ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 6, 2012

ਕੈਨੇਡਾ ਵਿੱਚ ਕੰਮ ਦੀਆਂ ਗੱਲਾਂ


ਕੈਨੇਡਾ ਵਿਖੇ ਆਮ ਲੋਕ ਮਜ਼ਦੂਰ ਹਨ- ਹਰ ਰੋਜ਼ ਦੇਹ-ਤੋੜਵੀਂ ਮੁਸ਼ੱਕਤ ਕਰਨ ਵਾਲੇ। ਏਸ ਦਾ ਸਬੂਤ ਉੱਥੇ ਆਥਣ ਵੇਲੇ ਮਿਲ ਜਾਂਦਾ ਹੈ ਜਦੋਂ ਗੱਡੀਆਂ ਵਿੱਚੋਂ ਉਤਰ ਕੇ, ਰੋਟੀ ਵਾਲਾ ਡੱਬਾ ਸੰਭਾਲਦੇ, ਪੈਰ ਘੜੀਸਦੇ, ਉਹ ਆਪਣੇ ਘਰਾਂ ਜਾਂ ਕਿਰਾਏ ਦੀਆਂ ਬੇਸਮੈਂਟਾਂ ਵੱਲ ਪਰਤਦੇ ਹਨ -ਖੇਤਾਂ ਅਤੇ ਕੈਨਰੀਆਂ, ਵੱਡੇ ਮਾਲਾਂ ਤੇ ਛੋਟੇ ਸਟੋਰਾਂ , ਫਰੂਟ-ਸਬਜ਼ੀ ਦੀਆਂ ਦੁਕਾਨਾਂ ਵਿੱਚੋਂ ਥੱਕ ਕੇ ਮੁੜੇ ਸਾਧਾਰਨ ਲੋਕ! ਜਿਨ੍ਹਾਂ ਦੀ ਬਹੁ-ਗਿਣਤੀ ਰਾਤ ਨੂੰ ਗਰਮ ਪਾਣੀ ਨਾਲ ਨਹਾ ਕੇ ‘ਟੈਨਲ’ ਨਾਂ ਦੀ ਦਰਦ-ਨਿਵਾਰਕ ਗੋਲੀ ਲੈ ਕੇ ਸੌਂਦੀ ਹੈ। ਕਈ ਤਾਂ ਕੰਮ ਕਰਦੇ ਸਮੇਂ ਵੀ ਵੱਧ ਸ਼ਕਤੀ ਵਾਲੀ ਏਹੀ ਗੋਲੀ ਕਈ ਵਾਰੀ ਖਾਂਦੇ ਹਨ। ਸਵੇਰੇ ਉੱਠਣ ਤੋਂ ਮਨ ਮੁਨਕਰ ਹੋ ਜਾਂਦਾ ਹੈ ਪਰ ਅਲਾਰਮ ਲਾ ਕੇ ਉੱਠਣਾ ਪੈਂਦਾ ਹੈ। ਜਾਗਣਾ ਜ਼ਰੂਰੀ ਹੈ, ਵੈਨ ਨੇ ਦਰਵਾਜ਼ੇ ਅੱਗੇ ਫੇਰ ਆ ਰੁਕਣਾ ਹੈ।  ਕਈਆਂ ਨੂੰ ਉੱਧਰ ਗਿਆਂ ਨੂੰ ਭਾਵੇਂ ਕਾਫ਼ੀ ਅਰਸਾ  ਗੁਜ਼ਰ ਚੁੱਕਾ ਹੈ ਪਰ ਹਾਲੇ ਤੱਕ ਉਨ੍ਹਾਂ ਨੇੜਲਾ ਬਾਜ਼ਾਰ ਘੁੰਮ ਕੇ ਨਹੀਂ ਦੇਖਿਆ। ਰਾਜਧਾਨੀ, ਪਾਰਕਾਂ, ਸੈਰਗਾਹਾਂ ਦੀ ਤਾਂ ਗੱਲ ਹੀ ਦੂਰ ਹੈ। ਚਾਰ-ਪੰਜ ਫੁੱਟ ਡੂੰਘੀ ਜਾਂ ਮੁੱਖ ਮਕਾਨ ਹੇਠ ਬਣੀ ਪੱਧਰੀ ਬੇਸਮੈਂਟ ਵਿੱਚੋਂ ਨਿਕਲ ਕੇ, ਠੇਕੇਦਾਰ ਦੀ ਵੈਨ ਵਿੱਚ ਸਵੇਰੇ-ਸਾਝਰੇ ਬੈਠ ਕੇ ਕੰਮ ਉੱਤੇ ਤੁਰ ਜਾਣਾ ਅਤੇ ਸ਼ਾਮ ਨੂੰ ਘਰ ਮੁੜ ਕੇ ਬਿਸਤਰੇ ਵਿੱਚ ਡਿੱਗ ਕੇ ਤੁਰੰਤ ਸੌਂ ਜਾਣਾ! ਏਹੀ ਆਮ ਰੁਝਾਨ ਹੈ। ਟੈਕਸੀਆਂ, ਟਰੱਕਾਂ, ਬੱਸਾਂ ਦੇ ਡਰਾਈਵਰ, ਛੋਟੇ-ਵੱਡੇ ਮਕੈਨਿਕ ਜਾਂ ਕਾਰੀਗਰ ਕਾਮੇ ਜਾਂ ਕੰਪਿਊਟਰ ਉੱਤੇ ਸਾਰਾ ਦਿਨ ‘ਟਿੱਟ-ਟਿੱਕ’ ਕਰਦੇ, ਇੰਟਰਨੈੱਟ-ਮਾਹਿਰ ਵੀ ਘੱਟ ਥੱਕੇ-ਟੁੱਟੇ ਨਹੀਂ ਹੁੰਦੇ। ਉਨ੍ਹਾਂ ਦੀ ਨੀਂਦ ਵੀ ਸ਼ਨਿੱਚਰ-ਐਤਵਾਰ ਨੂੰ ਹੀ ਪੂਰੀ ਹੁੰਦੀ, ਉਹ ਵੀ ਤਾਂ ਜੇ ਉਹ ਛੁੱਟੀ ਕਰ ਲੈਣ। ਕਾਲ-ਸੈਂਟਰਾਂ ਵਿੱਚ ਲਗਾਤਾਰ ਅੱਠ ਘੰਟਿਆਂ ਲਈ ਟੈਲੀਫੋਨ ਕਰਦਿਆਂ-ਸੁਣਦਿਆਂ ਦੇ ਕੰਨ ਪੱਕ ਜਾਂਦੇ ਹਨ। ਸਮੁੱਚਾ ਦਿਮਾਗ਼, ਮੱਥਾ -ਪੁੜਪੁੜੀਆਂ ਦਰਦ ਕਰਦੀਆਂ ਹਨ ਪਰ ਜਿਸਮਾਨੀ ਕੰਮ ਨਾਲੋਂ ਉਹ ਏਸ ਕਿਰਤ-ਕਮਾਈ ਨੂੰ ਸੌਖੀ ਮੰਨਦੇ ਹਨ। ਦੂਜੇ ਦਿਨ ਕੰਮ ਉੱਤੇ ਜਾਣਾ ਮਜਬੂਰੀ ਹੈ। ਨਹੀਂ ਤਾਂ ਇੱਕ ਵਾਰੀ ਖੁੱਸਿਆ ਰੁਜ਼ਗਾਰ ਕੀ ਪਤਾ, ਕਦੋਂ ਮਿਲੇ। ਮਿਲੇ ਵੀ ਜਾਂ ਨਹੀਂ।
ਐਪਰ ਉੱਥੇ ਚੰਗੀ ਗੱਲ ਇਹ ਹੈ ਕਿ ਕਿਰਤ-ਸੱਭਿਆਚਾਰ ਹੈ। ਕੰਮ ਕਰਨ ਨੂੰ ਚੰਗਾ ਸਮਝਿਆ ਜਾਂਦਾ ਹੈ। ਕੋਈ ਘਰ ਵਿੱਚ ਹਾਜ਼ਰ ਨਹੀਂ, ਤਾਂ ਕੰਮ ਉੱਤੇ ਗਿਆ ਹੈ। ਕਿਸ ਕੰਮ ਉੱਤੇ ਗਿਆ ਹੈ ? ਇਹ ਨਹੀਂ ਪੁੱਛਿਆ ਜਾਂਦਾ। ਬੇਸ਼ੱਕ ਪੀਜ਼ੇ, ਸਮੋਸੇ, ਰੋਟੀਆਂ ਬਣਾਉਣ ਗਿਆ ਹੋਵੇ। ਭੱਠੀ ਉਪਰ ਮਾਸ ਭੁੰਨਣ ਲਈ ਜਾਂ ਫੇਰ ਆਪਣੀ ਕਾਰ ਉਪਰ ‘25 3L51N’ (ਸਾਫ਼-ਸਵੱਛ ਰਹੋ) ਦਾ ਦਿਲ ਖਿੱਚ ਮਾਟੋ ਬਣਾ ਕੇ ਸਫ਼ਾਈ ਕਰਨ ਲਈ! ਜਾਂ ਸਕਿਓਰਟੀ ਗਾਰਡ ਅਰਥਾਤ ਚੌਕੀਦਾਰ ਦੀ ਡਿਊਟੀ ਨਿਭਾਉਣ ਲਈ।

ਭਾਰਤੀ ਪੰਜਾਬ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਪੈਦਾ ਹੋਏ ਵਿਹਲ-ਸੱਭਿਆਚਾਰ ਨਾਲ ਉਸ ਅੰਤਾਂ ਦੀ  ਰੁਝੇਵੇਂ ਭਰੀ ਜ਼ਿੰਦਗੀ ਦੀ ਤੁਲਨਾ ਕਰਕੇ ਅਸੀਂ ਆਪ ਨਿਰਣਾ ਲੈ ਸਕਦੇ ਹਾਂ। ਹਰੇ ਇਨਕਲਾਬ ਨੇ ਸਾਡੀਆਂ ਸੁਆਣੀਆਂ ਕਿਸਾਨਾਂ ਤੇ ਕਿਰਤੀਆਂ ਨੂੰ ਅਜਿਹਾ ਵਿਹਲ ਬਖਸ਼ਿਆ ਹੈ। ਉਧਰ ਕੈਨੇਡਾ ਵਿੱਚ  ਦਸਵੀਂ ਅਤੇ ਫੇਰ ਬਾਰ੍ਹਵੀਂ ਦਾ ਇਮਤਿਹਾਨ ਦੇਣ ਮਗਰੋਂ ਹਰ ਵਿਦਿਆਰਥੀ ਨੂੰ ਮਿੱਥੇ ਹੋਏ ਅਰਸੇ ਲਈ, ਮਿੱਥੇ ਹੋਏ ਘੰਟੇ, ਹਰ ਰੋਜ਼, ਕੰਮ ਕਰਨਾ ਪੈਂਦਾ ਹੈ ਤਾਂ ਹੀ ਅੱਗੇ ਦਾਖਲਾ ਮਿਲੇਗਾ। ਪਲੱਸ ਟੂ ਮਗਰੋਂÐਬਹੁ-ਗਿਣਤੀ ਵਿਦਿਆਰਥੀਆਂ ਨੂੰ ਅਜਿਹੇ ਡਿਪਲੋਮੇ ਕਰਵਾਏ ਜਾਂਦੇ ਹਨ ਜਿਨ੍ਹਾਂ ਨੂੰ ਪਾਸ ਕਰਨ ਉਪਰੰਤ ਉਹ ਸਕਿੱਲਡ ਵਰਕਰ ਅਰਥਾਤ ਮਾਹਿਰ ਕਾਮੇ ਬਣ ਕੇ ਸਮਾਜ ਦੇ ਕੰਮ ਆ ਸਕਣ ਅਤੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਕਾਬਿਲ ਹੋ ਜਾਣ। ਉਹ ਬੱਚੇ ਨੂੰ ਬਚਪਨ ਤੋਂ ਸਰੀਰਕ ਕੰਮ ਕਰਨ ਦੀ ਆਦਤ ਪਾਉਂਦੇ ਨੇ।
ਹਰ ਵਿਅਕਤੀ ਆਪਣਾ ਕੰਮ ਆਪ ਕਰੇਗਾ। ਇਹ ਉਪਰੋਂ ਸ਼ੁਰੂ ਹੁੰਦਾ ਹੈ- ਯਥਾ ਰਾਜਾ, ਤਥਾ ਪਰਜਾ! ਐਮ.ਐਲ.ਏ. ਅਤੇ ਮੰਤਰੀਆਂ ਵੱਲੋਂ। ਡਾਕਟਰ ਰਘਬੀਰ ਸਿੰਘ ਸਿਰਜਣਾ ਦੀ ਰਹਿਨੁਮਾਈ ਹੇਠ ਜਦੋਂ ਮੈਂ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦਾ ਅਸੈਂਬਲੀ ਹਾਊਸ ਦੇਖਣ ਲਈ ਗਿਆ ਤਾਂ ਮਾਨਸਾ ਮੂਲ ਦੇ ਉਧਰਲੇ ਪੰਜਾਬੀ ਐਮ.ਐਲ.ਏ. ਨੇ ਸਾਨੂੰ ਆਪ ਗਾਈਡ ਬਣ ਕੇ ਦੋ ਤਿੰਨ ਘੰਟਿਆਂ ਲਈ ਘੁਮਾਉਂਦਿਆਂ- ਸਮਝਾਉਂਦਿਆਂ, ਉਹ ਥਾਂ ਵਿਸ਼ੇਸ਼ ਤੌਰ ਉੱਤੇ ਦਿਖਾਈ ਜਿੱਥੇ ਬੁਰਸ਼ ਅਤੇ ਪਾਲਸ਼ ਰੱਖੀ ਹੋਈ ਸੀ। ਅਸੈਂਬਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ, ਹਰੇਕ ਐਮ.ਐਲ.ਏ., ਮੰਤਰੀ ਅਤੇ ਮੁੱਖ ਮੰਤਰੀ (ਪ੍ਰੀਮੀਅਰ) ਨੂੰ ਵੀ, ਇੱਕ ਰਵਾਇਤ ਵਜੋਂ ਉੱਥੇ ਆਪਣੀ ਜੁੱਤੀ ਆਪ ਪਾਲਸ਼ ਕਰਨੀ ਪੈਂਦੀ ਹੈ।
ਉੱਥੇ ਨਿੱਕੇ-ਮੋਟੇ ਸਾਰੇ ਕੰਮ ਵੀ ਲੋਕ ਆਪੇ ਕਰ ਲੈਂਦੇ ਹਨ। ਜਿਸ ਮਕਾਨ ਦੀ ਬੇਸਮੈਂਟ ਵਿੱਚ ਅਸੀਂ ਰਹਿੰਦੇ ਸੀ ਉਨ੍ਹਾਂ ਦੀ ਭਾਰਤ ਵਿੱਚੋਂ ਨਵੀਂ ਵਿਆਹੁਲੀ, ਕੈਨੇਡਾ ਪਹੁੰਚੀ, ਬੀ.