ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, October 25, 2012

ਕਣਕ ਤੋਂ ਵਧੇਰੇ ਝਾੜ ਲੈਣ ਲਈ ਨਦੀਨ ਅਤੇ ਖਾਦ ਪ੍ਰਬੰਧ ਲਈ ਜ਼ਰੂਰੀ ਨੁਕਤੇ



ਕਣਕ ਪੰਜਾਬ ਦੀ ਹਾੜੀ ਦੀ ਮੁੱਖ ਫ਼ਸਲ ਹੈ। ਇਸਦੇ ਸਫ਼ਲ ਉਤਪਾਦਨ ਲਈ ਚੰਗੇ ਬੀਜ, ਖਾਦ, ਪਾਣੀ ਤੋਂ ਇਲਾਵਾ ਨਦੀਨਾਂ ਦੇ ਸੁਯੋਗ ਪ੍ਰਬੰਧ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਨਦੀਨਾਂ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਵੇ ਤਾਂ ਕਣਕ ਦਾ ਝਾੜ 80 ਫ਼ੀਸਦੀ ਤੱਕ ਘਟ ਸਕਦਾ ਹੈ। ਨਦੀਨਾਂ ਦੀ ਕਿਸਮ ਅਤੇ ਗਿਣਤੀ ਫ਼ਸਲੀ ਚੱਕਰ, ਮਿੱਟੀ ਦੀ ਕਿਸਮ, ਖਾਦਾਂ ਦੀ ਮਾਤਰਾ, ਪਾਣੀ ਦੇ ਸਾਧਨ ਆਦਿ ਉੱਪਰ ਨਿਰਭਰ ਕਰਦੀ ਹੈ। ਜਿਹੜੇ ਕਿਸਾਨ ਲੋੜ ਤੋਂ ਵਧੇਰੇ ਖਾਦਾਂ ਦੀ ਵਰਤੋਂ ਕਰਦੇ ਹਨ, ਉਹ ਵਧੇਰੇ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਝੋਨੇ-ਕਣਕ ਫ਼ਸਲੀ ਚੱਕਰ ਵਾਲੇ ਖੇਤਾਂ 'ਚ ਗੁੱਲੀ ਡੰਡਾ ਬਹੁਤਾਤ ਵਿਚ ਹੋ ਜਾਂਦਾ ਹੈ ਅਤੇ ਦੂਸਰੇ ਫ਼ਸਲੀ ਚੱਕਰ ਵਾਲੇ ਖੇਤਾਂ 'ਚ ਜੌਂਧਰ ਜ਼ਿਆਦਾ ਹੁੰਦਾ ਹੈ। ਇਸਤੋਂ ਇਲਾਵਾ ਕਣਕ ਵਿਚ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਬਾਥੂ, ਮੈਨਾ, ਮੈਨੀ, ਜੰਗਲੀ ਪਾਲਕ, ਸੇਂਜੀ, ਪਿੱਤ ਪਾਪੜਾ, ਕੰਡਿਆਲੀ ਪਾਲਕ, ਬਿੱਲੀ ਬੂਟੀ , ਤੱਕਲਾ, ਹਾਲੋਂ ਅਤੇ ਬਟਨ ਵੀਡ ਵੀ ਉਗਦੇ ਹਨ। ਜਿਨ੍ਹਾਂ ਖੇਤਾਂ ਵਿਚ ਗੁੱਲੀ ਡੰਡਾ ਖਤਮ ਹੋ ਜਾਂਦਾ ਹੈ, ਉਥੇ ਜੰਗਲੀ ਜਵੀਂ ਦੀ ਸਮੱਸਿਆ ਵਧ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕਾਂ ਦੀ ਸਹੀ ਸਮੇਂ 'ਤੇ, ਸਹੀ ਮਾਤਰਾ ਵਿਚ ਅਤੇ ਸਹੀ ਤਰੀਕੇ ਨਾਲ ਵਰਤੋਂ ਕਰਕੇ ਹੀ ਪੂਰਾ ਲਾਭ ਲਿਆ ਜਾ ਸਕਦਾ ਹੈ। ਕਣਕ ਵਿਚ ਖੇਤੀਬਾੜੀ ਯੂਨੀਵਰਸਿਟੀ ਵਲੋਂ ਗੁੱਲੀ ਡੰਡੇ ਦੀ ਰੋਕਥਾਮ ਲਈ ਹੇਠ ਲਿਖੀਆਂ ਨਦੀਨ ਨਾਸ਼ਕ ਦਵਾਈਆਂ ਦੀ ਸਿਫ਼ਾਰਿਸ਼ ਕੀਤੀ ਗਈ ਹੈ:

ਜੰਗਲੀ ਜਵੀ / ਜੌਧਰ ਦੀ ਰੋਕਥਾਮ : ਇਸ ਨਦੀਨ ਦੀ ਰੋਕਥਾਮ ਲਈ ਐਵਾਡੈਕਸ ਬੀ. ਡਬਲਯੁੂ 1.0 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਬਣਾ ਕੇ ਕਰੋ । ਇਹ ਨਦੀਨ ਨਾਸ਼ਕ ਦਵਾਈ ਉੱਡਣਸ਼ੀਲ ਹੈ ਅਤੇ ਇਸ ਲਈ ਜਾਂ ਤਾਂ ਕਣਕ ਦੀ ਬਿਜਾਈ ਐਵਾਡੈਕਸ ਦੇ ਤੁਰੰਤ ਬਾਅਦ ਕਰੋ ਨਹੀਂ ਤਾਂ ਇਸ ਜ਼ਮੀਨ ਦੀ ਉਪਰਲੀ 2-3 ਸੈਂ. ਮੀ: ਤਹਿ ਵਿਚ ਮਿਲਾਓ। ਬਿਜਾਈ ਡਰਿੱਲ ਨਾਲ ਕਰੋ ਅਤੇ ਸੁਹਾਗਾ ਨਾ ਮਾਰੋ।

ਕਣਕ ਵਿਚ ਜੌਂਧਰ

ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ। ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ। ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ। ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ। ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ। ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ । ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ । ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ। ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ। (ਬਾਕੀ ਅਗਲੇ ਅੰਕ 'ਚ)

-ਸ਼ੈਲੀ ਨਈਅਰ, ਸੁਖਵਿੰਦਰ ਸਿੰਘ ਅਤੇ ਜਗਦੇਵ ਸਿੰਘ ਬਰਾੜ
-ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਰੀਦਕੋਟ।



Post Comment


ਗੁਰਸ਼ਾਮ ਸਿੰਘ ਚੀਮਾਂ