ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 23, 2012

ਭਾਰਤ ਦੀ ਵੰਡ ਤੋਂ ਬਾਅਦ ਲੋਕਾਂ ਨਾਲ ਕੀ ਬੀਤੀ?


ਉਜੜੇ-ਪੁਜੜੇ ਲੋਕਾਂ ਨੂੰ ਮੁੜ ਵਸਾਉਣਾ ਅਤੇ ਅਮਨ ਕਾਇਮ ਕਰਨਾ, ਇਹ ਪਹਿਲਾ ਕੰਮ ਸੀ, ਜਿਸ ਨੂੰ ਠੀਕ ਸ਼ਕਲ ਦੇਣ ਵਿਚ ਸਰਕਾਰਾਂ ਨੂੰ ਘੱਟ ਤੋਂ ਘੱਟ ਪੰਜ ਸਾਲ ਲੱਗੇ ਤੇ ਲੋਕ ਮੁੜ ਵਸਣ ਦੇ ਕਾਬਲ ਹੋਏ।

ਆਖ਼ਰਕਾਰ ਭਾਰਤ ਦੀ ਤਕਸੀਮ ਦਾ ਫ਼ੈਸਲਾ ਹੋ ਚੁੱਕਾ ਸੀ। 7 ਅਗਸਤ, 1947 ਨੂੰ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਦਿੱਲੀ ਤੋਂ ਕਰਾਚੀ ਚਲੇ ਗਏ। ਹਵਾਈ ਅੱਡੇ 'ਤੇ ਉਨ੍ਹਾਂ ਦੀ ਵਿਦਾਇਗੀ ਸਮੇਂ ਕੋਈ ਭਾਰਤੀ ਵਫ਼ਦ ਮੌਜੂਦ ਨਹੀਂ ਸੀ। ਵਕਤ ਨੇ ਏਨਾ ਜ਼ਹਿਰ ਭਰ ਦਿੱਤਾ ਸੀ ਕਿ ਜੱਦੀ-ਪੁਸ਼ਤੀ ਸਮਾਜੀ ਰਸਮਾਂ ਅਤੇ ਰਵਾਇਤਾਂ ਨੂੰ ਅਸੀਂ ਭੁੱਲ ਚੁੱਕੇ ਸਾਂ। ਇਹ ਗੱਲ ਲਿਖਤ ਵਿਚ ਮੌਜੂਦ ਹੈ ਕਿ ਮੁਹੰਮਦ ਅਲੀ ਜਿਨਾਹ ਨੇ 4 ਘੰਟੇ ਦੇ ਦੌਰਾਨ ਅਖ਼ਬਾਰ ਹੀ ਪੜ੍ਹੇ ਅਤੇ ਆਪਣੇ ਏ. ਡੀ. ਸੀ. ਨੂੰ ਸਿਰਫ਼ ਏਨਾ ਹੀ ਕਿਹਾ ਕੀ ਤੁਸੀਂ ਅਖ਼ਬਾਰ ਪੜ੍ਹਨਾ ਪਸੰਦ ਕਰੋਗੇ? ਸਮਝ ਨਹੀਂ ਆ ਰਹੀ ਕਿ ਆਖਰ ਏਨੀ ਖ਼ਾਮੋਸ਼ੀ ਕਿਉਂ? ਅਤੇ ਆਪਣੀ ਕਾਮਯਾਬੀ 'ਤੇ ਚੁੱਪ ਹੀ ਸਾਧੀ ਰੱਖੀ।