ਐੱਸਸੀ. ਨਰਸਿੰਗ ਯੋਗਤਾ ਰੱਖਦੀ ਨੂੰਹ, ਦੂਜੇ ਦਿਨ ਹੀ ਆਪਣੇ ਪਤੀ ਅਤੇ ਸੱਸ ਨਾਲ ਬੁਰਸ਼ ਫੜ ਕੇ ਮਕਾਨ ਦੀ ਦੀਵਾਰ ਨੂੰ ਪੇਂਟ ਕਰਨ ਲੱਗ ਪਈ ਸੀ। ਸਾਹਮਣੇ ਵੱਸਦੇ, ਗੋਰੇ ਬੇਸ਼ੱਕ ਨਸ਼ੱਈ ਸਨ ਪਰ ਆਪਣੇ ਘਰ ਦੀ ਸਫਾਈ ਅਤੇ ਰੰਗ ਰੋਗਨ ਵੀ ਆਪ ਹੀ ਕਰਦੇ। ਗੁਆਂਢ ਵਿੱਚ ਵੱਸਦੇ ਹੋਰ ਗੋਰੇ-ਗੋਰੀਆਂ ਨੂੰ ਆਪੋ-ਆਪਣੇ ਮਕਾਨ ਦੀ ਮੁਰੰਮਤ ਕਰਦਿਆਂ ਜਾਂ ਛੱਤ ਬਦਲਦਿਆਂ ਵੀ ਮੈਂ ਅੱਖਾਂ ਨਾਲ ਦੇਖਦਾ, ਸਾਡੇ ਏਧਰਲੇ ਪੰਜਾਬ ਨੂੰ ਯਾਦ ਕਰਦਾ, ਜਿੱਥੇ ਅਸੀਂ ਵੀ ਆਪਣੇ ਬਚਪਨ ਵਿੱਚ ਮਾਪਿਆਂ ਨਾਲ ਪਿਤਾ-ਪੁਰਖੀ ਕਿੱਤੇ ਕਰਵਾਉਂਦੇ, ਗੱਡ ਕੇ ਪੜ੍ਹਾਈ ਵੀ ਕਰਦੇ ਪਰ ਅੱਜ ਅਸੀਂ ਹੱਥੀਂ ਕੰਮ ਕਰਨ ਨੂੰ ਨਿਗੂਣਾ ਸਮਝਦੇ, ਆਮ ਪੁੱਛਦੇ ਹਾਂ, ‘‘ਯਾਰ, ਏਹ ਕੰਮ ਮੈਂ ਕਰੂੰਗਾ? ਮੈਂ ਦਿਹਾੜੀਆਂ ਨਾਲ ਮਜ਼ਦੂਰੀ ਕਰਦਾ ਚੰਗਾ ਲੱਗਦੈਂ ?’’ ਆਪਣੇ ਮਕਾਨ ਦੀ ਸਫ਼ਾਈ ਕਰਨ, ਪੋਚੇ ਲਾਉਣੇ, ਗੋਹਾ-ਕੂੜਾ ਕਰਨ ਲਈ, ਦਿਨੋ-ਦਿਨ ਬੇਜ਼ਮੀਨੇ ਅਤੇ ਸਾਧਨਹੀਣ ਹੁੰਦੇ ਜਾਂਦੇ ਜ਼ਿਮੀਂਦਾਰਾਂ ਨੇ ਵੀ ਨੌਕਰ ਰੱਖੇ ਹੋਏ ਹਨ। ਇਹ ਸਾਡੇ ਲਈ ਸ਼ਾਨ ਦਾ ਪ੍ਰਤੀਕ ਹੈ ਜਦੋਂਕਿ ਕੈਨੇਡਾ ਵਿੱਚ ਅਜਿਹੀ ‘ਸ਼ਾਨ’ ਮੂਲੋਂ ਗਾਇਬ ਹੈ। ਜੇ ਬੇਸਮੈਂਟ ਦੀ ਟੂਟੀ ਖਰਾਬ ਹੈ ਤਾਂ ਮਾਲਕ-ਮਕਾਨ ਭਾਵੇਂ ਉਹ ਕਿੱਡਾ ਵੱਡਾ ਕਾਰੋਬਾਰੀ ਜਾਂ ਟਰਾਂਸਪੋਰਟਰ ਹੋਵੇ, ਚਾਬੀਆਂ ਚੁੱਕ ਕੇ ਕਮਰਕੱਸਾ ਕਰਕੇ ਆਪ ਆ ਪਹੁੰਚੇਗਾ। ਬਿਜਲੀ ਦਾ ਸਵਿੱਚ ਨਹੀਂ ਚਲਦਾ ਤਾਂ ਪਲਾਸ ਚੁੱਕ ਲਿਆਵੇਗਾ। ਆਪ ਪੂਰਾ ਖੌਝਲੇਗਾ, ਬੇਵਾਹ ਨੂੰ ਹੀ ਪਲੰਬਰ ਜਾਂ ਮਕੈਨਿਕ ਨੂੰ ਬੁਲਾਇਆ ਜਾਵੇਗਾ।  ਘਰ ਵਿੱਚ  ਛੋਟੇ-ਮੋਟੇ ਸਮਾਗਮ ਮੌਕੇ ਸਮੋਸੇ-ਪਕੌੜੇ, ਜਲੇਬੀਆਂ, ਲੱਡੂ, ਵੇਸਣ ਦੀ ਬਰਫੀ ਕੈਨੇਡਾ ਦੀਆਂ ਸੁਆਣੀਆਂ ਰਲ-ਮਿਲ ਕੇ ਆਪੇ ਬਣਾ ਲੈਂਦੀਆਂ ਹਨ। ਕੋਈ ਕੱਪੜਾ-ਲੀੜਾ ਉਧੜ ਗਿਆ ਤਾਂ ਵੀ ਆਪੇ ਤੋਪੇ ਭਰਨੇ ਪੈਣਗੇ। ਸਿਲਾਈ ਕਰਵਾਉਣੀ ਜਾਂ ਕੋਈ ਵੀ ਮੁਰੰਮਤ ਕਰਾਉਣੀ ਬੇਹੱਦ ਮਹਿੰਗੀ ਪੈਂਦੀ ਹੈ। ਏਧਰੋਂ ਚੰਗੀ ਯੋਗਤਾ ਪ੍ਰਾਪਤ ਕਰਕੇ ਉਧਰ ਗਈਆਂ ਮੁਟਿਆਰਾਂ ਨੂੰ ਜਿੰਨੀ ਦੇਰ ਚੱਜ ਦਾ ਕੰਮ ਨਹੀਂ ਮਿਲਦਾ,  (ਜਿਹੜਾ ਉਧਰਲੀ ਪੜ੍ਹਾਈ ਕਰਕੇ ਹੀ ਮਿਲੇਗਾ) ਉਹ ਸਿਲਾਈ-ਕਢਾਈ ਜਾਂ ਵਿਆਹ-ਸ਼ਾਦੀਆਂ ਮੌਕੇ ਲਾੜੀ ਨੂੰ ਮਹਿੰਦੀ ਲਾਉਣੀ ਅਰਥਾਤ ਹਾਰ ਸ਼ਿੰਗਾਰ ਕਰਨ ਲਈ ਭਾੜੇ ਉੱਤੇ ਹੱਸ ਕੇ ਜਾਂਦੀਆਂ ਹਨ। ਉੱਚ ਯੋਗਤਾ ਪ੍ਰਾਪਤ ਗੱਭਰੂ, ਇੰਜਨੀਅਰ, ਡਾਕਟਰ ਵਕੀਲ, ਪ੍ਰੋਫ਼ੈਸਰ, ਜੋ ਵੀ ਕੰਮ ਮਿਲੇ, ਕਰਦੇ ਹਨ। ਕਰਨਾ ਪੈਂਦਾ ਹੈ। ਟਰੱਕ ਡਰਾਈਵਰੀ ਦਾ ਲਾਈਸੈਂਸ ਲੈਣਾ ਤਾਂ ਬੇਹੱਦ ਮੁਸ਼ਕਿਲ ਹੈ, ਜਿਸ ਲਈ ਕਈ ਸਾਲ ਲੱਗ ਜਾਂਦੇ ਹਨ। ਆਪਣੇ ਬਸਤਰ ਵੀ ਹਰ ਵਿਅਕਤੀ ਆਪ ਧੋਂਦਾ ਹੈ।
ਦੁਆਬੇ ਦੇ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਮੇਰਾ ਵਾਹ ਪੈਣ ਉੱਤੇ ਇਲਮ ਹੋਇਆ ਕਿ ਉੱਥੋਂ ਦੇ ਕਿਸਾਨ ਤਾਂ ਮਜ਼ਦੂਰਾਂ ਨਾਲੋਂ ਵੀ ਵੱਧ ਮੁਸ਼ੱਕਤ ਕਰਦੇ ਹਨ। ਇਸ ਪਰਿਵਾਰ ਨੇ ਆਪਣੀ ਮਿਹਨਤ ਨਾਲ ਸੱਤਰ-ਪਝੰਤਰ ਏਕੜ ਦੇ ਦੋ ਫਾਰਮ ਬੈਅ ਖਰੀਦੇ ਸਨ।
‘‘ਅਸੀਂ ਇੰਡੀਆ ਵਿਚਲੇ ਆਪਣੇ ਦੋ-ਦੋ ਕਿੱਲਿਆਂ ਨਾਲ ਏਨੀ ਜਾਇਦਾਦ  ਬਣਾਉਣ ਦਾ ਤਾਂ ਸੱਤ ਜਨਮ ਸੁਫ਼ਨਾ ਨਹੀਂ ਸੀ ਲੈ ਸਕਦੇ।’’ ਜ਼ਿਮੀਂਦਾਰ ਅਰਥਾਤ ਫਾਰਮ ਮਾਲਕ ਨੇ ਇੱਕ ਦਿਨ ਹੁੱਬ ਕੇ ਆਖਿਆ।
ਉਂਝ ਘਰ ਵਿੱਚ ਉਹ ਚਾਰ ਬਾਲਗ ਮੈਂਬਰ, ਨੌਕਰੀ-ਪੇਸ਼ਾ ਸਨ ਜਿਹੜੇ ਬੈਰੀ ਦੇ ਸੀਜ਼ਨ ਦੌਰਾਨ, ਵਾਰੋ-ਵਾਰੀ ਛੁੱਟੀ ਲੈ ਕੇ ਆਪ ਖੇਤ ਵਿੱਚ ਹਾਜ਼ਰੀ ਭਰਦੇ। ਜਿੰਨੀ ਵੀ ‘ਬਲੂ-ਬੈਰੀ’ ਤੁੜਾਵੇ ਜਾਂ ਤੁੜਾਵੀਆਂ ਵੱਲੋਂ ਤੋੜੀ ਜਾਂਦੀ ਉਹ ਸਾਰੀ ਹੀ ਉਸ ਫਾਰਮ ਦੀਆਂ ਦੋ ਸੁਆਣੀਆਂ ਦੇ ਸਿਰਾਂ ਉਪਰੋਂ, ਦੋ ਵਾਰੀ ਲੰਘਦੀ। ਪਹਿਲਾਂ ਖੇਤ ਵਿੱਚੋਂ ਚੁੱਕ ਕੇ, ਰਸਤੇ ਵਿੱਚ ਰੱਖੇ ਕੰਡੇ ਤੱਕ ਢੋਹਣੀ। ਉੱਥੋਂ ਨਾਲੋ ਨਾਲ ਨਜ਼ਦੀਕ ਖੜ੍ਹੇ ‘ਪਿੱਕੇ’ ਉਪਰ ਲੱਦਣੀ। ਜ਼ਿਮੀਂਦਾਰ ਤੇ ਉਸ ਦਾ  ਦਸਵੀਂ ਵਿੱਚ ਪੜ੍ਹਦਾ ਲੜਕਾ  ਆਥਣੇ ਅੱਠ ਵਜੇ ਉਸ ‘ਪਿੱਕੇ’ ਨੂੰ ‘ਕੈਨਰੀ’ ਵਿੱਚ ਫਰੋਖਤ ਕਰਕੇ ਅੱਧੀ ਰਾਤ ਘਰ ਮੁੜਦੇ। ਫਾਰਮ-ਮਾਲਕ ਹੀ ਸੁਬ੍ਹਾ-ਸ਼ਾਮ ਲੇਬਰ ਨੂੰ ਘਰੋਂ ਲਿਆਉਂਦੇ ਅਤੇ ਵਾਪਸ ਘਰੇ ਛੱਡਦੇ। ‘ਪਿੱਕਰਾਂ ਵਿੱਚ ਸਾਧਾਰਨ ਪੰਜਾਬੀ ਜਾਂ ਚੀਨੇ ਕਿਸਾਨ-ਮਜ਼ਦੂਰਾਂ ਤੋਂ ਇਲਾਵਾ ਸੇਵਾਮੁਕਤ ਪੁਲੀਸ ਅਫ਼ਸਰ, ਫ਼ੌਜੀ ਅਫ਼ਸਰ, ਸੇਵਾਵਾਂ ਵਿੱਚੋਂ ਰਿਟਾਇਰ ਹੋਏ ਅਨੇਕਾਂ ਮੁਲਾਜ਼ਮ ਵੀ ਭੱਜ-ਭੱਜ ਕੰਮ ਕਰਦੇ ਹਨ। ਕੋਈ ਫੂੰਅ-ਫਾਂਅ’ ਜਾਂ ਆਕੜ ਨਹੀਂ। ਇੰਝ ਹੀ ਇੱਕ  ‘ਟਰੱਸ’ ਵਿਖੇ ਮੈਂ ਗਿਆ, ਜਿੱਥੇ ਮਕਾਨਾਂ ਲਈ, ਲੱਕੜ ਦੀਆਂ ਢਾਲਵੀਆਂ ਛੱਤਾਂ ਵਾਸਤੇ ਤਿਕੋਣੇ ਢਾਂਚੇ ਬਣਾਏ ਜਾਂਦੇ। ਇਹ ਹੋਰ ਵੀ ਭਾਰਾ ਕੰਮ ਸੀ ਜਿਹੜਾ ਸਾਰੇ ਮਜ਼ਦੂਰ ਆਪਸੀ ਭਾਈਚਾਰੇ ਨਾਲ ਰਲ ਕੇ ਕਰਦੇ। ਉੱਥੇ ਪੁਰਾਣਾ ਅਹੁਦਾ ਭੁੱਲਣਾ ਪੈਂਦਾ ਹੈ। ਏਧਰਲੇ ਸ਼ਾਹੀ ਜੀਵਨ ਨੂੰ ਵੀ ਪੁਰਾਣੇ ਜਨਮ ਵਾਂਗ ਮਨੋਂ ਵਿਸਾਰਨਾ ਪੈਂਦਾ ਹੈ।
ਕਿੱਤੇ ਲਗਪਗ ਸਾਰੇ ਹੀ ਪ੍ਰਾਈਵੇਟ ਹਨ। ਮਜ਼ਦੂਰ ਜਾਂ ਮੁਲਾਜ਼ਮ ਦਾ ‘ਬੌਸ’ ਹੀ ਇੱਕ ਲੇਖੇ ਨਾਲ ਰੱਬ ਹੈ। ਉਸ ਦੀ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਹੈ ਪਰ ਉਹ ਨਿਰਾ ਵਿਹਲੜ ਮਾਲਕ, ਮੈਨੇਜਰ ਜਾਂ ਸੁਪਰਵਾਈਜ਼ਰ ਨਹੀਂ ਹੁੰਦਾ ਜਿਹੜਾ ਸਿਰਫ਼ ਚੌਧਰ ਚਮਕਾਵੇਗਾ। ਉਸ ਨੂੰ ਆਮ ਵਰਕਰ ਨਾਲੋਂ ਜ਼ਿਆਦਾ ਕੰਮ ਕਰਕੇ ਦਿਖਾਉਣਾ ਪੈਂਦਾ ਹੈ। ਉਹ ਆਪ ਹੀ ਪੀਅਨ, ਸੇਵਾਦਾਰ, ਸਵੀਪਰ ਤੇ ਵਰਕਰ ਦਾ ਬਦਲ ਵੀ ਹੁੰਦਾ ਹੈ ਜਿਹੜਾ ਕਾਮਿਆਂ ਤੋਂ ਪਹਿਲਾਂ ਕੰਮ ਉੱਤੇ ਹਾਜ਼ਰ ਹੋਵੇਗਾ ਅਤੇ ਸਭ ਤੋਂ ਮਗਰੋਂ ਜਾਵੇਗਾ। ਚੌਥਾ ਦਰਜਾ ਅਸਾਮੀ ਹੀ ਉੱਥੋਂ ਗ਼ਾਇਬ ਹੈ।
