ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 2, 2012

62 ਸਾਲਾ ਮੈਰਾਥਨ ਦੌੜਾਕ ਸੂਬੇਦਾਰ ਕੁਲਵੰਤ ਸਿੰਘ ਖਹਿਰਾ


ਕੁਲਵੰਤ ਸਿੰਘ ਖਹਿਰਾ ਨੇ ਜ਼ਿੰਦਗੀ ਦੇ ਛੇ ਦਹਾਕਿਆਂ ਨੂੰ ਪਾਰ ਕਰਕੇ ਵੀ ਕਪੂਰਥਲਾ ਵਿਖੇ 2011 ਵਿਚ ਕਰਵਾਈ ਗਈ ਮੈਰਾਥਨ ਵਾਕ ਵਿਚ ਦੂਜਾ ਸਥਾਨ ਹਾਸਲ ਕਰਕੇ ਇਹ ਸਿੱਧ ਕਰ ਦਿੱਤਾ ਕਿ ੳਹ ਅੱਜ ਵੀ ਆਪਣੇ ਵਿਚ ਨੌਜਵਾਨਾਂ ਵਰਗਾ ਜੋਸ਼ ਰੱਖਦੇ ਹਨ। ਸੂਬੇਦਾਰ ਕੁਲਵੰਤ ਸਿੰਘ ਦਾ ਜਨਮ 7 ਨਵੰਬਰ 1949 ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖਹਿਰਾ ਵਿਖੇ ਹੋਇਆ। ਉਹ ਮੈਟ੍ਰਿਕ ਤੱਕ ਦੀ ਸਿੱਖਿਆ ਹਾਸਲ ਕਰਨ ਉਪਰੰਤ ਪੰਜਾਬ ਪੁਲਿਸ ਵਿਚ ਭਰਤੀ ਹੋ ਗਏ ਪਰ ਇਹ ਪੇਸ਼ਾ ਆਪਣੀ ਤਬੀਅਤ ਦੇ ਮੇਚ ਦਾ ਨਾ ਹੋਣ ਕਰਕੇ ਪੁਲਿਸ ਦੀ ਨੌਕਰੀ ਛੱਡ ਉਹ 1967 ਵਿਚ ਫ਼ੌਜ 'ਚ ਜਾ ਭਰਤੀ ਹੋਏ ਤੇ 1971 ਦੀ ਭਾਰਤ-ਪਾਕਿ ਜੰਗ ਵਿਚ ਦੁਸ਼ਮਣ ਦੀਆਂ ਫ਼ੌਜਾਂ ਦੇ ਦੰਦ ਖੱਟੇ ਕੀਤੇ। ਵਿਹਲੇ ਰਹਿਣਾ ਉਨ੍ਹਾਂ ਦੀ ਤਬੀਅਤ ਦਾ ਹਿੱਸਾ ਨਹੀਂ ਇਸ ਲਈ ਉਹ ਫੌਜ ਵਿਚ 22 ਸਾਲ ਦੀ ਨੌਕਰੀ ਕਰਨ ਉਪਰੰਤ 'ਕਰਾਇਸਟ ਦਾ ਕਿੰਗ' ਕੌਨਵੈਂਟ ਸਕੂਲ ਵਿਚ ਸਰੀਰਕ ਸਿੱਖਿਆ ਦੇ ਅਧਿਆਪਕ ਨਿਯੁਕਤ ਹੋ ਗਏ । ਸਕੂਲ ਵਿਚ 18 ਸਾਲ ਦੀ ਨੌਕਰੀ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਿਥੇ ਖੇਡਾਂ ਵਿਚ ਪ੍ਰਪੱਕ ਕੀਤਾ ਉੱਥੇ ਉਨ੍ਹਾਂ ਅੰਦਰ ਨੈਤਿਕ ਗੁਣਾਂ ਦਾ ਵੀ ਵਿਕਾਸ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫੋਟੋਗ੍ਰਾਫੀ ਕਰਨ ਦਾ ਸ਼ੌਕ ਹੈ। ਜ਼ਿੰਦਗੀ ਦੇ ਹਰ ਪਲ ਤੇ ਹਰ ਰੰਗ ਨੂੰ ਕੈਮਰੇ ਵਿਚ ਕੈਦ ਕਰਨਾ ਉਨ੍ਹਾਂ ਦੀ ਰੂਹ ਨੂੰ ਸਕੂਨ ਬਖਸ਼ਦਾ ਹੈ। ਬੇਹੱਦ ਖ਼ੁਸ਼ਮਿਜਾਜ਼ ਤਬੀਅਤ ਦੇ ਮਾਲਕ ਖਹਿਰਾ ਅੰਦਰ ਅੱਜ ਵੀ ਜਵਾਨੀ ਵਾਲਾ ਜੋਸ਼ ਠਾਠਾਂ ਮਾਰਦਾ ਹੈ ਜਿਸ ਦੇ ਸਦਕਾ ਹੀ ਬੀਤੇ ਜੂਨ ਮਹੀਨੇ ਵਿਚ ਉਨ੍ਹਾਂ ਨੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਔਖੀਆਂ ਪਹਾੜੀਆਂ ਦੀ ਚੜ੍ਹਾਈ ਵੀ ਆਪਣੇ ਨੌਜਵਾਨ ਬੇਟਿਆਂ ਨਾਲ਼ੋਂ ਪਹਿਲਾਂ ਸਰ ਕਰਕੇ ਹੈਰਾਨ ਕਰ ਦਿੱਤਾ। ਅੱਜਕਲ੍ਹ ਅਮਰੀਕਾ ਵਿਖੇ ਆਪਣੇ ਬੇਟੇ ਕੰਵਲਜੀਤ ਖਹਿਰਾ ਤੇ ਪਰਮਜੀਤ ਖਹਿਰਾ ਨਾਲ਼ ਅਮਰੀਕਾ ਵਿਚ ਵਸਦੇ ਹੋਣ ਕਰਕੇ ਉਨ੍ਹਾਂ ਦੇ ਮਨ ਅੰਦਰ ਭਾਰਤ ਵਿਚ ਉੱਥੋਂ ਜਿਹੇ ਆਵਾਜਾਈ ਦੇ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਉਣ ਦਾ ਜਾਨੂੰਨ ਹੈ । ਜਿਸ ਕਰਕੇ ਉਨ੍ਹਾਂ ਆਪਣੀ ਪੰਜਾਬ ਫ਼ੇਰੀ ਦੌਰਾਨ ਰਾਹ ਜਾਂਦੇ ਜਾਂ ਭਰੇ ਚੌਕ ਵਿਚ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਗੱਡੀ ਚੋਂ ਉੱਤਰ ਕੇ ਪੁਰਖ਼ਲੂਸ ਤਰੀਕੇ ਨਾਲ਼ ਇਨ੍ਹਾਂ ਨਿਯਮਾਂ ਸਬੰਧੀ ਸੇਧ ਦੇ ਕੇ ਸੜਕੀ ਆਵਾਜਾਈ ਨੂੰ ਆਮ ਵਾਂਗ ਚਾਲੂ ਕਰਾ ਦਿੰਦੇ ਹਨ। ਜੋ ਉਨ੍ਹਾਂ ਦੇ ਆਵਾਜਾਈ ਦੇ ਨਿਯਮਾਂ ਨੂੰ ਅਪਣਾਉਣ ਸੰਬੰਧੀ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਜ਼ਿੰਦਗੀ ਪ੍ਰਤੀ ਸਕਾਰਾਤਮਕ ਰਵੱਈਆ ਰੱਖਣ ਵਾਲੇ ਕੁਲਵੰਤ ਸਿੰਘ ਖਹਿਰਾ ਦਾ ਨੌਜਵਾਨਾਂ ਨੂੰ ਕਹਿਣਾ ਹੈ ਕਿ ਜ਼ਿੰਦਗੀ ਵਿਚ ਅਸਫ਼ਲ ਹੋ ਜਾਣ ਤੇ ਨਸ਼ਿਆਂ ਦਾ ਸਹਾਰਾ ਲੈ ਕੇ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ।

-ਸੁਖਮੰਦਰ ਸਿੰਘ ਬਰਾੜ


POST BY: GURSHAM SINGH



Post Comment


ਗੁਰਸ਼ਾਮ ਸਿੰਘ ਚੀਮਾਂ