ਭਲਾ ਹੋਇਆ ਗੁੜ ਮੱਖੀਆਂ ਖਾਧਾ

ਅਸੀਂ ਭਿੰਨ ਭਨਾਇਓਟੋਂ ਛੁੱਟੇ।

8 ਅਗਸਤ, 1947 ਨੂੰ ਭਾਰਤ ਦੀ ਕਾਨੂੰਨ ਸਥਾਪਤੀ (ਸੰਵਿਧਾਨ ਸਭਾ) ਦਾ ਸੈਸ਼ਨ ਦਿੱਲੀ ਵਿਖੇ ਹੋਇਆ ਅਤੇ ਉਸ ਵਿਚ (ਜਸਵੰਤ ਸਿੰਘ ਦੀ ਕਿਤਾਬ- ਜਿਨਾਹ-ਇੰਡੀਆ-ਪਾਰਟੀਸ਼ੀਅਨ ਅਤੇ ਆਜ਼ਾਦੀ, ਸਫ਼ਾ 464 ਅਨੁਸਾਰ) ਸ: ਪਟੇਲ ਨੇ ਕਿਹਾ ਕਿ ਭਾਰਤ ਦੇ ਜਿਸਮ ਵਿਚੋਂ ਜ਼ਹਿਰ ਨਿਕਲ ਚੁੱਕਾ ਹੈ। ਅਸੀਂ ਹੁਣ ਹੋਰ ਵੰਡੇ ਨਹੀਂ ਜਾ ਸਕਦੇ ਆਦਿ... ਅਤੇ ਜਲਦੀ ਹੀ ਮੁਸਲਮਾਨ ਵਾਪਸ ਮੁੜ ਆਉਣਗੇ। ਇਸ ਕਿਤਾਬ ਦੇ ਇਸੇ ਹੀ ਸਫ਼ੇ 'ਤੇ ਜ਼ਿਕਰ ਆਉਂਦਾ ਹੈ ਕਿ ਪੰਡਿਤ ਨਹਿਰੂ ਨੇ ਆਪਣੇ ਭਤੀਜੇ ਬੀ. ਕੇ. ਨਹਿਰੂ ਨੂੰ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਕਿਹਾ 'ਆਪਾਂ ਦੇਖਾਂਗੇ ਕਿ ਉਹ ਕਦੋਂ ਤੱਕ ਅੱਡ ਰਹਿ ਸਕਦੇ ਹਨ'।    ਇਹ ਗੱਲ ਪਾਕਿਸਤਾਨ ਪ੍ਰੈਸ ਤੱਕ ਵੀ ਪਹੁੰਚ ਗਈ। ਸ: ਪਟੇਲ ਤੇ ਪੰਡਿਤ ਨਹਿਰੂ ਦੇ ਇਨ੍ਹਾਂ ਸ਼ਬਦਾਂ ਨੇ ਪਾਕਿਸਤਾਨ ਦੇ ਲੋਕਾਂ ਦੇ ਦਿਮਾਗ ਵਿਚ, ਪਾਕਿਸਤਾਨ ਨੂੰ ਬਤੌਰ ਇਕ ਮੁਲਕ ਕਾਇਮ ਰੱਖਣ ਵਾਸਤੇ ਮਜ਼ਬੂਤ ਇਰਾਦੇ ਪੈਦਾ ਕਰ ਦਿੱਤੇ ਅਤੇ ਦਿਲਾਂ ਵਿਚ ਨਫ਼ਰਤ ਵੀ ਪੈਦਾ ਕਰ ਦਿੱਤੀ।

