ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 20, 2012

ਗੁਰਦਾਸਪੁਰ ਦੀਆਂ ਇਤਿਹਾਸਕ ਪੈੜਾਂ


ਗੁਰਦਾਸਪੁਰ, ਪੰਜਾਬ ਦਾ ਸਰਹੱਦੀ ਜ਼ਿਲ੍ਹਾ ਹੈ। ਇਹ ਜ਼ਿਲ੍ਹਾ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਐਨ ਕੰਢੇ ਸਥਿਤ ਹੈ। ਪਾਕਿਸਤਾਨੀ ਪੰਜਾਬ ਦਾ ਜ਼ਿਲ੍ਹਾ ਨਾਰੋਵਾਲ, ਜੰਮੂ-ਕਸ਼ਮੀਰ ਦਾ ਜ਼ਿਲ੍ਹਾ ਕਠੂਆ ਅਤੇ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਇਸ ਨਾਲ ਲੱਗਦੇ ਹਨ। ਬਿਆਸ ਅਤੇ ਰਾਵੀ ਦਰਿਆ ਗੁਰਦਾਸਪੁਰ ‘ਚੋਂ ਲੰਘਦੇ ਹਨ। ਆਬਾਦੀ ਦੇ ਲਿਹਾਜ਼ ਨਾਲ ਇਹ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਬਾਅਦ ਤੀਜਾ ਵੱਡਾ ਜ਼ਿਲ੍ਹਾ ਹੈ। ਆਜ਼ਾਦੀ ਦੇ ਸੰਘਰਸ਼ ਵਿੱਚ ਇੱਥੋਂ ਦੇ ਵਾਸੀਆਂ ਦਾ ਅਹਿਮ ਯੋਗਦਾਨ ਰਿਹਾ ਹੈ।
ਕਹਿੰਦੇ ਹਨ ਕਿ ਗੁਰਦਾਸਪੁਰ ਦੀ ਸਥਾਪਨਾ 17ਵੀਂ ਸਦੀ ਵਿੱਚ ਗੁਰੀਆ ਜੀ ਵੱਲੋਂ ਕੀਤੀ ਗਈ। ਗੁਰੀਆ ਜੀ ਦੇ ਨਾਂ ਉੱਤੇ ਹੀ ਬਾਅਦ ਵਿੱਚ ਇਸ ਦਾ ਨਾਂ ਗੁਰਦਾਸਪੁਰ ਪੈ ਗਿਆ। ਉਨ੍ਹਾਂ ਨੇ ਸ਼ਹਿਰ ਵਸਾਉਣ ਲਈ ਜਗ੍ਹਾ ਸੰਗੀ ਗੋਤ ਦੇ ਜੱਟਾਂ ਕੋਲੋਂ ਖਰੀਦੀ ਸੀ। ਗੁਰੀਆ ਜੀ ਦਾ ਸਬੰਧ ਇਸ ਦੇ ਉੱਤਰ ਵੱਲ ਪੰਜ ਕਿਲੋਮੀਟਰ ਦੂਰ ਪੈਂਦੇ ਪਿੰਡ ਪਨਿਆੜ ਦੇ ਕੌਸ਼ਲ ਗੋਤ ਦੇ ਸਾਂਵਲ ਬ੍ਰਾਹਮਣਾਂ ਨਾਲ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਵਡੇਰੇ ਕਾਫ਼ੀ ਸਮਾਂ ਪਹਿਲਾਂ ਅਯੁੱਧਿਆ ਜਾਂ ਫਿਰ ਮਹਾਂਰਾਸ਼ਟਰ ਤੋਂ ਆ ਕੇ ਪਨਿਆੜ ਆ ਕੇ ਵੱਸੇ ਸਨ। ਗੁਰੀਆ ਜੀ ਦੇ ਦੋ ਪੁੱਤਰ ਨਵਲ ਰਾਏ ਅਤੇ ਪਾਲਾ ਜੀ ਸਨ। ਨਵਲ ਰਾਏ ਦੇ ਉੱਤਰਾਧਿਕਾਰੀ ਗੁਰਦਾਸਪੁਰ ਰਹਿਣ ਲੱਗ ਪਏ।  ਨਵਲ ਰਾਏ ਦੇ ਪੁੱਤਰ ਬਾਬਾ ਦੀਪ ਚੰਦ, ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਚੰਦ ਨੂੰ ਗੰਜ ਬਖਸ਼ (ਖ਼ਜ਼ਾਨੇ ਦਾ ਮਾਲਕ) ਦਾ ਖਿਤਾਬ ਬਖਸ਼ਿਆ ਸੀ। ਬਾਬਾ ਦੀਪ ਚੰਦ ਦੇ ਵੰਸ਼ਜਾਂ ਨੂੰ ਹੁਣ ਮਹੰਤ ਕਿਹਾ ਜਾਂਦਾ ਹੈ।
ਲੰਮਾ ਸਮਾਂ ਇਹ ਇਲਾਕਾ ਸ਼ਾਹੀ ਸ਼ਾਸਕਾਂ ਦੇ ਅਧੀਨ ਰਿਹਾ। ਜਸਰਥ ਖੋਖਰ ਨਾਂ ਦਾ ਸ਼ਾਸਕ ਇਸ ਉੱਤੇ ਰਾਜ ਕਰਦਾ ਸੀ। ਮਲਿਕ ਸਿਕੰਦਰ ਦੇ ਜਸਰਥ ਖੋਖਰ ਨੂੰ ਹਰਾਉਣ ਦੇ ਨਾਲ ਹੀ ਮੁਗਲ ਰਾਜ ਸਮਾਪਤ ਹੋ ਗਿਆ। ਸਿੱਖ ਗੁਰੂਆਂ ਦੀ ਚਰਨ ਛੋਹ ਕਾਰਨ ਇਹ ਸ਼ਹਿਰ ਪ੍ਰਮੁੱਖਤਾ ਨਾਲ ਉੱਭਰ ਕੇ ਸਾਹਮਣੇ ਆਇਆ।  ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਬੰਧ ਇਸ ਜਗ੍ਹਾ ਨਾਲ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਲਾਕੇ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਸ਼ਹਿਰ ਦੇ ਅਹਿਮ ਹਿੱਸੇ ਭਾਰਤ ਨਾਲ ਜੁੜੇ ਰਹੇ।
ਗੁਰਦਾਸਪੁਰ ਦਾ ਸਬੰਧ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਾਰਵਾਈਆਂ ਨਾਲ ਵੀ ਜੁੜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ  ਸ਼ਹਿਰ ਤੋਂ ਤਕਰੀਬਨ ਛੇ ਕਿਲੋਮੀਟਰ ਦੂਰ ਬਟਾਲਾ ਵਾਲੇ ਪਾਸੇ ਇਤਿਹਾਸਕ ਗੁਰਦੁਆਰਾ ਪਿੰਡ ਗੁਰਦਾਸ ਨੰਗਲ ਵਿਖੇ ਸਥਿਤ ਹੈ। ਇਸ ਜਗ੍ਹਾ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਫ਼ੌਜ ਦਾ ਡੱਟ ਕੇ  ਮੁਕਾਬਲਾ ਕੀਤਾ ਸੀ। ਕਾਹਨੂੰਵਾਨ ਛੰਭ ਵਿਖੇ 1746 ਵਿੱਚ ਹੋਏ ਛੋਟੇ ਘੱਲੂਘਾਰੇ ਦੇ ਸਥਾਨ ਤੋਂ ਇਹ ਥਾਂ ਦਸ ਕੁ ਕਿਲੋਮੀਟਰ ਦੂਰ ਹੈ। ਗੁਰਦਾਸਪੁਰ, ਘਨੱਈਆ ਅਤੇ ਰਾਮਗੜ੍ਹੀਆ ਮਿਸਲਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਵੀ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ 1808 ਵਿੱਚ ਰਾਮਗੜ੍ਹੀਆ ਮਿਸਲ ਅਤੇ 1811 ਵਿੱਚ ਘਨੱਈਆ ਮਿਸਲ ‘ਤੇ ਜਿੱਤ ਹਾਸਲ ਕਰ ਕੇ ਉਨ੍ਹਾਂ ਦੇ ਪ੍ਰਭਾਵ ਨੂੰ ਸੂਬੇ ‘ਚੋਂ ਖ਼ਤਮ ਕਰ ਦਿੱਤਾ ਸੀ। ਇਸ ਤਰ੍ਹਾਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਬਣ ਗਿਆ।     ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਅੰਗਰੇਜ਼-ਸਿੱਖ ਯੁੱਧ ਤੋਂ ਬਾਅਦ ਪੰਜਾਬ ‘ਤੇ 29 ਮਾਰਚ 1849 ਨੂੰ ਕਬਜ਼ਾ ਕੀਤਾ ਸੀ। ਇਸ ਮੌਕੇ ਵੀ ਗੁਰਦਾਸਪੁਰ ਕੰਪਨੀ ਦੀਆਂ ਪ੍ਰਸ਼ਾਸਨਿਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ। ਬਰਤਾਨਵੀ ਰਾਜ ਦੌਰਾਨ ਗੁਰਦਾਸੁਪਰ, ਲਾਹੌਰ ਦੀ ਸਬ-ਡਵੀਜ਼ਨ ਸੀ। ਪ੍ਰਸ਼ਾਸਨਿਕ ਪੱਖੋਂ ਸੁਖਾਲਾ ਬਣਾਉਣ ਲਈ ਇਸ ਨੂੰ ਚਾਰ ਤਹਿਸੀਲਾਂ ਵਿੱਚ ਵੰਡਿਆ ਗਿਆ ਸੀ। 1 ਮਈ 1852 ਨੂੰ ਗੁਰਦਾਸਪੁਰ ਨਵੇਂ ਬਣੇ ਜ਼ਿਲ੍ਹੇ ਦਾ ਹੈੱਡ-ਕੁਆਰਟਰ ਬਣਾ ਦਿੱਤਾ ਗਿਆ। ਜ਼ਿਲ੍ਹਾ ਅਦੀਨਾਨਗਰ ਦਾ ਨਾਂ ਬਦਲ ਕੇ ਗੁਰਦਾਸਪੁਰ ਰੱਖਿਆ ਗਿਆ। ਇਸ ਤਰ੍ਹਾਂ ਰਾਵੀ ਅਤੇ ਬਿਆਸ ਦਰਿਆ ਵਿਚਕਾਰ ਵੱਸੇ ਗੁਰਦਾਸਪੁਰ ਇਲਾਕੇ ਦੇ ਆਲੇ-ਦੁਆਲੇ ਸ਼ਿਕਾਰ ਦੀ ਬਹੁਤਾਤ, ਇੱਥੋਂ ਦੇ ਮਿੱਠੇ ਪਾਣੀ ਅਤੇ ਉੱਤਰ ਵੱਲ ਨਜ਼ਰ ਆਉਂਦੀਆਂ ਧੌਲਾਧਾਰ ਦੀਆਂ ਬਰਫ਼ ਨਾਲ ਢਕੀਆਂ ਪਹਾੜੀਆਂ ਦੇ ਦ੍ਰਿਸ਼ ਨੇ ਛੋਟੇ ਜਿਹੇ ਪਿੰਡ ਗੁਰਦਾਸਪੁਰ ਨੂੰ ਜ਼ਿਲ੍ਹਾ ਹੈੱਡ-ਕੁਆਰਟਰ ਬਣਾ ਦਿੱਤਾ। 1857 ਵਿੱਚ ਵਾਪਰੀਆਂ ਇਤਿਹਾਸਕ ਘਟਨਾਵਾਂ ਨੇ ਵੀ ਗੁਰਦਾਸਪੁਰ ਨੂੰ ਵਿਆਪਕ ਪੱਧਰ ਉੱਤੇ ਪ੍ਰਭਾਵਿਤ ਕੀਤਾ। ਸਿਆਲਕੋਟ ਤੋਂ ਬਾਅਦ ਗੁਰਦਾਸਪੁਰ ਵੱਲ ਵਧ ਰਹੀਆਂ ਭਾਰਤੀ ਬਾਗ਼ੀ ਪਲਟਨਾਂ ਨੂੰ ਅੰਗਰੇਜ਼ ਫ਼ੌਜ ਨੇ ਤ੍ਰਿਮੋ ਪੱਤਣ ਦੀ ਲੜਾਈ ਵਿੱਚ 12-16 ਜੁਲਾਈ 1857 ਨੂੰ ਹਰਾ ਦਿੱਤਾ। ਇਸ ਮੌਕੇ ਫੜੇ ਬਾਗ਼ੀਆਂ ਨੂੰ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਪਿੱਛੇ ਸਥਿਤ ‘ਬੋਲੇ ਵਾਲਾ ਬਾਗ਼’ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਗੁਰਦਾਸਪੁਰ ਵਾਸੀਆਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲਿਆ। 1932 ਵਿੱਚ ਗੁਰਦਾਸਪੁਰ ਦੇ ਕੁਝ ਨੌਜਵਾਨਾਂ ਨੇ ਜ਼ਿਲ੍ਹਾ ਹੈੱਡ-ਕੁਆਰਟਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ। ਇਨ੍ਹਾਂ ਦੇਸ਼ ਭਗਤਾਂ ਖ਼ਿਲਾਫ਼ ਚੱਲਿਆ ਮੁਕੱਦਮਾ ਗੁਰਦਾਸਪੁਰ ਬੰਬ ਕੇਸ ਦੇ ਨਾਂ ਨਾਲ ਮਸ਼ਹੂਰ ਹੈ। 4 ਅਪਰੈਲ 1933 ਨੂੰ ਸੈਸ਼ਨ ਜੱਜ ਉਸਾਨ ਉਲ ਹੱਕ ਨੇ ਕੇਸ ਦੀ ਸੁਣਵਾਈ ਕਰਦਿਆਂ ਕ੍ਰਾਂਤੀਕਾਰੀਆਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਸਨ। ਦੇਸ਼ ਵੰਡ ਦਾ ਦੁਖਾਂਤ ਵੀ ਸਭ ਤੋਂ ਵੱਧ ਗੁਰਦਾਸਪੁਰ ਨੂੰ ਝੱਲਣਾ ਪਿਆ ਕਿਉਂਕਿ ਇਸ ਦੀ ਕਿਸਮਤ ਦਾ ਫ਼ੈਸਲਾ ਕਈ ਦਿਨਾਂ ਤੱਕ ਨਹੀਂ ਹੋ ਸਕਿਆ ਸੀ। ਇਸ ਦਾ ਕਾਰਨ ਸੰਭਾਵਤ ਵੰਡ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਦਾ ਬਹੁਗਿਣਤੀ ਮੁਸਲਮਾਨਾਂ ਦੇ ਇਲਾਕੇ ਵਿੱਚ ਆਉਣਾ ਸੀ। ਜ਼ਿਲ੍ਹੇ ਦੀ 51.14 ਫ਼ੀਸਦੀ ਵੱਸੋਂ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਸੀ ਜਦੋਂਕਿ ਹਿੰਦੂ ਆਬਾਦੀ 39 ਫ਼ੀਸਦੀ ਅਤੇ ਸਿੱਖ ਆਬਾਦੀ ਸਿਰਫ਼ 10 ਫ਼ੀਸਦੀ ਹੀ ਸੀ। ਮੁਸਲਮਾਨ ਭਾਈਚਾਰੇ ਦੇ ਲੋਕ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ  ਪੰਡਿਤ ਜਵਾਹਰਲਾਲ ਨਹਿਰੂ ਅਤੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲੇ।
