ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, October 21, 2012

ਸਿੱਖਾਂ ਦੇ ਆਖ਼ਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਦਰਦ ਭਰੀ ਗਾਥਾ


ਸੋਹਣ ਸਿੰਘ ਸੀਤਲ ਦੀਆਂ ਢਾਡੀ ਵਾਰਾਂ ਸਿੱਖ ਧਾਰਮਿਕ ਦੀਵਾਨਾਂ ਵਿਚ ਗਾਈਆਂ ਜਾਂਦੀਆਂ ਸਨ ਅਤੇ ਬਚਪਨ ਵਿਚ ਹੀ ਮੈਂ ਕਈ ਰਚਨਾਵਾਂ ਪੜ੍ਹੀਆਂ ਜਿਨ੍ਹਾਂ ਵਿਚ ‘ਸਿੱਖ ਰਾਜ ਕਿਵੇਂ ਗਿਆ’ ਅਤੇ ‘ਦੁਖੀਏ ਮਾਂ-ਪੁੱਤ’ ਬਹੁਤ ਹੀ ਦਰਦਨਾਕ ਗਾਥਾਵਾਂ ਹਨ। ਪਿਛਲੇ ਨਵੰਬਰ ਇੰਗਲੈਂਡ ਦੀ ਯਾਤਰਾ ਦੌਰਾਨ ਮਹਾਰਾਜਾ ਦਲੀਪ ਸਿੰਘ ਦਾ ਐਲਵੀਡਨ ਅਸਟੇਟ ਵਿਚ ਬਣਿਆ ਮਹੱਲ ਵੇਖਣ ਦਾ ਮੌਕਾ ਬਣਿਆ ਅਤੇ ਅਜਾਇਬ ਘਰ ਵਿਚੋਂ ਕਈ ਦਸਤਾਵੇਜ਼ ਵੀ ਮਿਲ ਗਏ। ਕਰਿਸਤੀ ਕੈਂਪਬੈਲ ਦੁਆਰਾ ਲਿਖੀ ਪੁਸਤਕ ‘ਮਹਾਰਾਜੇ ਦਾ ਡੱਬਾ’ (ੰੳਹੳਰੳਜੳ’ਸ ਭੋਣ) ਮਹਾਰਾਜਾ ਦਲੀਪ ਸਿੰਘ ਬਾਰੇ ਲਿਖੀ ਗਈ ਸਭ ਤੋਂ ਵੱਧ ਰੌਚਿਕ ਰਚਨਾ ਹੈ। ਇਸ ਵਿਚ ਸਿੱਖ ਰਾਜ ਦੀ ਢਹਿੰਦੀ ਕਲਾ, ਦਲੀਪ ਸਿੰਘ ਦਾ ਦੇਸ ਨਿਕਾਲਾ, ਰਾਣੀ ਜਿੰਦਾ ਨਾਲ ਮੁਲਾਕਾਤ ਅਤੇ ਸਿੱਖ ਰਾਜ ਕਾਇਮ ਕਰਨ ਲਈ ਕੀਤੀ ਜੱਦੋ-ਜਹਿਦ ਦਾ ਪੂਰਾ ਵੇਰਵਾ ਮਿਲਦਾ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਸਭ ਘਟਨਾਵਾਂ ਬਾਰੇ ਜਾਣਕਾਰੀ ਤੱਥਾਂ ਉੱਪਰ ਅਧਾਰਿਤ ਹੈ ਅਤੇ ਹਵਾਲੇ ਦੇ ਕੇ ਸਚਾਈ ਸਿੱਧ ਕੀਤੀ ਗਈ ਹੈ। ਭਾਵੁਕਤਾ ਤੋਂ ਕੰਮ ਨਹੀਂ ਲਿਆ ਗਿਆ ਜਿਵੇਂ ਕਿ ਸੀਤਲ ਅਤੇ ਹੋਰ ਸਿੱਖ ਲਿਖਾਰੀਆਂ ਨੇ ਕੀਤਾ ਹੈ।

1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਅਤੇ ਡੋਗਰਿਆਂ, ਬ੍ਰਾਹਮਣਾਂ ਅਤੇ ਸਿੱਖ ਸਰਦਾਰਾਂ ਦੀ ਬੁਰਛਾਗਰਦੀ ਕਾਰਣ ਦਸ ਸਾਲਾਂ ਵਿਚ ਹੀ ਖ਼ਾਲਸਾ ਰਾਜ ਦਾ ਖਾਤਮਾ ਹੋ ਗਿਆ। 1849 ਵਿਚ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਲਿਆ। ਰਾਣੀ ਜਿੰਦਾ ਨੂੰ ਚੁਨਾਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ ਜਿਥੋਂ ਉਹ ਭੇਸ ਬਦਲ ਕੇ ਬਚ ਨਿਕਲੀ ਅਤੇ ਨੇਪਾਲ ਦੇ ਰਾਣੇ ਦੀ ਸ਼ਰਣ ਵਿਚ ਪਹੁੰਚ ਗਈ। ਲਾਰਡ ਡਲਹੌਜ਼ੀ ਨੇ ਲਾਹੌਰ ਦੇ ਤੋਸ਼ਾਖਾਨੇ ਵਿਚੋਂ ਕੋਹਿਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਲਈ ਭੇਜ ਦਿੱਤਾ ਅਤੇ ਨਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਸਰ ਜਾਨ ਲਾਮਿਨ ਦੀ ਦੇਖ-ਰੇਖ ਵਿਚ ਈਸਾਈ ਬਣਾਉਣ ਦੀ ਕੋਝੀ ਚਾਲ ਚੱਲੀ। 8 ਮਾਰਚ 1853 ਨੂੰ ਮਹਾਰਾਜੇ ਦੇ ਕੇਸ ਕਤਲ ਕਰਕੇ ਈਸਾਈ ਧਰਮ ਵਿਚ ਦਾਖਲ ਕਰਨ ਲਈ ‘ਬੈਪਤਿਸਮਾ’ (ਭੳਪਟਸਿਮ) ਦੀ ਰਸਮ ਅਦਾ ਕੀਤੀ ਗਈ। ਇਸ ਕਾਰਵਾਈ ਦੇ ਇਕ ਸਾਲ ਬਾਅਦ ਦਲੀਪ ਸਿੰਘ ਨੂੰ ਸਮੁੰਦਰੀ ਜਹਾਜ਼ ‘ਐਸ.ਐਸ. ਹਿੰਦੁਸਤਾਨ’ ਰਾਹੀਂ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਉਸਦੀਆਂ ਸਿੱਖ ਭਾਵਨਾਵਾਂ ਨੂੰ ਖਤਮ ਕਰਨ ਲਈ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਸੀ।

