ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 6, 2012

ਸਤਿਗੁਰ ਸ਼ਬਦ ਉਜਾਰੋ ਦੀਪਾ


ਸ਼ਬਦ ਗੁਰੂ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੈ ਜੋ ਪ੍ਰਥਮ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਰੰਭ ਤੋਂ ਹੀ ਦ੍ਰਿੜ ਕਰਵਾਇਆ। ਗੁਰਬਾਣੀ ਵਿਚ ਸ਼ਬਦ ਕੋਈ ਰੋਜ਼ ਭਾਸ਼ਾ ਵਿਚ ਲਿਖਣ ਬੋਲਣ ਵਾਲਾ ਇਕ ਸਾਧਾਰਨ ਲਫਜ਼ ਨਹੀਂ ਬਲਕਿ ਇਹ ਰੱਬੀ ਹੁਕਮ, ਪਰਮਾਤਮਾ ਦੀ ਸੱਦ ਜਾਂ ਇਲਾਹੀ ਨਾਦ ਹੈ ਜੋ ਜਗਿਆਸੂ ਦਾ ਸਿੱਧਾ ਸੰਬੰਧ ਉਸ ਅਦ੍ਰਿਸ਼ਟ ਅਗੰਮ ਤੇ ਅਗੋਚਰ ਪਰਮ-ਪੁਰਖ ਨਾਲ ਜੋੜਦਾ ਹੈ। ਗੁਰਬਾਣੀ ਵਿਚ ਸ਼ਬਦ ਅਤੇ ਬਾਣੀ ਪ੍ਰਾਯਵਾਚੀ ਅਰਥਾਤ ਇਕ ਦੂਜੇ ਦੇ ਪੂਰਕ ਸ਼ਬਦ ਹਨ। ਇਹ ਸ਼ਬਦ ਅਥਵਾ ਬਾਣੀ ਸਤਿਗੁਰੂ ਨੂੰ ਦੈਵੀ ਆਵੇਸ਼ ਨਾਲ ਪ੍ਰਾਪਤ ਹੁੰਦੀ ਰਹੀ। ਇਹ ਸ਼ਬਦ ਜਾਂ ਬਾਣੀ ਕੋਈ ਸਧਾਰਨ ਕਵਿਤਾ ਜਾਂ ਗੀਤ ਨਹੀਂ ਬਲਕਿ ਇਹ ਤਾਂ ਕਰਤਾ ਪੁਰਖ ਦੀ ਬ੍ਰਹਮ ਵੀਚਾਰ ਅਤੇ ਕੀਰਤ ਹੈ। ‘ਲੋਗੁ ਜਾਨੈ ਇਹੁ ਗੀਤ ਹੈ ਇਹੁ ਤਉ ਬ੍ਰਹਮ ਬੀਚਾਰ।’ ਇਸ ਬਾਣੀ ਦੀ ਸ਼ੁਧਤਾ ਅਤੇ ਪ੍ਰਮਾਣਿਕਤਾ ਕਾਇਮ ਰੱਖਣ ਲਈ ਗੁਰੂ ਪਾਤਸ਼ਾਹ ਨੇ ਆਰੰਭ ਤੋਂ ਹੀ ਇਸ ਨੂੰ ਲਿਖਤ ਰੂਪ ਵਿਚ ਪੋਥੀ ਸਾਹਿਬ ਵਿਚ ਸੰਭਾਲਿਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਈ ਪੋਥੀ ਸਾਹਿਬ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਆਧਾਰ ਬਣੀ। ਪੰਚਮ ਪਾਤਸ਼ਾਹ ਨੇ ਉਨ੍ਹਾਂ ਹਿੰਦੂ ਭਗਤਾਂ ਤੇ ਮੁਸਲਮਾਨ ਸੂਫੀ ਫਕੀਰਾਂ ਦੇ ਉਸ ਕਲਾਮ ਨੂੰ ਹੀ ਪ੍ਰਵਾਨ ਕੀਤਾ ਜੋ ਸੱਚ ਦੀ ਕਸਵੱਟੀ ਉੱਤੇ ਤੇ ਸ਼ਰਧਾ ਦੇ ਧਰਮ ਕੰਡੇ ਉੱਤੇ ਪੂਰੀ ਤੁਲ ਗਈ, ‘ਮਨੁ ਸਚੁ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ।’ ਨਿਰੋਲ ਇਲਮ ਦੇ ਭਾਰ ਥੱਲੇ ਚਿੱਬੀ ਹੋਈ ਅਤੇ ਅਨੁਭਵ ਵਿਹੂਣੀ ਬਾਣੀ ਪ੍ਰਵਾਨ ਨਹੀਂ ਕੀਤੀ। ਪੰਚਮ ਪਾਤਸ਼ਾਹ ਨੇ ਪ੍ਰਭੂ ਪਰਮਾਤਮਾ ਵੱਲੋਂ ਪ੍ਰਾਪਤ ਹੋਈ ਬਾਣੀ ਵਿਚ ਸ਼ਾਮਿਲ ਕਰ ਤੇ ਸਾਰੀ ਬਾਣੀ ਨੂੰ ਇਕੱਤਰ ਅਤੇ ਸੰਪਾਦਿਤ ਕਰ ਗੁਰਦੁਆਰਾ ਰਾਮਸਰ ਦੇ ਅਸਥਾਨ ’ਤੇ ਭਾਈ ਗੁਰਦਾਸ ਜੀ ਤੋਂ ਤਕਰੀਬਨ ਨੌਂ ਮਹੀਨਿਆਂ ਵਿਚ ਲਿਖਤ ਰੂਪ ਵਿਚ (ਗੁਰੂ) ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ ਗਈ ਅਤੇ ਸੰਨ 1604 ਈ: ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਦਾ ਪਹਿਲਾ ਪ੍ਰਕਾਸ਼ ਹੋਇਆ,‘ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ।’
ਦੁਨੀਆਂ ਦੇ ਸਾਰੇ ਹੀ ਧਰਮ ਗ੍ਰੰਥ ਸਤਿਕਾਰਿਤ ਹਨ, ਪਰ ਵੇਦ, ਸਿਮਰਤੀਆਂ, ਸ਼ਾਸ਼ਤ੍ਰ, ਕਤੇਬ ਅਰਥਾਤ ਕੁਰਾਨ ਸ਼ਰੀਫ, ਅੰਜੀਲ (ਬਾਈਬਲ) ਆਦਿ ਰਿਸ਼ੀ ਮੁਨੀਆਂ ਪੈਗੰਬਰ ਜਾਂ ਅਵਤਾਰ ਵੱਲੋਂ ਇਨ੍ਹਾਂ ਨੂੰ ਲਿਖਤ ਰੂਪ ਨਹੀਂ ਦਿੱਤਾ ਗਿਆ, ਇਹ ਸਰੁੂਤੀ ਗਿਆਨ ਅਥਵਾ ਮੌਖਿਕ ਰੂਪ ਵਿਚ ਪੀੜ੍ਹੀ ਦਰ ਪੀੜ੍ਹੀ ਚੱਲ ਕੇ ਕਈ ਸਦੀਆਂ ਉਪਰੰਤ ਕਲਮਬੰਦ ਹੋਏ। ਇਸੇ ਲਈ ਪ੍ਰਸਿੱਧ ਵਿਦਵਾਨ ਮੈਕਾਲਿਫ ਨੇ ਜ਼ਿਕਰ ਕੀਤਾ ਕਿ ਦੁਨੀਆਂ ਦੇ ਬਹੁਤ ਸਾਰੇ ਮਹਾਨ ਵਿਦਵਾਨਾਂ, ਅਵਤਾਰਾਂ ਤੇ ਪੈਗੰਬਰਾਂ ਨੇ ਆਪਣੇ ਕਲਾਮ ਦੀ ਇਕ ਸਤਰ ਵੀ ਆਪ ਅੰਕਿਤ ਨਹੀਂ ਕੀਤੀ ਅਤੇ ਉਨ੍ਹਾਂ ਬਾਰੇ ਜੋ ਸਾਨੂੰ ਗਿਆਨ ਪ੍ਰਾਪਤ ਹੋਇਆ ਹੈ ਉਹ ਲੰਬੇ ਅਰਸੇ ਬਾਅਦ ਲਿਖੇ ਹੋਣ ਕਰਕੇ ਉਨ੍ਹਾਂ ਦੀ ਪ੍ਰਮਾਣਿਕਤਾ ਦ੍ਰਿੜ ਨਹੀਂ ਕਰਵਾਉਂਦਾ।
(ਗੁਰੂ) ਗ੍ਰੰਥ ਸਾਹਿਬ ਦਾ ਆਰੰਭ ਹਿਸਾਬ ਦੇ ਹਿੰਦਸੇ ਇਕ ੴ  ਅਤੇ ਗੁਰਪ੍ਰਸ਼ਾਦਿ ਤੀਕ ਮੂਲਮੰਤਰ ਹੈ, ਜਿਸ ਦਾ ਭਾਵ ਅਰਥ ਹੈ ਕਿ ਕਰਤਾ ਪੁਰਖ ਕੇਵਲ ਇਕ ਹੈ, ‘ਆਪੀਨ ਆਪੁ ਸਾਜਿਓ ਆਪੀਨ ਰਚਿਓ ਨਾਉ, ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।’ ਉਹ ਪਰਮ ਤੇ ਸਦੀਵੀ ਸਤਿ ਹੈ, ‘ਆਦਿ ਸਚੁ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।’ ਉਸ ਦੀ ਰਚਨਾ ਵੀ ਮਿਥਿਆ ਨਹੀਂ, ‘ਆਪਿ ਸਤਿ ਕੀਆ ਸਭੁ ਸਤਿ।’, ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।’ ਪਰ ਇਹ ਸ੍ਰਿਸ਼ਟੀ ਕਰਤਾ ਪੁਰਖ   ਵਾਂਗ ਸਦੀਵੀ ਸਤਿ ਨਹੀਂ। ਕੁਦਰਤ ਦਾ ਇਹ ਪਸਾਰਾ ਕਈ ਵਾਰ ਹੋਇਆ ਹੈ, ‘ਕਈ ਬਾਰ ਪਸਰਿਓ ਪਾਸਾਰ’, ਇਹ ਸਰਬਕਾਲੀ ਨਹੀਂ ਜੋ ਅੱਜ ਹੈ, ਉਹ ਕੱਲ੍ਹ ਨਹੀਂ ਸੀ। ਜੋ ਅੱਜ ਹੈ, ਉਹ ਕੱਲ੍ਹ ਨਹੀਂ ਹੋਵੇਗਾ।
