ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 23, 2012

"ਮੈਂ ਲੰਕਾ ਤੋਂ ਰਾਵਣ ਬੋਲਦਾਂ....!"


"ਮੈਂ ਲੰਕਾ ਤੋਂ ਰਾਵਣ ਬੋਲਦਾਂ....!"
"ਹੇਲੋ! ਕੋਣ ਨੇ ਜਨਾਬ, ਪਛਾਣਿਆ ਨਹੀ?" 

"ਮੈਂ!ਲੰਕਾ ਤੋਂ ਰਾਵਣ ਬੋਲਦਾਂ....! ਕਮਾਲ ਹੈ ਹਰ ਸਾਲ ਰਾਮਲੀਲਾਵਾਂ ਵਿਚ ਮੇਰੇ ਮੂੰਹੋਂ ਹਜ਼ਾਰਾਂ ਡਾਇਲਾਗ ਬੁਲਵਾਉਂਦੇ ਹੋ ਤੇ ਦੁਸ਼ਹਿਰੇ ਨੂੰ ਲੱਖਾਂ ਪੁਤਲੇ ਵੀ ਸਾੜਦੇ ਹੋ, ਫਿਰ ਵੀ ਮੇਰੀ ਆਵਾਜ਼ ਨਹੀ ਪਛਾਣਦੇ? ਤੁਸੀਂ ਭਾਰਤ ਵਾਲਿਆਂ ਨੇ ਧਿਗੋਜੋਰੀ ਮੈਨੂੰ ਦੱਸ ਸਿਰਾਂ ਵਾਲਾ ਰਾਵਣ ਬਣਾ ਧਰਿਆ ਹੈ। ਯਾਰੋ, ਮੇਰਾ ਤਾਂ ਤੁਹਾਡੇ ਵਾਂਗੂੰ ਇੱਕ ਹੀ ਸਿਰ ਸੀ । ਹਾਂ, ਇਕ ਵਖਰੀ ਗੱਲ ਹੈ ਕਿ ਦੱਸ ਸਿਰ ਵਾਲਿਆਂ ਜਿੰਨਾ ਸਿਆਣਾ ਤੇ ਸਮਝਦਾਰ ਜਰੂਰ ਸੀ । ਤੁਹਾਡੇ ਰਾਮ ਚੰਦਰ ਵਾਂਗੂੰ ਮੈਂ ਵੀ ਸਾਰੇ ਵੇਦ ਪੜ੍ਹੇ ਤੇ ਗੂੜ੍ਹੇ ਸਨ । ਤੁਹਾਡਾ ਇੰਡੀਆ ਤਾਂ ਚਿੜੀ ਜਿੰਨਾ ਹੀ ਸੋਨੇ ਦਾ ਹੋਵੇਗਾ, ਪਰ ਮੇਰਾ ਤਾਂ ਸਾਰਾ ਰਾਜ ਭਾਗ ਭਾਵ ਲਾਨ੍ਕਾਹੀ ਸੋਨੇ ਦੀ ਸੀ, ਪਰ ਰਹੀ ਨਹੀਂ ਕਿਉਕਿ ਮੇਰੀ ਇਕ ਹੰਕਾਰ ਭਰੀ ਮੂਰਖਤਾ ਨੇ ਸੱਭ ਤਹਿਸ-ਨਹਿਸ ਕਰ ਦਿੱਤਾ। 
ਹੋਰ ਸੁਨੋ, ਇਕ ਰਾਵਣ ਦੀ ਗਲਤੀ ਨੇ ਪੂਰੀ ਲੰਕਾ ਸੜਵਾ ਦਿੱਤੀ , ਪਰ ਤੁਹਾਡੇ ਆਪਣੇ ਇੰਡੀਆ ਵਿਚ ਕਿੰਨੇ ਹੀ ਰਾਵਣ ਹੋ ਗਏ ਹਨ , ਕਦੇ ਮਰਦਮ-ਸ਼ੁਮਾਰੀ ਕਰ ਕੇ ਵੇਖੋ । ਤੁਹਾਡੇ ਰਾਵਣਾ ਨੇ ਸੋਨੇ ਦੀ ਚਿੜੀ ਦੇ ਖੰਬ ਹੀ ਨਹੀਂ ਨੋਚੇ, ਸਗੋਂ ਉਸ ਦੀ ਹੋਂਦ ਹੀ ਗਵਾ ਦਿਤੀ। ਹੁਣ ਸੋਨੇ ਦੀ ਤਾਂ ਕਿ, ਹੱਡ-ਮਾਸ ਦੀ ਚਿੜੀ ਵੀ ਕਿਧਰੇ ਦਿਖਾਈ ਨਹੀਂ ਦਿੱਤੀ। ਹੋਰ ਸੁਣੋਂ, ਕਦੇ ਵਿਹਲੇ ਸਮੇਂ ਠੰਡੇ ਦਿਮਾਗ ਨਾਲ ਸੋਚੋ ਤੇ ਆਪਣੇ ਰਾਵਣਾ ਦੀ ਮੇਰੇ ਨਾਲ ਤੁਲਣਾ ਕਰ ਕੇ ਦੇਖੋ । 

ਚਲੋ, ਧੋੜਾ ਜਿਹਾ ਤਸਬਰਾ ਮੈਂ ਹੀ ਕਰ ਦਿੰਦਾ ਹਾਂ । ਮੇਰੇ ਹੰਕਾਰ ਨੇ ਮੇਰੇ ਕੋਲੋਂ ਇਕ ਗਲਤੀ ਕਰਵਾਈ ਤੇ ਮੈਂ ਸੀਤਾ ਨੂੰ ਅਗਵਾ ਕਰ ਕੇ ਲੰਕਾ ਵਿਚ ਲੈ ਗਿਆ। ਮੈਂ ਅਸ਼ੋਕ ਵਾਟਿਕਾ ਵਿਚ ਸੀਤਾ ਨੂੰ ਬਟੋਰ ਵੀ ਆਈ ਪੀ. ਰਖਿਆ , ਉਸ 'ਤੇ ਕਦੀ ਬੁਰੀ ਨਜਰ ਨਹੀਂ ਰੱਖੀ, ਉਸ ਨੂੰ ਛੁਹਣਾ ਤਾਂ ਦੂਰ ਦੀ ਗੱਲ ਹੈ। ਤੁਹਾਡੀ ਰਾਮਾਇਣ ਦੇ ਲੇਖਕਾਂ ਨੇ ਮੈਨੂੰ ਬੜਾ ਬਦਨਾਮ ਕਰ ਰਖਿਆ ਹੈ ਕਿ ਮੈਂ ਸੀਤਾ ਨੂੰ ਪਟਰਾਣੀ ਬਣਾਉਣਾ ਚਾਹਿਆ। ਇਹ ਸਰਾਸਰ ਝੂਠ ਹੈ । ਸਹੁੰ ਸੋਨੇ ਦੀ ਲੰਕਾ ਦੀ, ਮੈਂ ਤਾਂ ਸੀਤਾ ਨੂੰ ਆਪਣੀ ਪਤਨੀ ਮੰਦੋਦਰੀ ਵਾਲੀਆ ਸਾਰੀਆਂ ਸੁੱਖ- ਸਹੂਲਤਾਂ, ਨੋਕਰ-ਚਾਕਰ ਤੇ ਗਰਮ - ਠੰਢੇ ਪਾਣੀ ਦੇ ਸਵਿਮਿੰਗ ਪੂਲ ਪ੍ਰਦਾਨ ਕਰਵਾਏ ਤਾਂ ਜੋ ਉਸ ਨੂੰ ਕੋਈ ਦੁੱਖ ਤਕਲੀਫ਼ ਨਾ ਹੋਵੇ! ਮੈਂ ਤਾਂ ਸਰੂਪਨਖਾ ਦੀ ਹੋਈ ਬਦਖੋਈ ਦੇ ਬਦਲੇ ਵਜੋਂ ਰਾਮ ਚੰਦਰ ਨੂੰ ਅਹਿਸਾਸ ਹੀ ਕਰਾਉਣਾ ਸੀ , ਜੋ ਮੈਂ ਕਰਵਾ ਦਿਤਾ, ਭਾਵੇਂ ਇਸ ਲਈ ਮੈਨੂੰ ਬੜੀ ਭਾਰੀ ਕੀਮਤ ਵੀ ਚਕਾਉਣੀ ਪਈ। 

ਹੋਰ ਸੁਣੋਂ! ਭਾਰਤ ਵਾਲਿਓ...!! ਕਿਤੇ ਲਾਈਨ ਨਾ ਕੱਟ ਦਿਓ, ਮੈਂ ਲੰਕਾ ਤੋਂ ਰਾਵਣ ਬੋਲਦਾਂ....!! ਤੁਸੀਂ ਹਰ ਸਾਲ ਲੱਖਾਂ ਪੁਤਲੇ ਸਾੜਦੇ ਹੋ ਤਾਂ ਉਨ੍ਹਾਂ ਦਾ ਧੂੰਆਂ ਲੰਕਾ 'ਚ ਆ ਕੇ ਹੁਣ ਵੀ ਮੇਰੇ ਨਾਸੀਂ ਧੂੰ ਦਿੰਦਾ ਹੈ ਤੇ ਹਰ ਸਾਲ ਗਲਤੀ ਦਾ ਅਹਿਸਾਸ ਕਰਾਉਂਦਾ ਹੈ, ਪਰ ਧਨ ਹੋ ਤੁਸੀਂ ਭਾਰਤ ਵਾਲੇ. ਹਰ ਸਾਲ ਰਾਵਣ ਫੂਕ ਕੇ ਵੀ ਰਾਵਣ ਦੀ ਹੋਂਦ ਬਰਕਰਾਰ ਰੱਖੀ ਜਾ ਰਹੇ ਹੋ। ਸਾਰਾ ਭਾਰਤ, ਵਿਸ਼ੇਸ ਤੋਰ 'ਤੇ ਬਿਹਾਰ, ਯੂ.ਪੀ , ਹਰਿਆਣਾ ਤੇ ਪੰਜਾਬ ਜਿਥੇ ਚੱਪੇ- ਚੱਪੇ 'ਤੇ ਰਾਵਣ, ਸਾਰੀਆਂ ਲਛਮਣ ਰੇਖਾਵਾਂ ਉਲੰਘ ਕੇ ਸੀਤਾ-ਹਰਣ ਕਰਨ ਲਈ ਤਿਆਰ ਖਲੋਤੇ ਹਨ । 'ਆਬ' ਦਾ ਮਤਲਬ 'ਪਾਣੀ' ਵੀ ਹੈ ਤੇ' ਇੱਜਤ' ਵੀ, ਪਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਨਸ਼ਿਆਂ ਤੇ ਕੇੰਸਰ ਦਾ ਕਾਰਨ ਬਣ ਗਿਆ ਹੈ ਤੇ ਸਰੂਤੀ ਅਗਵਾ ਕਾਂਡਾ ਨੇ ਇੱਜਤ ਨੇਸ਼ਤੋੰ ਨਾਬੁਤ ਕਰ ਦਿਤੀ ਹੈ, ਹੁਣ ਨੱਕ ਡੋਬਣ ਜਿੰਨਾ ਸ਼ੁੱਧ ਪਾਣੀ ਵੀ ਕਿਸੇ ਆਰ,ਓ, ਤੋਂ ਨਹੀ ਮਿਲਦਾ। ਦੁਰਗਾ ਦੀਆਂ ਕੜਾਹੀਆਂ ਤੇ ਮਾਤਾਵਾਂ ਦੇ ਜਗਰਾਤੇ ਕਰਾਉਣ ਵਾਲਿਆਂ ਦੇ ਦੇਸ਼ ਵਿਚ ਸਰੇਆਮ ਬਾਲੜੀਆ ਨਾਲ ਸਮੂਹਕ ਬਲਾਤਕਾਰ ਹੋ ਰਹੇ ਹਨ, ਰਾਹ ਜਾਂਦੀਆਂ ਔਰਤਾਂ ਦੇ ਕੰਨਾ ਵਿਚੋਂ ਵਾਲੀਆਂ ਖਿੱਚੀਆਂ ਜਾ ਰਹੀਆਂ ਹਨ । ਹੁਣ ਚਿਰ-ਹਰਣ ਲਈ ਕਿਸੇ ਦਰਬਾਰ ਦੀ ਲੋੜ ਨਹੀਂ, ਸਗੋਂ ਸਿਖਰ ਦੁਪਹਿਰੇ ਕਾਲਜ ਤੋਂ ਘਰ ਜਾਂਦੀਆਂ ਦਰੋਪਤੀਆਂ ਦੇ ਚਿਰ-ਹਰਣ ਸ਼ਰੇਆਮ ਹੀ ਹੋ ਰਹੇ ਹਨ । ਉਨ੍ਹਾਂ ਦੇ ਚਿਹਰਿਆਂ 'ਤੇ ਤੇਜ਼ਾਬ ਸੁਟਿਆ ਜਾ ਰਿਹਾ ਹੈ । ਇਹ ਨਿੱਕੀਆਂ-ਨਿੱਕੀਆਂ ਖੇਡਾਂ ਜੋ ਤੁਹਾਡੇ ਇੰਡੀਆਂ ਦੇ ਵੱਡੇ-ਵੱਡੇ ਰਾਵਣ ਤੇ ਦੁਰ੍ਯੋਦਨ ਖੇਡੀ ਜਾ ਰਹੇ ਹਨ, ਜੋ ਕਿਤੇ ਉਲੰਪਿਕ ਵਿਚ ਸ਼ਾਮਲ ਹੋ ਜਾਣ ਤਾਂ ਕੰਬਖਤੋ, ਹੂੰਝਾ ਫੇਰ ਦਿਉਗੇ ਗੋਲਡ ਮੇਡਲਾਂ 'ਤੇ। 

ਸੁਣ ਰਹੇ ਹੋ ਨਾ? ਮੇਰੇ ਹੱਥੋਂ ਸੀਤਾ-ਹਰਣ ਸਮੇਂ ਮਦਦ ਲਈ ਆਇਆ ਵਿਚਾਰਾ ਜਟਾਊ ਜਖਮੀ ਹੋ ਗਿਆ ਹੈ । ਤੁਹਾਡੇ ਰਾਵਣ ਨੇ ਸ਼ਰੂਤੀ-ਅਗਵਾ ਸਮੇਂ ਬਚਾਅ ਪੱਖੋ ਵਿਚ ਆਏ ਮਾਂ-ਪਿਓ ਨੂੰ ਜਖਮੀ ਕਰ ਦਿੱਤਾ। ਕਿ ਫਰਕ ਰਹਿ ਗਿਆ ਤੁਹਾਡੇ ਤੇ ਮੀਰੇ ਵਿਚ? ਮੈਂ ਸੀਤਾ-ਹਰਣ ਵੇਲੇ ਕਿਸੇ ਦੀ ਸਹਾਇਤਾ ਨਹੀਂ ਲਈ ਤੇ ਕਿਸੇ ਅਦਿਰਿਸ਼ਟ ਥਾਂ 'ਤੇ ਜਾ ਕੇ ਵੀ ਨਹੀਂ ਛੁਪਿਆ, ਪਰ ਤੁਹਾਡੇ ਰਾਵਣ ਤਾਂ ਮੈਨੂੰ ਵੀ ਮਾਤ ਦੇ ਗਏ। ਜਿਨ੍ਹਾਂ ਦੀ ਪੁਸ਼ਟ - ਪਨਾਹੀ ਵਿਚ ਵੱਡੇ ਕਾਂਡ ਹੁੰਦੇ ਹਨ, ਉਨ੍ਹਾਂ ਦੀ ਛਤਰੀ ਦੀ ਠੰਢੀ ਛਾਂ ਹੀ ਸੁਰੱਖਿਆ ਦਾ ਕਵਚ ਬਣ ਜਾਂਦੀ ਹੈ। ਜੱਗ ਜਾਣ ਗਿਐ, ਇਹ ਗੱਲਾਂ ਤਾਂ ਹੁਣ ਲੰਕਾ ਤੱਕ ਅ ਪਹੁੰਚੀਆਂ ਹਨ ।
ਸੁਣਦੇ ਹੋ, ਸੋ ਤਾਂ ਨਹੀ ਗਏ....? ਯਾਰੋ ਇਨਸਾਫ਼ ਦਾ ਤਕਾਜਾ ਹੈ । ਇਸ ਸਾਲ ਲੱਖਾਂ ਪੁਤਲੇ ਸਾੜ ਕੇ ਵੀ ਤੁਹਾਡੇ ਕਾਲਜੇ ਠੰਢ ਨਹੀ ਪੈਂਦੀ, ਪਰ ਤੁਹਾਡੇ ਜਿਉਂਦੇ ਰਾਵਣਾ ਦੇ ਪੁਤਲੇ ਕਦੋਂ ਸੜਨਗੇ ਜਾਂ ਇਹ ਅਗਵਾ ਤੇ ਚੀਰ-ਹਰਣ ਏਦਾਂ ਹੀ ਹੁੰਦੇ ਰਹਿਣਗੇ? ਮੈਂ ਲੋਕਾਂ ਤੋਂ ਰਾਵਣ ਸ੍ਪੀਕਦਾ ਹਾਂ, ਨਹੀ ਹੁਣ ਉੱਚੀ- ਉੱਚੀ ਚੀਕਦਾ ਹਾਂ:-   

ਮੇਰੇ ਪੁਤਲੇ ਸਾੜਨ ਦੇ ਕਾਂਡ, ਜਦੋਂ ਤੀਕ ਸਿਰ ਚੁੱਕੀ ਜਾਣਗੇ। 
ਤੁਹਾਡੇ ਰਾਵਣਾ ਦੇ ਪੁਤਲਿਆਂ ਲਈ, ਕਾਗਜ਼ ਤੇ ਪਟਾਕੇ ਮੁੱਕ ਜਾਣਗੇ।"

ਬਲਵਿੰਦਰ ਸਿੰਘ ਮਿਸ਼ਨਰੀ
ਫ਼ਰੀਦਕੋਟ 
ਮੋਬਾਇਲ: 98143-70060

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 




Post Comment


ਗੁਰਸ਼ਾਮ ਸਿੰਘ ਚੀਮਾਂ