ਮੈਂ ਆਪਣੀ ਐਤਕੀਂ ਦੀ ਪਾਕਿਸਤਾਨ ਫੇਰੀ ਦੌਰਾਨ ਹੜੱਪੇ ਸ਼ਹਿਰ ਜ਼ਰੂਰ ਗੇੜਾ ਮਾਰਨਾ ਚਾਹੁੰਦਾ ਸੀ। ਇਸ ਵਾਰ ਸਮੇਤ ਪਰਿਵਾਰ ਹੋਣ ਕਰਕੇ ਮੈਂ ਇਹ ਤਵਾਰੀਖੀ ਥਾਂ ਜ਼ਰੂਰ ਵੇਖਣਾ ਚਾਹੁੰਦਾ ਸੀ। ਇਕ ਤਾਂ ਇਥੇ ਮਸ਼ਹੂਰ-ਏ-ਜ਼ਮਾਨਾ ਸਿੰਧੂ ਸੱਭਿਅਤਾ ਨਾਲ ਤਾਅਲੁੱਕ ਰੱਖਦੇ ਪੁਰਾਣੇ ਖੰਡਰਾਤ ਅਤੇ ਅਜਾਇਬ ਘਰ ਹੈ, ਦੂਜਾ ਮੈਂ ਕਿਤੇ ਪੜ੍ਹਿਆ ਸੀ ਕਿ ਇਥੇ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਨਾਨਕਸਰ ਵੀ ਹੈ। ਖੈਰ, ਪਹਿਲਾਂ ਸਾਡਾ ਕਿਆਮ ਮੇਜ਼ਬਾਨ ਚੌਧਰੀ ਸਨਾਉੱਲਾ ਘੁੰਮਣ ਦੇ ਘਰ ਚੱਕ 201ਈ. ਬੀ. ਮੰਡੀ ਬੂਰੇਵਾਲਾ ਵਿਖੇ ਹੀ ਸੀ। ਕੁਝ ਦਿਨਾਂ ਬਾਅਦ ਮੈਂ ਸਨਾਉੱਲਾ ਕੋਲ ਹੜੱਪੇ ਦਾ ਪ੍ਰੋਗਰਾਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਉਸ ਦਾ ਇਕ ਕਾਲਜ ਵੇਲੇ ਦਾ ਜਮਾਤੀ ਹੜੱਪੇ ਦਾ ਰਹਿਣ ਵਾਲਾ ਸੀ ਰਾਣਾ ਇਮਰਾਨ ਟੀਪੂ, ਜੋ ਕਿ ਅੱਜਕਲ੍ਹ ਆਰਿਫ਼ ਵਾਲਾ ਸ਼ਹਿਰ ਵਿਖੇ ਐੱਸ. ਐੱਚ. ਓ. ਤਾਇਨਾਤ ਸੀ। ਟੀਪੂ ਨਾਲ ਫੋਨ 'ਤੇ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਪੁੱਤ ਸਦੀਵੀ ਵਿਛੋੜਾ ਦੇ ਗਿਆ ਹੈ, ਇਸ ਕਰਕੇ ਉਹ ਕੱਲ੍ਹ ਹੜੱਪੇ ਹੀ ਹੋਵੇਗਾ, ਤੁਸੀਂ ਕੱਲ੍ਹ ਹੀ ਆ ਜਾਓ।
