ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 6, 2012

ਜੇ ਕੁੜੀ ਹੁੰਦੀ ਆਹ ਦਿਨ ਤਾਂ ਨਾ ਵੇਖਣੇ ਪੈਂਦੇ


ਜਿਨ੍ਹਾਂ ਦੇ ਕੁੜੀ ਨਹੀਂ ਹੁੰਦੀ, ਮੁੰਡੇ ਹੀ ਹੁੰਦੇ ਹਨ ਉਨ੍ਹਾਂ ਦੇ ਘਰਾਂ ਵਿਚੋਂ ਕੁਝ ਗੁਆਚਿਆ-ਗੁਆਚਿਆ ਜੇਹਾ ਜਾਪਦਾ ਹੁੰਦਾ, ਉਨ੍ਹਾਂ ਦੇ ਘਰਾਂ ਦੇ ਰੰਗ ਢੰਗ , ਬੋਲ-ਪਾਣੀ ਬੇ-ਇਤਬਾਰੇ ਜੇਹੇ ਹੋ ਜਾਂਦੇ। ਉਨ੍ਹਾਂ ਘਰਾਂ ਦੇ ਜੀਆਂ ਦੀ ਸੋਚਣੀ ਕੋਮਲ ਅਹਿਸਾਸਾਂ ਤੋਂ ਵੰਚਿਤ ਹੋ ਜਾਂਦੀ ਹੈ। ਧੀ ਭੈਣ, ਲੜਕੀ ਦੀ ਹੋਂਦ ਦੇ ਬਗੈਰ ਉਨ੍ਹਾਂ ਘਰਾਂ 'ਚੋਂ ਅਪਣੱਤ, ਸ਼ਿਸ਼ਟਾਚਾਰ ਅਤੇ ਭਾਈਚਾਰਕ ਸਾਂਝਾਂ ਨੂੰ ਉੱਚਾ ਕਰਨ ਵਾਲੀ ਗੱਲ ਮਨਫ਼ੀ ਹੋ ਜਾਂਦੀ ਹੈ।

ਸ਼ਹਿਰ 'ਚ ਸਾਡਾ ਇਕ ਸ਼ਾਮ ਨੂੰ ਸੈੇਰ ਕਰਨ ਵਾਲਾ ਮਿੱਤਰ ਦਸੌਂਧਾ ਸਿੰਹੁ (ਫਰਜ਼ੀ ਨਾਂਅ) ਹੈ ; ਬਹੁਤ ਹੀ ਠੰਡੇ ਸ਼ਾਂਤ ਸੁਭਾਅ ਵਾਲਾ, ਦੁਨੀਆਂਦਾਰੀ ਦੀ ਉਸ ਨੂੰ ਪਾਹ ਹੀ ਨਹੀਂ ਲੱਗੀ । ਨਸ਼ੇ ਤੋਂ ਬਹੁਤ ਹੀ ਦੂਰ, ਦਾਰੂ ਦਾ ਖਾਲੀ ਪਊਆ ਵੀ ਉਸ ਦੇ ਘਰੋਂ ਨਹੀਂ ਮਿਲ ਸਕਦਾ। ਉਸ ਦੀ ਘਰਵਾਲੀ ਵੀ ਉਸੇ ਵਰਗੀ ਬਾਹਲੀ ਹੀ ਸਾਊ ਸਾਰਾ ਦਿਨ ਘਰ ਦੇ ਕੰਮਾਂ ਵਿਚ ਹੀ ਖਚਿਤ । ਉਨਾਂ ਦੇ ਕੁੜੀ ਹੈ ਨਹੀਂ, ਦੋ ਮੁੰਡੇ ਹੀ ਹਨ। ਦੋਨੋਂ ਈ ਦਬੰਗੜ। ਵੱਡਾ ਤਾਂ ਬਾਹਲਾ ਹੀ ਅਲੱਥ , ਭੂੰਡਾਂ ਦੀ ਖੱਖਰ ਸਿਰੇ ਦਾ ਪੰਗੇਬਾਜ਼। ਦੋਵਾਂ ਜੀਆਂ ਦਾ ਨੱਕ ਵਿਚ ਦਮ ਕਰ ਰੱਖਿਆ। ਦਸੌਂਧੇ ਦੀ ਘਰਵਾਲੀ ਨੂੰ ਗੈਂਠੀਆਂ ਹੈ; ਜੋੜਾਂ ਚੋਂ ਪੀੜਾਂ ਨਿਕਲਦੀਆਂ। ਚੁੱਲੇ ਚੌਂਕੇ ਦੀ ਸਾਂਭ-ਸੰਭਾਲ ਬਹੁਤ ਹੀ ਔਖੀ ਹੋ ਕੇ ਕਰਦੀ। ਵੱਡਾ ਮੁੰਡਾ ਅਠਾਈਆਂ ਦਾ ਹੋ ਗਿਆ ਪਰ ਉਹ ਵਿਆਹ ਕਰਵਾਉਣ ਲਈ ਕੋਈ ਸਿਰਾ ਨਹੀਂ ਫੜਾ ਰਿਹਾ। ਘਤਿੱਤਾਂ-ਉਲਾਂਭੇ ਵਾਧੂ ਮੋਟਰ ਸਾਈਕਲ ਦੇ ਚੰਗਿਆੜੇ ਕਢਾਈ ਰੱਖਦਾ। ਦਸੌਂਧਾ ਸਿੰਹੁ ਨੇ ਸਾਕ-ਸਬੰਧੀਆਂ ਨੂੰ ਕਹਿ ਕੁਹਾ ਕੇ ਬਹੁਤ ਜ਼ੋਰ ਲਾਇਆ ਕਿ ਮੁੰਡਾ ਵਿਆਹ ਕਰਵਾ ਲਵੇ ਤਾਂ ਜੋ ਉਸਦੀ ਘਰਵਾਲੀ ਨੂੰ ਸੁਖ ਦਾ ਸਾਹ ਮਿਲ ਸਕੇ। ਕਈ ਦੱਸਾਂ ਪਈਆਂ, ਚਾਰ ਪੰਜ ਥਾਵਾਂ ਵੀ ਵੇਖੀਆਂ ਪਰ ਮੁੰਡਾ ਕੋਈ ਨਾ ਕੋਈ ਨੁਕਸ ਜੇਹਾ ਕੱਢ ਕੇ ਵਿਆਹ ਕਰਾਉਣ ਤੋਂ ਟਾਲਾ ਜੇਹਾ ਕਰ ਜਾਂਦਾ ਤੇ ਗੱਲ ਨੂੰ ਟਰਕਾਈ ਜਾਂਦਾ ।

ਮੋਠੂ ਮਲੰਗਾ ! ਇਕ ਦਿਨ ਸਾਡਾ ਇਹ ਬੇਲੀ ਦਸੌਧਾ ਸਿੰਹੁ ਆਪਣਾ ਰੋਣਾ ਰੋਂਦਾ ਹੋਇਆ ਸਾਨੂੰ ਆਂਹਦਾ - ਭਰਾ ਜੀ! ਔਲਾਦ ਨੇ ਬਹੁਤ ਦੁਖੀ ਕਰ ਛਡਿਆ । ਘਰਵਾਲੀ ਨੂੰ ਰੋਟੀ ਪਕਾਉਣੀ ਔਖੀ ਹੋਈ ਪਈ ਏ। ਵੱਡੇ ਲੜਕੇ 'ਤੇ ਵਿਆਹ ਕਰਵਾਣ ਲਈ ਜ਼ੋਰ ਪਾਂਉਂਦੇ ਹਾਂ ਤਾਂ ਉਹ ਉੱਲੂ ਦਾ ਪੁੱਤਰ, ਕਿਸੇ ਗੱਲ 'ਤੇ ਹੀ ਨਹੀਂ ਆਉਂਦਾ। ਆਪ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਮੇਰੀ ਮਦਦ ਕਰੋ। ਸਾਡੇ ਨਜ਼ਦੀਕੀ ਰਿਸ਼ਤੇਦਾਰ ਰਿਸ਼ਤਾ ਕਰਵਾ ਰਹੇ ਨੇ। ਘਰ ਬਹੁਤ ਚੰਗਾ ਸੁਣੀਂਦਾ। ਇਸ ਐਤਵਾਰ ਨੂੰ ਅਸੀਂ ਲੜਕੀ ਨੂੰ ਦੇਖਣ ਜਾਣ ਦੀ ਵਿਚਾਰ ਬਣਾਈ ਏ। ਤੁਸੀਂ ਚਾਰ ਪੰਜ ਜਣੇ ਫਲਾਣਾ-ਫਲਾਣਾ ਸਾਡੇ ਨਾਲ ਚੱਲੋ। ਤੁਸੀਂ ਨਾਲ ਹੋਏ ਤਾਂ, ਲੜਕੀ ਨੂੰ ਦੇਖ ਕੇ ਲੜਕਾ ਨਾਂਹ-ਨੁੱਕਰ ਨਹੀਂ ਕਰ ਸਕੇਗਾ।

