ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 27, 2012

ਸੱਪ ਦਾ ਡੰਗ ਅਤੇ ਇਲਾਜ


ਸੱਪ ਦਾ ਨਾਂ ਸੁਣਦਿਆਂ ਜਾਂ ਫ਼ੋਟੋ ਦੇਖਦਿਆਂ ਹੀ ਸਰੀਰ ਵਿੱਚ ਛੁਣਛੁਣੀ ਜਿਹੀ ਆ ਜਾਂਦੀ ਹੈ। ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹਰ ਸਾਲ 15 ਤੋਂ 30 ਹਜ਼ਾਰ ਤੱਕ ਮੌਤਾਂ ਹੁੰਦੀਆਂ ਹਨ। ਦੁਨੀਆਂ ਵਿੱਚ ਸੱਪਾਂ ਦੀਆਂ 2500 ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 216 ਭਾਰਤ ਵਿੱਚ ਹੀ ਹਨ। ਇਨ੍ਹਾਂ ਵਿੱਚੋਂ 52 ਕਿਸਮਾਂ ਜ਼ਹਿਰੀਲੇ ਸੱਪਾਂ ਦੀਆਂ ਹਨ। ਜ਼ਹਿਰੀਲੇ ਸੱਪਾਂ ਦੀਆਂ ਤਿੰਨ ਨਸਲਾਂ ਭਾਰਤ ਵਿੱਚ ਆਮ ਹਨ, ਜੋ ਮੌਤ ਦਾ ਕਾਰਨ ਬਣਦੀਆਂ ਹਨ।
ਸਭ ਤੋਂ ਪਹਿਲਾ ਹੈ ਕੋਬਰਾ, ਫ਼ਨੀਅਰ ਜਾਂ ਨਾਗ਼। ਕੋਬਰਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਨੂੰ ਨਾਗ਼ ਜਾਂ ਕੋਬਰਾ ਕਹਿੰਦੇ ਹਨ। ਇਸ ਦੀ ਲੰਬਾਈ 1.5 ਤੋਂ 2 ਮੀਟਰ ਤੱਕ ਹੋ ਸਕਦੀ ਹੈ ਅਤੇ ਇਸ ਦਾ ਰੰਗ ਕਾਲ਼ਾ ਹੁੰਦਾ ਹੈ। ਜਦੋਂ ਇਸ ਨੂੰ ਛੇੜਿਆ ਜਾਂਦਾ ਹੈ ਤਾਂ ਇਹ ਆਪਣਾ ਫ਼ਨ ਫੈਲਾ ਲੈਂਦਾ ਹੈ, ਇਸ ਫ਼ਨ ’ਤੇ ਐਨਕ ਵਰਗਾ ਨਿਸ਼ਾਨ ਹੁੰਦਾ ਹੈ। ਇਹ ਵਸੋਂ ਵਾਲੇ ਇਲਾਕੇ ’ਚ ਰਹਿਣਾ ਪਸੰਦ ਕਰਦਾ ਹੈ। ਦੂਜੀ ਕਿਸਮ ਨਾਗ਼ ਹੈ, ਨਾਗ਼ ਰਾਜ ਜਾਂ ਕਿੰਗ ਕੋਬਰਾ। ਇਸ ਦੀ ਲੰਬਾਈ ਵੀ ਦੋ-ਢਾਈ ਮੀਟਰ ਹੋ ਸਕਦੀ ਹੈ। ਇਹ ਕਾਲ਼ੇ ਭੂਰੇ ਰੰਗ ਦਾ ਹੋ ਸਕਦਾ ਹੈ। ਇਹ ਜੰਗਲਾਂ ’ਚ ਰਹਿਣਾ ਪਸੰਦ ਕਰਦਾ ਹੈ ਅਤੇ ਇਸ ਦੇ ਫ਼ਨ ’ਤੇ ਐਨਕ ਵਰਗਾ ਨਿਸ਼ਾਨ ਨਹੀਂ ਹੁੰਦਾ।
