ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 2, 2012

ਲੀਹ 'ਤੇ ਕਿਵੇਂ ਆਵੇ ਕੁਰਾਹੇ ਪਈ ਨੌਜਵਾਨੀ?


ਮਿਹਨਤ ਹਰ ਇਨਸਾਨ ਦਾ ਕਰਮ ਹੈ, ਮਿਹਨਤ ਰੂਪੀ ਸਾਬਣ ਹਰ ਇਨਸਾਨ ਦੇ ਕਰਮਾਂ ਨੂੰ ਧੋ ਦਿੰਦਾ ਹੈ ਪਰ ਅੱਜ ਨੌਜਵਾਨ ਪੀੜ੍ਹੀ ਮਿਹਨਤ ਕਰੇ ਬਿਨਾਂ ਹੀ ਆਪਣੇ ਕਰਮ ਮਾੜੇ ਹੋਣ ਦਾ ਢੌਂਗ ਕਰਦੀ ਦੇਖੀ-ਸੁਣੀ ਜਾ ਰਹੀ ਹੈ। ਇਨ੍ਹਾਂ ਦੀ ਜੋ ਉਮਰ ਮਿਹਨਤ ਕਰਕੇ ਕਰਮ ਚੰਗੇ ਕਰਨ ਦੀ ਹੁੰਦੀ ਹੈ, ਉਹ ਇਹ ਨਸ਼ਿਆਂ ਵਿਚ ਲੰਘਾ ਦਿੰਦੇ ਹਨ। ਨੌਜਵਾਨ ਨਸ਼ੇ ਕਰਕੇ ਆਪਣੇ ਮਾਪਿਆਂ ਨੂੰ ਤਾਂ ਪ੍ਰੇਸ਼ਾਨ ਕਰਦੇ ਹੀ ਹਨ, ਨਾਲ ਆਪਣੀ ਸੋਹਲ ਜਵਾਨੀ ਵੀ ਗਾਲੀ ਜਾ ਰਹੇ ਹਨ। ਮਾਪਿਆਂ ਦੇ ਸੁਪਨੇ ਪੂਰੇ ਕਰਨ ਅਤੇ ਸਮਾਜ ਵਿਚ ਸਿਰ ਉੱਚਾ ਕਰਕੇ ਵਿਚਰਨ ਲਈ ਮਿਹਨਤ ਕਰਨੀ ਜ਼ਰੂਰੀ ਹੈ। ਅਜੋਕਾ ਨੌਜਵਾਨ ਨਸ਼ੇ ਵਰਤ-ਵਰਤ ਕੇ ਕਮਜ਼ੋਰ ਹੋ ਚੁੱਕਾ ਹੈ। ਫੋਕੀ ਸ਼ੋਹਰਤ ਦਾ ਦਿਖਾਵਾ ਪੱਲੇ ਲਈ ਫਿਰਦਾ ਇਹ ਚਿੱਟਾ ਕੁੜਤਾ-ਪਜ਼ਾਮਾ ਪਾ ਕੇ ਮੋਟਰਸਾਈਕਲ 'ਤੇ ਗੇੜੇ ਲਗਾਉਂਦਾ ਫਿਰਦਾ ਸਿਰਫ ਦੇਖਣ ਨੂੰ ਹੀ ਫਬਦਾ ਹੈ ਪਰ ਅਸਲੀ ਸ਼ੋਹਰਤ ਤਾਂ ਇਹ ਹੈ ਕਿ ਉਹ ਨਸ਼ਿਆਂ ਤੋਂ ਦੂਰ ਹੋਵੇ, ਘਰ ਦਾ ਕੰਮ ਹੱਥੀਂ ਕਰਨ ਨੂੰ ਪਹਿਲ ਦੇਵੇ, ਵੱਡਿਆਂ ਦਾ ਸਤਿਕਾਰ ਕਰੇ ਅਤੇ ਆਪਣੇ ਵਿਰਸੇ ਨਾਲ ਜੁੜਿਆ ਹੋਵੇ। ਪ੍ਰਵਾਸੀ ਮਜ਼ਦੂਰਾਂ ਤੋਂ ਕੋਲ ਖੜ੍ਹ ਕੇ ਕੰਮ ਕਰਵਾਉਣਾ ਨੌਜਵਾਨਾਂ ਨੂੰ ਸ਼ੋਭਾ ਨਹੀਂ ਦਿੰਦਾ। ਇਸ ਨਾਲ ਜਿਥੇ ਅਸੀਂ ਆਰਥਿਕ ਪੱਖੋਂ ਪਛੜ ਰਹੇ ਹਾਂ, ਉਥੇ ਅਸੀਂ ਸਰੀਰਕ ਪੱਖੋਂ ਵੀ ਖਤਮ ਹੋ ਰਹੇ ਹਾਂ। ਰਾਤ ਨੂੰ ਲੇਟ ਸੌਣਾ ਅਤੇ ਸਵੇਰ ਨੂੰ ਵੱਡੇ ਦਿਨ ਉਠਣਾ ਨੌਜਵਾਨਾਂ ਨੇ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਲਿਆ ਹੈ।