ਮਹਾਰਾਜੇ ਨੂੰ ਈਸਾਈਅਤ ਵਿਚ ਰੰਗਣ ਲਈ ਬਾਈਬਲ ਦੀ ਸਿੱਖਿਆ ਦਿੱਤੀ ਗਈ ਅਤੇ ਹੋਰ ਐਸ਼ੋ-ਇਸ਼ਰਤ ਦਾ ਮਾਹੌਲ ਤਿਆਰ ਕੀਤਾ ਗਿਆ। ਉਸਦੀ ਸਲਾਨਾ ਪੈਨਸ਼ਨ 50000 ਪੌਂਡ ਲੰਡਨ ਨੇੜੇ ਇਕ ਮਹੱਲ ਅਤੇ ਸਹਿਜ਼ਾਦਿਆਂ ਵਾਲੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਮਹਾਰਾਣੀ ਵਿਕਟੋਰੀਆ ਉਸਨੂੰ ਪੁੱਤਰਾਂ ਵਾਂਗ ਪਿਆਰ ਕਰਦੀ ਅਤੇ ਦਲੀਪ ਸਿੰਘ ਸ਼ਾਹੀ ਘਰਾਣੇ ਵਿਚ ਘੁਲਮਿਲ ਗਿਆ। ਉਹ ਮਹਾਰਾਣੀ ਦੀ ਅੱਖ ਦਾ ਤਾਰਾ ਬਣ ਗਿਆ ਅਤੇ ਲਾਰਡ ਡਲਹੌਜੀ ਇਸ ਗੱਲ ਤੋਂ ਸਖਤ ਨਾਰਾਜ਼ ਹੋ ਰਿਹਾ ਸੀ ਪਰ ਉਸਦੀ ਕੋਈ ਪੇਸ਼ ਨਾ ਗਈ। ਮਹਾਰਾਣੀ ਵਿਕਟੋਰੀਆ ਨੇ ਦਲੀਪ ਸਿੰਘ ਦੀਆਂ ਭਰ ਜਵਾਨੀ ਵਿਚ ਕੁਝ ਪੇਂਟਿੰਗ ਤਿਆਰ ਕਰਵਾਈਆਂ ਜੋ ਉਸਦੇ ਸ਼ਾਹੀ ਜਲਾਲ ਅਤੇ ਸਿੱਖੀ ਸ਼ਾਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਅਜਾਇਬ ਘਰ ਵਿਚ ਮੈਨੂੰ ਮਹਾਰਾਜੇ ਦੇ ਪਰਿਵਾਰ ਦੇ ਮੈਂਬਰਾਂ ਦੇ ਚਿੱਤਰ ਵੀ ਮਿਲ ਗਏ ਅਤੇ ਲਾਰਡ ਡਲਹੌਜੀ ਦੁਆਰਾ ਭੇਂਟ ਕੀਤੀ ਬਾਈਬਲ ਦੀ ਕਾਪੀ ਇੰਗਲੈਂਡ ਦੇ ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਦਲੀਪ ਸਿੰਘ ਦੇ ਚੰਗੇ ਦੋਸਤ ਬਣ ਗਏ ਉਹ ਲੰਡਨ ਦੇ ਕਲੱਬਾਂ ਵਿਚ ਸ਼ਾਹੀ ਘਰਾਣੇ ਦੀਆਂ ਦਾਅਵਤਾਂ ਵਿਚ ਅਤੇ ਹੋਰ ਰੰਗ ਰਲੀਆਂ ਵਿਚ ਗਲਤਾਨ ਰਹਿਣ ਲੱਗ ਪਿਆ ਅਤੇ ਹਮੇਸ਼ਾਂ ਕਰਜ਼ੇ ਥੱਲ੍ਹੇ ਦਬਿਆ ਰਹਿੰਦਾ।

ਸਿੱਖੀ ਵਿਚ ਮੁੜ ਪ੍ਰਵੇਸ਼

ਜਦੋਂ ਅੰਗਰੇਜ਼ ਸਰਕਾਰ ਨੂੰ ਪੂਰਾ ਯਕੀਨ ਹੋ ਗਿਆ ਕਿ ਮਹਾਰਾਜਾ ਦਲੀਪ ਸਿੰਘ ਹੁਣ ਸਿੱਖੀ ਤੋਂ ਦੂਰ ਹੋ ਗਿਆ ਹੈ ਅਤੇ ਈਸਾਈਅਤ ਦਾ ਮੁੱਦਈ ਬਣ ਚੁੱਕਾ ਹੈ ਤਾਂ ਉਸਨੂੰ ਭਾਰਤ ਆਉਣ ਦੀ ਆਗਿਆ ਮਿਲ ਗਈ। 16 ਜਨਵਰੀ 1861 ਨੂੰ ਦਲੀਪ ਸਿੰਘ ਦਾ ਆਪਣੀ ਵਿਛੜੀ ਮਾਂ ਰਾਣੀ ਜਿੰਦਾਂ ਨਾਲ ਕਲਕੱਤੇ ਵਿਚ ਮਿਲਾਪ ਹੋਇਆ। 14 ਸਾਲ ਦੇ ਬਨਵਾਸ ਤੋਂ ਬਾਅਦ ਮਾਂ-ਪੁੱਤ ਗਲੇ ਲੱਗ ਕੇ ਰੋਏ। ਪੁੱਤ ਦੇ ਵਿਛੋੜੇ ਵਿਚ ਰਾਣੀ ਜਿੰਦਾਂ ਰੋ-ਰੋ ਕੇ ਅੰਨ੍ਹੀ ਹੋ ਗਈ ਸੀ। ਪ੍ਰੰਤੂ ਜਦੋਂ ਉਸਦਾ ਹੱਥ ਦਲੀਪ ਦੇ ਸਿਰ 'ਤੇ ਗਿਆ ਤਾਂ ਉਸਦੀਆਂ ਭੁੱਬਾਂ ਹੀ ਨਿਕਲ ਗਈਆਂ ਉਸਦਾ ਪੁੱਤਰ ਦਲੀਪ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਚੁੱਕਾ ਸੀ। ਗ਼ਮ ਵਿਚ ਗਲਤਾਨ ਰਾਣੀ ਨੇ ਬਹੁਤ ਹੀ ਭਾਵੁਕਤਾ ਭਰੇ ਲਹਿਜ਼ੇ ਵਿਚ ਕਿਹਾ, “ਪੁੱਤਰ ਤੇਰੇ ਪਿਉ ਦਾ ਕਾਇਮ ਕੀਤਾ ਖ਼ਾਲਸਾ ਰਾਜ ਗੁਆਚ ਜਾਣ 'ਤੇ ਵੀ ਮੈਨੂੰ ਐਨਾ ਅਫਸੋਸ ਨਹੀਂ ਸੀ ਹੋਇਆ ਜਿੰਨਾ ਅੱਜ ਤੇਰੇ ਸਿੱਖੀ ਸਰੂਪ ਦੇ ਗਵਾਚ ਜਾਣ 'ਤੇ ਹੋਇਆ ਹੈ। ਮਹਾਰਾਜੇ ਨੇ ਕੋਈ ਸ਼ਰਮ ਮਹਿਸੂਸ ਨਾ ਕੀਤੀ ਪ੍ਰੰਤੂ ਲੋਕਾਚਾਰੀ ਤੋਂ ਡਰਦੇ ਹੋਏ ਆਪਣੀ ਮਾਂ ਨੂੰ ਨਾਲ ਲੈ ਕੇ ਇੰਗਲੈਂਡ ਵੱਲ ਰਵਾਨਾ ਹੋ ਗਿਆ।

