ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, October 12, 2012

ਅਲੋਪ ਹੋ ਰਿਹਾ ਪੇਂਡੂ ਵਿਰਸਾ


ਦੁਨੀਆ ਦੇ ਸਾਰੇ ਖਿੱਤਿਆਂ ਨਾਲੋਂ ਸੋਹਣਾ ਮੇਰਾ ਪੰਜਾਬ ਜਿਸ ਨੂੰ ਗੁਰੂਆਂ-ਪੀਰਾਂ ਨੇ ਅਸੀਸਾਂ ਦੇ ਕੇ ਨਿਵਾਜਿਆ ਹੈ ਤੇ ਉਸ ਤੋਂ ਵੀ ਸੋਹਣੇ ਹਨ ਇਸ ਦੇ ਪਿੰਡ, ਜਿਥੇ ਪਹੁ-ਫੁਟਦੇ ਨਾਲ ਹੀ ਸ਼ੁਰੂ ਹੁੰਦੀ ਸੀ ਰੰਗਲੀ ਸਵੇਰ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਹੱਟੀਆਂ-ਭੱਠੀਆਂ ਅਤੇ ਤ੍ਰਿੰਝਣਾਂ ਤੱਕ ਰੌਣਕਾਂ ਲੱਗੀਆਂ ਹੁੰਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਪਤਾ ਨਹੀਂ ਕੇਹੀ ਦਿਓ ਨਜ਼ਰ ਲੱਗ ਗਈ ਹੈ, ਮੇਰੇ ਸੋਹਣੇ ਪੰਜਾਬ ਦੇ ਪਿੰਡਾਂ ਨੂੰ, ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ।

ਸਿਆਲ ਦੀ ਰੁੱਤ ਵਿਚ ਔਰਤਾਂ ਨੇ ਜਦੋਂ ਨਰਮੇ-ਕਪਾਹ ਚੁਗਣੇ ਜਾਂ ਸਾਗ ਤੋੜਨ ਜਾਣਾ ਤਾਂ ਖੇਤਾਂ-ਬੰਨਿਆਂ 'ਤੇ ਰੌਣਕਾਂ ਲੱਗ ਜਾਣੀਆਂ। ਸਭ ਤੋਂ ਵੱਧ ਰੌਣਕ ਪਿੰਡ ਦੀ ਕਿਸੇ ਗਲੀ-ਗੁੱਠੇ ਜਾਂ ਬਾਹਰ ਕਿਸੇ ਬੁੱਢੀ ਮਾਈ ਵੱਲੋਂ ਦਾਣੇ ਭੁੰਨਣ ਲਈ ਤਪਾਈ ਭੱਠੀ 'ਤੇ ਹੁੰਦੀ ਸੀ। ਮੱਕੀ, ਛੋਲੇ, ਬਾਜਰੇ ਦੇ ਦਾਣੇ ਭੁੰਨਾਉਣ ਆਈਆਂ ਚੁੰਗਾਂ, ਜਿਨ੍ਹਾਂ ਵਿਚ ਬਾਲੜੀਆਂ ਵੱਧ ਹੁੰਦੀਆਂ ਸਨ, ਹਾਸਾ-ਠੱਠਾ, ਮਖੌਲ ਕਰਦੀਆਂ ਨੇ ਦਾਣੇ ਭੁੰਨਾ ਕੇ, ਪੋਟਲੀਆਂ ਵਿਚ ਬੰਨ੍ਹ ਕੇ ਘਰਾਂ ਨੂੰ ਤੁਰ ਜਾਣਾ ਤੇ ਹੁਣ ਇਹ ਸਭ ਕੁਝ ਗੁਜ਼ਰ ਗਏ ਦੀ ਗੱਲ ਹੋ ਗਿਆ ਹੈ। ਅੱਗੇ ਪਿੰਡਾਂ ਵਿਚ ਜਦੋਂ ਵਿਆਹ ਬੱਝਦਾ ਹੁੰਦਾ ਸੀ ਤਾਂ ਸ਼ਰੀਕੇ-ਭਾਈਚਾਰੇ ਦੀਆਂ ਸਵਾਣੀਆਂ ਗੀਤਾਂ 'ਤੇ ਬੈਠਣ ਤੋਂ ਲੈ ਕੇ ਮੇਲ ਦੀ ਰੋਟੀ ਪਕਾਉਣ, ਜਾਗੋ ਕੱਢਣ ਅਤੇ ਜੰਞ ਤੋਰਨ ਜਾਂ ਘਰ ਆਈ ਜੰਞ ਦੀ ਸੇਵਾ ਕਰਨ ਤੱਕ ਰਲ ਕੇ ਹੱਥ ਵਟਾਉਂਦੀਆਂ ਸਨ। ਇਸ ਨਾਲ ਦਿਲੀ ਸਾਂਝ ਬਣੀ ਰਹਿੰਦੀ ਸੀ।