ਦਸੌਂਧਾ ਸਿੰਹੁ ਨੇ ਵੱਡੀ ਗੱਡੀ ਕਰਵਾ ਲਈ। ਉਸ ਦੇ ਪਰਿਵਾਰ ਸਮੇਤ ਅਸੀਂ ਪੰਜ ਕੁ ਜਣੇ ਐਤਵਾਰ ਨੂੰ ਕੁੜੀ ਵਾਲੇ ਘਰ ਜਾ ਪਹੁੰਚੇ। ਕੁੜੀ ਵਾਲਿਆਂ, ਖੂਬ ਸੇਵਾ ਕੀਤੀ, ਕੁੜੀ ਬਹੁਤ ਹੀ ਸਲੀਕੇ ਨਾਲ, ਖੁਦ ਹੀ ਸਭ ਨੂੰ ਕੋਕੇ-ਕੋਲੇ ਕਾਜੂ ਨਮਕੀਨ ਵਗੈਰਾ ਟਰੇਅ ਵਿਚ ਰੱਖ ਕੇ ਵਰਤਾ ਕੇ ਗਈ। ਸਾਰਿਆਂ ਨੂੰ ਘਰ ਦਾ ਰੰਗ-ਢੰਗ ਚੰਗਾ ਜੇਹਾ ਲੱਗਿਆ ਤੇ ਕੁੜੀ ਜੱਚਦੀ ਜਾਪੀ। ਫੇਰ ਅਸੀਂ ਦਸੌਂਧਾ ਸਿੰਹੁ ਨੂੰ ਕਿਹਾ ਗੱਲ ਸੁਣ ! ਕੱਲ੍ਹ ਨੂੰ ਮੁੰਡਾ ਏਹ ਨਾ ਕਹਿ ਦੇਵੇ ਕਿ ਮੇਰਾ ਰਿਸ਼ਤਾ ਤਾਂ ਦਬਾਅ ਜੇਹੇ ਹੇਠ ਕਰ ਦਿੱਤਾ, ਤੁਸੀਂ ਮੁੰਡੇ ਕੁੜੀ ਨੂੰ ਇਕੱਲਿਆਂ ਬਿਠਾ ਕੇ ਇਨ੍ਹਾਂ ਦੀਆਂ ਗੱਲਾਂ ਕਰਵਾ ਦਿਉ ; ਕਈ ਵਾਰ ਇਉਂ ਨੇੜਤਾ ਜੇਹੀ ਬਾਹਲੀ ਵਧ ਜਾਂਦੀ ਐ...। ਦੋਵਾਂ ਨੂੰ ਇਕ ਪਾਸੇ ਵੱਖਰੇ ਬੈਠਾ ਕੇ ਗੱਲਾਂ ਕਰਵਾ ਦਿੱਤੀਆਂ। ਮੁੰਡਾ ਰਾਜ਼ੀ ਹੋ ਗਿਆ ਤੇ ਉਸਨੇ ਹਾਂ ਕਰ ਦਿੱਤੀ। ਦਸੌਂਧਾ ਸਿੰਹੁ ਹੁਰਾਂ ਨੇ ਸੂਟ ਵਗੈਰਾ ਤੇ ਹੋਰ ਨਿੱਕ-ਸੁੱਕ ਜੋ ਨਾਲ ਲਿਆਂਦਾ ਸੀ ਉਸੇ ਵਕਤ ਹੀ ਰਿਸ਼ਤਾ ਪੱਕਾ ਤੇ ਰੋਕ ਦੀ ਰਸਮ ਕਰ ਦਿੱਤੀ। ਦੂਜੇ ਪਾਸਿਉਂ ਕੁੜੀ ਵਾਲਿਆਂ ਨੇ ਇਕਵੰਜਾ ਸੌ ਰੁਪਏ ਮੁੰਡੇ ਦੀ ਝੋਲੀ ਪਾ ਦਿੱਤੇ। ਉਥੇ ਬੈਠਿਆਂ ਹੀ ਤਿੰਨਾਂ ਕੁ ਮਹੀਨਿਆਂ ਨੂੰ ਵਿਆਹ ਕਰ ਦੇਣ ਦੀ ਸਹਿਮਤੀ ਪ੍ਰਗਟ ਕਰ ਦਿੱਤੀ। ਸਾਰੇ ਖੁਸ਼ ਬਈ ਮਿਹਨਤ ਪੱਲੇ ਪੈ ਗਈ ਪੱਕ-ਠੱਕ ਹੋ ਹੀ ਗਿਆ ਹੈ।

