ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਾਰਿਕ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਉਸ ਵੇਲੇ ਆਪ ਜੀ ਦੀ ਉਮਰ 18 ਵਰ੍ਹੇ ਸੀ। ਆਪ ਬਾਬਾ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ। ਆਪ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ ਤਾਂ ਆਪ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਜਦ ਆਪ ਜੀ ਦੇ ਪਿਤਾ ਜੀ ਨੂੰ ਇਹ ਪਤਾ ਲੱਗਾ ਤਾਂ ਉਹ ਕਾਫੀ ਨਰਾਜ ਹੋਏ ਤਾਂ ਆਪਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰ ਕੇ ਆਇਆ ਹਾਂ।
ਜਿਸ ਥਾਂ ਆਪ ਜੀ ਨੇ ਸਾਧੂਆ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ। ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸ਼ਾਹੀ ਹੁਕਮ ਤੇ ਬਣਿਆ। ਇੱਥੇ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਮੇਲਾ ਲਗਦਾ ਸੀ। 1947 ਤੋਂ ਮਗਰੋਂ ਇਹ ਗੁਰਦੁਆਰਾ ਬੰਦ ਪਿਆ ਰਿਹਾ। ਹੁਣ ਸੰਨ 1993 ਦੀ ਵਿਸਾਖੀ ਉੱਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਵਾਸਤੇ ਇਹਨੂੰ ਖੋਹਲ ਦਿੱਤਾ ਗਿਆ ਹੈ। ਪ੍ਰਕਾਸ਼ ਅਸਥਾਨ ਦੇ ਸੱਜੇ ਪਾਸੇ ਵਣ ਦਾ ਇੱਕ ਰੁੱਖ ਹੈ। ਸਤਿਗੁਰੂ ਜੀ ਨੇ ਦਾਤਨ ਕਰਕੇ ਇੱਥੇ ਦੱਬ ਦਿੱਤੀ ਤੇ ਉਸ ਤੋਂ ਹਰੀ ਭਰੀ ਹੋ ਕੇ ਅੱਜ ਤੱਕ ਸ਼ਰਧਾਰੂਆ ਨੂੰ ਛਾਂ ਦੇ ਰਹੀ ਹੈ।
ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾਂ