ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 6, 2012

ਪ੍ਰਦਰਸ਼ਨੀਆਂ 'ਚ ਹੀ ਤਾਜ਼ਾ ਹੁੰਦੀਆਂ ਨੇ ਪੁਰਾਣੇ ਪੰਜਾਬ ਦੀਆਂ ਯਾਦਾਂ


ਪਿਛਲੇ ਦਿਨੀਂ ਇਕ ਪ੍ਰਦਰਸ਼ਨੀ ਵਿਚ ਪੰਜਾਬੀ ਵਿਰਸੇ ਨਾਲ ਸਬੰਧਤ ਚੀਜ਼ਾਂ ਦੇਖ ਕੇ ਮਨ ਖੁਸ਼ ਹੋ ਗਿਆ। ਤਸੱਲੀ ਇਸ ਗੱਲ ਦੀ ਸੀ ਕਿ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲਿਆਂ ਨੇ ਇਨ੍ਹਾਂ ਨੂੰ ਹਾਲੇ ਸੰਭਾਲਿਆ ਹੋਇਐ, ਪਰ ਦੁੱਖ ਇਸ ਗੱਲ ਦਾ ਸੀ ਕਿ ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਇਹ ਚੀਜ਼ਾਂ ਹੁਣ ਸਾਡੇ ਘਰਾਂ 'ਚੋਂ ਗਾਇਬ ਹੋ ਗਈਆਂ ਨੇ। ਹਰ ਚੀਜ਼ ਉੱਤੇ ਪਰਚੀ ਲੱਗੀ ਸੀ, 'ਦੂਰੋਂ ਦੇਖੋ, ਹੱਥ ਨਾ ਲਾਓ।' ਤੇ ਇਹ ਸਭ ਦੇਖ ਸੋਚ ਰਿਹਾਂ ਸਾਂ ਕਿ ਅਸੀਂ ਆਪਣੇ ਹੱਥਾਂ ਨਾਲ ਇਨ੍ਹਾਂ ਚੀਜ਼ਾਂ ਦੀ ਸੰਭਾਲ ਕੀਤੀ ਹੁੰਦੀ ਤਾਂ ਅੱਜ ਇਨ੍ਹਾਂ ਨੂੰ ਛੂਹਣ ਦੀ ਮਨਾਹੀ ਨਾ ਹੁੰਦੀ।

ਸਭ ਤੋਂ ਅਹਿਮ ਤੇ ਨਿਆਰੀ ਗੱਲ ਇਹ ਹੈ ਪਹਿਲ-ਪਲੱਕੜੇ ਵੇਲ਼ੇ ਦੀਆਂ ਬਹੁਤੀਆਂ ਚੀਜ਼ਾਂ ਦਾ ਸਬੰਧਤ ਵਰਜਿਸ਼ ਨਾਲ ਹੁੰਦਾ ਸੀ। ਬਲਦਾਂ ਨਾਲ ਹਲ਼ ਵਾਹੁੰਦੇ ਸਾਂ ਤਾਂ ਪੂਰਾ ਦਿਨ ਕਸਰਤ ਹੁੰਦੀ ਰਹਿੰਦੀ, ਹੱਥੀਂ ਕੋਠਿਆਂ-ਕੰਧਾਂ ਨੂੰ ਲਿੱਪਿਆ ਜਾਂਦਾ ਤਾਂ ਵਰਜਿਸ਼ ਹੁੰਦੀ, ਸੇਵੀਆਂ ਵੱਟਣ ਵਾਲੀ ਮਸ਼ੀਨ ਚਲਾਈ ਜਾਂਦੀ ਤਾਂ ਬਾਹਾਂ ਦੀ ਕਸਰਤ ਹੁੰਦੀ ਤੇ ਦੁੱਧ ਵਾਲੀ ਮਧਾਣੀ ਦੀ ਘਮ-ਘਮ ਸਵੇਰ ਵੇਲ਼ੇ ਬਾਹਾਂ ਦੀ ਸੋਹਣੀ ਵਰਜਿਸ਼ ਕਰਾ ਦਿੰਦੀ। ਅੱਜ ਅਸੀਂ ਤੰਦਰੁਸਤ ਰਹਿਣ ਅਤੇ ਵਰਜਿਸ਼ ਕਰਨ ਲਈ ਜਿੰਮ ਕਲਚਰ ਨਾਲ ਜੁੜਦੇ ਜਾ ਰਹੇ ਹਾਂ, ਪਰ ਪਹਿਲੇ ਵੇਲਿਆਂ ਵਿਚ ਸਭ ਕੁਝ ਘਰਾਂ ਵਿਚ ਹੁੰਦਾ ਸੀ, ਜਿਥੇ ਇੱਕ ਕੰਮ ਨਾਲ ਕਈ-ਕਈ ਲਾਭ ਹੁੰਦੇ ਸਨ। ਬਿਨਾਂ ਖਰਚੇ ਤੋਂ ਕੰਮ ਹੁੰਦਾ ਸੀ ਤੇ ਨਾਲ-ਨਾਲ ਸਰੀਰਕ ਕਿਰਿਆਵਾਂ ਹੋ ਜਾਂਦੀਆਂ।