ਹੁਣ ਕਿਸੇ ਪਿੰਡ ਜਾ ਕੇ ਵੇਖ ਲਓ, ਉਸ ਦੀ ਨੁਹਾਰ ਸ਼ਹਿਰੀ ਮੁਹੱਲਿਆਂ ਵਰਗੀ ਬਣਦੀ ਜਾ ਰਹੀ ਹੈ। ਆਂਢ-ਗੁਆਂਢ ਸਬਜ਼ੀ-ਭਾਜੀ ਦੀ ਕੌਲੀ ਵਟਾਉਣ ਦਾ ਹੇਜ ਵੀ ਖਤਮ ਹੋ ਰਿਹਾ ਹੈ। ਜਿਥੇ ਤੀਆਂ, ਤ੍ਰਿੰਝਣਾਂ, ਸੱਥਾਂ, ਮੋੜਾਂ ਉੱਤੇ ਮਹਿਫਲਾਂ ਲੱਗੀਆਂ ਹੁੰਦੀਆਂ ਸਨ, ਉਥੇ ਹੁਣ ਸ਼ਹਿਰੀ ਘਰਾਂ ਵਾਂਗ ਬੰਦ ਬੂਹੇ ਹੀ ਮਿਲਦੇ ਹਨ।

ਕਦੇ ਪੇਂਡੂ ਘਰਾਂ ਵਿਚ ਆਏ ਪ੍ਰਾਹੁਣੇ ਅਤੇ ਜਵਾਈ-ਭਾਈ ਨੂੰ ਖਾਲੀ ਮੰਜੇ 'ਤੇ ਬਿਠਾਉਣਾ ਮਾੜਾ ਸਮਝਿਆ ਜਾਂਦਾ ਸੀ, ਸਗੋਂ ਪਹਿਲਾਂ ਚਾਦਰ, ਦੋਹਰਾ ਜਾਂ ਚਤਈ ਵਿਛਾ ਕੇ ਵਧੀਆ ਸਰ੍ਹਾਣਾ ਰੱਖਿਆ ਜਾਂਦਾ ਸੀ ਤੇ ਫਿਰ ਬਿਠਾਇਆ ਜਾਂਦਾ ਸੀ ਪਰ ਹੁਣ ਤਾਂ ਬੰਦ ਘਰਾਂ ਦੇ ਬੂਹੇ ਹੀ 'ਜੀ ਆਇਆਂ' ਕਹਿੰਦੇ ਹਨ। ਮਾਣ-ਤਾਣ ਕਾਹਦਾ ਰਹਿ ਗਿਆ। ਬਦਲਦੇ ਜ਼ਮਾਨੇ ਵਿਚ ਹੋਈ ਸਾਇੰਸ ਦੀ ਤਰੱਕੀ ਨੇ ਸਾਦ-ਮੁਰਾਦੇ ਪੇਂਡੂ ਦੀ ਮਲਕੜੇ ਜਿਹੇ ਤੁਰਨ ਵਾਲੀ ਸਾਦਗੀ ਖੋਹ ਲਈ ਹੈ। ਅੱਜ ਟੀ. ਵੀ., ਕੰਪਿਊਟਰ ਤੇ ਮੋਬਾਈਲ ਦੇ ਜ਼ਮਾਨੇ ਵਿਚ ਜਦੋਂ ਦੁਨੀਆ ਚੰਨ 'ਤੇ ਘਰ ਪਾਉਣ ਨੂੰ ਤਿਆਰ ਹੋ ਗਈ ਹੈ, ਅੱਜ ਪਿੰਡਾਂ ਦੀਆਂ ਉਹ ਗੱਲਾਂ ਪਰੀ ਲੋਕ ਦੀਆਂ ਕਹਾਣੀਆਂ ਵਰਗੀਆਂ ਲਗਦੀਆਂ ਹਨ।

ਕਿਸੇ ਨਾ ਕਿਸੇ ਘਰ ਦੀ ਸੁਚੱਜੀ ਤ੍ਰੀਮਤ ਕੋਈ ਨਾ ਕੋਈ ਮਿੱਠਾ ਪਕਵਾਨ ਬਣਾਉਣਾ ਜ਼ਰੂਰੀ ਹੀ ਜਾਣਦੀ ਹੁੰਦੀ ਸੀ। ਭਾਵੇਂ ਉਹ ਮਿੱਠਾ ਅੰਨ ਹੋਵੇ, ਚੂਰਮਾ, ਗੁੜ ਵਾਲੀਆਂ ਸੇਵੀਆਂ, ਗੁਲਗੁਲੇ, ਮੱਠੀਆਂ, ਖੀਰ-ਕੜਾਹ, ਪੰਜੀਰੀ ਜਾਂ ਲੋਹੜੀ ਦੇ ਤਿਉਹਾਰ ਮੌਕੇ ਘਰੇ ਬਣਾਈ ਗੱਚਕ, ਤਿਲ, ਛੋਲੇ, ਜਵਾਰ, ਬਾਜਰੇ ਦਾ ਗੁੜ ਵਿਚ ਬਣਾਇਆ ਭੁੱਗਾ ਜਾਂ ਭੂਤ ਪਿੰਨੇ ਮਿੱਠੇ ਖਾਣ ਦੇ ਸ਼ੌਕੀਨਾਂ ਦੀ ਪੂਰਤੀ ਜ਼ਰੂਰ ਕਰਦਾ ਸੀ ਤੇ ਨਾਲ-ਨਾਲ ਇਹ ਚੀਜ਼ਾਂ ਤਾਕਤਵਰ ਵੀ ਸਨ, ਜਿਨ੍ਹਾਂ ਨਾਲ ਪੇਂਡੂਆਂ ਨੂੰ ਸਬਰ-ਸੰਤੋਖ ਆ ਜਾਂਦਾ ਸੀ ਤੇ ਉਨ੍ਹਾਂ ਦੀ ਖੁੱਲ੍ਹ ਕੇ ਖਾਣ ਦੀ ਰੀਝ ਵੀ ਪੂਰੀ ਹੋ ਜਾਂਦੀ ਸੀ ਪਰ ਅੱਜ ਨਾ ਕਿਸੇ ਕੋਲ ਹੁਨਰ ਹੈ ਅਤੇ ਨਾ ਸਮਾਂ। ਅੱਜਕਲ੍ਹ ਪਿੰਡਾਂ ਵਿਚ ਵਧ ਰਹੇ ਰਾਜਨੀਤਿਕ ਪ੍ਰਭਾਵ ਨੇ ਵੀ ਇਕੋ ਪਰਿਵਾਰ ਦੀ ਸਾਂਝ ਅਤੇ ਆਪਸੀ ਭਾਈਚਾਰੇ ਨੂੰ ਵੱਡਾ ਖੋਰਾ ਲਾਇਆ ਹੈ, ਜਿਸ ਕਾਰਨ ਆਪਸ ਦੇ ਰਿਸ਼ਤਿਆਂ ਵਿਚ ਰੰਜਿਸ਼ ਵਧੀ ਹੈ ਤੇ ਮੋਹ-ਪਿਆਰ ਦੀ ਭਾਵਨਾ ਖੰਭ ਲਾ ਕੇ ਉਡ ਗਈ ਹੈ। ਹੁਣ ਹਰ ਕੋਈ ਆਪਣੇ ਨਿੱਜ ਤੋਂ ਵਧ ਕੇ ਨਹੀਂ ਸੋਚਦਾ, ਪਤਾ ਨਹੀਂ ਕਿਹੋ ਜਿਹੀ ਦਿਓ ਨਜ਼ਰ ਲੱਗ ਗਈ ਹੈ, ਪੰਜਾਬ ਦੇ ਪਿੰਡਾਂ 'ਚੋਂ ਹੌਲੀ-ਹੌਲੀ ਸਭ ਕੁਝ ਮੁੱਕਦਾ ਜਾ ਰਿਹਾ ਹੈ।

ਬੱਬੀ ਪੱਤੋ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment


ਗੁਰਸ਼ਾਮ ਸਿੰਘ ਚੀਮਾਂ