ਕਿਰਤ ਦੀਆਂ ਇਨ੍ਹਾਂ  ਦੁਸ਼ਵਾਰੀਆਂ ਦੇ ਬਾਵਜੂਦ ਕੈਨੇਡੀਅਨ ਕਾਮਾਂ ਸੰਤੁਸ਼ਟ ਹੈ ਅਤੇ ਚੰਗੀ ਰੋਟੀ ਖਾਂਦਾ ਹੈ, ਆਪਣੀ ਆਮਦਨ ਅਨੁਸਾਰ ਬਾਰਾਂ ਜਾਂ ਪੱਚੀ ਫ਼ੀਸਦੀ ਟੈਕਸ ਦੇ ਕੇ ਵੀ, ਕੁੱਲ ਕਮਾਈ ਦਾ ਚੌਥਾ-ਪੰਜਵਾਂ ਹਿੱਸਾ, ਬੇਸ਼ੱਕ ਕਜੂੰਸੀ ਕਰਕੇ ਹੀ, ਬਚਾ ਵੀ ਲੈਂਦਾ ਹੈ ਕਿਉਂਕਿ ਉੱਥੇ ਆਮ ਮਜ਼ਦੂਰ -ਕਿਸਾਨ ਦੀ ਕਦਰ ਹੈ।
ਪੂੰਜੀਵਾਦੀ ਦੇਸ਼ ਹੋਣ ਦੇ ਬਾਵਜੂਦ ਉੱਥੇ ਮਜ਼ਦੂਰਾਂ-ਕਿਸਾਨਾਂ ਨੂੰ ਸਮਾਜਵਾਦੀ ਸਿਸਟਮ ਵੱਲੋਂ ਚਿਤਵੀਆਂ ਕਈ ਸਹੂਲਤਾਂ ਹਾਸਲ ਹਨ ਤਾਂ ਕਿ ਉਹ ਬਿਹਤਰ ਜ਼ਿੰਦਗੀ ਬਸਰ ਕਰ ਸਕਣ, ਜੋ ਇੱਕ ਕਲਿਆਣਕਾਰੀ ਰਾਸ਼ਟਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ।
ਏਧਰੋਂ ਉੱਥੇ ਜਾ ਵੱਸੇ ਪੇਂਡੂ ਜਾਂ ਸ਼ਹਿਰੀ ਪਿਛੋਕੜ ਵਾਲੇ ਲੋਕ ਸ਼ਾਇਦ ਇਸ ਕਰਕੇ ਹੀ ਸੰਤੁਸ਼ਟ ਹਨ, ਬੇਸ਼ੱਕ ਆਪਣੀ ਇਸ ਮਾਤ ਭੂਮੀ ਦੀ ਛੋਹ ਲਈ ਉਹ ਅੰਤ ਤੱਕ ਤਰਸਦੇ ਰਹਿੰਦੇ ਹਨ। ਦੁਆਬੇ ਵਿੱਚੋਂ ਪੱਚੀ-ਛੱਬੀ ਵਰ੍ਹੇ ਪਹਿਲਾਂ ਕੈਨੇਡਾ ਜਾ ਵੱਸੇ, ਛੋਟੀ ਕਿਸਾਨੀ ਵਾਲਾ ਪਿਛੋਕੜ ਰੱਖਦੇ ਪਰ ਏਧਰ ਲੰਬਰਦਾਰ ਰਹੇ, ਸੱਤਰ ਸਾਲਾ ਸੱਜਣ ਨੂੰ ਮੈਂ ਇੱਕ ਦਿਨ ਪੁੱਛਿਆ। ‘‘ਉਧਰਲੀ ਨੰਬਰਦਾਰੀ ਤਾਂ ਐਧਰ ਥੋਨੂੰ ਯਾਦ ਨਹੀਂ ਆਉਂਦੀ ਹੋਣੀ?’’
‘‘ਕਿਉਂ ਨਹੀਂ ਆਉਂਦੀ, ਵੀਰੇ? ਦਿਲ ਦੀ ਤਾਰ ਤਾਂ ਹਮੇਸ਼ਾ ਉਧਰੇ ਖੜਕਦੀ ਐ, ਭਰਾਵਾ। ਸੁਫਨੇ ਵੀ ਸਦਾ ਆਪਣੀ ਜੰਮਣ ਭੋਇੰ-ਪੰਜਾਬ ਦੇ ਹੀ ਆਉਂਦੇ, ਏਧਰਲਾ ਕਦੇ ਨਹੀਂ ਆਇਆ।’’ ਉਸ ਦਾ ਨਾਲ ਹੀ ਹਓਕਾ ਨਿਕਲ ਗਿਆ।
ਪਰ ਉਸ ਨੇ ਥੋੜ੍ਹਾ  ਸੰਭਲ ਕੇ ਮੁੜ ਆਖਿਆ, ‘‘ਜਦੋਂ ਓਧਰੋਂ ਐਧਰ ਆਏ ਥਾਣੇਦਾਰਾਂ ਦੀਆਂ ਥਾਣੇਦਾਰੀਆਂ ਨਹੀਂ ਰਹੀਆਂ, ਮੇਰੀ ਨੰਬਰਦਾਰੀ ਦਾ ਕੀ ਹੈ?’’
ਤਿੰਨ ਸਾਲ ਪਹਿਲਾਂ ਜ਼ਿਲ੍ਹਾ ਲੁਧਿਆਣੇ ਤੋਂ ਵੈਨਕੂਵਰ-ਸਰੀ ਜਾ ਵੱਸੇ ਆਪਣੇ ਬਹੁਤ ਨੇੜਲੇ ਇੱਕ ਲਿਹਾਜ਼ੀ, ਜੋ ਉੱਥੇ ਸਕਿਓਰਟੀ ਗਾਰਡ ਦੀ ਡਿਊਟੀ ਹੱਸ ਕੇ ਨਿਭਾਉਂਦਾ ਹੈ, ਨੂੰ ਮੈਂ ਖਿਝਾਉਣ ਦੀ ਨੀਤ ਨਾਲ ਸੁਆਲ ਕੀਤਾ, ‘‘ਪੰਜਾਬ ਦੇ ਪੱਚੀ ਏਕੜਾਂ ਦੀ ਸਰਦਾਰੀ ਲਾਣੇਦਾਰੀ ਛੱਡ ਕੇ ਏਹ ਚੌਕੀਦਾਰੀ ਥੋਨੰੂ ਕਿਵੇਂ ਲੱਗਦੀ ਐ?’’
‘‘ਬਾਹਲੀਓ ਚੰਗੀ! ਉਹ ਮੁਸਕਰਾਉਂਦਾ ਬੋਲਿਆ, ‘‘ਚੌਵੀ-ਪੱਚੀ  ਕੀਲਿਆਂ ਨੇ ਮੈਨੂੰ ਉਧਰ ਦਿੱਤਾ ਕੀ ਐ? ਸੋਝੀ ਸੰਭਾਲਣ ਤੋਂ ਲੈ ਕੇ ਲਗਾਤਾਰ ਚਾਲੀ ਸਾਲ ਮੈਂ ਖੇਤੀ ਨਾਲ ਬਥੇਰਾ ਖੌਝਲ ਕੇ ਦੇਖ ਲਿਐ, ਕੁਸ਼ ਪੱਲੇ ਤਾਂ ਪਿਆ ਹੈ ਨਹੀਂ। ਨੇਰ੍ਹਾ ਹੀ ਢੋਹਿਆ ਹੈ। ਸੁੱਖ-ਸਹੂਲਤਾਂ ਤਾਂ ਦੂਰ ਰਹੀਆਂ।’’ ਮੇਰੇ ਉਸ ਲਿਹਾਜ਼ੀ ਦੇ ਕਥਨ ਤੋਂ ਭਲੀ-ਭਾਤ ਸਾਬਤ ਹੋ ਜਾਂਦਾ ਹੈ  ਕਿ ਅਸੀਂ ਭਾਰਤੀ ਪੰਜਾਬੀ ਉਸ ਵਾਂਗੂ ਸਿਰਫ਼ ਚਾਲੀ ਵਰ੍ਹਿਆਂ ਤੋਂ ਨਹੀਂ, ਸਦੀਆਂ ਤੋਂ ਏਧਰ ਵੀ ਹੱਡਭੰਨਵੀਂ ਕਮਾਈ ਕਰਦੇ ਆਏ ਹਾਂ। ਹਰੀ-ਕ੍ਰਾਂਤੀ ਤੋਂ ਬਾਅਦ ਦੇ ਪੰਦਰਾਂ-ਵੀਹਾਂ ਸਾਲਾਂ ਵਿੱਚ ਵੀ ਪੰਜਾਬੀ ਕਿਸਾਨਾਂ-ਮਜ਼ਦੂਰਾਂ ਨੇ ਤਕੜਾ ਹੰਭਲਾ ਮਾਰਿਆ ਹੈ ਪਰ ਉਸ ਮਗਰੋਂ ਸਾਡਾ ਕਿਰਤ-ਸੱਭਿਆਚਾਰ ਕਿਧਰ ਅਤੇ ਕਿਉਂ ਉੱਡ-ਪੁੱਡ ਗਿਆ? ਸਾਡੀ ਕਿਸਾਨੀ ਵੀ ਕੈਨੇਡਾ ਵਾਂਗ ਲਾਹੇਵੰਦ ਧੰਦਾ ਕਿਉਂ ਨਹੀਂ ਰਹੀ? ਸਾਡੀ ਨੌਜਵਾਨ ਪੀੜ੍ਹੀ ਪੜ੍ਹੀ-ਲਿਖੀ ਅਤੇ ਅੱਧ ਪੜ੍ਹੀ ਵੀ ਬੇਰੁਜ਼ਗਾਰ ਅਤੇ ਨਿਰਾਸ਼ ਕਿਉਂ ਹੋ ਗਈ? ਇਹ ਸੋਚਣ ਤੇ ਵਿਚਾਰ ਯੋਗ ਨੁਕਤੇ ਹਨ।

ਅਵਤਾਰ ਸਿੰਘ ਬਿਲਿੰਗ, 
ਮੋਬਾਈਲ: 82849-09596


Post by:- Gursham Singh Cheema





Post Comment


ਗੁਰਸ਼ਾਮ ਸਿੰਘ ਚੀਮਾਂ