ਤਸਵੀਰ ਨੂੰ ਗ਼ੌਰ ਨਾਲ ਦੇਖੋ। ਚਾਟੀ ਵਿਚ ਮਧਾਣੀ ਘੁੰਮ ਰਹੀ ਹੈ ਤੇ ਲੱਸੀ ਉੱਪਰ ਆਇਆ ਮੱਖਣ ਕਿੰਨਾ ਖੂਬਸੂਰਤ ਲੱਗ ਰਿਹਾ ਹੈ। ਇਹ ਸਵੇਰ ਵੇਲ਼ੇ ਕੀਤੀ ਗਈ ਮਿਹਨਤ ਦਾ ਨਤੀਜਾ ਹੈ, ਜਿਸ ਨੇ ਘਮ-ਘਮ ਵਾਲਾ ਮਿੱਠਾ ਸੰਗੀਤ ਵੀ ਪੈਦਾ ਕੀਤਾ, ਦਿਨ ਭਰ ਲਈ ਆਲਸ ਵੀ ਭਜਾਇਆ ਤੇ ਮਿਹਨਤ ਨਾਲ ਮੱਖਣ ਤੇ ਲੱਸੀ ਵੀ ਹਾਸਲ ਹੋਈ। ਚਾਟੀ ਦੀ ਲੱਸੀ ਨੂੰ ਅੱਜ ਸ਼ਹਿਰਾਂ ਵਿਚ ਵਸਦੇ ਲੋਕ ਤਰਸ ਰਹੇ ਨੇ ਤੇ ਡੱਬਾਬੰਦ ਲੱਸੀ ਦੀ ਵਰਤੋਂ ਕਰ-ਕਰ ਅੱਕਦੇ ਜਾ ਰਹੇ ਨੇ। ਪਿੰਡਾਂ ਵਿਚਲੇ ਬਹੁਤੇ ਘਰਾਂ ਵਿਚੋਂ ਇਹ ਵਡਮੁੱਲੀਆਂ ਦਾਤਾਂ ਅਲੋਪ ਹੋ ਰਹੀਆਂ ਨੇ, ਪਰ ਜਿਹੜੇ ਘਰਾਂ ਵਿਚ ਹਾਲੇ ਵੀ ਮਿਹਨਤ ਨੂੰ ਪੂਜਾ ਸਮਝਿਆ ਜਾਂਦਾ ਹੈ, ਉਥੇ ਘਰ ਦੀ ਲੱਸੀ, ਮੱਖਣ, ਘਿਓ, ਦਹੀਂ ਸਭ ਕੁਝ ਮਿਲ ਜਾਂਦਾ ਹੈ।

ਮੇਰੀ ਨਾਨੀ ਅਕਸਰ ਦੱਸਦੀ ਹੁੰਦੀ ਸੀ ਕਿ ਜਵਾਨੀ ਵੇਲ਼ੇ ਚਾਹ ਪੀਣ ਤੋਂ ਬਾਅਦ ਸਵੇਰ ਦਾ ਸਾਡਾ ਪਹਿਲਾ ਕੰਮ ਚਾਟੀ 'ਚ ਮਧਾਣੀ ਪਾਉਣਾ ਹੁੰਦਾ ਸੀ। ਪੰਦਰਾਂ ਵੀਹ ਮਿੰਟ ਦੀ ਮਿਹਨਤ ਨਾਲ ਲੱਸੀ, ਮੱਖਣ ਆਮ ਹੋ ਜਾਂਦਾ। ਕੋਈ ਥਕੇਵਾਂ, ਅਕੇਵਾਂ ਨਹੀਂ ਸੀ ਹੁੰਦਾ, ਕਿਉਂਕਿ ਮਿਹਨਤ ਸਾਡੇ ਹੱਡਾਂ 'ਚ ਰਚੀ ਹੋਈ ਸੀ।

ਕਿੰਨਾ ਸਕੂਨ ਦਿੰਦੀਆਂ ਸਨ ਨਾਨੀ ਦੀਆਂ ਗੱਲਾਂ। ਜਿਹੜੇ ਦੌਰ 'ਚ ਅਸੀਂ ਪੈਦਾ ਹੋਏ, ਉਦੋਂ ਇਹ ਚੀਜ਼ਾਂ ਅਲੋਪ ਹੋ ਰਹੀਆਂ ਸਨ ਤੇ ਹੁਣ ਜਦੋਂ ਨਾਨੀ ਵੀ ਨਹੀਂ ਰਹੀ ਤਾਂ ਉਨ੍ਹਾਂ ਗੱਲਾਂ ਨੂੰ ਸੁਣਨ ਦਾ ਝੱਸ ਕੋਈ ਹੋਰ ਨਹੀਂ ਪੂਰਦਾ।

ਸਵਰਨ ਸਿੰਘ ਟਹਿਣਾ

ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ 



Post Comment


ਗੁਰਸ਼ਾਮ ਸਿੰਘ ਚੀਮਾਂ