ਹੜੱਪਾ ਸ਼ਹਿਰ ਲਾਹੌਰ-ਮੁਲਤਾਨ ਰੋਡ ਉਪਰ ਲਾਹੌਰ ਤੋਂ 150 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਨੀਲੀ ਬਾਰ ਦਾ ਇਲਾਕਾ ਹੋਣ ਕਾਰਨ ਇਥੇ ਵੀ ਕਾਫੀ ਸਿੱਖ ਵਸੋਂ ਰਹੀ ਹੈ, ਵੰਡ ਤੋਂ ਪਹਿਲਾਂ। ਅਸੀਂ ਬੂਰੇਵਾਲਾ ਤੋਂ ਚੀਚਾਵਤਨੀ ਹੁੰਦੇ ਹੋਏ ਦੁਪਹਿਰੋਂ ਬਾਅਦ ਇਮਰਾਨ ਦੇ ਘਰ ਪਹੁੰਚ ਗਏ। ਸਾਡੀ ਇੰਤਜ਼ਾਰ ਹੋ ਰਹੀ ਸੀ। ਘਰ ਵਿਚ ਮੌਤ ਹੋਣ ਕਾਰਨ ਸੱਥਰ ਵਿਛੇ ਸਨ ਅਤੇ ਕਈ ਸੱਜਣ ਅਫਸੋਸ ਵਾਸਤੇ ਆਏ ਹੋਏ ਸਨ। ਜਦ ਵੀ ਕੋਈ ਅਫਸੋਸ ਕਰਨ ਵਾਲਾ ਆਉਂਦਾ ਤਾਂ ਸਾਰੇ ਜਾਣੇ ਫਾਤਿਹ ਕਹਿੰਦੇ। ਅਸੀਂ ਵੀ ਕਿਹਾ। ਉਥੇ ਬਹੁਤ ਸਾਰੇ ਲੋਕ ਬਲਾਚੌਰ ਦੇ ਲਾਗੇ ਕਾਠਗੜ੍ਹ ਪਿੰਡ ਤੋਂ ਹਿਜਰਤ ਕਰਕੇ ਗਏ ਹੋਏ ਹਨ। ਟੀਪੂ ਹੁਰਾਂ ਦੇ ਬਜ਼ੁਰਗ ਵੀ ਉਥੇ ਦੇ ਹੀ ਸਨ। ਉਹ ਸਾਰੇ ਕਾਠਗੜ੍ਹ ਬਾਰੇ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੇ ਸਨ ਪਰ ਟਾਈਮ ਜ਼ਿਆਦਾ ਹੋ ਜਾਣ ਕਾਰਨ ਹੜੱਪਾ ਅਜਾਇਬ ਘਰ ਬੰਦ ਹੋ ਜਾਣਾ ਸੀ, ਇਸ ਕਰਕੇ ਫੈਸਲਾ ਹੋਇਆ ਕਿ ਪਹਿਲਾਂ ਉਥੇ ਜਾਇਆ ਜਾਵੇ, ਫਿਰ ਗੁਰਦੁਆਰੇ ਅਤੇ ਵਾਪਸੀ 'ਤੇ ਸਾਰੇ ਸੱਜਣਾਂ ਨਾਲ ਬਹਿ ਕੇ ਖੁੱਲ੍ਹੀ ਗੱਲਬਾਤ ਕੀਤੀ ਜਾਵੇਗੀ।
ਪੁਰਾਤੱਤਵ ਵਾਲੀ ਜਗ੍ਹਾ ਉਨ੍ਹਾਂ ਦੇ ਘਰ ਤੋਂ ਨੇੜੇ ਹੀ ਸੀ। ਅਜਾਇਬ ਘਰ ਚਾਹੇ 5 ਵਜੇ ਬੰਦ ਹੋ ਜਾਣਾ ਸੀ ਪਰ ਸਾਡੇ ਵਾਸਤੇ ਖੁੱਲ੍ਹਾ ਰੱਖਿਆ ਗਿਆ ਸੀ। ਗਾਈਡ ਲੜਕੇ ਨੇ ਬੜੇ ਹੀ ਤਪਾਕ ਨਾਲ 'ਕੱਲੀ-'ਕੱਲੀ ਸ਼ੈਅ ਬਾਰੇ ਜਾਣਕਾਰੀ ਦਿੱਤੀ। ਸਿੰਧੂ ਸੱਭਿਅਤਾ ਈਸਾ ਤੋਂ 4500 ਸਾਲ ਪਹਿਲਾਂ ਤੋਂ ਲੈ ਕੇ ਈਸਾ ਪੂਰਵ 1500 ਤੱਕ ਭਾਰਤ ਦੇ 6,80,000 ਮੁਰੱਬਾ ਕਿਲੋਮੀਟਰ ਵਿਚ ਫੈਲੀ ਹੋਈ ਸੀ। ਇਸ ਦੇ ਪ੍ਰਮੁੱਖ ਸ਼ਹਿਰ ਕੋਟ ਦਿੱਜੀ, ਮਹੰਜੋਦਾੜੋ ਅਤੇ ਹੜੱਪਾ ਸਨ। ਉਸ ਵੇਲੇ ਦੇ ਵਰਤੋਂ ਵਿਚ ਆਉਣ ਵਾਲੇ ਗਹਿਣੇ, ਭਾਂਡੇ, ਬੱਚਿਆਂ ਦੇ ਖਿਡਾਉਣੇ, ਹਥਿਆਰ ਵੇਖ ਕੇ ਹੈਰਾਨੀ ਹੋ ਰਹੀ ਸੀ ਕਿ ਉਦੋਂ ਮਨੁੱਖ ਦੀ ਸੋਚ ਅਤੇ ਹੁਨਰ ਕਿਸ ਕਦਰ ਵਿਕਸਤ ਸੀ। ਪੁਰਾਤਨ ਹੜੱਪਾ ਸ਼ਹਿਰ ਦੇ ਖੰਡਰਾਤ ਪਹਿਲਾਂ ਬਹੁਤ ਵਿਸ਼ਾਲ ਅਤੇ ਵਸੀਹ ਸਨ ਪਰ 19ਵੀਂ ਸਦੀ ਦੇ ਅਖੀਰ ਵਿਚ ਲੋਕਾਂ ਵੱਲੋਂ ਆਪਣੇ ਘਰ ਬਣਾਉਣ ਵਾਸਤੇ ਅਤੇ ਫਿਰ ਲਾਹੌਰ-ਮੁਲਤਾਨ ਰੇਲਵੇ ਲਾਈਨ ਦੀ ਉਸਾਰੀ ਵੇਲੇ ਠੇਕੇਦਾਰਾਂ ਵੱਲੋਂ ਖੰਡਰਾਤ ਦੀਆਂ ਇੱਟਾਂ ਉਧੇੜ-ਉਧੇੜ ਇਹ ਲਗਭਗ ਖਤਮ ਕਰ ਦਿੱਤੇ ਗਏ। 1904 ਵਿਚ ਇਸ ਜਗ੍ਹਾ ਨੂੰ ਕਾਨੂੰਨੀ ਤੌਰ 'ਤੇ ਸੁਰੱਖਿਅਤ ਐਲਾਨਿਆ ਗਿਆ।
ਇਨ੍ਹਾਂ ਅਵਸ਼ੇਸ਼ਾਂ ਦੀ ਢੰਗ ਨਾਲ ਖੁਦਾਈ ਪਹਿਲਾਂ ਦਇਆ ਰਾਮ ਸਾਹਨੀ ਵੱਲੋਂ 1921-25 ਅਤੇ ਫਿਰ ਰਾਏ ਬਹਾਦੁਰ ਮਾਧੋ ਸਰੂਪ ਵਤਸ (1926-34) ਅਤੇ ਕੇ. ਐਲ. ਸ਼ਾਸਤਰੀ ਵੱਲੋਂ 1937 ਵਿਚ ਕੀਤੀ ਗਈ। ਅਜਾਇਬ ਘਰ ਦੇ ਪਿੱਛੇ ਖੁਦਾਈ ਕਰਕੇ ਕੱਢਿਆ ਗਿਆ ਹੜੱਪਾ ਸ਼ਹਿਰ ਦਾ ਹਿੱਸਾ ਹੈ, ਜੋ ਕਿ ਉਸ ਵੇਲੇ ਦੀ ਇਮਾਰਤਸਾਜ਼ੀ ਅਤੇ ਸ਼ਹਿਰੀ ਯੋਜਨਾਬੰਦੀ ਦੀ ਜ਼ਿੰਦਾ ਮਿਸਾਲ ਹੈ। ਅਸੀਂ ਇਹ ਸਾਰਾ ਇਲਾਕਾ ਘੁੰਮ ਕੇ ਵੇਖਣਾ ਚਾਹੁੰਦੇ ਸੀ ਪਰ ਦਿਨ ਛੁਪਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵੀ ਵੇਖਣਾ ਜ਼ਰੂਰੀ ਸੀ। ਪਤਾ ਲੱਗਿਆ ਕਿ ਗੁਰਦੁਆਰੇ ਦੀ ਇਮਾਰਤ ਵਿਚ ਅੱਜਕਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ। ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਪਰ ਖਸੂਸੀ ਤੌਰ 'ਤੇ ਹੈੱਡ ਮਾਸਟਰ ਨੂੰ ਬੇਨਤੀ ਕਰਕੇ ਬੁਲਾਇਆ ਗਿਆ ਸੀ, ਜੋ ਕਿ ਸਾਡੀ ਉਡੀਕ ਕਰ ਰਹੇ ਸਨ। ਇਸ ਕਰਕੇ ਅਸੀਂ ਗੁਰਦੁਆਰਾ ਨਾਨਕਸਰ ਹੜੱਪਾ ਵੱਲ ਨੂੰ ਰੁਖ਼ ਕੀਤਾ, ਜੋ ਕਿ ਉਥੋਂ ਮਹਿਜ਼ ਡੇਢ ਕਿਲੋਮੀਟਰ 'ਤੇ ਸੀ। ਮਹਾਨਕੋਸ਼ ਵਿਚ ਅੰਕਿਤ ਵੇਰਵੇ ਮੁਤਾਬਕ ਇਸ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮੁਲਤਾਨ ਫੇਰੀ ਦੌਰਾਨ ਠਹਿਰੇ ਸੀ। ਦਰਬਾਰ ਦੇ ਨਾਂਅ 10 ਘੁਮਾਂ ਜ਼ਮੀਨ ਅਤੇ ਬਾਗ ਹੈ। 2-3 ਚੇਤਰ ਨੂੰ ਮੇਲਾ ਲੱਗਦਾ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਗੁਰਦੁਆਰੇ ਦਾ ਵੱਡਾ ਹਿੱਸਾ ਮਹਾਨ ਕੋਸ਼ ਲਿਖੇ ਜਾਣ ਤੋਂ ਬਾਅਦ ਬਣਿਆ ਸੀ।
ਇਮਾਰਤ ਵਾਕਿਆ ਹੀ ਅੰਬਾਂ ਦੇ ਵੱਡੇ ਦਰੱਖਤਾਂ ਨਾਲ ਘਿਰੀ ਸੀ। ਸਾਡੇ ਪਹੁੰਚਣ 'ਤੇ ਸਕੂਲ ਦੇ ਹੈੱਡਮਾਸਟਰ ਅਤੇ ਸਮਾਜ ਸੇਵੀ ਸਈਅਦ ਇਕਬਾਲ ਬੁਖਾਰੀ ਨੇ ਸਾਡਾ ਸਵਾਗਤ ਕੀਤਾ। ਅਸੀਂ ਟੀਪੂ ਹੁਰਾਂ ਸਣੇ ਕੁੱਲ 10-12 ਜਣੇ ਸਾਂ। ਪਹਿਲਾਂ ਇਕ ਛੋਟੇ ਦਰਵਾਜ਼ੇ ਰਾਹੀਂ ਜਿਧਰੋਂ ਅਸੀਂ ਵੜੇ, ਦੇ ਸਾਹਮਣੇ ਕੋਈ 150'×150' ਦਾ ਸਰੋਵਰ ਸੀ। ਸਰੋਵਰ ਸੁੱਕਾ ਸੀ ਪਰ ਵਿਚ ਘਾਹ ਲੱਗਿਆ ਸੀ। ਦੱਸਿਆ ਗਿਆ ਕਿ ਇਸ ਨੂੰ ਹੁਣ ਸਵੇਰ ਦੀ ਸਭਾ ਵਾਸਤੇ ਵਰਤਿਆ ਜਾਂਦਾ ਹੈ। ਸਰੋਵਰ ਦੇ ਤਿੰਨੇ ਪਾਸੇ ਬਰਾਂਡਾ ਅਤੇ ਨਾਲ ਕਮਰੇ ਸਨ, ਲਗਭਗ ਚਾਲੀ। ਇਹ ਕਮਰੇ ਅੱਜਕਲ੍ਹ ਕਲਾਸ ਰੂਮਾਂ ਵਜੋਂ ਵਰਤੋਂ ਵਿਚ ਹਨ। ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਇਹ ਕਮਰੇ, ਬਰਾਂਡਾ, ਖਿੜਕੀਆਂ, ਦਰਵਾਜ਼ੇ ਬਿਲਕੁਲ ਮਹਿਫੂਜ਼ ਹਨ। ਇਥੋਂ ਤੱਕ ਕਿ ਛੱਤਾਂ ਵੀ ਪਹਿਲਾਂ ਵਾਲੀਆਂ ਹਨ। ਦੀਵਾਰਾਂ ਉਪਰ ਅਤੇ ਤਲਾਅ ਦੀ ਪਰਿਕਰਮਾ ਉੱਤੇ ਸੇਵਾ ਕਰਵਾਉਣ ਵਾਲੇ ਦਾਨੀਆਂ ਦੇ ਨਾਂਅ ਦੇ ਪੱਥਰ ਅੱਜ ਵੀ ਲੱਗੇ ਹੋਏ ਹਨ। ਇਸ ਤੋਂ ਅੱਗੇ ਅਸੀਂ ਗੁਰਦੁਆਰੇ ਦੀ ਮੁੱਖ ਇਮਾਰਤ ਵੱਲ ਵਧੇ। ਕਿਆ ਬਾਤ ਸੀ! ਇਹ ਤਾਂ ਇਕ ਸ਼ਾਨਦਾਰ ਦੋ ਮੰਜ਼ਿਲਾ ਇਮਾਰਤ ਸੀ। ਮੁੱਖ ਦੀਵਾਨ ਹਾਲ ਲਗਭਗ 40 ਫੁੱਟ ਚੌੜਾ ਅਤੇ 100 ਫੁੱਟ ਲੰਬਾ ਸੀ ਅਤੇ ਸੰਗਤ ਦੇ ਬੈਠਣ ਵਾਸਤੇ ਪੜਛੱਤੀਆਂ ਸਨ। ਚਿਪਸ ਵਾਲਾ ਫਰਸ਼, ਥਮ੍ਹਲਿਆਂ ਉਪਰ ਅਤੇ ਪੌੜੀਆਂ ਉਪਰ ਲੱਗੀ ਬਰੀਕ ਚਿਪਸ ਅਤੇ ਜੰਗਲਾ ਅੱਜ ਦੀ ਕਾਰੀਗਰੀ ਨੂੰ ਵੀ ਮਾਤ ਪਾ ਰਿਹਾ ਸੀ। ਕੁੱਲ ਮਿਲਾ ਕੇ ਮੈਂ ਮਹਿਸੂਸ ਕੀਤਾ ਕਿ ਇਸ ਦੀਵਾਨ ਹਾਲ ਵਿਚ ਅੱਜ ਹੁਣੇ ਵੀ ਪ੍ਰਕਾਸ਼ ਹੋ ਸਕਦਾ ਹੈ ਪਰ ਹੁਣ ਇਹ ਹਾਲ ਪ੍ਰੀਖਿਆ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਥੋਂ ਵਿੱਦਿਆ ਦਾ ਪ੍ਰਕਾਸ਼ ਹੋ ਰਿਹਾ ਸੀ। ਇਮਾਰਤ ਦੇ ਨਾਲ ਹੀ ਲੰਗਰ ਹਾਲ ਵੀ ਮੌਜੂਦ ਹੈ। ਇਸ ਤੋਂ ਬਿਨਾਂ ਦੱਸਿਆ ਗਿਆ ਕਿ ਇਥੇ ਘੋੜੇ ਬੰਨ੍ਹਣ ਵਾਸਤੇ ਤਬੇਲਾ ਅਤੇ ਪਾਣੀ ਵਾਸਤੇ ਖੂਹ ਵੀ ਸੀ। ਖੂਹ ਹੁਣ ਤੋੜਿਆ ਜਾ ਰਿਹਾ ਸੀ।
(ਬਾਕੀ ਅਗਲੇ ਅੰਕ 'ਚ)
ਪੋਸਟ ਕਰਤਾ : ਗੁਰਸ਼ਾਮ ਸਿੰਘ ਚੀਮਾ