ਦੂਸਰੀ ਕਿਸਮ ਹੈ ਕਰੇਟ। ਇਹ ਵੀ ਬਹੁਤ ਜ਼ਹਿਰੀਲਾ ਹੈ। ਇਸ ਦੀ ਲੰਬਾਈ ਇਕ ਤੋਂ ਡੇਢ ਮੀਟਰ ਤੱਕ ਹੋ ਸਕਦੀ ਹੈ। ਇਸ ’ਤੇ ਕਾਲ਼ੇ ਅਤੇ ਚਿੱਟੇ ਛਿੰਬ ਹੁੰਦੇ ਹਨ। ਇਹ ਵੀ ਘਰਾਂ ਵਿੱਚ ਰਹਿਣਾ ਪਸੰਦ ਕਰਦਾ ਹੈ। ਭਾਰਤ ਅਤੇ ਪੰਜਾਬ ਵਿੱਚ ਵੀ ਆਮ ਮਿਲਦਾ ਹੈ।
ਤੀਸਰੀ ਕਿਸਮ ਹੈ ਵਾਈਪਰ। ਇਸ ਨੂੰ ਆਮ ਭਾਸ਼ਾ ਵਿੱਚ ਜਲੇਬੀ ਜਾਂ ਉੱਡਣਾ ਸੱਪ ਵੀ ਕਹਿੰਦੇ ਹਨ। ਇਹ ਛੋਟਾ ਹੁੰਦਾ ਹੈ। ਮੀਟਰ ਦੇ ਕਰੀਬ ਵੀ ਹੋ ਸਕਦਾ ਹੈ। ਇਸ ਦਾ ਰੰਗ ਭੂਰਾ, ਸਿਰ ਚੌੜਾ ਅਤੇ ਨਾਸਾਂ ਵੱਡੀਆਂ ਹੁੰਦੀਆਂ ਹਨ। ਪਿੱਠ ’ਤੇ ਕਾਲ਼ੇ ਕੌਡੀਆਂ ਵਰਗੇ ਨਿਸ਼ਾਨ ਹੁੰਦੇ ਹਨ। ਜਦੋਂ ਇਹ ਹਮਲਾ ਕਰਦਾ ਹੈ ਤਾਂ ਉੱਚੀ ਆਵਾਜ਼ ਨਾਲ ਫੁੰਕਾਰਾ ਮਾਰਦਾ ਹੈ ਅਤੇ ਘਣੇ ਜੰਗਲਾਂ ਵਿੱਚ ਰਹਿਣਾ ਪਸੰਦ ਕਰਦਾ ਹੈ।
ਸੱਪ ਦੇ ਕੰਨ ਨਹੀਂ ਹੁੰਦੇ, ਬੋਲ਼ਾ ਹੁੰਦਾ ਹੈ। ਜੋਗੀ ਦੀ ਬੀਨ ਦੀ ਆਵਾਜ਼ ਸੱਪ ਨੂੰ ਨਹੀਂ ਸੁਣਦੀ, ਪਰ ਜਦੋਂ ਜੋਗੀ ਬੀਨ ਵਜਾਉਂਦਾ ਹੈ ਤਾਂ ਧਿਆਨ ਦਿਓ, ਉਹ ਬੀਨ ਨੂੰ ਸੱਜੇ-ਖੱਬੇ ਹਿਲਾਉਂਦਾ ਹੈ ਅਤੇ ਫ਼ਨ ਫੈਲਾਈ ਬੈਠਾ ਸੱਪ ਵੀ ਸੱਜੇ-ਖੱਬੇ ਝੂਮਦਾ ਹੈ ਅਤੇ ਅੱਖਾਂ ਵੀ ਬੀਨ ਵਿੱਚ ਗੱਡ ਕੇ ਰੱਖਦਾ ਹੈ।

ਸੱਪ ਦੇ ਢਿੱਡ ਵਾਲੇ ਪਾਸੇ ਖ਼ਾਸ ਕਿਸਮ ਦੇ ਸੈੱਲ ਹੁੰਦੇ ਹਨ, ਜੋ ਧਮਕ ਨੂੰ ਮਹਿਸੂਸ ਕਰਦੇ ਹਨ। ਸੱਪ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਧਮਕ ਕਿਸ ਪਾਸਿਓਂ ਆ ਰਹੀ ਹੈ। ਸੋ ਸੱਪ ਆਵਾਜ਼ ਨੂੰ ਨਹੀਂ, ਬਲਕਿ ਆਵਾਜ਼ ਦੀ ਧਮਕ ਅਨੁਸਾਰ ਕੰਮ ਕਰਦਾ ਹੈ।
