ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 13, 2012

ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ


ਨੌਜਵਾਨ ਪੀੜ੍ਹੀ ਸਮਾਜ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ ਅਤੇ ਹਰ ਦੇਸ਼ ਨੂੰ ਨੌਜਵਾਨ ਪੀੜ੍ਹੀ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿਉਂਕਿ ਨੌਜਵਾਨ ਪੀੜ੍ਹੀ ਮਜ਼ਬੂਤ ਹੈ ਤਾਂ ਦੇਸ਼ ਤਰੱਕੀ ਵੱਲ ਜਾਂਦਾ ਹੈ। ਸਾਡੇ ਵਰਗੇ ਵਿਕਾਸਸ਼ੀਲ ਦੇਸ਼ ਲਈ ਨੌਜਵਾਨ ਪੀੜ੍ਹੀ ਹੋਰ ਵੀ ਜ਼ਿਆਦਾ ਮਹੱਤਵ ਰੱਖਦੀ ਹੈ। ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਇਸ ਵਿੱਚ ਨੌਜਵਾਨ ਪੀੜ੍ਹੀ 45% ਦੇ ਲਗਪਗ ਹੈ ਅਤੇ ਇਸ ਪੀੜ੍ਹੀ ਦੀਆਂ ਸਮੱਸਿਆਵਾਂ ਬਹੁਤ ਹਨ ਜਿਵੇਂ ਕਿ ਸਭ ਤੋਂ ਵੱਡੀ ਬੇਰੁਜ਼ਗਾਰੀ ਦੀ ਸਮੱਸਿਆ ਹੈ ਜਿਸ ਨੂੰ ਸਾਡੀਆਂ ਸਰਕਾਰਾਂ ਭਾਵੇਂ ਉਹ ਕੇਂਦਰ ਦੀ ਹੋਵੇ ਭਾਵੇਂ ਰਾਜਾਂ ਦੀਆਂ ਹੋਣ, ਪਹਿਲ ਦੇ ਆਧਾਰ ’ਤੇ ਹੱਲ ਕਰਨ।
ਸਭ ਤੋਂ ਵੱਡੀ ਸਮੱਸਿਆ ਹੈ ਨਸ਼ਾਖੋਰੀ ਦੀ ਜੋ ਕਿ ਅੱਗ ਵਾਂਗ ਦਿਨ ਤੇ ਰਾਤ ਵੱਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਅਤੇ ਸਮਾਜ ਲਈ ਬਹੁਤ ਘਾਤਕ ਸਿੱਧ ਹੋਵੇਗੀ। ਸੋ ਇਸ ਸਮੱਸਿਆ ਦਾ ਹੱਲ ਬਹੁਤ ਹੀ ਗੰਭੀਰਤਾ ਨਾਲ ਕਰਨ ਦਾ ਸਮਾਂ ਆ ਗਿਆ ਹੈ। ਜਦੋਂ ਕੋਈ ਵੀ ਵਿਅਕਤੀ ਕਿਸੇ ਮੁਸੀਬਤ ਜਾਂ ਪ੍ਰੇਸ਼ਾਨੀ ਵਿੱਚ ਫਸਦਾ ਹੈ ਤਾਂ ਉਹ ਨਸ਼ੇ ਦਾ ਸਹਾਰਾ ਲੈ ਕੇ ਇਸ ਨੂੰ ਉਸ ਦਾ ਹੱਲ ਸਮਝ ਬੈਠਦਾ ਹੈ ਪ੍ਰੰਤੂ ਉਸ ਨੂੰ ਇਸ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਨਹੀਂ ਹੁੰਦੀ। ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਸ਼ਾਖੋਰੀ ਉਸ ਦੀ ਜ਼ਿੰਦਗੀ ਤਬਾਹ ਕਰ ਰਹੀ ਹੈ। ਪ੍ਰੰਤੂ ਸਾਡਾ ਨੌਜਵਾਨ ਇਹ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਸਾਡੇ ਦੇਸ਼ ਵਿੱਚ ਨਸ਼ਿਆਂ ਬਾਰੇ ਜਾਗਰੂਕਤਾ ਦੀ ਕਮੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰੀਏ ਅਤੇ ਸਕੂਲਾਂ ਕਾਲਜਾਂ ਵਿੱਚ ਇਸ ਬਾਰੇ ਘੱਟੋ ਘੱਟ ਹਫਤੇ ਵਿੱਚ ਇੱਕ ਲੈਕਚਰ ਹੋਣਾ ਬਹੁਤ ਜ਼ਰੂਰੀ ਹੈ।
ਅੱਜ ਦੇ ਮਾਡਰਨ ਜ਼ਮਾਨੇ ਵਿੱਚ ਕਈ ਨੌਜਵਾਨ ਤਾਂ ਨਸ਼ਿਆਂ ਨੂੰ ਸਟੇਟਸ, ਫੈਸ਼ਨ ਸਮਝ ਅਤੇ ਮੌਜ ਮਸਤੀ ਵਿੱਚ ਮਜ਼ਾ ਲੈਂਦੇ ਲੈਂਦੇ ਆਪਣੀ ਜ਼ਿੰਦਗੀ ਆਪ ਤਬਾਹ ਕਰ ਲੈਂਦੇ ਹਨ। ਜਦੋਂ ਉਨ੍ਹਾਂ ਨੂੰ ਅਕਲ ਆਉਂਦੀ ਹੈ ਤਾਂ ਉਹ ਪੂਰੀ ਤਰ੍ਹਾਂ ਇਸ ਦੀ ਗ੍ਰਿਫਤ ਵਿੱਚ ਆ ਚੁੱਕੇ ਹੁੰਦੇ ਹਨ। ਦੇਖਣ ਵਿੱਚ ਆਇਆ ਹੈ ਕਿ ਕੰਪਨੀ ਵਿੱਚ ਬੈਠੇ ਨਸ਼ਾ ਨਾ ਕਰਨ ਵਾਲੇ ਨੂੰ ਪੱਛੜਿਆ ਹੋਇਆ ਕਹਿ ਕੇ ਮਜ਼ਾਕ ਵੀ ਕੀਤੇ ਜਾਂਦੇ ਹਨ। ਹੋਰ ਤਾਂ ਛੱਡੋ ਹੁਣ ਤਾਂ ਵੱਡੇ ਸ਼ਹਿਰਾਂ ਵਿੱਚ ਲੜਕੀਆਂ ਵੀ ਸਿਗਰਟ, ਚਰਸ, ਸਮੈਕ, ਮੈਡੀਕਲ ਨਸ਼ੇ ਜਿਵੇਂ ਕਿ ਫੈਂਸੀਡਰਿਲ, ਕੋਰੈਕਸ, ਕੈਪਸੂਲ, ਨੀਂਦ ਦੀਆਂ ਗੋਲੀਆਂ ਆਦਿ ਦਾ ਸੇਵਨ ਕਰਨ ਲੱਗ ਪਈਆਂ ਹਨ।  ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਂਦੇ ਸਮੇਂ ਵਿੱਚ ਲੜਕੀਆਂ ਨਸ਼ਿਆਂ ਦਾ ਸੇਵਨ ਲੜਕਿਆਂ ਨਾਲੋਂ ਵੱਧ ਕਰ ਸਕਦੀਆਂ ਹਨ। ਪ੍ਰੰਤੂ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਨਾਲ ਸ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਬਾਂਝਪਣ ਵਰਗੀ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ।
