇਨ੍ਹਾਂ ਵਿਚੋਂ ਬਹੁਤੀਆਂ ਲਿਖਤਾਂ ਆਪਹੁਦਰੀਆਂ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕਾਰਜ ਦਾ ਦੋਸ਼ੀ ਠਹਿਰਾਉਂਦੀਆਂ ਹਨ ਪਰ ਜਦੋਂ ਅੰਗਰੇਜ਼ਾਂ ਨੇ ਕੋਹੇਨੂਰ ਹੀਰਾ ਬਾਲ ਮਹਾਰਾਜਾ ਦਲੀਪ ਸਿੰਘ ਤੋਂ ਆਪ ਹਥਿਆ ਲਿਆ ਸੀ ਤਾਂ ਉਹ ਨਿਆਂ, ਇਨਸਾਫ, ਨੈਤਿਕਤਾ ਅਤੇ ਸਦਾਚਾਰਤਾ ਆਦਿ ਦੇ ਉਹ ਸਾਰੇ ਮਾਪਦੰਡ ਭੁੱਲ ਗਏ ਸਨ, ਜੋ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਉੱਤੇ ਸ਼ਾਹ ਸ਼ੁਜਾਹ ਤੋਂ ਕੋਹੇਨੂਰ ਹੀਰਾ ਲੈਣ ਲਈ ਲਾਗੂ ਕੀਤੇ ਸਨ। ਸਗੋਂ ਅੰਗਰੇਜ਼ਾਂ ਨੇ ਬਾਲ ਮਹਾਰਾਜਾ ਦਲੀਪ ਸਿੰਘ ਤੋਂ ਕੋਹੇਨੂਰ ਹੀਰੇ ਨੂੰ ਹਥਿਆਉਣ ਦੇ ਕਾਰਜ ਉੱਤੇ ਪਰਦਾ ਪਾਉਣ ਲਈ ਇਹ ਬਣਾਉਟੀ ਗੱਲ ਬਣਾ ਲਈ ਸੀ ਕਿ ਇਹ ਹੀਰਾ ਬਾਲ ਮਹਾਰਾਜਾ ਦਲੀਪ ਸਿੰਘ ਨੇ ਬਰਤਾਨੀਆ ਦੀ ਮਹਾਰਾਣੀ ਵਿਕਟੋਰੀਆ ਨੂੰ ਆਪਣੀ ਮਰਜ਼ੀ ਨਾਲ ਭੇਟ ਕੀਤਾ, ਜੋ ਮਹਾਰਾਣੀ ਵਿਕਟੋਰੀਆ ਨੇ ਸੰਕੋਚ ਅਤੇ ਝਿਜਕ ਨਾਲ ਸਵੀਕਾਰ ਕੀਤਾ ਸੀ।

ਪਰ ਇਹ ਕਿਵੇਂ ਹੋ ਸਕਦਾ ਹੈ ਕਿ ਬਾਲ ਮਹਾਰਾਜਾ ਜੋ ਕਦੇ ਮਹਾਰਾਣੀ ਵਿਕਟੋਰੀਆ ਨੂੰ ਮਿਲਿਆ ਤੱਕ ਵੀ ਨਹੀਂ ਸੀ, ਆਪਣੀ 11 ਵਰ੍ਹਿਆਂ ਦੀ ਛੋਟੀ ਉਮਰ ਵਿਚ ਅਜਿਹੀ ਭੇਟ ਦੇਣ ਬਾਰੇ ਸੋਚ ਵੀ ਸਕਦਾ ਸੀ। ਲਾਹੌਰ ਵਿਖੇ ਮਾਰਚ 29, 1849 ਈ: ਨੂੰ ਅੰਗਰੇਜ਼ਾਂ ਅਤੇ ਸਿੱਖ ਦਰਬਾਰ ਵਿਚਕਾਰ ਹੋਈ ਸੰਧੀ ਦੀ ਤੀਜੀ ਸ਼ਰਤ ਵਿਚ ਸਪਸ਼ਟ ਲਿਖਿਆ ਸੀ ਕਿ ਬਾਲ ਮਹਾਰਾਜਾ ਦਲੀਪ ਸਿੰਘ ਨੂੰ ਕੋਹੇਨੂਰ ਹੀਰਾ ਬਰਤਾਨੀਆ ਦੀ ਮਹਾਰਾਣੀ ਦੇ ਹਵਾਲੇ ਕਰਨਾ ਪਵੇਗਾ। ਇਸ ਲਈ ਕੋਹੇਨੂਰ ਹੀਰਾ ਭੇਟ ਕਰਨ ਵਾਲੀ ਗੱਲ ਸਰਾਸਰ ਪਖੰਡ ਹੈ।