ਇੰਗਲੈਂਡ ਪਹੁੰਚ ਕੇ ਰਾਣੀ ਜਿੰਦਾਂ ਆਪਣੇ ਪੁੱਤ ਨੂੰ ਸਿੱਖੀ ਸਰੂਪ ਧਾਰਨ ਕਰਨ ਲਈ ਪ੍ਰੇਰਦੀ ਰਹੀ ਉਸਨੂੰ ਆਪਣਾ ਰਾਜ-ਭਾਗ ਪ੍ਰਾਪਤ ਕਰਨ ਲਈ ਵੀ ਪ੍ਰੇਰਿਆ। ਮਹਾਰਾਣੀ ਨੇ ਦੱਸਿਆ ਕਿ ਗੁਰੂਆਂ ਦੀ ਭਵਿੱਖਬਾਣੀ ਅਨੁਸਾਰ ਅੰਗਰੇਜ਼ੀ ਰਾਜ ਦਾ ਖ਼ਾਤਮਾ ਹੋਵੇਗਾ ਅਤੇ ਮੁੜ ਖ਼ਾਲਸ ਰਾਜ ਕਾਇਮ ਹੋਵੇਗਾ। ਪ੍ਰੰਤੂ ਦਲੀਪ ਸਿੰਘ ਮਾਂ ਦੀਆਂ ਨਸੀਹਤਾਂ ਨੂੰ ਮੰਨਦਾ ਨਹੀਂ ਸੀ। ਮੌਸਮ ਦੀ ਤਰਾਸਦੀ ਅਤੇ ਪੁੱਤਰ ਵਲੋਂ ਗ਼ਮਗੀਨ ਰਹਿਣ ਕਰਕੇ ਰਾਣੀ ਜਿੰਦਾਂ 1863 ਵਿਚ ਚਲਾਣਾ ਕਰ ਗਏ ਉਸਦੀ ਇੱਛਾ ਅਨੁਸਾਰ ਉਸਦਾ ਅੰਤਿਮ ਸੰਸਕਾਰ ਪੰਜਾਬ ਵਿਚ ਤਾਂ ਨਾ ਹੋ ਸਕਿਆ ਪ੍ਰੰਤੂ ਮਹਾਰਾਜੇ ਨੂੰ ਬੰਬਈ ਜਾਣ ਦੀ ਆਗਿਆ ਮਿਲ ਗਈ ਅਤੇ ਗੋਦਾਵਰੀ ਨਦੀ ਦੇ ਕੰਡੇ ਨਾਸਿਕ ਦੇ ਨੇੜੇ ਰਾਣੀ ਜਿੰਦਾਂ ਦਾ ਸਸਕਾਰ ਕਰਕੇ ਅਸਥੀਆਂ ਪਾਣੀ ਵਿਚ ਰੋੜ੍ਹ ਦਿੱਤੀਆਂ। ਦਲੀਪ ਸਿੰਘ ਰਸਤੇ ਵਿਚ ਮਿਸਰ ਦੇ ਸ਼ਹਿਰ ਕਾਇਰੋ ਵਿਖੇ ਰੁਕਿਆ ਅਤੇ ਇਕ ਖੂਬਸੂਰਤ ਕੁੜੀ ਬਾਂਬਾ ਮੂਲਰ ਨਾਲ ਸ਼ਾਦੀ ਕਰਵਾ ਲਈ। ਇਹ ਵਿਆਹ ਈਸਾਈ ਰਸਮਾਂ ਮੁਤਾਬਕ ਹੋਇਆ ਅਤੇ ਸ਼ਾਹੀ ਜੋੜੀ ਇੰਗਲੈਂਡ ਪਰਤ ਗਈ। 1863 ਵਿਚ ਮਹਾਰਾਜੇ ਨੇ ਲੰਡਨ ਛੱਡ ਕੇ ਕੈਂਬਰਿਜ ਦੇ ਨੇੜੇ ਐਲਵਿਡਨ ਅਸਟੇਟ ਖਰੀਦ ਲਈ ਜੋ 17000 ਏਕੜ ਉੱਪਰ ਫੈਲੀ ਹੋਈ ਸੀ। ਮਹਾਰਾਜੇ ਨੇ ਇਥੇ 1874 ਵਿਚ ਭਾਰਤ ਦੇ ਸ਼ਾਹੀ ਮਹਿਲਾਂ ਦੇ ਨਮੂਨੇ ਉੱਪਰ ਆਪਣਾ ਮਹਿਲ ਤਾਮੀਰ ਕਰਵਾਇਆ। ਇਸ ਮਹਿਲ ਅੰਦਰ ਉਹ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਰਿਹਾ ਅਤੇ ਸ਼ਿਕਾਰ ਖੇਡਣ ਦਾ ਸ਼ੌਂਕ ਪਾਲਦਾ ਰਿਹਾ। ਸ਼ਾਹੀ ਘਰਾਣੇ ਦੇ ਸ਼ਹਿਜ਼ਾਦੇ ਵੀ ਉਸਦੀਆਂ ਸ਼ਿਕਾਰ ਪਾਰਟੀਆਂ ਵਿਚ ਸ਼ਾਮਿਲ ਹੁੰਦੇ ਰਹੇ।