ਰੈੱਡਕਲਿਫ ਬਾਊਂਡਰੀ ਕਮਿਸ਼ਨ ਦੇ 17 ਅਗਸਤ 1947 ਦੇ ਐਲਾਨ ਮੁਤਾਬਕ ਸ਼ਕਰਗੜ੍ਹ ਤਹਿਸੀਲ ਤੋਂ ਇਲਾਵਾ ਗੁਰਦਾਸਪੁਰ ਦਾ ਬਾਕੀ ਸਾਰਾ ਹਿੱਸਾ ਭਾਰਤ ‘ਚ ਸ਼ਾਮਲ ਕਰ ਦਿੱਤਾ ਗਿਆ। ਇਸ ਤਰ੍ਹਾਂ ਗੁਰਦਾਸਪੁਰ ਸ਼ਹਿਰ ਦੀ ਕਰੀਬ ਸਾਰੀ ਮੁਸਲਮਾਨ ਆਬਾਦੀ ਪਾਕਿਸਤਾਨ ਚਲੀ ਗਈ ਅਤੇ ਸ਼ਕਰਗੜ੍ਹ ਅਤੇ ਸਿਆਲਕੋਟ ਤਹਿਸੀਲਾਂ ਤੋਂ ਉੱਜੜ ਕੇ ਆਏ ਹਿੰਦੂ-ਸਿੱਖ ਪਰਿਵਾਰ ਇੱਥੇ ਆ ਕੇ ਵੱਸ ਗਏ। ਭਾਵੇਂ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਪਰ ਹੁਣ ਭਾਰਤ ਦਾ ਅਟੁੱਟ ਅੰਗ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਦੇ ਨਾਲ ਹੀ 14 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ। ਡੇਰਾ ਬਾਬਾ ਨਾਨਕ ਵੀ ਜ਼ਿਲ੍ਹਾ (ਗੁਰਦਾਸਪੁਰ) ਅਧੀਨ ਆਉਂਦਾ ਹੈ। ਡੇਰਾ ਬਾਬਾ ਨਾਨਕ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਲੰਮਾ ਸਮਾਂ ਉੱਥੇ ਰਹੇ ਅਤੇ ਜੋਤੀ ਜੋਤਿ ਸਮਾਏ। ਹੁਣ ਹਰ ਵਰ੍ਹੇ ਮਾਰਚ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਇੱਥੇ ਵਿਸ਼ਾਲ ਮੇਲਾ ਲੱਗਦਾ ਹੈ। ਇਸ ਦਿਨ ਦੂਰ-ਦੁਰਾਢੇ ਤੋਂ ਸੰਗਤਾਂ ਪੈਦਲ ਅਤੇ ਵਾਹਨਾਂ ਰਾਹੀਂ ਡੇਰਾ ਬਾਬਾ ਨਾਨਕ ਵਿਖੇ ਪੁੱਜਦੀਆਂ ਹਨ।
ਗੁਰਦਾਸਪੁਰ ਦੇ ਸੰਸਥਾਪਕ ਮਹੰਤਾਂ ਦਾ ਨਿਵਾਸ ਸਥਾਨ ‘ਰੰਗ ਮਹਿਲ’, 18ਵੀਂ ਸਦੀ ਦੇ ਮੱਧ ਵਿੱਚ ਮਹੰਤ ਪਰਿਵਾਰ ਵੱਲੋਂ ਬਣਾਈ ਅਧੂਰੀ ਰਿਹਾਇਸ਼ ਦੀ ਹਿੱਲਦੀ ਦੀਵਾਰ ‘ਝੂਲਣਾ ਮਹਿਲ’, ਅੰਮ੍ਰਿਤਸਰ-ਗੁਰਦਾਸਪੁਰ ਸੜਕ ਉੱਤੇ ਸ੍ਰੀ ਨਵਲ ਰਾਏ ਅਤੇ ਬਾਬਾ ਦੀਪ ਸਿੰਘ ਦੀਆਂ ਸਮਾਧਾਂ, ਕੇਂਦਰੀ ਜੇਲ੍ਹ ਅਤੇ ਬਥਵਾਲਾ ਥੇਹ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲ੍ਹੇ, 1862 ਵਿੱਚ ਉਸਾਰਿਆ ਗਿਰਜਾ ਘਰ ‘ਆਲ ਇੰਡੀਆ ਸੇਂਟਸ ਚਰਚ’  ਤੋਂ ਇਲਾਵਾ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ‘ਚ ਸਥਾਪਤ ਗੁਰਦੁਆਰਾ ਸਾਹਿਬ, ਕਲਾਨੌਰ ਵਿਖੇ ਅਕਬਰ ਦਾ ਤਾਜਪੋਸ਼ੀ ਸਥਾਨ, ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਇਤਿਹਾਸਕ ਗੁਰਦੁਆਰਾ ਅਤੇ ਸ਼ਹੀਦਾਂ ਦੀ ਯਾਦ ‘ਚ ਹਾਲ ਹੀ ਵਿੱਚ ਉਸਾਰੀ ਗਈ ਯਾਦਗਾਰ, ਦੀਨਾਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਖਸਤਾ ਹਾਲ ਬਾਰਾਂਦਰੀ, ਪੰਡੋਰੀ ਦਾ ਮੰਦਰ ਅਤੇ ਬਹਿਰਾਮਪੁਰ ਵਿਖੇ ਬੈਰਮ ਖਾਂ ਦੀ ਮਸੀਤ ਸਮੇਤ ਅਨੇਕਾਂ ਇਤਿਹਾਸਕ ਸਥਾਨ ਵੇਖਣਯੋਗ ਹਨ। ਗੁਰਦਾਸਪੁਰ ਦੇ ਗੀਤਾ ਭਵਨ ਵਿਖੇ ਸਥਿਤ ਝੂਲਣਾ ਮਹਿਲ ਦੀ ਕੰਧ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਕੰਧ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਕਦੇ ਨਾ ਡਿੱਗਣ ਦਾ ਵਰਦਾਨ ਮਿਲਿਆ ਹੋਇਆ ਹੈ। ਇਸ ਥਾਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਪੰਜਾਬੀ ਸਾਹਿਤ ਜਗਤ ਨੂੰ ਮਜ਼ਬੂਤ ਥੰਮ ਦੇਣ ਦਾ ਮਾਣ ਵੀ ਗੁਰਦਾਸਪੁਰ ਨੂੰ ਮਿਲਿਆ ਹੈ। ਹਾਮਿਦ ਸ਼ਾਹ ਅੱਬਾਸੀ, ਈਸ਼ਵਰ ਚੰਦਰ ਨੰਦਾ, ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਅਤੇ ਪਾਕਿਸਤਾਨੀ ਸੂਫ਼ੀ ਸ਼ਾਇਰ ਇਕਬਾਲ ਬਾਹੂ ਅਤੇ ਵਿਜੈ ਆਨੰਦ ਦਾ ਜ਼ਿਕਰ ਕੀਤੇ ਬਿਨਾਂ ਗੁਰਦਾਸਪੁਰ ਬਾਰੇ ਕੋਈ ਵੀ ਗੱਲ ਅਧੂਰੀ ਜਾਪਦੀ ਹੈ। ਇਸੇ ਤਰ੍ਹਾਂ ਏਅਰ ਚੀਫ਼ ਮਾਰਸ਼ਲ ਦਿਲਬਾਗ ਸਿੰਘ, ਹਾਕੀ ਖਿਡਾਰੀ ਪ੍ਰਭਜੋਤ ਸਿੰਘ, ਇਸਲਾਮ ਟਰਸੱਟ ਪਠਾਨਕੋਟ ਦੇ ਸੰਸਥਾਪਕ ਚੌਧਰੀ ਨਿਆਜ਼ ਅਲੀ ਖ਼ਾਨ, ਅਹਿਮਦੀਆ ਮੁੂਵਮੈਂਟ ਦੇ ਬਾਨੀ ਮਿਰਜ਼ਾ ਗੁਲਾਮ ਅਹਿਮਦ, ਤੌਲੂ-ਏ-ਇਸਲਾਮ ਦੇ ਬਾਨੀ ਗੁਲਾਮ ਅਹਿਮਦ ਪ੍ਰਵੇਜ਼, ਚਿੱਤਰਕਾਰ ਸ਼ੋਭਾ ਸਿੰਘ, ਤੇਜਾ ਸਿੰਘ ਅਕਰਪੁਰੀ, ਇਸ਼ਫਾਕ ਅਹਿਮਦ, ਰਾਣਾ ਗੁਲਾਮ ਫ਼ਰੀਦ ਖਾਨ, ਪੰਜਾਬੀ ਗਾਇਕ ਜਸਬੀਰ ਜੱਸੀ, ਕ੍ਰਿਕਟ ਖਿਡਾਰੀ ਮਨਪ੍ਰੀਤ ਗੋਨੀ ਅਤੇ ਐਸ.ਜੀ.ਐਲ ਜਨ ਸੇਵਾ ਕੇਂਦਰ ਗੜ੍ਹਾ ਜਲੰਧਰ ਦੇ ਬਾਨੀ ਬਾਬਾ ਕਸ਼ਮੀਰਾ ਸਿੰਘ (ਤੁਗਲਵਾਲਾ) ਆਦਿ ਗੁਰਦਾਸਪੁਰ ਦਾ ਮਾਣ ਬਣੇ ਹਨ। ਪ੍ਰਸਿੱਧ ਆਜ਼ਾਦੀ ਘੁਲਾਟੀਆ ਕਾਮਰੇਡ ਤੇਜਾ ਸਿੰਘ ਸੁਤੰਤਰ, ਸ੍ਰੀ ਰਾਮ ਸਿੰਘ ਦੱਤ, ਲਛਮਣ ਸਿੰਘ ਵੀ ਗੁਰਦਾਸਪੁਰ ਨਾਲ ਹੀ ਸਬੰਧਿਤ ਸਨ।
ਲੰਮਾ ਇਤਿਹਾਸਕ ਪਿਛੋਕੜ ਹੋਣ ਦੇ ਬਾਵਜੂਦ ਛੇ ਦਹਾਕਿਆਂ ਤੋਂ ਵੱਧ ਸਮਾਂ ਲੰਘਣ ਤੋਂ ਬਾਅਦ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਨੂੰ ਵਿਕਾਸ ਪੱਖੋਂ ਉਹ ਤਰਜੀਹ ਨਹੀਂ ਦਿੱਤੀ ਗਈ ਹੈ, ਜਿਸ ਦਾ ਇਹ ਹੱਕਦਾਰ ਬਣਦਾ ਹੈ। ਹਾਲਾਂਕਿ ਸਰਕਾਰਾਂ ਦੇ ਗਠਨ ‘ਚ ਇੱਥੋਂ ਦੇ ਲੋਕਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਦੇ ਸਰਹੱਦੀ ਇਲਾਕੇ ਹਾਲੇ ਵੀ ਪਛੜੇ ਹੋਏ  ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਦਾ ਜਿਉਣਾ ਮੁਹਾਲ ਹੈ। ਮਕੌੜਾ ਪੱਤਣ ‘ਤੇ ਪੈਂਦੇ ਰਾਵੀ ਦਰਿਆ ਪਾਰਲੇ ਪਿੰਡ ਬਰਸਾਤਾਂ ਦੇ ਦਿਨਾਂ ‘ਚ ਮੁਲਕ ਨਾਲੋਂ ਕੱਟ ਜਾਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਦਾ ਤਰਜੀਹੀ ਆਧਾਰ ਉੱਤੇ ਵਿਕਾਸ ਕਰਵਾਏ।

ਜਤਿੰਦਰ ਸਿੰਘ ਬੈਂਸ
* ਮੋਬਾਈਲ: 94781-93370

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment


ਗੁਰਸ਼ਾਮ ਸਿੰਘ ਚੀਮਾਂ