ਬਾਲ ਮਹਾਰਾਜਾ ਦਲੀਪ ਸਿੰਘ ਇਸ ਹੀਰੇ ਤੋਂ ਵਾਂਝਿਆਂ ਹੋ ਜਾਣ ਤੋਂ ਪੂਰੀ ਤਰ੍ਹਾਂ ਸੁਚੇਤ ਸੀ। ਕੋਹੇਨੂਰ ਹੀਰੇ ਨੂੰ ਅੰਗਰੇਜ਼ਾਂ ਰਾਹੀਂ ਹਥਿਆਉਣ ਉਪਰੰਤ ਜਦੋਂ ਉਸ ਦਾ ਜਨਮ ਦਿਨ ਆਇਆ ਤਾਂ ਉਹ ਉਦਾਸ ਸੀ ਅਤੇ ਉਸ ਨੇ ਕਿਹਾ ਕਿ ਉਸ ਦੇ ਪਿਛਲੇ ਜਨਮ ਦਿਹਾੜੇ ਸਮੇਂ ਉਸ ਦੀ ਬਾਂਹ ਉੱਤੇ ਕੋਹੇਨੂਰ ਹੀਰਾ ਵੀ ਬੰਨ੍ਹਿਆ ਗਿਆ ਸੀ, ਜੋ ਹੁਣ ਉਸ ਕੋਲੋਂ ਖੁੱਸ ਗਿਆ ਸੀ।

ਅੰਗਰੇਜ਼ਾਂ ਦੇ ਕਬਜ਼ੇ ਵਿਚ ਇਹ ਹੀਰਾ ਸਭ ਤੋਂ ਪਹਿਲਾਂ ਜਾਨ ਲਾਰੈਂਸ, ਜੋ ਕੌਂਸਲ ਆਫ ਰੀਜੰਸੀ ਦਾ ਮੈਂਬਰ ਸੀ, ਦੀ ਨਿਗਰਾਨੀ ਹੇਠ ਰਿਹਾ। ਬਾਅਦ ਵਿਚ ਬਾਲ ਦਲੀਪ ਸਿੰਘ ਦੇ ਅੰਗਰੇਜ਼ਾਂ ਵੱਲੋਂ ਨਿਯੁਕਤ ਕੀਤੇ ਗਏ ਨਿਗਰਾਨ ਡਾ: ਜਾਨ ਲਾਗਨ ਦੀ ਰਖਵਾਲੀ ਹੇਠ ਰਿਹਾ। ਗਵਰਨਰ ਜਨਰਲ ਲਾਰਡ ਡਲਹੌਜ਼ੀ ਆਪਣੀ ਆਪਣੀ ਨਿੱਜੀ ਰਖਵਾਲੀ ਹੇਠ ਇਸ ਨੂੰ ਲਾਹੌਰ ਤੋਂ ਮੁੰਬਈ ਲੈ ਕੇ ਗਿਆ। ਫਿਰ ਸਮੁੰਦਰੀ ਜਹਾਜ਼ ਰਾਹੀਂ ਸਖਤ ਸੁਰੱਖਿਆ ਪ੍ਰਬੰਧ ਅਧੀਨ ਇਸ ਨੂੰ ਇੰਗਲੈਂਡ ਪਹੁੰਚਾਇਆ ਗਿਆ ਅਤੇ ਰਸਮੀ ਢੰਗ ਨਾਲ ਮਹਾਰਾਣੀ ਵਿਕਟੋਰੀਆ ਦੇ ਸਪੁਰਦ ਕੀਤਾ ਗਿਆ।

ਲੰਦਨ ਵਿਖੇ 1851 ਵਿਚ ਹੋਈ ਨੁਮਾਇਸ਼ ਵਿਚ ਕੋਹੇਨੂਰ ਹੀਰੇ ਨੂੰ ਆਮ ਜਨਤਾ ਦੇ ਦੇਖਣ ਲਈ ਪ੍ਰਦਰਸ਼ਿਤ ਕੀਤਾ ਗਿਆ ਸੀ। ਇਥੇ ਪ੍ਰਕਾਸ਼ਤ ਕੀਤਾ ਗਿਆ ਰੇਖਾ ਚਿੱਤਰ ਇਸ ਨੁਮਾਇਸ਼ ਦਾ ਹੈ, ਜਿਸ ਵਿਚ ਮਹਾਰਾਣੀ ਵਿਕਟੋਰੀਆ ਨੂੰ ਆਪਣੇ ਪਤੀ ਨਾਲ ਇਸ ਹੀਰੇ ਨੂੰ ਦੇਖਦਿਆਂ ਦਿਖਾਇਆ ਗਿਆ ਹੈ।

ਡਾ: ਕੰਵਰਜੀਤ ਸਿੰਘ ਕੰਗ
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com

ਪੋਸਟ ਕਰਤਾ: ਗੁਰਸ਼ਾਮ ਸਿੰਘ 



Post Comment


ਗੁਰਸ਼ਾਮ ਸਿੰਘ ਚੀਮਾਂ