1884 ਵਿਚ ਮਹਾਰਾਜੇ ਨੇ ਪੰਜਾਬ ਤੋਂ ਆਪਣੇ ਮਿੱਤਰ ਅਤੇ ਰਿਸ਼ਤੇਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਆਪਣੇ ਕੋਲ ਸੱਦ ਲਿਆ। ਠਾਕਰ ਸਿੰਘ ਨੇ ਦਲੀਪ ਸਿੰਘ ਨੂੰ ਗੁਰੂਆਂ ਦੀ ਭਵਿੱਖਬਾਣੀ ਯਾਦ ਕਰਵਾਈ ਅਤੇ ਦੱਸਿਆ ਕਿ ਅੰਗਰੇਜ਼ੀ ਸਰਕਾਰ ਨੇ ਧੋਖੇ ਨਾਲ ਤੇਰਾ ਰਾਜ-ਭਾਗ ਖੋਹਿਆ ਹੈ। ਤੇਰੀ ਨਾਬਾਲਿਗ ਉਮਰ ਦਾ ਫਾਇਦਾ ਉਠਾ ਕੇ ਤੇਰੀ ਨਿੱਜੀ ਜਾਇਦਾਦ ਜ਼ਬਤ ਕਰ ਲਈ ਹੈ ਜਿਸਦਾ ਤੂੰ ਜੱਦੀ ਵਾਰਿਸ ਹੈਂ। ਕੋਹੇਨੂਰ ਹੀਰਾ ਵੀ ਤੇਰਾ ਹੈ ਰੂਸ ਦੀ ਫੌਜ ਪੰਜਾਬ 'ਤੇ ਧਾਵਾ ਬੋਲੇਗੀ, ਅੰਗਰੇਜ਼ੀ ਰਾਜ ਦਾ ਖਾਤਮਾ ਹੋਵੇਗਾ। ਦਲੀਪ ਸਿੰਘ ਨਾਮ ਦਾ ਸਿੱਖ ਯੋਧਾ ਰੂਸੀ ਫੌਜ ਦੀ ਮਦਦ ਨਾਲ ਭਾਰਤ ਉੱਪਰ ਰਾਜ ਕਾਇਮ ਕਰੇਗਾ ਅਤੇ ਖ਼ਾਲਸੇ ਦਾ ਹਾਥੀ ਸਾਰੇ ਸੰਸਾਰ ਵਿਚ ਗੇੜਾ ਦੇਵੇਗਾ। ਬਚਪਨ ਦੇ ਦੋਸਤ ਦੀ ਨਸੀਹਤ ਦਲੀਪ ਸਿੰਘ ਦੇ ਰਾਸ ਆ ਗਈ ਅਤੇ ਆਪਣੀ ਮਾਂ ਦੀ ਤਾੜਨਾ ਯਾਦ ਕਰਕੇ ਉਹ ਸਿੱਖੀ ਸਰੂਪ ਧਾਰਨ ਕਰਨ ਲਈ ਤਿਆਰ ਹੋ ਗਿਆ। ਮਹਾਰਾਜੇ ਨੇ ਪੰਜਾਬ ਜਾਣ ਦੇ ਲਈ ਮਨ ਤਿਆਰ ਕਰ ਲਿਆ ਅਤੇ ਲੰਡਨ ਤੋਂ ਮਨਜ਼ੂਰੀ ਮੰਗੀ। ਪੰ੍ਰਤੂ ਅੰਗਰੇਜ਼ ਸਰਕਾਰ ਉਸਨੂੰ ਕਿਸੇ ਸ਼ਰਤ 'ਤੇ ਵੀ ਭਾਰਤ ਨਹੀਂ ਭੇਜਣਾ ਚਾਹੁੰਦੀ ਸੀ। ਮਹਾਰਾਜੇ ਨੇ ਆਪਣੀ ਜਾਇਦਾਦ ਅਤੇ ਕੋਹੀਨੂਰ ਹੀਰਾ ਵੀ ਮੰਗਿਆ ਉਸਨੇ ਆਪਣੇ ਦੇਸ਼ਵਾਸੀਆਂ ਦੇ ਨਾਮ 1886 ਈ: ਵਿਚ ਇਹ ਬਿਆਨ ਜਾਰੀ ਕੀਤਾ। “ਖ਼ਾਲਸਾ ਜੀ ਮੈਨੂੰ ਮੁਆਫ ਕਰ ਦੇਣਾ ਕਿਉਂਕਿ ਮੈਂ ਅਨਜਾਣਪੁਣੇ ਵਿਚ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਕੇ ਇਸਾਈ ਧਰਮ ਧਾਰਣ ਕਰ ਲਿਆ ਸੀ ਮੇਰੀ ਇੱਛਾ ਹੈ ਕਿ ਮੈਂ ਬੰਬਈ ਪਹੁੰਚ ਕੇ ਫਿਰ ਖੰਡੇ ਦੀ ਪਾਹੁਲ ਲੈ ਕੇ ਖ਼ਾਲਸਾ ਸਜ ਜਾਵਾਂ।” ਠਾਕਰ ਸਿੰਘ ਆਪਣੇ ਨਾਲ ਇਕ ਗ੍ਰੰਥੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਗਏ ਸੀ। ਮਹਾਰਾਜੇ ਨੂੰ ਹਰ ਰੋਜ਼ ਬਾਣੀ ਦਾ ਪਾਠ ਵੀ ਸੁਣਾਇਆ ਜਾਂਦਾ ਸੀ। ਸਿੱਖੀ ਦੀ ਤੜਫ ਨੇ ਮਹਾਰਾਜੇ ਨੂੰ ਬਿਹਬਲ ਕਰ ਦਿੱਤਾ ਅਤੇ ਉਹ ਅੰਗਰੇਜ਼ ਸਰਕਾਰ ਦੇ ਵਿਰੋਧਤਾ ਦੇ ਬਾਵਜੂਦ 1886 ਈ: ਵਿਚ ਪੰਜਾਬ ਵੱਲ ਰਵਾਨਾ ਹੋ ਪਿਆ। ਉਸਨੇ ਆਪਣੇ ਪਰਿਵਾਰ ਦੇ ਮੈਂਬਰ ਵੀ ਨਾਲ ਲੈ ਲਏ ਅਤੇ ਆਪਣੀ ਆਮਦ ਬਾਰੇ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਭੇਜ ਦਿੱਤਾ। ਲਾਰਡ ਡਫਰਿਨ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਭਾਰਤ ਵਿਚ ਪੁੱਜੇ ਕਿਉਂਕਿ ਪੰਜਾਬ ਵਿਚ ਉਸਦੇ ਪਰਤਣ ਦੀਆਂ ਖ਼ਬਰਾਂ ਸਨਸਨੀਖੇਜ਼ ਸਾਬਤ ਹੋ ਰਹੀਆਂ ਸਨ। ਕੂਕਿਆਂ ਨੇ ਮਹਾਰਾਜੇ ਦੇ ਹੱਕ ਵਿਚ ਅਫਵਾਹਾਂ ਫੈਲਾ ਰੱਖੀਆਂ ਸਨ ਅਤੇ ਗੁਰੂਆਂ ਦੀ ਭਵਿੱਖਬਾਣੀ ਅਤੇ ਖ਼ਾਲਸਾ ਰਾਜ ਦੀ ਪੁਨਰ ਸਥਾਪਨਾ ਵੀ ਉਨ੍ਹਾਂ ਦੀ ਹੀ ਕਾਢ ਜਾਪਦੀ ਹੈ। ਸੋਚੀ ਸਮਝੀ ਸਕੀਮ ਅਧੀਨ ਮਹਾਰਾਜੇ ਨੂੰ ਰਸਤੇ ਵਿਚ 'ਅਦਨ' ਦੀ ਬੰਦਰਗਾਹ 'ਤੇ ਹੀ ਕੈਦ ਕਰ ਲਿਆ ਗਿਆ। ਉਸਦੇ ਪਰਿਵਾਰ ਨੂੰ ਇੰਗਲੈਂਡ ਪਰਤਾ ਦਿੱਤਾ ਗਿਆ ਅਤੇ ਉਸਨੂੰ ਪਰਤਣ ਲਈ ਮਜਬੂਰ ਕੀਤਾ ਗਿਆ। ਠਾਕੁਰ ਸਿੰਘ ਨੇ ਦੋ ਸਿੰਘ ਪੰਜਾਬ ਤੋਂ ਅਦਨ ਭੇਜ ਦਿੱਤੇ ਅਤੇ ਤਿੰਨ ਹੋਰ ਫੌਜੀ ਸਿੰਘ ਅਦਨ ਤੋਂ ਲੈ ਕੇ 25 ਮਈ 1886 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਖੰਡੇ ਦੀ ਪਾਹੁਲ ਛਕਾਈ ਗਈ। ਉਹ ਸਿੰਘ ਤਾਂ ਸਜ ਗਿਆ ਪ੍ਰੰਤੂ ਉਸਦਾ ਪੰਜਾਬ ਪਹੁੰਚਣ ਦਾ ਸੁਪਨਾ ਸਾਕਾਰ ਨਾ ਹੋ ਸਕਿਆ ਉਦਾਸੀ ਅਤੇ ਬੇਵਸੀ ਦੀ ਹਾਲਤ ਵਿਚ ਉਹ ਪੈਰਿਸ ਪਰਤ ਗਿਆ। ਅੰਗਰੇਜ਼ ਸਰਕਾਰ ਨੂੰ ਪੈਨਸ਼ਨ ਅਤੇ ਸਾਰੀ ਜਾਇਦਾਦ ਰੱਦ ਕਰਨ ਲਈ ਅਰਜ਼ੀ ਭੇਜ ਦਿੱਤੀ ਉਹ ਗ਼ੁਲਾਮੀ ਦੇ ਜੀਵਨ ਤੋਂ ਤੰਗ ਆ ਚੁੱਕਾ ਸੀ ਉਸਨੇ ਆਪਣੇ ਪਰਿਵਾਰ ਤੋਂ ਵੀ ਨਾਤਾ ਤੋੜ ਲਿਆ ਅਤੇ ਫਰਾਂਸ ਵਿਚ ਰਹਿਣ ਦੀ ਠਾਣ ਲਈ।