ਕੋਈ ਬਹੁਤਾ ਸਮਾਂ ਨਹੀਂ ਬੀਤਿਆ, ਸਿਰਫ 20-25 ਸਾਲ ਦੀ ਗੱਲ ਕਰੀਏ, ਜਦੋਂ ਕੁੱਕੜ ਬਾਂਗ ਨਾਲ ਜਾਗ ਕੇ ਲੋਕ ਆਪੋ-ਆਪਣੇ ਕੰਮਾਂ ਵਿਚ ਮਸਤ ਹੋ ਜਾਂਦੇ ਸਨ ਪਰ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ, ਕਿਉਂਕਿ ਜੇਕਰ ਅਸੀਂ ਕਿਸੇ ਨੌਜਵਾਨ ਕੋਲੋਂ ਐਸ਼ਪ੍ਰਸਤੀ ਵਿਚ ਮਗਨ ਜਾਂ ਨਸ਼ੇ ਵਰਤਣ ਦਾ ਕਾਰਨ ਪੁੱਛੀਏ ਤਾਂ ਉਹ ਹੋਰ ਨੌਜਵਾਨਾਂ ਦੀ ਮਿਸਾਲ ਦੇ ਕੇ ਗੱਲ ਆਈ-ਗਈ ਕਰ ਦਿੰਦਾ ਹੈ। ਅਜਿਹੇ ਝਮੇਲਿਆਂ ਵਿਚ ਫਸਿਆ ਨੌਜਵਾਨ ਆਪਣੀ ਮਾਂ-ਬੋਲੀ ਦੀ ਵੀ ਕਦਰ ਕਰਨੀ ਭੁੱਲ ਚੁੱਕਾ ਹੈ। ਉਹ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆਪਣੀ ਮਾਂ-ਬੋਲੀ ਪੰਜਾਬੀ ਦੀ ਕੁਰਬਾਨੀ ਦਿੰਦਾ ਜਾ ਰਿਹਾ ਹੈ। ਭਾਵੇਂ ਹੋਰ ਭਾਸ਼ਾਵਾਂ ਬੋਲਣੀਆਂ, ਪੜ੍ਹਨੀਆਂ ਅਤੇ ਲਿਖਣੀਆਂ ਮਾੜੀ ਗੱਲ ਨਹੀਂ ਹੈ ਪਰ ਇਹ ਕਿਉਂ ਹੋ ਰਿਹਾ ਹੈ ਕਿ ਉਹ ਪੰਜਾਬੀ ਮਾਂ-ਬੋਲੀ ਦੀ ਕਦਰ ਘਟਾਉਂਦਾ ਹੋਇਆ ਹੋਰ ਭਾਸ਼ਾਵਾਂ ਨੂੰ ਪੰਜਾਬੀ ਮਾਂ-ਬੋਲੀ ਤੋਂ ਵੱਧ ਅਧਿਕਾਰ ਦੇ ਰਿਹਾ ਹੈ। ਨਸ਼ੀਲੇ ਪਦਾਰਥ ਪੰਜਾਬ ਵਿਚ ਘਰ ਕਰ ਚੁੱਕੇ ਹਨ। ਨਸ਼ਿਆਂ ਦੀ ਚੇਟਕ 'ਤੇ ਲੱਗੀ ਪੰਜਾਬ ਦੀ ਜਵਾਨੀ ਰੁਲ ਕੇ ਰਹਿ ਗਈ ਹੈ। ਪੰਜਾਬ ਦਾ ਸ਼ਾਇਦ ਹੀ ਅਜਿਹਾ ਕੋਈ ਸ਼ਹਿਰ, ਕਸਬਾ ਹੋਵੇਗਾ, ਜਿਥੇ ਨਸ਼ਾ ਨਾ ਵਿਕਦਾ ਹੋਵੇ। ਨਸ਼ਿਆਂ ਤੋਂ ਵਰਜਣ ਲਈ ਸਮੂਹਿਕ ਉਪਰਾਲਿਆਂ ਦੀ ਲੋੜ ਹੈ, ਜਿਸ ਨਾਲ ਨੌਜਵਾਨੀ ਬਚ ਸਕੇ।

ਸੁਖਵਿੰਦਰ ਕਲੇਰ ਬੱਸੀਆਂ




ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ



Post Comment


ਗੁਰਸ਼ਾਮ ਸਿੰਘ ਚੀਮਾਂ