ਸੱਪ ਦਾ ਜ਼ਹਿਰ
ਜ਼ਹਿਰੀਲੇ ਸੱਪ ਦੀ ਖ਼ਾਸੀਅਤ ਹੈ ਕਿ ਉਸ ਦੇ ਮੂੰਹ ਵਿੱਚ ਜ਼ਹਿਰ ਵਾਲੇ ਖ਼ਾਸ ਦੰਦ ਹੁੰਦੇ ਹਨ। ਦੰਦ ਵਿੱਚ ਇਕ ਖ਼ਾਸ ਮੋਰੀ ਹੁੰਦੀ ਹੈ। ਦੰਦ ਵਿੱਚੋਂ (ਡਾਕਟਰ ਦੀ ਸਰਿੰਜ ਵਾਂਗ) ਹੁੰਦੀ ਹੋਈ ਜ਼ਹਿਰ ਦੀ ਉੱਪਰਲੀ ਥੈਲੀ ਵਿੱਚ ਖੁੱਲ੍ਹਦੀ ਹੈ। ਜਦੋਂ ਸੱਪ ਕਿਸੇ ਨੂੰ ਡੰਗ ਮਾਰਦਾ ਹੈ ਤਾਂ ਟੀਕੇ ਦੀ ਸਰਿੰਜ ਵਾਂਗ ਇਹ ਜ਼ਹਿਰ-ਥੈਲੀ ਨੱਪੀ ਜਾਂਦੀ ਹੈ ਅਤੇ ਜ਼ਹਿਰ ਦੰਦ ਵਿੱਚੋਂ ਦੀ ਹੁੰਦਾ ਹੋਇਆ ਸ਼ਿਕਾਰ ਦੇ ਜਾਂ ਬੰਦੇ ਦੇ ਸਰੀਰ ਵਿੱਚ ਦਾਖ਼ਲ ਹੋ ਜਾਂਦਾ ਹੈ। ਬਿਲਕੁਲ ਡਾਕਟਰ ਦੇ ਟੀਕੇ ਲਾਉਣ ਦੀ ਤਰ੍ਹਾਂ।
ਸੱਪ ਦਾ ਜ਼ਹਿਰ ਵੀ ਕਈ ਕਿਸਮ ਦਾ ਹੁੰਦਾ ਹੈ। ਰਸਾਇਣਕ ਪੱਖੋਂ ਸੱਪ ਦਾ ਜ਼ਹਿਰ ਪ੍ਰੋਟੀਨ ਬਣਿਆ ਹੁੰਦਾ ਹੈ। ਕੋਬਰੇ ਅਤੇ ਕਰੇਟ ਦਾ ਜ਼ਹਿਰ ਨਾਸਾਂ ਅਤੇ ਦਿਮਾਗ਼ ’ਤੇ ਅਸਰ ਕਰਦਾ ਹੈ। ਇਸ ਜ਼ਹਿਰ ਕਾਰਨ ਸਰੀਰ ਦੇ ਪੱਠਿਆਂ ’ਤੇ ਕੰਟਰੋਲ ਖ਼ਤਮ ਹੋ ਜਾਂਦਾ ਹੈ ਅਤੇ ਅੰਤ ਵਿੱਚ ਸਾਹ ਵਾਲੇ ਪੱਠਿਆਂ ’ਤੇ ਕੰਟਰੋਲ ਖ਼ਤਮ ਹੋਣ ਨਾਲ ਮੌਤ ਹੋ ਜਾਂਦੀ ਹੈ।
ਵਾਈਪਰ ਦੇ ਜ਼ਹਿਰ ਨਾਲ ਖ਼ੂਨ ਦੀਆਂ ਨਾੜਾਂ ਫਟ ਜਾਂਦੀਆਂ ਹਨ ਅਤੇ ਖ਼ੂਨ ਜੰਮਣੋਂ ਹਟ ਜਾਂਦਾ ਹੈ। ਸਰੀਰ ਫਟ ਸਕਦਾ ਹੈ, ਪਿਸ਼ਾਬ ਵਿੱਚ ਖ਼ੂਨ ਆ ਸਕਦਾ ਹੈ, ਖ਼ੂਨ ਦੀ ਉਲਟੀ ਆ ਸਕਦੀ ਹੈ ਅਤੇ ਖ਼ੂਨ ਨਾ ਜੰਮਣ ਕਾਰਨ ਬੰਦਾ ਮਰ ਸਕਦਾ ਹੈ।
ਸੱਪ ਡੰਗ ਕਿਉਂ ਮਾਰਦਾ ਹੈ?