‘ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ, ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।’ ਬ੍ਰਹਮਾ, ਵਿਸ਼ਨੂੰ, ਮਹੇਸ਼ ਵਿਚ ਉਸ ਪਰਮ ਸ਼ਕਤੀ ਦੀ ਵੰਡ ਪ੍ਰਵਾਨ ਨਹੀਂ ਕਰਦੀ।‘ਕੋਟਿ ਬਿਸਨ ਕੀਨੇ ਅਵਤਾਰ, ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ, ਕੋਟਿ ਮਹੇਸ ਉਪਾਇ ਸਮਾਏ, ਕੋਟਿ ਬ੍ਰਹਮੇ ਜਗੁ ਸਾਜਣ ਲਾਏ, ਐਸੋ ਧਣੀ ਗੁਵਿੰਦੁ ਹਮਾਰਾ, ਬਰਨਿ ਨ ਸਾਕਉ ਗੁਣ ਬਿਸਥਾਰਾ।’ ਪਰਮਾਤਮਾ ਮਾਤਾ ਦੇ ਗਰਭ ਵਿਚ ਜਨਮ ਲੈਂਦਾ ਹੈ, ਉਸ ਦਾ ਸਖ਼ਤ ਸ਼ਬਦਾਂ ਵਿਚ ਖੰਡਨ ਕੀਤਾ ਗਿਆ ਹੈ। ‘ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।’, ‘ਅਵਤਾਰ ਨ ਜਾਨਹਿ ਅੰਤੁ, ਪਰਮੇਸਰੁ ਪਾਰਬ੍ਰਹਮ ਬੇਅੰਤੁ।’ ਪਰਮ ਪੁਰਖ ਅਜੋਨੀ ਹੈ, ਇਹ ਜਨਮ ਮਰਨ ਵਿਚ ਨਹੀਂ ਆਉਂਦਾ। ਉਹ ਬੇਅੰਤ ਹੈ, ਸਰਵਕਾਲੀ ਹੈ, ਸਰਵ ਦੇਸ਼ੀ ਹੈ, ਉਸ ਦਾ ਕੋਈ ਤਾਤਿ ਮਾਤਿ ਨਹੀਂ (ਉਸ ਦਾ ਕੋਈ ਮਾਤਾ ਪਿਤਾ ਨਹੀਂ।) ਸੈਭੰ ਅਥਵਾ ਆਪਣੇ ਆਪ ਤੋਂ ਹੈ। ਸਾਰੀ ਸ੍ਰਿਸਟੀ ਉਸ ਦੀ ਰਚਨਾ ਹੈ। ਉਸ ਦੀ ਕੋਈ ਵਿਸ਼ੇਸ਼ ਜਾਤ, ਧਰਮ, ਦੇਸ਼ ਨਹੀਂ ਹੈ। ਕੋਈ ਭਾਸ਼ਾ ਵਿਸ਼ੇਸ਼ ਤੌਰ ’ਤੇ ਦੇਵ ਭਾਸ਼ਾ ਜਾਂ ਖੁਦਾ ਦੀ ਭਾਸ਼ਾ ਨਹੀਂ ਅਤੇ ਨਾ ਹੀ ਕੋਈ ਦੇਸ਼ ਦੇਵ ਭੂਮੀ ਹੈ। ਪਰਮਾਤਮਾ ਦੇ ਨਿਵਾਸ ਬਾਰੇ ਵੀ ਇਨ੍ਹਾਂ ਨੇ ਦਿਸ਼ਾਵਾਂ ਦੀ ਵੰਡ ਕੀਤੀ, ਸਨਾਤਨ ਧਰਮ ਅਨੁਸਾਰ ਪਰਮਾਤਮਾ ਦੱਖਣ ਦੇਸ਼ ਵਿਚ ਹੈ ਅਤੇ ਅੱਲਾ ਪੱਛਮ ਵਿਚ ਹੈ। ‘ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ।’ ਗੁਰਬਾਣੀ ਨੇ ਕਥਨ ਕੀਤਾ ਕਿ ਪਰਮ ਪੁਰਖ ਸ੍ਰਿਸ਼ਟੀ ਦੇ ਕਣ-ਕਣ ਵਿਚ ਸਮੋਇਆ ਹੋਇਆ ਹੈ, ‘ਬਲਿਹਾਰੀ ਕੁਦਰਤਿ ਵਸਿਆ, ਤੇਰਾ ਅੰਤੁ ਨ ਜਾਈ ਲਖਿਆ।’,
ਪਰ ਜਿੱਥੇ ਗੁਰਮਤਿ ਦਾ ਇਹ ਬੁਨਿਆਦੀ ਅੰਤਰ ਦਰਸਾਇਆ ਗਿਆ ਹੈ, ਉੱਥੇ ਪਰਮਾਤਮਾ ਦੇ ਸਾਰੇ ਹਿੰਦੂ ਅਤੇ ਇਸਲਾਮੀ ਨਾਮ (ਗੁਰੂ) ਗ੍ਰੰਥ ਸਾਹਿਬ ਦੇ ਵਿਚ ਪ੍ਰਵਾਨ ਅਤੇ ਦਰਜ ਹਨ,‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ, ਕੋਈ ਸੇਵੈ ਗੁਸਈਆ ਕੋਈ ਅਲਾਹਿ।’ ਮੰਦਿਰ ਤੇ ਮਸਜਿਦ, ਪੂਜਾ ਤੇ ਨਮਾਜ, ਵਰਤ ਤੇ ਰੋਜ਼ੇ, ਆਰਤੀ ਦੀ ਧੁਨੀ ਅਤੇ ਬਾਂਗ ਸਾਰਿਆਂ ਦਾ ਜ਼ਿਕਰ ਹੈ। ਵੇਦ ਪੁਰਾਨ ਵਿਚ ਕੇਵਲ ਹਿੰਦੂ ਨਾਮ ਹਨ, ਕਤੇਬ ਕੁਰਾਨ ਵਿਚ ਕੇਵਲ ਮੁਸਲਿਮ ਨਾਵਾਂ ਦਾ ਜ਼ਿਕਰ ਹੈ ਅਤੇ ਇਕ ਵਿਚ ਪੂਜਾ ਅਰਚਨਾ ਬੰਦਨਾ ਹੈ ਤਾਂ ਦੂਸਰੀ ਵਿਚ ਇਬਾਦਤ ਤੇ ਨਿਮਾਜ਼ ਹੈ। ਇਸ ਤਰ੍ਹਾਂ (ਗੁਰੂ) ਗ੍ਰੰਥ ਸਾਹਿਬ ਧਰਮਾਂ ਦੀ ਕੱਟੜਤਾ ਤੋਂ ਪਰ੍ਹਾਂ ਧਰਮਾਂ ਦੀ ਸਹਿਹੋਂਦ ਦਾ ਇਕੋ-ਇਕ ਸਰਬ ਸਾਂਝਾ ਵਿਸ਼ਵ ਧਰਮ ਗ੍ਰੰਥ ਹੈ, ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।’
ਗੁਰਬਾਣੀ ਅਤੇ ਵਿਗਿਆਨ ਵਿਚ ਕੋਈ ਟਕਰਾ ਨਹੀਂ। ਭਾਵੇਂ ਗੁਰਬਾਣੀ ਦੀ ਸਾਰੀ ਰਚਨਾ ਗਿਆਰਵੀਂ ਤੋਂ ਸਤਾਰਵੀਂ ਸਦੀ ਤੀਕ ਹੈ, (ਪੰਚਮ ਪਾਤਸ਼ਾਹ ਵੱਲੋਂ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਉਪਰੰਤ ਉਸ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਦਰਜ ਕੀਤੀ। ) ਜਦੋਂ ਆਧੁਨਿਕ ਵਿਗਿਆਨ ਦਾ ਅਜੇ ਪਹੁ ਫੁਟਾਲਾ ਵੀ ਨਹੀਂ ਸੀ ਹੋਇਆ। ਸ੍ਰਿਸ਼ਟੀ ਰਚਨਾ ਸੰਬੰਧੀ ਗੁਰਬਾਣੀ ਵਿਚ ਆਇਆ ਕੋਈ ਕਥਨ ਵੀ ਵਿਗਿਆਨ ਦੀ ਕਿਸੇ ਖੋਜ ਦੇ ਵਿਪਰੀਤ ਨਹੀਂ। ਯੂਰਪ ਵਿਚ ਧਰਮ ਅਤੇ ਵਿਗਿਆਨ ਦਾ ਬਹੁਤ ਵੱਡਾ ਟਕਰਾਅ ਰਿਹਾ ਅਤੇ ਵਿਗਿਆਨਕਾਂ ਨੇ ਜਦੋਂ ਅੰਜੀਲ (ਬਾਈਬਲ) ਵਿਚ ਉਤਪਤੀ ਸੰਬੰਧੀ ਆਏ ਕਿਸੇ ਵੀ ਕਥਨ ਦੇ ਵਿਪਰੀਤ ਕਿਹਾ ਤਾਂ ਉਨ੍ਹਾਂ ਨੂੰ ਸਖਤ ਸਜਾਵਾਂ ਸੁਣਾਈਆਂ ਗਈਆਂ। ਗੁਰਬਾਣੀ ਵਿਚ ਜ਼ਿਕਰ ਹੈ ਕਿ ਸ੍ਰਿਸ਼ਟੀ ਸਾਜਨ ਤੋਂ ਪਹਿਲਾਂ ਕਰਤਾ ਪੁਰਖ ਅਫੁਰ ਅਵਸਥਾ ਵਿਚ ਬਿਰਾਜਮਾਨ ਸੀ, ‘ਸੁੰਨ ਮੰਡਲ ਇਕੁ ਜੋਗੀ ਬੈਸੇ।’  ਸਭ ਸੁੰਨ ਤੇ ਗਹਿਰੀ ਧੁੰਦ ਪਸਰੀ ਹੋਈ ਸੀ, ਕਾਇਨਾਤ ਦੀ ਸਿਰਜਣਾ ਨਹੀਂ ਸੀ ਹੋਈ, ਨਾ ਕੋਈ ਧਰਤੀ ਸੀ ਤੇ ਨਾ ਕੋਈ ਸੂਰਜ ਚੰਦ, ‘ਅਰਬਦ ਨਰਬਦ ਧੁੰਧੂਕਾਰਾ, ‘ਧਰਣਿ ਨ ਗਗਨਾ ਹੁਕਮੁ ਅਪਾਰਾ।’ ਦੀ ਅਵਸਥਾ ਸੀ। ਸ੍ਰਿਸ਼ਟੀ ਸਾਜਨ ਦਾ ਫੈਸਲਾ ਉਸੇ ਪਰਮ ਪੁਰਖ ਦਾ ਹੈ, ਪਰਮਾਤਮਾ ਦੇ ਆਦੀ ਹੁਕਮ ਗਰਜਵੀਂ ਆਵਾਜ਼ ਨਾਲ ਇਸ ਸ੍ਰਿਸ਼ਟੀ ਦੀ ਸਾਜਨਾ ਹੋਈ। ਇਸ ਗਰਜਵੀਂ ਆਵਾਜ਼ ਨੂੰ ਹੀ ਅੰਗਰੇਜ਼ੀ ਵਿਚ ਬਿੱਗ ਬੈਂਗ ਕਿਹਾ ਹੈ, ਜਿਸ ਨੂੰ ਖੋਜਣ ਲਈ ਅਰਬਾਂ-ਖਰਬਾਂ ਡਾਲਰ ਵਿਗਿਆਨਕ ਖਰਚ ਰਹੇ ਹਨ। ਇਸ ਹੁਕਮ ਸੰਬੰਧੀ ਗੁਰਬਾਣੀ ਦਾ ਕਥਨ ਹੈ,‘ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰੀਆਉ।’ ਇਹ ਸ੍ਰਿਸ਼ਟੀ ਸਾਜਨ ਦਾ ਸਮਾਂ ਕਥਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਦੋਂ ਨਾ ਸੂਰਜ ਸੀ, ਨਾ ਚੰਦਰਮਾਂ, ਨਾ ਦਿਨ ਸੀ, ਨਾ ਰਾਤ, ਨਾ ਥਿਤ ਸੀ, ਨਾ ਵਾਰ ਸੀ, ਨਾ ਕੋਈ ਰੁੱਤ ਸੀ, ਇਸ ਲਈ ਸਮੇਂ ਦਾ ਆਰੰਭ ਵਰਣਨ ਨਹੀਂ ਹੋ ਸਕਦਾ,‘ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ, ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ, ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ, ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ,  ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ, ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।’ ਸਨਾਤਨ ਧਰਮ ਇਕ ਧਰਤੀ, ਇਕ ਅਕਾਸ਼ ਤੇ ਇਕ ਪਤਾਲ ਦੀ ਗੱਲ ਕਰਦਾ ਸੀ, ਇਸਲਾਮ ਚੌਦਾਂ ਤਬਕ ਬਿਆਨਦਾ ਸੀ, ਪਰ ਜਪੁਜੀ ਸਾਹਿਬ ਵਿਚ ਹੀ ਇਸ ਦਾ ਵੀ ਜ਼ਿਕਰ ਕੀਤਾ, ਵਿਗਿਆਨ ਉਸ ਨੂੰ ਹੀ ਸਵੀਕਾਰਦੀ ਹੈ, ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ।’ ਇਹ ਮਨੌਤ ਸੀ ਕਿ ਧਰਤੀ ਚਪਟੀ ਤੇ ਅਚੱਲ ਹੈ, ਗੁਰਬਾਣੀ ਨੇ ਫੁਰਮਾਇਆ ਧਰਤੀ ਤਾਂ ਕੀ ਸੂਰਜ ਚੰਦਰਮਾਂ ਵੀ ਅਰੋਕ ਅਤੇ ਨਿਰੰਤਰ ਚੱਲ ਰਹੇ ਹਨ,‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ, ਕੋਹ ਕਰੋੜੀ ਚਲਤ ਨ ਅੰਤੁ।’ ਕਿਹਾ ਜਾਂਦਾ ਸੀ ਕਿ ਧਰਤੀ ਇਕ ਬਲਦ ਦੇ ਸਿੰਗਾਂ ’ਤੇ ਖੜ੍ਹੀ ਹੈ, ਜਦੋਂ ਬਲਦ ਸਿੰਗ ਬਦਲਦਾ ਹੈ ਤਾਂ ਧਰਤੀ ਹਿਲਦੀ ਹੈ ਤੇ ਭੂਚਾਲ, ਹੜ੍ਹ ਜਵਾਲਾਮੁਖੀ ਆਦਿ ਕਹਿਰ ਵਰਤਦਾ ਹੈ, ਪਰ ਗੁਰਬਾਣੀ ਦਾ ਕਥਨ ਸੀ ਕਿ ਧਰਤੀ ਇਕ ਨਹੀਂ ਧਰਤੀਆਂ ਅਣਗਿਣਤ ਹਨ, ਫਿਰ ਉਨ੍ਹਾਂ ਦਾ ਭਾਰ ਕਿਹੜੇ ਬਲਦ ਦੇ ਆਸਰੇ ਹੈ। ਇਹ ਧਰਤੀ ਅਸਲ ਵਿਚ ਧਰਮ (ਜੋ ਦਇਆ ਦਾ ਸਪੁੱਤਰ ਹੈ) ਅਤੇ ਸੰਤੋਖ ਰੱਬੀ ਜ਼ਬਤ ਦੇ ਸਤੰਭ ਆਸਰੇ ਖੜ੍ਹੀ ਹੈ।) ‘ਧੌਲੁ ਧਰਮੁ ਦਇਆ ਕਾ ਪੂਤੁ, ਸੰਤੋਖੁ ਥਾਪਿ ਰਖਿਆ ਜਿਨਿ ਸੂਤਿੁ।’ ਕੁਦਰਤੀ ਕਹਿਰ ਰੱਬੀ ਜ਼ਬਤ ਅਥਵਾ ਸੰਤੋਖ ਦੇ ਉਲਟ ਜਾ ਕੇ ਮਨੁੱਖੀ ਲਾਲਚ ਅਤੇ ਲਾਲਸਾਵਾਂ ਅਧੀਨ ਹੀ ਨਾਸ਼ ਅਤੇ ਕਹਿਰ ਦਾ ਆਪੇ ਹੀ ਕਾਰਨ ਬਣਦਾ ਹੈ। ਉਦਹਾਰਣ ਵਜੋਂ ਜਿਵੇਂ ਜੰਗਲ ਵੱੱਢ-ਵੱਢ ਕੇ ਧਰਤੀ ਦੀ ਹਰਿਆਵਲ ਖਤਮ ਕਰ ਇਸ ਦੇ ਵਾਤਾਵਰਣ ਵਿਚ ਅਸੰਤੁਲਨ ਲੈ ਆਂਦਾ ਹੈ, ਜਿਸ ਨਾਲ ਅੱਜ ਧਰਤੀ ਦੀ ਬਨਸਪਤੀ ਨਸ਼ਟ ਹੋ ਕੇ ਮਾਰਥੂਲ ਬਣਦੀ ਜਾ ਰਹੀ ਹੈ ਅਤੇ ਰੁੱਤਾਂ ਤੇ ਮੌਸਮਾਂ ਦੇ ਵਿਚ ਤਬਦੀਲੀਆਂ ਸਪੱਸ਼ਟ ਦਿਸ ਰਹੀਆਂ ਹਨ। ਧਰਤੀ ਨੂੰ ਗੁਰਬਾਣੀ ਨੇ ਮਾਤਾ ਦਾ ਦਰਜਾ ਦਿੱਤਾ ਹੈ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।’