ਮੋਠੂ ਮਲੰਗਾ ! ਆਪਾਂ ਗੱਲ ਕੀਤੀ ਸੀ ਬਈ ਜਿਨ੍ਹਾਂ ਦੇ ਕੁੜੀ ਨਹੀਂ ਹੁੰਦੀ ਉਨ੍ਹਾਂ ਦੇ ਘਰਾਂ ਦਾ ਬੇਵਿਸ਼ਵਾਸਾ, ਬੇਇਤਬਾਰਾ ਜੇਹਾ ਮਾਹੌਲ ਹੁੰਦਾ। ਮਹੀਨੇ ਕੁ ਬਾਦ ਜਦ ਕੁੜੀ ਵਾਲਿਆਂ ਨੇ ਵਿਆਹ ਦੀ ਤਰੀਕ ਪੱਕੀ ਕਰਨ ਲਈ ਗੱਲ ਚਲਾਈ ਤਾਂ ਦਸੌਂਧਾ ਸਿੰਹੁ ਦਾ ਮੁੰਡਾ ਹੋਰ ਈ ਬੋਲੀ ਬੋਲਣ ਲੱਗ ਪਿਆ-ਮੈਂ ਅਜੇ ਵਿਆਹ ਨਹੀਂ ਕਰਵਾਉਣਾ, ਮੇਰਾ ਕੋਈ ਮੂਡ ਨਹੀਂ ਮੈਂ ਤਾਂ ਅਜੇ ਦੋ ਸਾਲ ਨਹੀਂ ਕਰਾਉਣਾ...। ਕੁੜੀ ਵਾਲੇ ਤਿੰਨ ਚਾਰ ਗੇੜੇ ਮਾਰ ਗਏ ਪਰ ਮੁੰਡਾ ਲੱਤ ਹੀ ਨਾ ਲਾਵੇ। ਦਸੌਂਧਾ ਸਿੰਹੁ ਦੀ ਚੱਲੇ ਕੋਈ ਨਾ। ਇਕ ਦਿਨ ਕੁੜੀ ਵਾਲੇ ਇਹ ਸੋਚ ਕੇ ਆ ਗਏ ਬਈ ਮੁੰਡੇ ਵਾਲੇ ਤਾਂ ਕੋਈ ਰਾਹ ਨਹੀਂ ਦੇ ਰਹੇ ,ਗੱਲ ਨੂੰ ਲਟਕਾਈ ਹੀ ਜਾਂਦੇ ਆ। ਕਿਉਂ ਨਾ ਇਨ੍ਹਾਂ ਨਾਲ ਕੱਟਾ-ਕੱਟੀ ਕੱਢ ਲਿਆ ਜਾਵੇ। ਉਹ ਬੰਦੂਕਾਂ ਜੇਹੀਆਂ ਲੈਕੇ ਚਾਣਚੱਕ ਦਸੌਂਧਾ ਸਿੰਹੁ ਦੇ ਘਰੇ ਆ ਉਤਰੇ। ਉਹ ਅਜੇ ਅੰਦਰ ਵੜੇ ਹੀ ਸਨ ਕਿ ਰੱਬ ਜਾਣੇ ਮੁੰਡੇ ਨੂੰ ਕਿਵੇਂ ਪਤਾ ਲੱਗਿਆ, ਉਹ ਟੇਡੇ ਖੜ੍ਹੇ ਮੋਟਰ ਸਾਈਕਲ ਦੇ ਜ਼ੋਰ ਦੀ ਕਿੱਕ ਜੇਹੀ ਠੋਕ ਕੇ ਪਿਛਲੇ ਪਾਸੇ ਦੀ ਫੁਰਰ ਕਰਕੇ ਨਿਕਲ ਗਿਆ। ਕੁੜੀ ਵਾਲੇ , ਦਸੌਂਧਾ ਸਿੰਹੁ ਦੇ ਦੁਆਲੇ -ਗੱਲ ਸੁਣ ਉਏ ਵੱਡਿਆ ਮੋਹਤਬਰ ਅੱਜ ਤੈਨੂੰ ਬੰਦਾ ਬਣਾਉਣਾ ਹੀ ਪੈਣਾ, ਉਦੋਂ ਤਾਂ ਤਿੜਕੇ ਸ਼ਗਨ ਝੋਲੀ ਪਵਾ ਲਿਆ ਸੀ। ਅੱਜ ਕਰਦੇਂ ਕੱਲ੍ਹ ਕਰਦੇਂ; ਲਾਰੇ ਜੇਹੇ ਲਾਈ ਜਾਨੈ; ਬੰਦਿਆਂ ਵਾਂਗੂੰ ਗੱਲ ਕਿਉਂ ਨਹੀਂ ਕਰਦਾ...। ਸੋਫੇ 'ਤੇ ਬੈਠਾ ਦਸੌਂਧਾ ਸਿੰਹੁ ਹੱਥ ਜੋੜੀ ਕਹੀ ਜਾਵੇ - ਭਾਈ ਸਾਹਿਬ ਮੇਰਾ ਕੋਈ ਕਸੂਰ ਨਹੀਂ। ਮੈਂ ਤਾਂ ਆਉਂਦੇ ਐਤਵਾਰ ਕਰਨ ਨੂੰ ਤਿਆਰ ਹਾਂ। ਗੰਦੀ ਔਲਾਦ ਦਾ ਕੀ ਕਰਾਂ। ਮੁੰਡਾ ਦਗਾ ਦੇ ਰਿਹਾ। ਅਸੀਂ ਤਾਂ ਖੁਦ ਚਾਹੁੰਦੇ ਹਾਂ ਕਦ ਅਸਾਂ ਦੇ ਬਹੂ ਆਵੇ ਤੇ ਰੋਟੀ ਪਕਾਵੇ... ਸੁਣ ਕੇ ਕੁੜੀ ਵਾਲੇ ਜਾਣ ਗਏ; ਬੇਕਾਰ ਬੰਦਾ ਹੈ ਇਸ ਨਾਲ ਬਹਿਸਣਾ ਪੂਰੀ ਮੂਰਖਤਾ ; ਔਲਾਦ ਵੀ ਜਿਸ ਦੇ ਕੰਟਰੋਲ 'ਚ ਨਹੀਂ ਉਹ ਬੰਦਾ ਕੀ ਹੋਇਆ। ਉਹ ਉਚਾ ਨੀਵਾਂ ਜੇਹਾ ਆਖ ਕੇ ਮਾਰੀ ਦੇ ਵਾਪਸ ਹੋ ਗਏ।