ਸੱਪ ਦੇ ਡੰਗ ਮਾਰਨ ਦੇ ਦੋ ਮੁੱਖ ਕਾਰਨ ਹਨ। ਪਹਿਲਾ ਤਾਂ ਇਹ ਕਿ ਆਪਣੇ ਸ਼ਿਕਾਰ ਨੂੰ ਮਾਰਨ ਵਾਸਤੇ, ਜਦੋਂ ਸੱਪ ਨੂੰ ਭੁੱਖ ਲੱਗਦੀ ਹੈ ਤਾਂ ਆਪਣੇ ਸ਼ਿਕਾਰ ’ਤੇ ਹਮਲਾ ਕਰਦਾ ਹੈ ਅਤੇ ਉਸ ਵਿੱਚ ਬਹੁਤ ਸਾਰਾ ਜ਼ਹਿਰ ਛੱਡ ਦਿੰਦਾ ਹੈ ਅਤੇ ਸ਼ਿਕਾਰ ਮਰ ਜਾਂਦਾ ਹੈ।
ਦੂਜਾ ਕਾਰਨ ਸਵੈ-ਰੱਖਿਆ। ਜਦੋਂ ਕਦੇ ਆਦਮੀ ਦਾ ਪੈਰ ਸੱਪ ’ਤੇ ਆ ਜਾਂਦਾ ਹੈ ਤਾਂ ਸੱਪ ਨੂੰ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਡੰਗ ਮਾਰਦਾ ਹੈ। ਇਸ ਡੰਗ ਵਿੱਚ ਉਹ ਬਹੁਤਾ ਜ਼ਹਿਰ ਨਹੀਂ ਛੱਡਦਾ ਅਤੇ ਇਸ ਤਰ੍ਹਾਂ ਸੱਪ ਦੇ ਕੱਟੇ 50 ਫੀਸਦੀ ਮਰੀਜ਼ਾਂ ਨੂੰ ਕੋਈ ਖ਼ਾਸ ਲੱਛਣ ਨਹੀਂ ਦਿੱਸਦੇ ਅਤੇ ਮਰੀਜ਼ ਬਚ ਵੀ ਜਾਂਦਾ ਹੈ।
ਸੱਪ ਦੇ ਡੰਗ ਦੇ ਲੱਛਣ ਅਤੇ ਨਿਸ਼ਾਨੀਆਂ
ਜ਼ਹਿਰੀਲੇ ਸੱਪ ਦੇ ਕੱਟਣ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਡੰਗ ਵਾਲੀ ਥਾਂ ’ਤੇ ਦੰਦ ਦੇ ਦੋ ਜਾਂ ਕਈ ਵਾਰੀ ਇਕੋ ਨਿਸ਼ਾਨ ਹੁੰਦਾ ਹੈ। ਜੋ ਸੱਪ ਜ਼ਹਿਰੀਲਾ ਨਹੀਂ ਹੁੰਦਾ ਹੈ, ਉਸ ਦੇ ਕੱਟਣ ’ਤੇ ਦੰਦਾਂ ਦੇ ਕਈ ਛੋਟੇ-ਛੋਟੇ ਨਿਸ਼ਾਨ ਪੈ ਜਾਂਦੇ ਹਨ, ਜੋ ਕਿ ਅੰਗਰੇਜ਼ੀ ਦੇ ਯੂ ਅੱਖਰ ਵਰਗੇ ਹੁੰਦੇ ਹਨ।
ਸੱਪ ਦੇ ਕੱਟਣ ਦਾ ਮਨੁੱਖੀ ਸਰੀਰ ’ਤੇ ਕੀ ਅਸਰ ਹੁੰਦਾ ਹੈ, ਇਹ ਕਈ ਗੱਲਾਂ ’ਤੇ ਨਿਰਭਰ ਕਰਦਾ ਹੈ। ਆਦਮੀ ਦਾ ਵਜ਼ਨ ਕੀ ਹੈ, ਕਿਸ ਤਰ੍ਹਾਂ ਦੇ ਸੱਪ ਨੇ ਕੱਟਿਆ ਹੈ, ਕਿੱਥੇ ਕੱਟਿਆ ਹੈ, ਕਿੰਨਾ ਕੁ ਜ਼ਹਿਰ ਅੰਦਰ ਗਿਆ ਹੈ, ਕੀ ਬੰਦੇ ਨੂੰ ਡੰਗ ਮਾਰਨ ਤੋਂ ਪਹਿਲਾਂ ਕਿਸੇ ਹੋਰ ਜਾਨਵਰ ਨੂੰ ਤਾਂ ਨਹੀਂ ਕੱਟਿਆ।
ਕੋਬਰੇ ਦੇ ਡੰਗ ਵਾਲੀ ਥਾਂ ’ਤੇ ਬਹੁਤਾ ਦਰਦ ਨਹੀਂ ਹੁੰਦਾ, ਪਰ ਅੱਧੇ ਤੋਂ ਦੋ ਘੰਟੇ ਵਿੱਚ ਸਰੀਰ ਦੀਆਂ ਨਸਾਂ ’ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਪੱਠੇ ਕਮਜ਼ੋਰ ਹੋਣ ਲੱਗਦੇ ਹਨ। ਮੂੰਹ ’ਚੋਂ ਥੁੱਕ ਆਉਣ ਲੱਗਦਾ ਹੈ, ਉਲਟੀ ਆ ਸਕਦੀ ਹੈ। ਮਰੀਜ਼ ਨੂੰ ਬੋਲਣ ਵਿੱਚ, ਕੁਝ ਲੰਘਾਉਣ ਵਿੱਚ ਤਕਲੀਫ਼ ਹੁੰਦੀ ਹੈ। ਅੱਖਾਂ ਮਿਚਦੀਆਂ ਹਨ, ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ। ਅੰਤ ਵਿੱਚ ਸਾਹ ਦੇ ਪੱਠੇ ਕੰਮ ਕਰਨੋਂ ਅਸਮਰੱਥ ਹੋ ਜਾਂਦੇ ਹਨ ਤਾਂ ਸਾਹ ਘੁੱਟਣ ਲੱਗਦਾ ਹੈ ਅਤੇ ਮੌਤ ਹੋ ਜਾਂਦੀ ਹੈ। ਕੋਬਰੇ ਦੇ ਕੱਟਣ ਨਾਲ ਮਰੀਜ਼ ਕੁਝ ਘੰਟਿਆਂ ਵਿੱਚ ਹੀ ਮਰ ਜਾਂਦਾ ਹੈ। ਇਸੇ ਤਰ੍ਹਾਂ ਦੇ ਲੱਛਣ ਕਰੇਟ ਦੇ ਕੱਟਣ ਨਾਲ ਵੀ ਹੁੰਦੇ ਹਨ।
ਵਾਈਪਰ ਦੇ ਕੱਟਣ ਦੇ ਲੱਛਣ ਕੋਬਰੇ ਅਤੇ ਕਰੇਟ ਤੋਂ ਕੁਝ ਵੱਖਰੇ ਹੁੰਦੇ ਹਨ। ਡੰਗ ਵਾਲੀ ਥਾਂ ’ਤੇ ਬਹੁਤ ਦਰਦ ਹੁੰਦਾ ਹੈ, ਸੋਜ ਹੋ ਜਾਂਦੀ ਹੈ, ਛਾਲਾ ਪੈ ਜਾਂਦਾ ਹੈ, ਨਬਜ਼ ਪਤਲੀ ਚੱਲਦੀ ਹੈ, ਉਲਟੀ ਆਉਂਦੀ ਹੈ, ਸਰੀਰ ਠੰਢਾ ਪੈ ਜਾਂਦਾ ਹੈ, ਪਿਸ਼ਾਬ ਵਿੱਚ, ਮੂੰਹ ਵਿੱਚ, ਥੁੱਕ ਵਿੱਚ ਅਤੇ ਟੱਟੀ ਰਸਤੇ ਖ਼ੂਨ ਆਉਣ ਲੱਗ ਪੈਂਦਾ ਹੈ ਅਤੇ ਸਰੀਰ ’ਚੋਂ ਖ਼ੂਨ ਵਗਣ ਕਾਰਨ ਮੌਤ ਹੋ ਜਾਂਦੀ ਹੈ। ਡੰਗ ਤੋਂ ਕੁਝ ਦਿਨਾਂ ਅੰਦਰ ਹੀ ਮਰੀਜ਼ ਮਰ ਜਾਂਦਾ ਹੈ।