ਖਾਸ ਤੌਰ 'ਤੇ ਪੂਰਬੀ ਅਤੇ ਪੱਛਮੀ ਪੰਜਾਬਾਂ ਵਿਚ ਅਫ਼ਵਾਹਾਂ ਦੀ ਬੁਨਿਆਦ 'ਤੇ ਸਾਰੇ ਵੱਡੇ ਸ਼ਹਿਰਾਂ ਵਿਚ ਫਸਾਦ ਸ਼ੁਰੂ ਹੋ ਗਏ। ਮੁਹੱਲਿਆਂ ਵਿਚ ਸਾੜ-ਫੂਕ ਸ਼ੁਰੂ ਹੋ ਗਈ। ਔਰਤਾਂ ਦੀ ਇੱਜ਼ਤ 'ਤੇ ਵੀ ਹਮਲੇ ਹੋਣ ਲੱਗ ਪਏ। ਇਸ ਸਾਰੇ ਹਾਲਾਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਲੋਕ ਘਰ-ਬਾਰ ਛੱਡ ਕੇ ਅਣਡਿੱਠੀਆਂ ਮੰਜ਼ਿਲਾਂ ਵੱਲ ਤੁਰ ਪਏ। ਲੁਟੇਰਿਆਂ ਨੇ ਨਿਰਦੋਸ਼ ਤੇ ਬੇਹਾਲ ਲੋਕਾਂ ਨੂੰ ਲੁੱਟਣਾ-ਪੁੱਟਣਾ ਸ਼ੁਰੂ ਕਰ ਦਿੱਤਾ। ਮਜ਼੍ਹਬੀ ਪਾਗਲਪਨ ਨੇ ਬੰਦੂਕਾਂ ਤੇ ਤਲਵਾਰਾਂ ਕੱਢ ਕੇ ਨਿਹੱਥੇ ਲੋਕਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਚਾਰੋਂ ਪਾਸੇ ਬਰਬਾਦੀ ਦਾ ਆਲਮ ਸੀ। ਸ਼ਰੀਫ ਲੋਕਾਂ 'ਤੇ ਬਹੁਤ ਹੀ ਬੇਵਸੀ ਦਾ ਆਲਮ ਸੀ। ਨਾ ਕੁਝ ਕਰ ਸਕਦੇ ਸੀ ਤੇ ਨਾ ਹੀ ਕੁਝ ਬੋਲ ਸਕਦੇ ਸੀ। ਹਾਂ, ਐਨੀ ਗੱਲ ਜ਼ਰੂਰ ਹੈ ਕਿ ਦੋਵੇਂ ਪਾਸੇ ਬਹੁਤ ਹੀ ਲੋਕਾਂ ਨੇ ਆਪਣੇ ਹਿੰਦੂ-ਸਿੱਖ ਅਤੇ ਮੁਸਲਮਾਨ ਦੋਸਤਾਂ-ਮਿੱਤਰਾਂ ਨੂੰ ਖ਼ਤਰੇ ਮੁੱਲ ਲੈ ਕੇ ਘਰਾਂ ਵਿਚ ਅਤੇ ਲੁਕਵੀਆਂ ਥਾਵਾਂ 'ਤੇ ਪਨਾਹ ਦਿੱਤੀ, ਜੋ ਕੁਝ ਸਰਿਆ ਮਦਦ ਵੀ ਕੀਤੀ। ਹੈਵਾਨੀਅਤ ਤੇ ਇਨਸਾਨੀਅਤ ਦੋਵੇਂ ਹੀ ਆਹਮੋ-ਸਾਹਮਣੇ ਮੌਜੂਦ ਸਨ। ਅੱਖੀਆਂ ਵਿਚੋਂ ਹੰਝੂ ਨਿਕਲਦੇ ਰਹੇ ਅਤੇ ਦਿਲਾਂ ਵਿਚੋਂ ਆਹਾਂ। ਆਖ਼ਰ ਪੰਜਾਬ ਦੀ ਇਕ ਧੀ ਉੱਠੀ ਤੇ ਉਸ ਨੇ ਵਾਰਿਸ ਸ਼ਾਹ ਨੂੰ ਬੋਲੀ ਮਾਰਦਿਆਂ ਕਿਹਾ ਕਿ-

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ,

ਏਸ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ,

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।

.................

ਉੱਠ ਦਰਦਮੰਦਾਂ ਦਿਆ ਦਰਦੀਆ ਤੱਕ ਆਪਣਾ ਪੰਜਾਬ,

ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਿਨਾਬ।

ਪਾਕਿਸਤਾਨ ਦੇ ਇਕ ਕਵੀ ਉਸਤਾਦ ਦਾਮਨ ਨੇ ਵੀ ਇਹ ਕਿਹਾ ਸੀ-

'ਤੁਹਾਡੀਆਂ ਅੱਖਾਂ ਦੀ ਲਾਲੀ ਪਈ ਦੱਸਦੀ ਏ

ਰੋਏ ਤੁਸੀਂ ਵੀ ਓ ਤੇ ਰੋਏ ਅਸੀਂ ਵੀ ਹਾਂ...।'