ਮੋਠੂ ਮਲੰਗਾ! ਹੁਣ ਦਸੌਂਧਾ ਸਿੰਹੁ ਦੀ ਜੋ ਘਰਵਾਲੀ ਹੈ ਉਸ ਤੋਂ ਚੱਜ ਨਾਲ ਕੁਝ ਨਹੀਂ ਹੁੰਦਾ। ਰਸੋਈ ਕੱਪੜੇ ਲੀੜੇ ਧੋਣ ਦਾ ਬਾਹਲਾ ਕੰਮ ਦਸੌਂਧਾ ਸਿੰਹੁ ਨੂੰ ਆਪ ਹੀ ਕਰਨਾ ਪੈਂਦਾ। ਕੱਛੇ ਪਜਾਮੇ ਨਿਚੋੜ ਨਿਚੋੜ ਆਪ ਹੀ ਤਾਰ 'ਤੇ ਪਾ ਰਿਹਾ ਹੁੰਦਾ। ਘਰ ਵਾਲੀ ਬੈਠਵਾਂ ਕੰਮ ਹੀ ਕਰਦੀ ਹੈ। ਕਦੇ ਕਦੇ ਜਦ ਦਸੌਂਧਾ ਸਿੰਹੁ ਬਹੁਤ ਹੀ ਅਵਾਜ਼ਾਰ ਦੁਖੀ ਹੋ ਜਾਂਦਾ; ਬਾਹਲਾ ਹੀ ਅੱਕ ਜਾਂਦਾ ਤਾਂ ਉਹ ਸਾਰਾ ਭਾਂਡਾ ਘਰਵਾਲੀ ਦੇ ਸਿਰ ਹੀ ਭੰਨਦਾ ਆਖਦਾ - ਤੂੰ ਸਪੋਲੀਏ ਜੰਮ ਦਿੱਤੇ ਜੇ ਕੁੜੀ ਜੰਮੀ ਹੁੰਦੀ ਆਹ ਦੁੱਖ ਤਾਂ ਨਾ ਵੇਖਣਾ ਪੈਂਦਾ। ਤਾਂ ਘਰਵਾਲੀ ਦਾ ਜਵਾਬ ਹੁੰਦਾ - ਕਿੰਨੇ ਵਾਰ ਕਿਹਾ ਸੀ ਆਪਾਂ ਰੱਬ ਅੱਗੇ ਅਰਜ਼ੋਈ ਕਰੀਏ ਰੱਬਾ ਐਤਕੀਂ ਕੁੜੀ ਦੇ ਦੇ। ਪਰ ਤੂੰ ਤਾਂ -ਜੋੜੀ ਬਣ ਜੇ ਜੋੜੀ ਬਣ ਜੇ -ਦੀ ਜ਼ਿਦ ਫੜ੍ਹ ਕੇ ਸੁੱਖਾਂ ਤੇ ਸੁੱਖਾਂ ਸੁੱਖੀਆਂ ਕਿਸੇ ਡੇਰੇ ਤੀਰਥ ਦਾ ਨਹਾਉਣ ਨਹੀਂ ਛੱਡਿਆ : ਜੇ ਮੇਰੀ ਮੰਨੀ ਹੁੰਦੀ ਤਾਂ ਆਹ ਦਿਨ ਨਾ ਵੇਖਣੇ ਪੈਂਦੇ ਕੁੜੀ ਹੁੰਦੀ ਘਰ ਦਾ ਰੂਪ ਹੀ ਹੋਰ ਹੋਣਾ ਸੀ।

ਗੱਜਣਵਾਲਾ ਸੁਖਮਿੰਦਰ


ਪੋਸਟ ਕਰਤਾ:-  ਗੁਰਸ਼ਾਮ ਸਿੰਘ ਚੀਮਾਂ 


Post Comment


ਗੁਰਸ਼ਾਮ ਸਿੰਘ ਚੀਮਾਂ