15 ਮਿਲੀਗਰਾਮ ਕੋਬਰੇ ਦਾ ਜ਼ਹਿਰ, 40 ਮਿਲੀਗਰਾਮ ਵਾਈਪਰ ਦਾ ਅਤੇ 6 ਮਿਲੀਗਰਾਮ ਕਰੇਟ ਦਾ ਜ਼ਹਿਰ ਮੌਤ ਕਰ ਸਕਦਾ ਹੈ। ਜਦੋਂ ਕੋਬਰਾ ਪੂਰਾ ਡੰਗ ਮਾਰਦਾ ਹੈ ਤਾਂ ਉਹ 200 ਤੋਂ 350 ਮਿਲੀਗਰਾਮ ਜ਼ਹਿਰ ਛੱਡਦਾ ਹੈ। ਕਰੇਟ ਕਰੀਬ 22 ਮਿਲੀਗਰਾਮ ਅਤੇ ਵਾਈਪਰ 150-200 ਮਿਲੀਗਰਾਮ ਜ਼ਹਿਰ ਕੱਢਦਾ ਹੈ।
ਸੱਪ ਦੇ ਡੰਗ ਦਾ ਇਲਾਜ
ਭਾਰਤ ਵਿੱਚ ਹਰ ਸਾਲ ਕਰੀਬ 15 ਤੋਂ 30 ਹਜ਼ਾਰ ਤੱਕ ਲੋਕ ਸੱਪ ਲੜਨ ਕਾਰਨ ਮਰਦੇ ਹਨ। ਇਸ ਦੇ ਇਲਾਜ ਲਈ ਕੁਝ ਆਮ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ।
ਸਭ ਤੋਂ ਜ਼ਰੂਰੀ ਹੈ ਕਿ ਕਈ ਵਾਰੀ ਆਦਮੀ ਦੀ ਮੌਤ ਸੱਪ ਦੇ ਜ਼ਹਿਰ ਨਾਲ ਨਹੀਂ ਹੁੰਦੀ, ਉਹ ਡਰ ਨਾਲ ਹੀ ਮਰ ਜਾਂਦਾ ਹੈ। ਸੋ ਦਿਮਾਗ਼ ਵਿੱਚੋਂ ਡਰ ਕੱਢਣਾ ਜ਼ਰੂਰੀ ਹੈ। ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਹੋ ਸਕਦਾ ਹੈ ਜ਼ਹਿਰ ਹੀ ਬਹੁਤ ਘੱਟ ਮਾਤਰਾ ਵਿੱਚ ਸਰੀਰ ’ਚ ਗਿਆ ਹੋਵੇ। ਇਸ ਲਈ ਮਰੀਜ਼ ਨੂੰ ਹੌਸਲਾ ਦੇਣਾ ਜ਼ਰੂਰੀ ਹੈ।
ਜ਼ਹਿਰ ਨੂੰ ਫੈਲਣੋਂ ਰੋਕਣਾ
ਸੱਪ ਦਾ ਜ਼ਹਿਰ ਸਿੱਧਾ ਖ਼ੂਨ ਵਿੱਚ ਨਹੀਂ ਰਲ਼ਦਾ, ਚਮੜੀ ਹੇਠ ਕੱਟ ਹੁੰਦਾ ਹੈ, ਜਿਸ ਰਾਹੀਂ ਖ਼ੂਨ ਵਿੱਚ ਰਲ਼ਦਾ ਹੈ। ਇਸ ਲਈ ਜ਼ਰੂਰੀ ਹੈ:
(ੳ) ਲੱਤ ਜਾਂ ਬਾਂਹ, ਜਿਸ ’ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਨੂੰ ਹਿਲਾਓ ਨਾ। ਹਿਲਜੁਲ ਕਾਰਨ ਜ਼ਹਿਰ ਜ਼ਿਆਦਾ ਫੈਲਦਾ ਹੈ। ਘਬਰਾਹਟ ਵਿੱਚ ਭੱਜੋ ਨਾ।
(ਅ) ਡੰਗ ਵਾਲੀ ਥਾਂ ਤੋਂ 5 ਸੈਂਟੀਮੀਟਰ ਉੱਪਰ ਵਾਲੇ ਹਿੱਸੇ ’ਤੇ ਕੋਈ ਪੱਟੀ, ਰੁਮਾਲ, ਰੱਸੀ, ਜੋ ਚੀਜ਼ ਵੀ ਲੱਭਦੀ ਹੈ, ਬੰਨ੍ਹ ਦੇਵੋ। ਮਰੀਜ਼ ਨੂੰ ਛੇਤੀ ਤੋਂ  ਛੇਤੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰੋ।
(Â) ਜ਼ਖ਼ਮ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਦੇਵੋ।
(ਸ) ਤੁਸੀਂ ਆਮ ਸੁਣਿਆ ਹੋਵੇਗਾ ਕਿ ਜੋਗੀ ਜ਼ਹਿਰ ਚੂਸ ਲੈਂਦਾ ਹੈ। ਇਹ ਕੋਈ ਕਰਾਮਾਤ ਨਹੀਂ। ਜੇ ਕਿਸੇ ਦੇ ਮੂੰਹ ਵਿੱਚ ਕੋਈ ਜ਼ਖ਼ਮ ਨਹੀਂ ਤਾਂ ਕੋਈ ਵੀ ਜ਼ਹਿਰ ਚੂਸ ਸਕਦਾ ਹੈ। ਜਿਸ ਥਾਂ ’ਤੇ ਸੱਪ ਦੇ ਦੰਦ ਦਾ ਨਿਸ਼ਾਨ ਹੈ, ਉੱਥੇ ਛੋਟਾ ਜਿਹਾ ਚੀਰਾ ਦੇ ਕੇ ਮੂੰਹ ਨਾਲ ਜਾਂ ਦੁੱਧ ਕੱਢਣ ਵਾਲੇ ਪੰਪ ਨਾਲ ਜ਼ਖ਼ਮ ’ਚੋਂ ਖ਼ੂਨ ਚੂਸਿਆ ਜਾ ਸਕਦਾ ਹੈ, ਜਿਸ ਨਾਲ 20 ਫੀਸਦੀ ਜ਼ਹਿਰ ਬਾਹਰ ਕੱਢਿਆ ਜਾ ਸਕਦਾ ਹੈ, ਪਰ ਇਹ ਡੰਗ ਤੋਂ ਅੱਧੇ ਘੰਟੇ ਦੇ ਅੰਦਰ-ਅੰਦਰ ਹੋ ਜਾਣਾ ਚਾਹੀਦਾ ਹੈ।