ਮਹਾਰਾਜੇ ਦਾ ਭਾਰਤ ਦੀ ਅਜ਼ਾਦੀ ਲਈ ਘੋਲ

ਪੈਰਿਸ ਹਮੇਸ਼ਾਂ ਅਜ਼ਾਦੀ ਘੁਲਾਟੀਆਂ ਦੀ ਪਨਾਹਗਾਹ ਰਿਹਾ ਹੈ। ਮਹਾਰਾਜੇ ਨੇ ਆਪਣੇ ਅਜ਼ਾਦੀ ਦੇ ਘੋਲ ਲਈ ਇਸੇ ਸ਼ਹਿਰ ਨੂੰ ਅੱਡਾ ਬਣਾਇਆ। ਆਇਰਲੈਂਡ ਦੇ ਅਜ਼ਾਦੀ ਘੁਲਾਟੀਏ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗ਼ਾਵਤ ਲਈ ਤਿਆਰੀ ਕਰ ਰਹੇ ਸਨ। ਦਲੀਪ ਸਿੰਘ ਨੂੰ ਆਇਰਲੈਂਡ ਦੇ ਬਾਗ਼ੀਆਂ ਅਤੇ ਰੂਸੀ ਡਿਪਲੋਮੈਟਾਂ ਦੀ ਸਹਾਇਤਾ ਮਿਲ ਗਈ। ਉਸਨੇ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਲਈ ਪੈਰਿਸ ਵਿਚ ਦਫਤਰ ਖੋਲ੍ਹ ਲਿਆ। ਪਾਂਡੀਚਰੀ ਵਿਚ ਠਾਕਰ ਸਿੰਘ ਮਹਾਰਾਜੇ ਦਾ ਪ੍ਰਧਾਨ ਮੰਤਰੀ ਥਾਪਿਆ ਗਿਆ ਅਤੇ ਉਹ ਪੰਜਾਬ ਦੇ ਸਿੱਖਾਂ ਨਾਲ ਇਕ ਕੜੀ ਦਾ ਕੰਮ ਵੀ ਕਰ ਰਿਹਾ ਸੀ। ਪੈਰਿਸ ਤੋਂ ਮਹਾਰਾਜੇ ਨੇ ਦੋ ਸੰਦੇਸ਼ ਵੀ ਜਾਰੀ ਕੀਤੇ ਪਹਿਲਾ ਪੰਜਾਬ ਦੇ ਸਿੱਖ ਭਰਾਵਾਂ ਦੇ ਨਾਮ ਅਤੇ ਦੂਜਾ ਭਾਰਤ ਦੇ ਮਹਾਰਾਜਿਆਂ ਅਤੇ ਜਨਤਾ ਦੇ ਨਾਮ ਸੀ। ਦੋਹਾਂ ਵਿਚ ਅੰਗਰੇਜ਼ੀ ਰਾਜ ਵਿਰੁੱਧ ਬਗ਼ਾਵਤ ਲਈ ਪ੍ਰੇਰਿਆ ਗਿਆ ਸੀ।

ਰੂਸ ਦੇ ਜ਼ਾਰ ਤੋਂ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਰੂਸ ਜਾਣ ਦੀ ਤਿਆਰੀ ਕਰ ਲਈ। ਰੂਸ ਦੇ ਪ੍ਰਸਿੱਧ ਅਖ਼ਬਾਰ ‘ਮਾਸਕੋ ਗਜ਼ਟ’ ਦਾ ਐਡੀਟਰ ਮਿਸਟਰ ਕੈਟਕਾਫ ਮਹਾਰਾਜੇ ਦਾ ਵਿਚੋਲਾ ਬਣ ਗਿਆ। ਅਤੇ ਉਸਦੇ ਸੱਦੇ ਉੱਪਰ ਉਹ ਰੂਸ ਦੀ ਰਾਜਧਾਨੀ ਸੈਂਟ ਪੀਟਰਜ਼ ਬਰਗ ਜਾਣ ਲਈ ਤਿਆਰ ਹੋ ਗਿਆ। ਅੰਗਰੇਜ਼ ਸਰਕਾਰ ਨੇ ਮਹਾਰਾਜੇ ਦੀ ਹਰ ਕਾਰਵਾਈ ਉੱਪਰ ਨਿਗਾਹ ਰੱਖੀ ਹੋਈ ਸੀ ਅਤੇ ਉਸਦੇ ਪੈਰਿਸ ਦਫਤਰ ਦਾ ਇੰਚਾਰਜ ਅੰਗਰੇਜ਼ ਸਰਕਾਰ ਦੀ ਖੁਫੀਆ ਏਜੰਸੀ ਦਾ ਹੀ ਕਾਰਿੰਦਾ ਸੀ। ਹਰ ਖ਼ਬਰ ਲੰਡਨ ਅਤੇ ਸ਼ਿਮਲਾ ਤੁਰੰਤ ਭੇਜੀ ਜਾਂਦੀ ਰਹੀ। ਮਹਾਰਾਜੇ ਕੋਲ ਰੂਸ ਜਾਣ ਲਈ ਪਾਸਪੋਰਟ ਨਹੀਂ ਸੀ ਸੋ ਉਸਦੇ ਆਇਰਿਸ਼ ਦੋਸਤ, ਪੈਟਰਿਕ ਕੈਸੀ ਨੇ ਆਪਣੇ ਨਾਮ 'ਤੇ ਪਾਸਪੋਰਟ ਅਤੇ ਵੀਜ਼ਾ ਜਾਰੀ ਕਰਵਾ ਦਿੱਤਾ ਦਲੀਪ ਸਿੰਘ ਰੂਸ ਵਿਚ ਪੈਟਰਿਕ ਕੈਸੀ ਦੀ ਸ਼ਨਾਖਤ 'ਤੇ ਦਾਖਲ ਹੋਇਆ। ਰੂਸ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਅੰਗਰੇਜ਼ ਕੁੜੀ ਮਹਾਰਾਜੇ ਦੀ ਸਹੇਲੀ ਬਣ ਗਈ ਅਤੇ ਉਸਦੀ ਪਤਨੀ ਬਣ ਕੇ ਰੂਸ ਦਾ ਵੀਜ਼ਾ ਲੈ ਆਈ। ਕਈਆਂ ਦਾ ਖਿਆਲ ਹੈ ਕਿ ਇਹ ਵੀ ਅੰਗਰੇਜ਼ੀ ਸਰਕਾਰ ਦੀ ਜਸੂਸ ਸੀ। ਮਹਾਰਾਜਾ ਦਲੀਪ ਸਿੰਘ ਨਵੀਂ ਰਾਣੀ 'ਅਦਾ ਵੈਦਰਿਲ' (ਅਦੳ ਾਂੲਟਹੲਰਲਿਲ) ਅਤੇ ਇਕ ਸੇਵਾਦਾਰ ਅਰੂੜ ਸਿੰਘ ਗੱਡੀ 'ਤੇ ਸਵਾਰ ਹੋ ਕੇ ਪੈਰਿਸ ਤੋਂ ਰੂਸ ਦੀ ਰਾਜਧਾਨੀ ਵੱਲ ਚੱਲ ਪਏ। ਰਸਤੇ ਵਿਚ ਬਰਲਿਨ ਦੇ ਸਟੇਸ਼ਨ 'ਤੇ ਮਹਾਰਾਜੇ ਨੂੰ ਇਕ ਚੋਰ ਨੇ ਲੁੱਟ ਲਿਆ ਅਤੇ ਉਸਦਾ ਪਾਸਪੋਰਟ ਤੇ ਨਕਦੀ ਖੋਹ ਕੇ ਲੈ ਗਿਆ। ਹੁਣ ਰੂਸ ਦੇ ਬਾਰਡਰ 'ਤੇ ਮੁਸੀਬਤ ਆਣ ਪਈ ਅਤੇ ਕਈ ਦਿਨ ਰੁਕਣ ਤੋਂ ਬਾਅਦ ਅੱਗੇ ਲੰਘਣ ਦੀ ਇਜਾਜ਼ਤ ਮਿਲ ਗਈ ਜੋ ਮਿਸਟਰ ਕੈਟਕਾਫ ਦੀ ਮਦਦ ਕਰਕੇ ਸੰਭਵ ਹੋਇਆ।