ਨਸ਼ੱਈ ਬੰਦਾ ਰੋਟੀ ਪਾਣੀ ਦੀ ਭੁੱਖ ਪਿਆਸ ਤਾਂ ਬਰਦਾਸ਼ਤ ਕਰ ਸਕਦਾ ਹੈ ਪ੍ਰੰਤੂ ਨਸ਼ੇ ਬਿਨ੍ਹਾਂ ਨਹੀਂ ਰਹਿ ਸਕਦਾ। ਨਸ਼ਾ ਕਰਨ ਵਾਲਾ ਵਿਅਕਤੀ ਸਮਝਦਾ ਹੈ ਕਿ ਉਹ ਦਿਮਾਗ ਤੇ ਸਰੀਰਕ ਤੌਰ ’ਤੇ ਨਸ਼ਾ ਕਰਕੇ ਮਜ਼ਬੂਤ ਹੁੰਦਾ ਹੈ ਪ੍ਰੰਤੂ ਨਹੀਂ ਉਹ ਦਿਨ-ਬਾ-ਦਿਨ ਅੰਦਰੋਂ ਖੋਖਲਾ ਹੋ ਰਿਹਾ ਹੈ ਅਤੇ ਉਹ ਆਪਣੇ ਇਮਿਊਨ ਸਿਸਟਮ (ਬਿਮਾਰੀ ਨਾਲ ਲੜਨ ਦੀ ਸ਼ਕਤੀ) ਨੂੰ ਆਪ ਹੀ ਕਮਜ਼ੋਰ ਕਰ ਰਿਹਾ ਹੈ।
ਇਸ ਤੋਂ ਬਿਨ੍ਹਾਂ ਨਸ਼ਿਆਂ ਦਾ ਕਾਰਨ ਨਿਰਾਸ਼ਾ, ਕਿਸੇ ਵੀ ਫੀਲਡ ਵਿੱਚ ਕਾਮਯਾਬ ਨਾ ਹੋਣਾ, ਪਿਆਰ ਵਿੱਚ ਧੋਖਾ ਮਿਲਣਾ, ਘਰੇਲੂ ਸਮੱਸਿਆਵਾਂ ਆਦਿ ਹਨ ਤੇ ਇਸ ਤੋਂ ਮੁਕਤੀ ਦੇ ਤੌਰ ’ਤੇ ਰਾਹਤ ਪਾਉਣ ਲਈ ਸਾਡੇ ਨੌਜਵਾਨ ਨਸ਼ੀਲੇ ਪਦਾਰਥਾਂ ਦਾ ਸਹਾਰਾ ਲੈਂਦੇ ਹਨ। ਸੋ ਉਨ੍ਹਾਂ ਦੇ ਮਾਪੇ ਪ੍ਰੇਸ਼ਾਨੀ ਵਿੱਚ ਹੁੰਦੇ ਹਨ ਤੇ ਸਮਾਜ ਵਿੱਚ ਉਨ੍ਹਾਂ ਦਾ ਸਿਰ ਨੀਵਾਂ ਹੋ ਜਾਂਦਾ ਹੈ। ਸੋ ਸਾਡੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸਮੱਸਿਆਵਾਂ ਦਾ ਆਪ ਮੁਹਾਰੇ ਹੀ ਹੱਲ ਕਰਨਾ ਚਾਹੀਦਾ ਹੈ ਅਤੇ ਦੂਸਰੇ ਪਾਸੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਐਨਜੀਓਜ਼ ਦੀ ਮਦਦ ਨਾਲ ਇਸ ਦਾ  ਹੱਲ ਲੱਭੇ। ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਵਿਸ਼ੇਸ਼ ਨਸ਼ਾ ਵਿਰੋਧੀ ਸੈੱਲ ਬਣਾ ਕੇ ਟੀਮਾਂ ਦੇ ਰੂਪ ਵਿੱਚ ਦਵਾਈਆਂ ਦੀਆਂ ਦੁਕਾਨਾਂ, ਨਸ਼ੇ ਦੇ ਅੱਡਿਆਂ ਉਪਰ ਛਾਪਾ-ਮਾਰੀ ਕਰਕੇ ਇਸ ਦਾ ਹੱਲ ਕਰੇ। ਆਮ ਲੋਕਾਂ ਨੂੰ ਵੀ ਇਸ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਵਿਰੁੱਧ ਜਾਗ੍ਰਿਤੀ ਆ ਸਕੇ।