(ਹ) ਜਦੋਂ ਮਰੀਜ਼ ਹਸਪਤਾਲ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਟੈਟਨਸ ਦਾ ਟੀਕਾ, ਐਂਟੀਬਾਇਓਟਿਕਸ ਅਤੇ ਕਈ ਵਾਰੀ ਖ਼ੂਨ ਅਤੇ ਗੁਲੂਕੋਜ਼ ਵੀ ਚੜ੍ਹਾਉਣਾ ਪੈਂਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਜ਼ਹਿਰ ਨੂੰ ਕਾਟ ਕਰਨ ਵਾਲਾ ਟੀਕਾ ਲਾਇਆ ਜਾਵੇ। ਭਾਰਤ ਵਿੱਚ ਇਹ ਟੀਕਾ ਸੈਂਟਰਲ ਰਿਸਰਚ ਇੰਸਟੀਚਿਊਟ ਕਸੌਲੀ, ਹਾਫਕਿਨ ਇੰਸਟੀਚਿਊਟ ਬੰਬਈ ਵਿੱਚ ਤਿਆਰ ਹੁੰਦਾ ਹੈ ਅਤੇ ਹੁਣ ਚੇਨਈ ਵਿੱਚ ਵੀ। ਇਸ ਟੀਕੇ ਵਿੱਚ ਕੋਬਰਾ, ਕਰੇਟ ਅਤੇ ਵਾਈਪਰ ਦੇ ਜ਼ਹਿਰਾਂ ਦੇ ਕਾਟ ਦੀ ਦਵਾਈ ਹੁੰਦੀ ਹੈ। ਇਹ ਟੀਕਾ ਟੈਸਟ ਕਰਨ ਮਗਰੋਂ ਦਿੱਤਾ ਜਾਂਦਾ ਹੈ। ਸੋ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਣਾ ਜ਼ਰੂਰੀ ਹੈ। ਜੇ ਸੱਪ ਵੀ ਮਾਰ ਕੇ ਲਿਆਂਦਾ ਜਾਵੇ ਤਾਂ ਇਲਾਜ ਹੋਰ ਵੀ ਸੌਖਾ ਹੋ ਜਾਂਦਾ ਹੈ।
ਸੱਪ ਦੇ ਕੱਟਣ ਦਾ ਕਈ ਲੋਕ ਟੂਣਾ-ਟੱਪਾ ਜਾਂ ਹਥੌਲਾ ਵੀ ਕਰਦੇ ਹਨ ਅਤੇ ਕਈ ਵਾਰੀ ਮਰੀਜ਼ ਬਚ ਜਾਂਦਾ ਹੈ। ਅਸਲ ਵਿੱਚ, ਜੋ ਮਰੀਜ਼ ਬਚ ਜਾਂਦੇ ਹਨ, ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਕੱਟਿਆ ਹੀ ਨਹੀਂ ਹੁੰਦਾ, ਜਿਸ ਨਾਲ ਟੂਣੇ ਕਰਨ ਵਾਲੇ ਦੀ ਵਾਹ-ਵਾਹ ਹੋ ਜਾਂਦੀ ਹੈ। ਸੋ ਟੂਣਿਆਂ ਵਿੱਚ ਕਦੇ ਨਾ ਪਵੋ। ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਲਿਆਉਣਾ ਜ਼ਰੂਰੀ ਹੈ ਤਾਂ ਜੋ ਪੱਕਾ ਇਲਾਜ ਹੋ ਸਕੇ।
-ਡਾ. ਨਵਰਾਜ ਸਿੰਘ
ਸੰਪਰਕ: 98141-53736




Post Comment


ਗੁਰਸ਼ਾਮ ਸਿੰਘ ਚੀਮਾਂ