ਰੂਸ ਦੇ ਜ਼ਾਰ ਦੀ ਧਾਂਕ ਸਾਰੇ ਯੂਰਪ ਵਿਚ ਸੀ ਅਤੇ ਅੰਗਰੇਜ਼ ਵੀ ਉਸਤੋਂ ਡਰਦੇ ਸਨ ਕਿਉਂਕਿ ਜ਼ਾਰ ਨੇ ਅਫਗਾਨਿਸਤਾਨ ਦੀ ਸਰਹੱਦ ਤਕ ਸਾਰਾ ਇਲਾਕਾ ਆਪਣੇ ਰਾਜ ਵਿਚ ਸ਼ਾਮਲ ਕਰ ਰੱਖਿਆ ਸੀ। ਦਲੀਪ ਸਿੰਘ ਨੇ ਇਕ ਪਟੀਸ਼ਨ ਤਿਆਰ ਕੀਤੀ ਜਿਸ ਵਿਚ ਦੱਸਿਆ ਗਿਆ ਸੀ ਕਿ ਗੁਰੂਆਂ ਦੀ ਭਵਿੱਖਬਾਣੀ ਕੀ ਹੈ ਅਤੇ ਉਹ ਰੂਸੀ ਫੌਜ ਦਾ ਜਰਨੈਲ ਬਣ ਕੇ ਪੰਜਾਬ ਉੱਪਰ ਧਾਵਾ ਬੋਲੇਗਾ ਅਤੇ ਪੰਜਾਬ ਦੇ ਸਿੱਖ ਫੌਜੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰ ਦੇਣਗੇ। ਜੇਕਰ ਇਹ ਸਕੀਮ ਸਿਰੇ ਚੜ੍ਹ ਗਈ ਤਾਂ ਰੂਸ ਨੂੰ ਧਨ ਨਾਲ ਮਾਲਾਮਾਲ ਕਰ ਦਿੱਤਾ ਜਾਵੇਗਾ ਅਤੇ ਉਸਦੀ ਸਰਹੱਦ ਪੰਜਾਬ ਤਕ ਕਾਇਮ ਹੋ ਜਾਵੇਗੀ। ਹਿੰਦੁਸਤਾਨ ਦੇ ਸਾਰੇ ਰਾਜੇ ਮਹਾਰਾਜੇ, ਦਲੀਪ ਸਿੰਘ ਦੀ ਮਦਦ 'ਤੇ ਹੋਣਗੇ ਅਤੇ ਖ਼ਾਲਸਾ ਰਾਜ ਮੁੜ ਬਹਾਲ ਹੋ ਜਾਵੇਗਾ। ਇਸ ਪਟੀਸ਼ਨ ਵਿਚ ਸਾਰੀ ਜੰਗੀ ਪਲੈਨ ਇਕ ਸੁਚੱਜੇ ਜਰਨੈਲ ਵਾਂਗ ਤਿਆਰ ਕੀਤੀ ਗਈ ਸੀ।

