151 ਰੁਪਏ ਦੀ ਭੇਟਾ 'ਤੇ ਮਿਲੇਗਾ ਪ੍ਰਸ਼ਾਦ ਤੇ ਸਿਰੋਪਾਓ
ਇਕੱਲੇ ਪ੍ਰਸ਼ਾਦ ਦੀ ਭੇਟਾ 20 ਰੁਪਏ
ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਤੇ ਹੋਰ ਦੂਰ-ਦੁਰਾਡੇ ਸਥਿਤ ਗੁਰਧਾਮਾਂ ਦੀ ਤਰ੍ਹਾਂ ਦੇਸ਼-ਵਿਦੇਸ਼ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 'ਪਿੰਨੀ ਪ੍ਰਸ਼ਾਦ' ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਵੱਲੋਂ ਭੇਟ ਕੀਤੇ ਜਾਣ ਵਾਲੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣ ਦਾ ਸਥਾਨ ਬਦਲਕੇ 'ਦਰਸ਼ਨੀ ਡਿਓਢੀ' ਕਰ ਦਿੱਤਾ ਗਿਆ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਖੇ ਕੜਾਹ ਪ੍ਰਸ਼ਾਦ ਪ੍ਰਾਪਤ ਕਰਨ ਵਾਲੀਆਂ ਖਿੜਕੀਆਂ ਤੋਂ ਪਹਿਲਾਂ 3 ਖਿੜਕੀਆਂ 'ਪਿੰਨੀ ਪ੍ਰਸ਼ਾਦ' ਲਈ 8 ਅਕਤੂਬਰ ਸੋਮਵਾਰ 'ਤੋਂ ਖੋਲ੍ਹੀਆਂ ਜਾ ਰਹੀਆਂ ਹਨ ਜਿਸ ਦੀ ਤਿਆਰੀ ਲਗਭਗ ਮੁਕੰਮਲ ਹੋ ਗਈ ਹੈ ਤੇ ਅੱਜ ਅਰਦਾਸ ਕਰਕੇ 'ਪਿੰਨੀ ਪ੍ਰਸ਼ਾਦ' ਤਿਆਰ ਕਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ।
'ਪਿੰਨੀ ਪ੍ਰਸ਼ਾਦ' ਪ੍ਰਾਪਤ ਕਰਨ ਲਈ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ 151 ਰੁਪਏ ਭੇਟਾ ਰੱਖੀ ਗਈ ਹੈ, ਜਿਸ ਵਿਚ ਇਕ 'ਸਿਰੋਪਾਓ' ਤੇ ਇਕ 'ਪਿੰਨੀ ਪ੍ਰਸ਼ਾਦ' ਦੀ ਪਲਾਸਟਿਕ ਦੀ ਥੈਲੀ ਹੋਵੇਗੀ। ਇਸ ਤੋਂ ਇਲਾਵਾ ਵੱਖਰੇ ਤੌਰ 'ਤੇ ਜੋ ਸ਼ਰਧਾਲੂ ਸਿਰਫ਼ 'ਪਿੰਨੀ ਪ੍ਰਸ਼ਾਦ' ਪ੍ਰਾਪਤ ਕਰਨਾ ਚਾਹੁੰਦੇ ਹੋਣਗੇ, ਉਨ੍ਹਾਂ ਲਈ ਭੇਟਾ 20 ਰੁਪਏ ਪ੍ਰਤੀ ਥੈਲੀ ਰੱਖੀ ਗਈ ਹੈ। ਇਸ ਸਬੰਧੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ: ਹਰਬੰਸ ਸਿੰਘ ਮੱਲ੍ਹੀ ਨੇ ਦੱਸਿਆ ਕਿ ਦੇਸ਼-ਵਿਦੇਸ਼ 'ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਨਾਲ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 'ਪਿੰਨੀ ਪ੍ਰਸ਼ਾਦ' ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੇ ਵਿਦੇਸ਼ਾਂ 'ਚ ਵਸਦੇ ਸਿੱਖ ਸ਼ਰਧਾਲੂਆਂ 'ਚ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸ਼ਾਦ ਆਪਣੇ ਨਾਲ ਲੈ ਕੇ ਜਾਣ ਦੀ ਇੱਛਾ ਹੁੰਦੀ ਸੀ ਤੇ ਕੜਾਹ ਪ੍ਰਸ਼ਾਦ ਦੇ ਖ਼ਰਾਬ ਹੋਣ ਦੇ ਡਰ ਕਰਕੇ ਜ਼ਿਆਦਾ ਦੇਰ ਤੱਕ ਨਾ ਰੱਖੇ ਜਾਣ 'ਤੇ ਸ਼ਰਧਾਲੂਆਂ ਦੀ ਇਹ ਇੱਛਾ ਅਧੂਰੀ ਰਹਿ ਜਾਂਦੀ ਸੀ, ਜਿਸ ਨੂੰ ਧਿਆਨ 'ਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 'ਪਿੰਨੀ ਪ੍ਰਸ਼ਾਦਿ' ਦੀ ਭੇਟਾ 151 ਰੁਪਏ ਰੱਖੀ ਗਈ ਹੈ, ਜਿਸ ਵਿਚ ਇਕ ਸਿਰੋਪਾਓ ਤੇ ਇਕ ਪਲਾਸਟਿਕ ਦੀ ਥੈਲੀ 'ਪਿੰਨੀ ਪ੍ਰਸ਼ਾਦਿ' ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਥੈਲੀ 'ਚ ਕਰੀਬ 80 ਗ੍ਰਾਮ ਪ੍ਰਸ਼ਾਦਿ ਹੋਵੇਗਾ। ਵੱਖਰੇ ਤੌਰ 'ਤੇ ਇਕੱਲਾ 'ਪਿੰਨੀ ਪ੍ਰਸ਼ਾਦ' ਪ੍ਰਾਪਤ ਕਰਨ ਲਈ 20 ਰੁਪਏ ਪ੍ਰਤੀ ਥੈਲੀ ਭੇਟਾ ਹੋਵੇਗੀ। ਇਸ ਦੌਰਾਨ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਵੱਲੋਂ ਭੇਟ ਕੀਤੇ ਜਾਣ ਵਾਲੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣ ਲਈ ਦਰਸ਼ਨੀ ਡਿਓਢੀ ਦੇ ਬਾਹਰ 'ਲਾਚੀ ਬੇਰ' ਨੇੜੇ ਸੇਵਾਦਾਰ ਲਾਏ ਗਏ ਹਨ।
ਖਬਰ:- ਅਜੀਤ ਜਲੰਧਰ
ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾਂ