ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 6, 2012

ਲੋਪ ਹੋ ਰਹੇ ਰਵਾਇਤੀ ਧੰਦੇ


ਪੰਜਾਬ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਖੁਰੀਆਂ ਲਾਉਣ ਦਾ ਧੰਦਾ ਵੀ ਹੁਣ ਸਾਹ ਵਟੋਰਦਾ ਹੀ ਨਜ਼ਰ ਆ ਰਿਹਾ ਹੈ। ਇਹ ਕਾਰੋਬਾਰ ਰਮਦਾਸੀਏ, ਮਜ਼੍ਹਬੀ ਆਦਿ ਜਾਤੀਆਂ ਨਾਲ ਸਬੰਧਤ ਲੋਕ ਹੀ ਕਰਦੇ ਹਨ। ਇਹ ਵਿਅਕਤੀ ਖੁਰੀਆਂ ਲਾਉਣ ਦੇ ਨਾਲ-ਨਾਲ ਪਸ਼ੂਆਂ ਦੇ ਸਿੰਗ ਵੱਢਣ, ਨਹੁੰ ਸਾਫ ਕਰਨ ਤੇ ਨਹੁੰ ਲਾਹੁਣ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਦੇ ਮੁੱਖ ਔਜ਼ਾਰ ਸੁੰਮ ਤਰਾਸ਼, ਚੋਸ ਛਿਲਣੀ, ਨੰਹੁ ਲਾਹੁਣੀ, ਰੱਸਾ ਪੇਟੀ, ਹਥੌੜੀ ਤੇ ਮੇਖਾਂ ਹਨ। ਜਿਨ੍ਹਾਂ ਬਲਦਾਂ ਨੂੰ ਸੜਕ ‘ਤੇ ਚਲਣਾ ਪੈਂਦਾ ਹੈ ਉਨ੍ਹਾਂ ਦੇ ਖੁਰੀਆਂ ਲਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਜੋ ਪੈਰ ਜ਼ਿਆਦਾ ਨਾ ਘੱਸ ਸਕਣ। ਸੜਕ ‘ਤੇ ਚਲੱਣ ਵਾਲੇ ਬਲਦਾਂ ਦੇ ਕਰੀਬ ਮਹੀਨੇ ਬਾਅਦ ਖੁਰੀਆ ਲਗਾਉਣੀਆਂ ਪੈਂਦੀਆਂ ਹਨ ਜਦਕਿ ਘੋੜੇ ਦੇ ਇਕ ਹਫਤੇ ਬਾਅਦ ਖੁਰੀਆਂ ਲਗਾਉਣੀਆਂ ਪੈਂਦੀਆਂ ਹਨ। ਹੁਣ ਜਲੰਧਰ ਸ਼ਹਿਰ ਦੇ ਨੇੜਲੇ ਬਿਆਸ ਪਿੰਡ ਦੇ ਇਕ  ਵਿਅਕਤੀ ਧੰਨਾ ਸਿੰਘ ਤੇ ਰਹੀਮਪੁਰ ਦੇ ਗੁਰਦੇਵ ਸਿੰਘ ਹੀ ਇਹ ਕੰਮ ਕਰ ਰਹੇ ਹਨ। ਧੰਨਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਪਹਿਲਾਂ ਉਹ ਪਿੰਡਾਂ ਵਿਚ ਜਾ ਕੇ ਖੁਰੀਆਂ ਲਗਾਉਣ ਲਈ ਹੋਕਾ ਦਿੰਦੇ ਸਨ ਤੇ ਕੰਮ ਨਹੀਂ ਸੀ ਮੁੱਕਦਾ ਪਰ ਹੁਣ ਮਸ਼ੀਨੀ ਯੁੱਗ ਕਾਰਨ ਟਰੈਕਟਰਾਂ ਨੇ ਬਲਦਾਂ ਦੀ ਕਦਰ ਘਟਾ ਦਿੱਤੀ ਹੈ। ਹੁਣ ਤਾਂ ਉਨ੍ਹਾਂ ਦਾ ਕੰਮ ਸਿਰਫ ਘੋੜਿਆਂ ਦੇ ਆਸਰੇ ਹੀ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬ ‘ਚ ਪੌਪ ਕੌਰਨ ਸੱਭਿਆਚਾਰ ਦੀ ਆਮਦ ਨਾਲ ਭੱਠੀਆਂ ‘ਚ ਦਾਣੇ ਭੁੰਨਣ ਦਾ ਧੰਦਾ ਲਗਪਗ ਖਤਮ ਹੋ ਚੁੱਕਾ ਹੈ। ਜੇਕਰ ਅੱਜ ਤੋਂ ਦੋ ਦਹਾਕੇ ਪਹਿਲਾਂ ਦਾ ਪੰਜਾਬ ਦਾ ਦ੍ਰਿਸ਼  ਦੇਖਿਆ ਜਾਵੇ ਤਾਂ ਭੱਠੀਆਂ ‘ਤੇ ਦਾਣੇ ਭੁਨਾਉਣ ਵਾਲੀਆਂ ਔਰਤਾਂ ਦਾ ਦ੍ਰਿਸ਼ ਸਾਕਾਰ ਹੋ ਜਾਵੇਗਾ। ਇਨ੍ਹਾਂ ਭੱਠੀਆਂ ‘ਤੇ ਜ਼ਿਆਦਾਤਾਰ ਮੱਕੀ ਦੇ ਦਾਣੇ ਹੀ ਭੁੰਨੇ ਜਾਂਦੇ ਸਨ। ਪੌਪ ਕੌਰਨ ਖਾ ਕੇ ਕਦੇ ਵੀ ਉਹ ਸਵਾਦ ਨਹੀਂ ਆਉਂਦਾ ਜੋ ਭੱਠੀ ‘ਤੇ ਭੁੰਨੇ ਜਵਾਰ, ਛੋਲਿਆਂ ਤੇ ਬਾਜਰੇ ਦੇ ਦਾਣਿਆਂ ਦਾ ਆਉਂਦਾ ਸੀ। ਪੌਪ ਕੌਰਨ ਵਾਲੀਆਂ ਬਹੁਕੌਮੀ ਕੰਪਨੀਆਂ ਨੇ ਜਿਥੇ ਭੱਠੀਆਂ ਨੂੰ ਨਿਗਲ ਲਿਆ, ਉਥੇ ਉਹ ਵੀ ਉਸ ਦੀ ਲਿਪੇਟ ਵਿਚ ਆ ਗਏ ਹਨ ਜਿਹੜੇ ਲੋਕ ਇਨ੍ਹਾਂ ਬਹੁਕੌਮੀ ਕੰਪਨੀਆਂ ਦੀਆਂ ਅਜਿਹੀਆਂ ਵਸਤਾਂ ਖਰੀਦਦੇ ਹਨ।
ਦੂਜੇ ਪਾਸੇ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਕਦੇ ਭਾਂਡਿਆਂ ਨੂੰ ਕਲੀ ਕਰਨ ਵਾਲੇ ਗਰੀਬ ਲੋਕ ਹੁੰਦੇ ਸਨ ਜਿਹੜੇ ਸਾਈਕਲ ‘ਤੇ ਆਪਣਾ ਲੋੜੀਂਦਾ ਸਾਮਾਨ ਲੱਦ ਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਹੋਕਾ ਦਿੰਦੇ ਹਨ। ਇਹ ਲੋਕ ਪਿੱਤਲ ਦੇ ਭਾਂਡੇ ਕਲੀ ਕਰਨ ਦੇ ਨਾਲ-ਨਾਲ ਟੁੱਟੇ-ਫੁੱਟੇ ਭਾਂਡਿਆਂ ਦੀ ਮੁਰੰਮਤ ਵੀ ਕਰਦੇ ਹਨ। ਹੁਣ ਲੋਕਾਂ ਨੇ ਪਿੱਤਲ ਦੇ ਭਾਂਡਿਆਂ ਨੂੰ ਵਰਤਣਾ ਬਿਲਕੁਲ ਬੰਦ ਕਰ ਦਿੱਤਾ ਤੇ ਸਟੀਲ ਦੇ ਭਾਂਡਿਆਂ ਦਾ ਰਿਵਾਜ ਆ ਗਿਆ, ਜਿਸ ਕਾਰਨ ਭਾਂਡੇ ਕਲੀ ਕਰਨ ਵਾਲੇ ਲੋਕ ਆਪਣੇ ਕਾਰੋਬਾਰ ਤੋਂ ਬਿਲਕੁਲ ਨਿਰਾਸ਼ ਹਨ।
ਇਸ ਤਰ੍ਹਾਂ ਕਦੇ ਪਿੰਡਾਂ ਦੀਆਂ ਗਲੀਆਂ ‘ਚ ਹੋਕਾ ਹੁੰਦਾ ਸੀ ਕਿ ‘ਲੈ ਲਓ ਕੁੜੇ ਤਕਲੇ ਖੁਰਚਣੇ, ਬੱਠਲ ਬਾਲਟੀਆਂ ਨੂੰ ਥੱਲੇ ਲਗਾ ਲਓ’ ਪਿੰਡਾਂ ‘ਚ ਜਦ ਸਜੀ ਮੁਟਿਆਰ ਕੁੜੀ ਘਰਾਂ ਮੂਹਰੇ ਆ ਕੇ ਇਹ ਹੋਕਾ ਦਿੰਦੀ ਸੀ ਤਾਂ ਉਸ ਦੇ ਮੂੰਹ ਵਿਚੋਂ ਪਿਆਰ ਡੁੱਲ੍ਹ-ਡੁੱਲ੍ਹ ਜਾਂਦਾ ਸੀ। ਅਜਿਹੀ ਆਵਾਜ਼ ਸੁਣਾਉਣ ਵਾਲੇ ਇਹ ਵੱਖਰੇ ਹੀ ਲੋਕ ਹਨ ਜਿਨ੍ਹਾਂ ਨੂੰ ਗੱਡੀਆਂ ਵਾਲੇ ਕਿਹਾ ਜਾਂਦਾ ਹੈ। ਇਸ ਕਬੀਲੇ ਦੇ ਲੋਕ ਆਪਣੇ-ਆਪ ਨੂੰ ਮਹਾਰਾਜੇ ਪ੍ਰਤਾਪ ਦੀ ਵੰਸ਼ ਦੱਸਦੇ ਹਨ ਕਿ ਜਦ ਮਹਾਰਾਜਾ ਪ੍ਰਤਾਪ ਚਿਤੌੜਗੜ੍ਹ ਦੀ ਹਾਰ ਤੋਂ ਬਾਅਦ ਆਪਣਾ ਰਾਜ ਛੱਡ ਕੇ ਜਾਣ ਲੱਗਾ ਤਾਂ ਇਸ ਕਬੀਲੇ ਨੇ ਕਸਮ ਖਾ ਲਈ ਕਿ ਜਦ ਤੱਕ ਉਹ ਆਪਣਾ ਰਾਜ ਭਾਗ ਵਾਪਸ ਨਹੀ ਲੈਂਦੇ ਤਾਂ ਉਹ ਟਿਕ ਕੇ ਨਹੀਂ ਬੈਠਣਗੇ ਤੇ ਮੰਜੇ ‘ਤੇ ਨਹੀਂ ਸੌਂਣਗੇ ਤੇ ਉਸ ਸਮੇਂ ਤੋਂ ਇਹ ਲੋਕ ਫਿਰਦੇ ਹਨ। ਪਿੱਤਲ ਨਾਲ ਮੜ੍ਹੀਆਂ ਸੁੰਦਰ ਬਲਦਾਂ ਵਾਲੀਆਂ ਗੱਡੀਆਂ ‘ਤੇ ਇਹ ਇਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਹਨ। ਇਨ੍ਹਾਂ ਦੇ ਮਰਦ ਕੁੜਤਾ ਚਾਦਰਾ ਪਹਿਨਦੇ ਹਨ ਤੇ ਔਰਤਾਂ ਵੱਖਰੀ ਕਿਸਮ ਦੇ ਘੱਗਰੇ ਪਹਿਨਦੀਆਂ ਹਨ, ਇਨ੍ਹਾਂ ਦੀਆਂ ਕਮੀਜ਼ਾਂ ‘ਤੇ ਕੌਡੀਆਂ ਜੜੀਆਂ ਹੁੰਦੀਆਂ ਹਨ। ਇਹ ਵਾਲਾਂ ‘ਚ ਲੰਬੀ ਡੋਰੀ ਪਾਉਂਦੀਆਂ ਹਨ ਤੇ ਉਪਰ ਵੱਡੇ-ਵੱਡੇ ਫੁੱਲ ਲਗਾਉਂਦੀਆਂ ਹਨ। ਔਰਤਾਂ ਤੇ ਮਰਦ ਦੋਵੇਂ ਹੀ ਆਪਣੇ ਦੰਦਾਂ ‘ਤੇ ਸੋਨੇ ਦੇ ਖੋਲ ਚੜ੍ਹਾਉਦੇ ਹਨ। ਕਬੀਲੇ ਦੀਆਂ ਔਰਤਾਂ ਖੁੱਲ੍ਹੇ ਸੁਭਾਅ ਦੀਆਂ ਹੁੰਦੀਆਂ ਹਨ ਪਰ ਉਹ ਆਪਣੀ ਇੱਜ਼ਤ ਨੂੰ ਆਂਚ ਨਹੀਂ ਆਉਣ ਦਿੰਦੀਆਂ। ਇਹ ਲੋਕ ਲੁਹਾਰਾ ਕੰਮ ਦੇ ਮਾਹਿਰ ਹੁੰਦੇ ਹਨ ਜਿਹੜੇ ਪਿੰਡ ਵਿਚ ਜਾਂਦੇ ਹਨ ਉਥੇ ਭੱਠੀ ਬਣਾ ਕੇ ਲੋਹਾ ਗਰਮ ਕਰਕੇ ਹਥੌੜੇ ਨਾਲ ਕੁੱਟ-ਕੁੱਟ ਕੇ ਗੰਡਾਸਾ, ਕੁਹਾੜੀ, ਬਰਛਾ ਤੇ ਹੋਰ ਵੀ ਕਈ ਪ੍ਰਕਾਰ ਦੇ ਔਜ਼ਾਰ ਜਿਵੇਂ ਤਕਲੇ, ਖੁਰਚਣੇ ਆਦਿ ਬਣਾਉਂਦੇ ਹਨ। ਦਹਾਕਾ ਪਹਿਲਾਂ ਇਹ ਲੋਕ ਬੜੇ ਅਮੀਰ ਗਿਣੇ ਜਾਂਦੇ ਸਨ ਪਰ ਹੁਣ ਇਹ ਕਬੀਲਾ ਮਾੜੀ ਦਸ਼ਾ ਵਿਚ ਚਲਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਮਸ਼ੀਨੀ ਯੁੱਗ ਹੈ।
ਅਜਿਹੇ ਸਮੇਂ ਵਿਚ ਲੋਹੇ ਦੇ ਬੱਠਲ, ਬਾਲਟੀਆਂ ਦੀ ਥਾਂ ‘ਤੇ ਪਲਾਸਟਿਕ ਦੀਆਂ ਬਾਲਟੀਆਂ ਆ ਗਈਆਂ ਹਨ ਤੇ ਦੂਜੇ ਪਾਸੇ ਗੰਡਾਸੇ, ਕੁਹਾੜੀਆਂ ਦੀ ਥਾਂ ‘ਤੇ ਬੰਦੂਕਾਂ, ਪਿਸਟਲਾਂ ਦਾ ਜ਼ਮਾਨਾ ਆ ਗਿਆ ਹੈ। ਹੁਣ ਮਸ਼ੀਨੀ ਯੁੱਗ ਵਿਚ ਟਰੈਕਟਰਾਂ, ਮਸ਼ੀਨਾਂ ਨੇ ਬਲਦਾਂ ਦੀ ਥਾਂ ਲੈ ਲਈ ਹੈ ਜਿਹੜਾ ਮਨੁੱਖ ਪਹਿਲਾਂ ਲੰਬਾ ਸਮਾਂ ਲਾ ਕੇ ਕੰਮ ਕਰਦਾ ਸੀ ਉਹ ਹੁਣ ਮਸ਼ੀਨੀ ਯੁੱਗ ਵਿਚ ਜਲਦੀ ਕੰਮ ਕਰਨ ਲਗ ਪਿਆ ਹੈ। ਪਰ ਇਨ੍ਹਾਂ ਸਾਰੇ ਹਾਲਾਤ ਵਿਚ ਵੀ ਇਨ੍ਹਾਂ ਲੋਕਾਂ ਨੇ ਆਪਣਾ ਸੱਭਿਆਚਾਰ ਸੰਭਾਲਿਆ ਹੋਇਆ ਹੈ।  ਕੰਨਾਂ ਵਿਚੋਂ ਮੈਲ ਕੱਢਣ ਵਾਲੇ ਲੋਕ ਧਾਨਕਾ ਤੇ ਸਿੰਗੀਕਾਟ ਕਬੀਲਿਆਂ ਵਿਚੋਂ ਹਨ। ਇਹ ਲੋਕ ਆਪਣੀ ਵੱਖਰੀ ਪਛਾਣ ਬਣਾਉਣ ਲਈ ਲਾਲ ਰੰਗ ਦੀ ਵਿਸ਼ੇਸ਼ ਤਰ੍ਹਾਂ ਦੀ ਪਗੜੀ ਬੰਨ੍ਹਦੇ ਹਨ ਜਿਸ ਵਿਚ ਕੰਨ ਸਾਫ ਕਰਨ ਵਾਲੇ ਜੰਤਰ ਟੰਗੇ ਹੁੰਦੇ ਹਨ। ਇਨ੍ਹਾਂ ਕੋਲ ਇਕ ਛੋਟਾ ਜਿਹਾ ਬਕਸਾ ਹੁੰਦਾ ਹੈ ਜਿਸ ਵਿਚ ਸਰ੍ਹੋਂ ਦਾ ਤੇਲ ਤੇ ਦੇਸੀ ਦਵਾਈਆਂ ਹੁੰਦੀਆਂ ਹਨ ਤੇ ਇਸ ਤੋਂ ਇਲਾਵਾ ਗਾਹਕ ਦੇ ਬੈਠਣ ਲਈ ਦੋ ਪਟੜੀਆਂ ਹੁੰਦੀਆਂ ਹਨ। ਅੱਜ ਕੱਲ੍ਹ ਲੋਕ ਜ਼ਿਆਦਾਤਰ ਡਾਕਟਰਾਂ ‘ਤੇ ਵਿਸ਼ਵਾਸ ਰੱਖਣ ਲਗ ਪਏ ਹਨ ਤੇ ਸ਼ਰਮ ਦੇ ਮਾਰੇ ਲੋਕ ਸੜਕ ਕੰਢੇ ਆਪਣੇ ਕੰਨ੍ਹ ਸਾਫ ਕਰਾਉਣ ਲੱਗਿਆਂ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦੇ ਹਨ, ਜਿਸ ਕਾਰਨ ਇਹ ਕੰਮ ਚੰਗਾ ਨਹੀਂ ਰਿਹਾ। ਮੈਲ ਕੱਢਣ ਵਾਲੇ ਲੋਕ ਜ਼ਿਆਦਾਤਾਰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਕਚਹਿਰੀਆਂ ਤੇ ਟਰੱਕ ਯੂਨੀਅਨਾਂ ਵਿਚ ਵੇਖੇ ਜਾਂਦੇ ਹਨ।

-ਸ਼ਿੰਦਰਪਾਲ ਸਿੰਘ ਚਾਹਲ   

ਪੋਸਟ ਕਰਤਾ :- ਗੁਰਸ਼ਾਮ ਸਿੰਘ ਚੀਮਾਂ 



Post Comment


ਗੁਰਸ਼ਾਮ ਸਿੰਘ ਚੀਮਾਂ