ਦਲੀਪ ਸਿੰਘ ਨੂੰ ਰੂਸੀ ਜ਼ਾਰ ਨਾਲ ਮਿਲਣ ਦਾ ਮੌਕਾ ਨਾ ਮਿਲਿਆ। ਕੈਟਕਾਫ ਨੇ ਉਸਨੂੰ ਮਾਸਕੋ ਬੁਲਾ ਭੇਜਿਆ ਅਤੇ ਉਹ ਕਈ ਮਹੀਨੇ ਇਕ ਹੋਟਲ ਵਿਚ ਰਹਿਣ ਉਪਰੰਤ ਮਾਸਕੋ ਦੇ ਬਾਹਰ ਸਸਤਾ ਘਰ ਲੈ ਕੇ ਰਹਿਣ ਲੱਗਾ। ਅਰੂੜ ਸਿੰਘ ਨੂੰ ਮਾਇਆ ਇਕੱਠੀ ਕਰਨ ਲਈ ਹਿੰਦੁਸਤਾਨ ਭੇਜਿਆ ਅਤੇ ਆਪਣੇ ਮਿਸ਼ਨ ਬਾਰੇ ਭਾਰਤੀ ਰਾਜਿਆਂ ਨੂੰ ਸੂਚਨਾ ਵੀ ਭੇਜੀ। ਜਿਸ ਤਰ੍ਹਾਂ ਕਹਿੰਦੇ ਹਨ ਕਿ ਮੁਸੀਬਤਾਂ ਇਕੱਠੀਆਂ ਹੀ ਆਉਂਦੀਆਂ ਹਨ। ਮਹਾਰਾਜੇ ਦੀ ਬਦਕਿਸਮਤੀ ਨੂੰ ਉਸਦੇ ਮਦਦਗਾਰ ਕੈਟਕਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਉਹ ਕੈਂਸਰ ਨਾਲ ਮਰ ਗਿਆ ਉਸ ਦੇ ਵਿਰੋਧੀ ਨਹੀਂ ਚਾਹੁੰਦੇ ਸਨ ਕਿ ਮਹਾਰਾਜਾ ਦਲੀਪ ਸਿੰਘ ਰੂਸੀ ਜ਼ਾਰ ਨੂੰ ਮਿਲੇ। ਪਾਂਡੀਚਰੀ ਵਿਚ ਠਾਕਰ ਸਿੰਘ ਦੀ ਮੌਤ ਹੋ ਗਈ ਅਤੇ ਅਰੂੜ ਸਿੰਘ ਜਦੋਂ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਇਕ ਬੰਗਾਲੀ ਬਾਬੂ ਮਿੱਤਰਾ ਨੇ ਧੋਖੇ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ੀ ਸਰਕਾਰ ਪਾਸ ਖੁਫੀਆ ਰਿਪੋਰਟਾਂ ਪੈਰਿਸ ਤੋਂ ਮਹਾਰਾਜੇ ਦਾ ਦਫਤਰ ਹੀ ਭੇਜ ਰਿਹਾ ਸੀ ਅਰੂੜ ਸਿੰਘ ਨੇ ਸਾਰੀ ਸਕੀਮ ਅਤੇ ਮਹਾਰਾਜੇ ਦੇ ਭੇਦ ਅੰਗਰੇਜ਼ ਹਾਕਮਾਂ ਨੂੰ ਦੱਸ ਕੇ ਆਪਣੀ ਜਾਨ ਬਚਾਈ। ਮਹਾਰਾਜਾ ਦਲੀਪ ਸਿੰਘ ਅਤੀ ਉਦਾਸ ਹਾਲਤ ਵਿਚ ਪੈਰਿਸ ਪਰਤਣ ਲਈ ਮਜਬੂਰ ਹੋ ਗਿਆ। ਪੈਰਿਸ ਵਿਚ ਮਹਾਰਾਜਾ ਮਜਬੂਰੀ ਵੱਸ ਦਿਨ ਕੱਟੀ ਕਰ ਰਿਹਾ ਸੀ ਕਿ ਉਸਦੇ ਪੁੱਤਰ ਮਿਲਣ ਆਏ ਅਤੇ ਇੰਗਲੈਂਡ ਪਰਤਣ ਲਈ ਮਜਬੂਰ ਕਰਨ ਲੱਗੇ। ਮਹਾਰਾਜੇ ਨੂੰ ਅਧਰੰਗ ਹੋ ਚੁੱਕਾ ਸੀ ਅਤੇ ਉਸਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਉਸਦੀ ਦੂਸਰੀ ਰਾਣੀ ਵੀ ਕਦੇ ਕਦਾਈਂ ਹੀ ਪਤਾ ਕਰਨ ਆਉਂਦੀ ਸੀ। ਜੋ ਪੈਸਾ ਜਮ੍ਹਾ ਸੀ ਉਹ ਵੀ ਰਾਣੀ ਨੇ ਉਜਾੜ ਛੱਡਿਆ ਸੀ। ਦਲੀਪ ਸਿੰਘ ਵੱਡੇ ਪੁੱਤਰ ਵਿਕਟਰ ਨਾਲ ਫਰਾਂਸ ਦੇ ਦੱਖਣ ਦੇ ਵਿਚ ਦਿਲ ਪਰਚਾਵੇ ਲਈ ਗਿਆ ਤਾਂ ਮਹਾਰਾਣੀ ਵਿਕਟੋਰੀਆ ਵੀ ਛੁੱਟੀਆਂ ਕੱਟਣ ਉਧਰ ਆਈ ਹੋਈ ਸੀ। ਮਹਾਰਾਜਾ ਮਲਿਕਾ ਵਿਕਟੋਰੀਆ ਨੂੰ ਮਿਲਿਆ ਅਤੇ ਮੁਆਫੀ ਮੰਗੀ ਕਿਉਂਕਿ ਮਲਿਕਾ ਹਮੇਸ਼ਾਂ ਉਸਨੂੰ ਪਿਆਰ ਕਰਦੀ ਰਹੀ ਸੀ। ਮਲਿਕਾ ਨੇ ਮਹਾਰਾਜੇ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ ਰਾਣੀ ਬਾਂਬਾ ਤਾਂ 1887 ਵਿਚ ਹੀ ਮਰ ਗਈ ਅਤੇ ਮਾਂ-ਪਿਉ ਮਹਿਟਰ ਬੱਚੇ ਮਲਿਕਾ ਵਿਕਟੋਰੀਆ ਦੇ ਰਹਿਮ ਉੱਪਰ ਹੀ ਪਲਦੇ ਰਹੇ। ਦਲੀਪ ਸਿੰਘ ਇਕ ਵਾਰ ਲੰਡਨ ਗਿਆ ਅਤੇ ਬੱਚਿਆਂ ਨੂੰ ਮਿਲ ਕੇ ਪੈਰਿਸ ਪਰਤ ਆਇਆ। 1893 ਵਿਚ ਸਿੱਖਾਂ ਦਾ ਅਖੀਰੀ ਮਹਾਰਾਜਾ ਪੈਰਿਸ ਦੇ ਇਕ ਗੁਮਨਾਮ ਹੋਟਲ ਵਿਚ ਚਲਾਣਾ ਕਰ ਗਿਆ। ਉਸਦੀ ਇੱਛਾ ਦੇ ਵਿਰੁੱਧ ਉਸਦੇ ਮਿਰਤਕ ਸਰੀਰ ਨੂੰ ਐਲਵੀਡਨ ਦੇ ਗਿਰਜਾਘਰ ਦੇ ਕਬਰਿਸਤਾਨ ਵਿਚ ਦਫਨਾਇਆ ਗਿਆ। ਨਵੰਬਰ 2003 ਨੂੰ ਮੈਂ ਇਸ ਪਿੰਡ ਦੀ ਯਾਤਰਾ ਕੀਤੀ ਅਤੇ ਦਲੀਪ ਸਿੰਘ ਦੇ ਮਹਿਲ ਅਜਾਇਬ ਘਰ ਅਤੇ ਘੋੜੇ ਤੇ ਸਵਾਰ ਸਿੱਖ ਮਹਾਰਾਜੇ ਦਾ ਬੁੱਤ ਵੇਖਿਆ। ਮੈਂ ਸਰਦਾਰ ਤ੍ਰਿਲੋਚਨ ਸਿੰਘ (ਘੱਟਗਿਣਤੀ ਕਮੀਸ਼ਨ ਦੇ ਚੇਅਰਮੈਨ) ਹੋਰਾਂ ਦੀ ਰਾਇ ਨਾਲ ਸਹਿਮਤ ਹਾਂ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਵਿਚ ਲਿਆਂਦੀਆਂ ਜਾਣ ਅਤੇ ਸਿੱਖ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਮਰਨ ਤੋਂ ਪਹਿਲਾਂ ਸਿੰਘ ਸਜ ਗਿਆ ਸੀ।

ਪ੍ਰੋਹਰਦੇਵ ਸਿੰਘ ਵਿਰਕ





Post Comment


ਗੁਰਸ਼ਾਮ ਸਿੰਘ ਚੀਮਾਂ