ਗੁਰਬਾਣੀ ਨਾ ਪ੍ਰੋਹਿਤਵਾਦ ਅਤੇ ਨਾ ਹੀ ਕਾਜ਼ੀਵਾਦ ਨੂੰ ਪ੍ਰਵਾਨ ਕਰਦੀ ਹੈ। ਮੰਨੂ ਦੇ ਧਰਮ ਸ਼ਾਸ਼ਤਰ ਨੂੰ ਮੁੱਢੋਂ ਹੀ ਰੱਦ ਕਰਦੀ ਹੈ, ਜਿਸ ਵਿਚ ਊਚ-ਨੀਚ ਤੇ ਜਾਤ ਦਾ ਅਤੇ ਇਸਤਰੀ ਪੁਰਖ ਦਾ ਜਿਨਸੀ ਭੇਦ ਹੈ। ਰੂਪ-ਰੰਗ, ਜਾਤ-ਪਾਤ ਅਤੇ ਇਸਤ੍ਰੀ ਪੁਰਖ ਦੇ ਆਧਾਰ ’ਤੇ ਕੋਈ ਵਰਗੀਕਰਣ ਪ੍ਰਵਾਨ ਨਹੀਂ। ਰਮਾਇਣ ਦੇ ਕਰਤਾ ਭਗਤ ਤੁਲਸੀ ਦਾਸ ਜੀ ਮੱਧ ਯੂ.ਪੀ ਵਿਚ ਸ਼ੂਦਰ ਨੂੰ ਅਤੇ ਨਾਰੀ ਨੂੰ ਗਵਾਰ ਅਤੇ ਪਸ਼ੂ ਬਿਆਨ ਕਰ ਰਹੇ ਸੀ, ‘ਢੋਰ ਗੁਵਾਰ ਸ਼ੂਦਰ ਪਸੁ ਨਾਰੀ ਇਹ ਪਾਚੋਂ ਤਾੜਨ ਕੇ ਅਧਿਕਾਰੀ।’ ਉਸੇ ਸਮੇਂ  ਮੱਧ ਪੰਜਾਬ ਵਿੱਚੋਂ ਗੁਰਬਾਣੀ ਦੀ ਗੂੰਜ ਸੁਣਾਈ ਦਿੱਤੀ। ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ, ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।’, ‘ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ’ ਪਰਮਾਤਮਾ ਦੀ ਸੱਚੀ ਦਰਗਾਹ ਵਿਚ ਜਾਤ ਪਰਵਾਨ ਨਹੀਂ, ਕਰਮ ਪਰਵਾਨ ਨੇ ‘ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ, ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ।’ ਇਸਤਰੀ ਨੂੰ ਨੀਵਾਂ ਦੱਸਣ ਦੀ ਦ੍ਰਿਸ਼ਟੀ ਰੱਦ ਕਰ ਦਿੱਤੀ ਤੇ ਫੁਰਮਾਇਆ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।’,‘ਸਭ ਪਰਵਾਰੈ ਮਾਹਿ ਸਰੇਸਟ, ਮਤੀ ਦੇਵੀ ਦੇਵਰ ਜੇਸਟ।’ ਜਿਨ੍ਹਾਂ ਭਗਤਾਂ ਦੀ ਬਾਣੀ (ਗੁਰੂ) ਗ੍ਰੰਥ ਸਾਹਿਬ ਵਿਚ ਅੰਕਿਤ ਹੈ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਚ ਦਲਿਤ ਜਾਤੀਆਂ ਨਾਲ ਸੰਬੰਧਿਤ ਸਨ, ਜਿਨ੍ਹਾਂ ਦੀ ਬਾਣੀ ਨੂੰ ਅੱਜ (ਗੁਰੂ) ਗ੍ਰੰਥ ਸਾਹਿਬ ਵਿਚ ਬਰਾਬਰਤਾ ਅਤੇ ਪੂਰਨ ਸਤਿਕਾਰ ਪ੍ਰਾਪਤ ਹੈ ਅਤੇ ਹਰ ਪ੍ਰਾਣੀ ਜਦ (ਗੁਰੂ) ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੁੰਦਾ ਹੈ ਤਾਂ ਗੁਰੂ ਸਾਹਿਬਾਨ ਅਤੇ ਭਗਤਾਂ ਵਿਚ ਰੰਚਕ ਮਾਤਰ ਭੇਦ ਵੀ ਨਹੀਂ ਹੁੰਦਾ।