ਕਵੀਆਂ ਦੇ ਇਨ੍ਹਾਂ ਬੋਲਾਂ ਨੇ ਕਿੰਨੇ ਮੁਰਦਾ ਦਿਲਾਂ ਦੇ ਵਿਚ ਸਾਹ ਪਾਏ ਅਤੇ ਜ਼ਖ਼ਮਾਂ 'ਤੇ ਮੱਲ੍ਹਮ ਲਾਈ। ਇਹ ਲੋਕ ਸਾਡੇ ਲੀਡਰਾਂ ਤੋਂ ਉੱਤੇ ਬਾਜ਼ੀ ਲੈ ਗਏ। ਪਰ ਸਾਡੇ ਸਭ ਲੀਡਰ ਇਕ ਸਵਾਲ ਦੇ ਘੇਰੇ ਵਿਚ ਜ਼ਰੂਰ ਆ ਜਾਂਦੇ ਹਨ। ਤਕਸੀਮ ਤਾਂ ਹੋਣੀ ਹੀ ਹੋਣੀ ਸੀ ਪਰ ਕੀ ਇਹ ਇਕ ਮਹੀਨਾ ਹੋਰ ਟਾਲੀ ਨਹੀਂ ਜਾ ਸਕਦੀ ਸੀ, ਤਾਂ ਜੋ ਇਸ ਆਦਮ ਜ਼ਾਤ ਨੂੰ ਕਤਲੋਗ਼ਾਰਤ ਤੇ ਲੁੱਟ-ਖਸੁੱਟ ਤੋਂ ਬਚਾਇਆ ਜਾ ਸਕਦਾ? ਸ਼ਾਇਦ ਇਹ ਸਵਾਲ ਹਮੇਸ਼ਾ ਹੀ ਖੜ੍ਹਾ ਰਹੇਗਾ। ਭਾਰਤ ਦੀ ਤਕਸੀਮ ਤਾਂ ਹੋ ਹੀ ਗਈ ਅਤੇ ਪਾਕਿਸਤਾਨ ਬਤੌਰ ਇਕ ਮੁਲਕ ਦੁਨੀਆ ਦੇ ਨਕਸ਼ੇ 'ਤੇ ਆ ਹੀ ਗਿਆ ਪਰ ਇਸ ਤੋਂ ਬਾਅਦ ਤਕਸੀਮ ਦੀ ਵਜ੍ਹਾ ਕਰਕੇ ਜੋ-ਜੋ ਮੁਸੀਬਤਾਂ ਦੋਵਾਂ ਮੁਲਕਾਂ ਨੂੰ ਪੇਸ਼ ਆਈਆਂ, ਉਨ੍ਹਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ :

ਉਜੜੇ-ਪੁਜੜੇ ਲੋਕਾਂ ਨੂੰ ਮੁੜ ਵਸਾਉਣਾ ਅਤੇ ਅਮਨ ਕਾਇਮ ਕਰਨਾ, ਇਹ ਪਹਿਲਾ ਕੰਮ ਸੀ, ਜਿਸ ਨੂੰ ਠੀਕ ਸ਼ਕਲ ਦੇਣ ਵਿਚ ਸਰਕਾਰਾਂ ਨੂੰ ਘੱਟ ਤੋਂ ਘੱਟ ਪੰਜ ਸਾਲ ਲੱਗੇ ਤੇ ਲੋਕ ਮੁੜ ਵਸਣ ਦੇ ਕਾਬਲ ਹੋਏ।

ਸਮੁੱਚੇ ਭਾਰਤ ਵਿਚ ਤਕਰੀਬਨ 565 ਰਿਆਸਤਾਂ ਸਨ, ਜਿਨ੍ਹਾਂ ਦਾ ਕੁੱਲ ਰਕਬਾ ਭਾਰਤ ਦੇ ਅੱਧ ਤੋਂ ਕੁਝ ਹੀ ਘੱਟ ਸੀ। ਪਾਕਿਸਤਾਨ ਵਿਚ ਤਕਰੀਬਨ ਕੁੱਲ 15 ਰਿਆਸਤਾਂ ਸਨ। ਦੋਵਾਂ ਮੁਲਕਾਂ ਦੀ ਆਜ਼ਾਦੀ ਓਨਾ ਚਿਰ ਮੁਕੰਮਲ ਨਹੀਂ ਹੋ ਸਕਦੀ ਸੀ, ਜਿੰਨਾ ਚਿਰ ਕਿ ਇਹ ਸਾਰੀਆਂ ਰਿਆਸਤਾਂ ਦੋਵਾਂ ਮੁਲਕਾਂ 'ਚੋਂ ਕਿਸੇ ਨਾ ਕਿਸੇ ਮੁਲਕ ਨਾਲ ਜੁੜ ਨਹੀਂ ਜਾਂਦੀਆਂ ਸਨ। ਇਸ ਲਈ ਦੋਵਾਂ ਮੁਲਕਾਂ ਵਾਸਤੇ ਰਿਆਸਤਾਂ ਦਾ ਮਸਲਾ ਨਿਬੇੜਨਾ ਬੜਾ ਹੀ ਜ਼ਰੂਰੀ ਸੀ। ਇਹ ਮਸਲਾ ਆਪਣੇ-ਆਪ ਵਿਚ ਵੀ ਬੜਾ ਟੇਢਾ ਸੀ, ਇਸ ਲਈ ਇਸ ਮਸਲੇ ਦੀ ਅਹਿਮੀਅਤ ਵਰਨਣਯੋਗ ਹੈ।

565 ਰਿਆਸਤਾਂ 'ਚੋਂ 327 ਰਿਆਸਤਾਂ ਦੀ ਮਾਲੀ ਹਾਲਤ ਬਿਲਕੁਲ ਹੀ ਵਰਨਣਯੋਗ ਨਹੀਂ ਹੈ। ਇਸ ਕਰਕੇ ਇਨ੍ਹਾਂ ਰਿਆਸਤਾਂ ਦੀ ਕੋਈ ਅਹਿਮੀਅਤ ਨਹੀਂ ਸੀ। ਰਿਆਸਤ ਹੈਦਰਾਬਾਦ ਦੱਖਣ, ਭੋਪਾਲ, ਕਸ਼ਮੀਰ, ਟਲਾਵਨਕੋਰ, ਕੋਚੀਨ ਅਤੇ ਕੁਝ ਹੋਰ ਰਿਆਸਤਾਂ ਬਹੁਤ ਅੜਿੱਕੇ ਪਾਉਣ ਵਾਲੀਆਂ ਸਨ। ਅੰਤ ਵਿਚ ਹੈਦਰਾਬਾਦ ਦੱਖਣ ਅਤੇ ਜੰਮੂ-ਕਸ਼ਮੀਰ ਹੀ ਦੋ ਰਿਆਸਤਾਂ ਰਹਿ ਗਈਆਂ, ਜੋ ਆਪਣੇ-ਆਪ ਵਾਸਤੇ ਅਤੇ ਭਾਰਤ-ਪਾਕਿਸਤਾਨ ਵਾਸਤੇ ਸਿਰਦਰਦੀ ਦਾ ਕਾਰਨ ਬਣੀਆਂ ਰਹੀਆਂ। ਹੈਦਰਾਬਾਦ ਦਾ ਨਿਬੇੜਾ ਤਾਂ ਨਵੰਬਰ 1949 ਨੂੰ ਨਿੱਬੜ ਗਿਆ, ਜਿਸ ਵਾਸਤੇ ਭਾਰਤ ਨੂੰ ਸਾਰੇ ਹੀ ਹੱਥਕੰਡੇ ਵਰਤਣੇ ਪਏ, ਕਿਉਂਕਿ ਉਸ ਦੇ ਨਵਾਬ ਆਪਣੀ ਨਵਾਬੀ ਦੀ ਸ਼ਾਨ ਵਿਚ ਬੁਰੀ ਤਰ੍ਹਾਂ ਫਸੇ ਰਹੇ ਅਤੇ ਬਦਲਦੇ ਹੋਏ ਹਾਲਾਤ ਦੀ ਨਜ਼ਾਕਤ ਨੂੰ ਸਮਝਣ ਤੋਂ ਬਿਲਕੁਲ ਹੀ ਅਸਮੱਰਥ ਰਹੇ। ਆਖ਼ਰ ਹਥਿਆਰ ਸੁੱਟਣੇ ਹੀ ਪਏ।

(ਬਾਕੀ ਅਗਲੇ ਮੰਗਲਵਾਰ)

ਹਰਜਿੰਦਰ ਸਿੰਘ ਤਾਂਗੜੀ
-ਮਚਾਕੀ ਮੱਲ ਸਿੰਘ ਰੋਡ, ਫਰੀਦਕੋਟ।

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 



Post Comment


ਗੁਰਸ਼ਾਮ ਸਿੰਘ ਚੀਮਾਂ