ਹੁਣ ਆਪਾਂ ਤੰਬਾਕੂ ਦੀ ਗੱਲ ਕਰੀਏ, ਇਹ ਇੱਕ ਅਜਿਹਾ ਨਸ਼ਾ ਹੈ ਜਿਸ ਨਾਲ ਬਹੁਤ ਹੀ ਭਿਆਨਕ ਬਿਮਾਰੀਆਂ ਜਿਵੇਂ ਕਿ ਗਲੇ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਟੀ.ਬੀ., ਦਮਾ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਅਗਰ ਇੱਕ ਬੰਦਾ ਚਾਰ ਸਿਗਰਟਾਂ ਪੀਂਦਾ ਹੈ ਤਾਂ ਉਸ ਦੇ ਆਲੇ ਦੁਆਲੇ ਬੈਠੇ ਹੋਰਾਂ ਲੋਕਾਂ ਨੂੰ ਇੱਕ ਸਿਗਰਟ ਪੀਣ ਜਿੰਨਾਂ ਨੁਕਸਾਨ ਹੁੰਦਾ ਹੈ।
ਕਲੱਬਾਂ ਅਤੇ ਐਨਜੀਓਜ਼ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਤਾਂ ਜੋ ਇਸ ਕੋਹੜ ਨੂੰ ਸਾਡੇ ਸਮਾਜ ਵਿੱਚੋਂ ਕੱਢਿਆ ਜਾ ਸਕੇ। ਸਰਕਾਰ ਨੂੰ ਚਾਹੀਦਾ ਹੈ ਕਿ ਰੇਡੀਓ, ਟੀ.ਵੀ. ’ਤੇ ਨਸ਼ਿਆਂ ਵਿਰੁੱਧ ਟੈਲੀਫਿਲਮਾਂ ਅਤੇ ਨਾਟਕ ਦਿਖਾਏ ਜਾਣ ਅਤੇ ਖਾਸ ਤੌਰ ’ਤੇ ਨਸ਼ਿਆਂ ਬਾਰੇ ਬਣੇ ਗੀਤਾਂ ਉਪਰ ਮੁਕੰਮਲ ਤੌਰ ’ਤੇ ਰੋਕ ਲਾਈ ਜਾਵੇ ਤੇ ਸਿਗਰਟਾਂ, ਪਾਨ ਮਸਾਲਿਆਂ ਦੀਆਂ ਮਸ਼ਹੂਰੀਆਂ ’ਤੇ ਵੀ ਰੋਕ ਲਗਾਈ ਜਾਵੇ। ਵੋਟਾਂ ਦੌਰਾਨ ਮੁਫਤ ਵੰਡੇ ਜਾਣ ਵਾਲੇ ਨਸ਼ਿਆਂ ’ਤੇ ਵੀ ਰੋਕ ਲਾਉਣੀ ਬਹੁਤ ਜ਼ਰੂਰੀ ਹੈ।
ਅੰਕੜਿਆਂ ਮੁਤਾਬਕ ਪੰਜਾਬ  ਵਿੱਚ 70% ਦੇ ਲਗਪਗ ਨੌਜਵਾਨ ਨਸ਼ੇ ਦੇ ਜਾਲ ਵਿੱਚ ਫਸ ਚੁੱਕੇ ਹਨ। ਪਿਛਲੇ ਕੁੱਝ ਸਮੇਂ ਦੇ ਸਰਵੇਖਣ ਮੁਤਾਬਕ ਮਾਝੇ ’ਚ 60%, ਮਾਲਵੇ ’ਚ 65% ਅਤੇ ਦੁਆਬੇ ਵਿੱਚ 68% ਦੇ ਲਗਪਗ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਸਾਲ ਵਿੱਚ 6500 ਕਰੋੜ ਦੇ ਲਗਪਗ ਰੁਪਇਆ ਨਸ਼ਿਆਂ ’ਚ ਬਰਬਾਦ ਹੋ ਰਿਹਾ ਹੈ। ਇਹ ਹੀ ਕਾਰਨ ਹੈ ਕਿ ਸਾਡਾ ਪੰਜਾਬ ਕਰਜ਼ੇ ਵਿੱਚ ਡੁਬਦਾ ਜਾ ਰਿਹਾ ਹੈ।
ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਜੋ ਕਿ ਤਕੜੇ ਸਰੀਰਾਂ, ਜਵਾਨੀਆਂ, ਪਹਿਲਵਾਨੀਆਂ ਕਰਕੇ ਜਾਣਿਆ ਜਾਂਦਾ ਸੀ, ਹੁਣ ਹਰ ਦਿਨ ਨਵੇਂ ਨਸ਼ਾ ਛੁਡਾਊ ਸੈਂਟਰਾਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਰਕੇ ਚਰਚਾ ਵਿੱਚ ਰਹਿੰਦਾ ਹੈ। ਸਿਆਸੀ ਲੋਕਾਂ ਦੇ ਕਹਿਣ ਮੁਤਾਬਕ ਤਾਂ ਪੰਜਾਬ  ਨੰਬਰ ਇੱਕ ਸੂਬਾ ਹੈ ਪ੍ਰੰਤੂ ਨਹੀਂ ਇਹ ਤਾਂ ਨਸ਼ਿਆਂ ਵਿੱਚ ਨੰਬਰ ਇੱਕ ਬਣਦਾ ਜਾ ਰਿਹਾ ਹੈ।
ਹੁਣ ਆਪਾਂ ਇਨ੍ਹਾਂ ਨਸ਼ਿਆਂ ਦੇ ਇਲਾਜ ਦੀ ਗੱਲ ਕਰੀਏ ਤਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਸਮਝਾ ਕੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਦੇ ਨਾਲ-ਨਾਲ ਦਵਾਈਆਂ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਸਭ ਤੋਂ ਵਧੀਆ ਹੋਮਿਓਪੈਥਿਕ ਚਕਿਤਸਾ ਲਾਹੇਵੰਦ ਹੈ। ਇਸ ਇਲਾਜ ਨਾਲ ਨਸ਼ੇੜੀ ਦਾ ਨਸ਼ਿਆਂ ਤੋਂ ਮਨ ਮੁੜਦਾ ਹੈ ਤੇ ਉਸ ਦਾ ਨਸ਼ਿਆਂ ਪ੍ਰਤੀ ਰੁਝਾਨ ਖਤਮ ਹੁੰਦਾ ਹੈ। ਆਓ ਆਪਾਂ ਰਲ ਮਿਲ ਕੇ ਅੱਜ ਤੋਂ ਹੀ ਪ੍ਰਣ ਕਰੀਏ ਕਿ ਆਪਾਂ ਆਪਣੇ ਆਲੇ ਦੁਆਲੇ ਦੇ ਕਿਸੇ ਵੀ ਨਸ਼ਾ ਕਰ ਰਹੇ ਨੌਜਵਾਨ ਨੂੰ ਨਵੀਂ ਜ਼ਿੰਦਗੀ ਦੇ ਦਈਏ ਤਾਂ ਆਪਣਾ ਜ਼ਿੰਦਗੀ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਵੇਗਾ

ਡਾ. ਹਰਕੀਰਤ ਸਿੰਘ ਸਿੱਧੂ

post by:- Gursham Singh Cheema




Post Comment


ਗੁਰਸ਼ਾਮ ਸਿੰਘ ਚੀਮਾਂ