ਗਰੀਬ ਤੇ ਅਮੀਰ ਦੀ ਵੰਡ ਪ੍ਰਵਾਨ ਨਹੀਂ ਕੀਤੀ, ਗੁਰਬਾਣੀ ਦਾ ਫੁਰਮਾਨ ਹੈ ਕਿ ਜੇ ਬੇਸ਼ੁਮਾਰ ਦੌਲਤ ਕੁਝ ਚੋਣਵੇਂ ਹੱਥਾਂ ਵਿਚ ਇਕੱਠੀ ਹੋਈ ਹੈ ਉਹ ਮਿਹਨਤ ਦੀ ਜਾਂ ਸੱਚੀ-ਸੁੱਚੀ ਕਿਰਤ ਕਮਾਈ ਨਹੀਂ ਹੋ ਸਕਦੀ ਬਲਕਿ ਇਹ ਸਧਾਰਨ ਮਨੁੱਖ ਦੇ ਖੁੂਨ-ਪਸੀਨੇ ਦੀ ਕਮਾਈ ਦੀ ਲੁੱਟ ਹੈ, ਫੁਰਮਾਨ ਹੈ ਕਿ ‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।’ ਐਸਂੀਆਂ ਖੂੂਨ ਪੀਣ ਵਾਲੀਆਂ ਜੋਕਾਂ ਦੀ ਅਖੌਤੀ ਪੂਜਾ ਜਾਂ ਇਬਾਦਤ ਪ੍ਰਵਾਨ ਨਹੀਂ ਕਿਉਂਕਿ ਉਨ੍ਹਾਂ ਦੇ ਮਨ-ਚਿੱਤ ਮੈਲੇ ਹੁੰਦੇ ਹਨ, ਨਿਰਮਲ ਨਹੀਂ ਹੋ ਸਕਦੇ। ‘ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ, ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ, ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ, ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ।’
ਗੁਰਬਾਣੀ ਗਰੀਬ-ਅਮੀਰ ਦੀ ਬਜਾਏ ਦੋਹਾਂ ਅਵਸਥਾਵਾਂ ਤੋਂ ਮਨੁੱਖ ਨੂੰ ਮੁਕਤ ਹੋਣ ਨਾਲ ਹੀ ਸੁੱਖ ਸ਼ਾਂਤੀ ਪ੍ਰਾਪਤ ਕਰ ਸਕਦੀ ਹੈ, ‘ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ, ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ, ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ।’ ਗੁਰਬਾਣੀ ਨੇ ਮਨੁੱਖੀ ਜੀਵਨ ਦੀਆਂ ਵੰਡੀਆਂ ਦੀਨ-ਦੁਨੀ, ਪਰਮਾਤਮਾ ਤੇ ਪਦਾਰਥ ਨਿਰੰਕਾਰ ਤੇ ਆਕਾਰ, ਧਰਮ ਤੇ ਰਾਜ, ਸ਼ਕਤੀ ਤੇ ਭਗਤੀ ਵਿਚ ਨਹੀਂ ਪਾਈਆਂ। ਗੁਰਬਾਣੀ ਵਿਚ ਇਨ੍ਹਾਂ ਦਾ ਸੁਮੇਲ ਹੈ। ਜਦੋਂ ਰਾਜਿਆਂ, ਬਾਦਸ਼ਾਹਾਂ ਦੇ ਵਿਤਕਰੇ ਅਤੇ ਜ਼ੁਲਮ ਸੰਬੰਧੀ ਇਸ ਦੇਸ਼ ਵਿਚ ਤਾਂ ਕੀ ਯੂਰਪ ਵਿਚ ਵੀ ਕੋਈ ਆਵਾਜ਼ ਨਹੀਂ ਸੀ ਉਠਾਈ ਜਾ ਰਹੀ ਤਾਂ ਗੁਰਬਾਣੀ ਨੇ ਬਾਦਸ਼ਾਹਾਂ ਨੂੰ ਲਲਕਾਰਦਿਆਂ ਹੋਇਆਂ ਕਿਹਾ, ‘ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।’ ਤੇ ਫਿਰ ਕਿਹਾ ‘ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।’ ਜਦੋਂ ਸਾਰਾ ਯੂਰਪ ਵੀ ਬਾਦਸ਼ਾਹਾਂ ਦੇ ਹਕੂਮਤ ਕਰਨ ਦੇ ਖੁਦਾਈ ਹੁਕਮ ਨੂੰ ਪ੍ਰਵਾਨ ਕਰਦਾ ਸੀ ਕਿ ਬਾਦਸ਼ਾਹ ਧਰਤੀ ’ਤੇ ਰੱਬ ਦਾ ਵਾਇਸਰਾਏ ਹੈ। ਰਾਜਾ ਕੁਝ ਗਲਤ ਨਹੀਂ ਕਰਦਾ, ਇਸੇ ਤਰ੍ਹਾਂ ਹਿੰਦੁਸਤਾਨ ਵਿਚ ਵੀ ਕਿਹਾ ਜਾਂਦਾ ਸੀ ‘ਦਿਲੀਸ਼ਵਰੋ ਜਗਦੀਸ਼ਵਰੋ।’ ਅਤੇ ਭਗਤ ਤੁਲਸੀ ਦਾਸ ਜੀ ਨੇ ਕਿਹਾ ‘ਕੋਊ ਨ੍ਰਿਪ ਹੋਇ ਹਮਰੋ ਕਤ ਹਾਨੀ।’ ਪਰ ਉਸੇ ਵੇਲੇ ਗੁਰੂ ਪਾਤਸ਼ਾਹ ਨੇ ਗਰਜਵੀਂ ਆਵਾਜ਼ ਵਿਚ ਕਿਹਾ, ‘ਰਾਜੇ ਚੁਲੀ ਨਿਆਵ ਕੀ।’, ‘ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ।’  ਰਾਜੇ ਦਾ ਰਾਜ ਕਰਨ ਦਾ ਅਧਿਕਾਰ ਤਾਂ ਹੀ ਸਤਿਕਾਰਿਤ ਹੈ ਜੇਕਰ ਉਹ ਪਰਜਾ ਦੀ ਲੁੱਟ-ਖਸੁੱਟ ਵਿਤਕਰਾ ਤੇ ਅਨਿਆਏ ਨਹੀਂ ਕਰਦਾ ਕਿਉਂਕਿ ਆਜ਼ਾਦੀ ਹੀ ਹਰ ਮਨੁੱਖ ਤੇ ਕੌਮ ਦਾ ਜਨਮ ਸਿੱਧ ਅਧਿਕਾਰ ਹੈ। ਇਸ ਤਰ੍ਹਾਂ ਮਨੁੱਖੀ ਸਵੈਮਾਣ ਅਤੇ ਮਨੁੱਖੀ ਆਜ਼ਾਦੀ ਨੂੰ ਪੂਰਨ ਤੌਰ ’ਤੇ ਸਥਾਪਿਤ ਕੀਤਾ।
(ਗੁਰੂ) ਗ੍ਰੰਥ ਸਾਹਿਬ ਸਤਿ ਦਾ ਪ੍ਰਕਾਸ਼ ਹੈ, (ਜਿਵੇਂ ਅੰਤਿਕਾ ਵਿਚ ਆਈ ਮੁੰਦਾਵਣੀ ਦੇ ਪਾਠ ਵਿਚ ਅੰਕਿਤ ਹੈ), ‘ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ, ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।’ ਸੇਵਾ, ਸਿਮਰਨ ਤੇ ਸਦਾਚਾਰ ਦਾ ਮਾਰਗ ਹੈ। ਪਰਮਾਤਮਾ ਦੀ ਅਖੰਡ ਕੀਰਤ ਹੈ ਅਤੇ ਸਚ ਅਚਾਰ ਘੜਨ ਦੀ ਟਕਸਾਲ ਹੈ, ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ’ ਮਨੁੱਖ ਨੂੰ ਬੰਧਨ ਮੁਕਤ ਤੇ ਜੀਵਨ ਮੁਕਤ ਹੋਣ ਦਾ ਆਧਾਰ ਹੈ, ਪਤ ਤੇ ਸਤਿ ਦੇ ਮਾਰਗ ’ਤੇ ਅਣਖੀਲੇ ਧਰਮੀ ਜੀਵਨ ਲਈ ਆਪਾ ਵਾਰਨ, ਕੁਰਬਾਨ ਹੋਣ ਤੇ ਸ਼ਹਾਦਤ ਦੇਣ ਦੀ ਸਫਲ ਪ੍ਰੇਰਣਾ ਹੈ। ਇਸੇ ਲਈ ਸੰਸਾਰ ਦੇ ਪ੍ਰਸਿੱਧ ਫਿਲਾਸਫਰ ਇਤਿਹਾਸਕਾਰ ਆਰਨਲ ਟੋਇਨਬੀ ਨੇ ਭਵਿੱਖਤ ਦੇ ਧਰਮ ਬਾਰੇ ਕਿਹਾ ਕਿ ਉਹ ਦੇਹ ਪੂਜ ਨਹੀਂ ਸ਼ਬਦ ਦੀ ਅਰਾਧਨਾ ਵਾਲਾ ਹੋਵੇਗਾ। ਸ਼ਬਦ ਤੇ ਸੇਵਾ ਹੀ ਧਰਮ ਦੇ ਮੂਲ ਆਧਾਰ ਹੋਣਗੇ ਇਹ ਵੀ ਅੰਕਿਤ ਕੀਤਾ ਕਿ ਸੇਵਾ ਤਾਂ ਈਸਾਈਆਂ ਨੇ ਆਪਣਾ ਲਈ ਹੈ ਪਰ ਸ਼ਬਦ ਸਿੱਖਾਂ ਦੇ ਸ਼ਬਦ (ਗੁਰੂ) ਗ੍ਰੰਥ ਸਾਹਿਬ ਵਿਚ ਪ੍ਰਗਟ ਹੈ। ਹਰ ਸਿੱਖ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਰਪਿਤ ਹੋਵੇ ਅਤੇ ਮਨੁੱਖ ਮਾਤਰ ਦੀ ਸੇਵਾ ਲਈ ਸਾਡੀ ਹਰ ਸੰਸਥਾ ਕਾਰਜ਼ਸ਼ੀਲ ਹੋਵੇ, ‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।’

ਮਨਜੀਤ ਸਿੰਘ ਕਲਕੱਤਾ



*ਸਾਬਕਾ ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਕੈਬਨਿਟ ਮੰਤਰੀ, ਪੰਜਾਬ
ਮੋਬਾਈਲ: 098140-50679

Post by:- Gursham Singh Cheema



Post Comment


ਗੁਰਸ਼ਾਮ ਸਿੰਘ ਚੀਮਾਂ