20 ਅਕਤੂਬਰ, ਬਰਸੀ 'ਤੇ ਵਿਸ਼ੇਸ਼
ਕੁਝ ਕੁੱਖਾਂ ਹੀ ਵਡਭਾਗੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਏ ਵਰਗੇ ਮਹਾਨ ਯੋਧੇ ਜਰਨੈਲ ਤੇ ਪੰਥ ਸੇਵਕ ਪੈਦਾ ਹੁੰਦੇ ਹਨ। ਨਵਾਬ ਕਪੂਰ ਸਿੰਘ ਦੇ ਇਸ ਜਹਾਨ ਤੋਂ ਕੂਚ ਕਰ ਜਾਣ ਉਪਰੰਤ ਸਮੁੱਚੇ ਪੰਥ ਵੱਲੋਂ ਇਕ ਰਾਏ ਹੋ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਪੰਥ ਦਾ ਸ਼੍ਰੋਮਣੀ ਜਥੇਦਾਰ ਪ੍ਰਵਾਨਿਆ ਗਿਆ। ਖਾਲਸੇ ਦੇ ਧਾਰਮਿਕ ਤੇ ਸਿਆਸੀ ਮਾਮਲਿਆਂ ’ਤੇ ਮੋਹਰ ਜਥੇਦਾਰ ਦੀ ਪ੍ਰਵਾਨ ਹੋਈ। ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।
7 ਅਕਤੂਬਰ ਨੂੰ ਸ਼੍ਰੋਮਣੀ ਪੰਥ ਬੁੱਢਾ ਦਲ ਤੇ ਹੋਰ ਨਿਹੰਗ ਸਿੰਘ ਦਲਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵਾਬ ਕਪੂਰ ਸਿੰਘ ਦੀ 259ਵੀਂ ਸਾਲਾਨਾ ਯਾਦ ਤਾਜ਼ਾ ਕੀਤੀ ਹੈ। ਹੁਣ 20 ਅਕਤੂਬਰ ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰਦਿਆਂ ਇਕ ਵਿਸ਼ੇਸ਼ ਸਮਾਗਮ ਗੁਰਦੁਆਰਾ ਅਕਾਲੀ ਫੂਲਾ ਸਿੰਘ ਬੁਰਜ ਵਿਖੇ ਉਲੀਕਿਆ ਗਿਆ ਹੈ। ਜਿਸ ਯੋਧੇ ਸੂਰਬੀਰ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਪੰਥ ਮਾਤਾ ਸੁੰਦਰੀ ਜੀ ਦੀ ਦੇਖਰੇਖ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਬਾਲ ਜੱਸਾ ਸਿੰਘ ਨੇ ਸ. ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਪਵਿੱਤਰ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ 3 ਮਈ 1718 ਈ: ਨੂੰ ਜਨਮ ਲਿਆ। ਪਿਤਾ ਦਾ ਛੋਟੀ ਉਮਰੇ ਸਿਰ ਤੋਂ ਸਾਇਆ ਉਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਹੀ ਜੁੱਟ ਗਏ। ਉਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿੱਚ ਹੀ ਸਿੱਖ ਵਿਚਾਰਧਾਰਾ, ਆਤਮਿਕ ਤੇ ਸਮਾਜਿਕ ਪੱਖਾਂ ’ਤੇ ਬਹੁਪੱਖੀ ਸਿੱਖਿਆ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ, ਤਲਵਾਰ, ਤੀਰਾਂ ਦਾ ਭੱਥਾ, ਕਮਾਨ, ਗੁਰਜ ਆਦਿ ਬਖਸ਼ਿਸ਼ ਕੀਤੇ। ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ ਜਲੰਧਰ ਜਥੇਦਾਰ ਨਵਾਬ ਕਪੂਰ ਸਿੰਘ ਪਾਸ ਪੁੱਜੇ। ਅੰਮ੍ਰਿਤ ਵੇਲੇ ਕੀਰਤਨ ਕਰਕੇ ਸਭ ਨੂੰ ਨਿਹਾਲੋ ਨਿਹਾਲ ਕੀਤਾ। ਸ. ਜੱਸਾ ਸਿੰਘ ਦੀ ਸ਼ਖਸੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਉਨ੍ਹਾਂ ਮਾਤਾ ਜੀਵਨ ਕੌਰ ਨੂੰ ਕਿਹਾ ਕਿ ਜੱਸਾ ਸਿੰਘ ਨੂੰ ਸਾਡੇ ਕੋਲ ਰਹਿਣ ਦਿਉ। ਇਸ ’ਤੇ ਭੈਣ ਭਰਾ ਨੇ ਜੱਸਾ ਸਿੰਘ ਦੀ ਨਵਾਬ ਕਪੂਰ ਸਿੰਘ ਨੂੰ ਸੌਂਪਣਾ ਕਰ ਦਿੱਤੀ। ਇਹੋ ਸ. ਜੱਸਾ ਸਿੰਘ ਬਾਅਦ ਵਿੱਚ ਨਵਾਬ ਸਾਹਿਬ ਦਾ ਧਰਮ ਪੁੱਤਰ ਪ੍ਰਸਿੱਧ ਹੋਇਆ।
ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜ਼ਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਦਿਵਾਈ। ਸ. ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿੱਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖੂਬ ਕਰਦਾ। ਪੁੱਤ ਗੱਭਰੂ ਹੋਇਆ ਤਾਂ ਨਵਾਬ ਕਪੂਰ ਸਿੰਘ ਨੇ ਉਸ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਰਹਿਤ ਬਹਿਤ ਵਿੱਚ ਪਰਪੱਕ ਰਹਿਣ ਲਈ ਕਿਹਾ। ਫਿਰ ਨਵਾਬ ਸਾਹਿਬ ਨੇ ਖਾਲਸੇ ਦੇ ਘੋੜਿਆਂ ਨੂੰ ਖੁਰਾਕ ਮੁਹੱਈਆ ਕਰਨ ਦੀ ਸੇਵਾ ਸੌਂਪ ਦਿੱਤੀ, ਜੋ ਸ. ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਸ. ਜੱਸਾ ਸਿੰਘ ਆਪਣੇ ਧਰਮ ਪਿਤਾ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦੇ ਨਾਲ ਰਹੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਸਮੇਂ ਭਾਵ 1738 ਦੇ ਲਗਪਗ ਉਹ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਏ ਸਨ। ਸ. ਜੱਸਾ ਸਿੰਘ ਨੇ ਜਿਥੇ ਅਫਗਾਨੀਆਂ ਨੂੰ ਸੋਧਿਆ ਉਥੇ 1761 ਨੂੰ ਅਹਿਮਦਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਘਰੋ-ਘਰੀ ਪਹੁੰਚਾਇਆ। 1761 ਨੂੰ ਖਾਲਸੇ ਨੇ ਲਾਹੌਰ ਫਤਹਿ ਕੀਤਾ ਅਤੇ ਇਸ ਖੁਸ਼ੀ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ਸੁਲਤਾਨ-ਉਲ-ਕੌਮ ਐਲਾਨਿਆ ਗਿਆ। ਸੁਲਤਾਨ-ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ। ਏਸੇ ਤਰ੍ਹਾਂ ਹੀ ਇਸ ਮਹਾਨ ਜਥੇਬੰਦੀ ਦੇ ਆਗੂ ਦੀਵਾਨ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਨੈਣਾ ਸਿੰਘ, ਜਥੇਦਾਰ ਅਕਾਲੀ ਫੂਲਾ ਸਿੰਘ, ਬਾਬਾ ਹਨੂਮਾਨ ਸਿੰਘ, ਬਾਬਾ ਪ੍ਰਲਾਹਦ ਸਿੰਘ, ਬਾਬਾ ਗਿਆਨ ਸਿੰਘ, ਬਾਬਾ ਤੇਜਾ ਸਿੰਘ, ਇਹ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਵੀ ਨਿਭਾਉਂਦੇ ਰਹੇ। ਲੰਮਾਂ ਸਮਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਰਿਹਾ। ਬੁੱਢਾ ਦਲ ਦੇ ਦਿਨਾਂ ਤੋਂ ਬਾਅਦ ਬਾਬਾ ਸਾਹਿਬ ਸਿੰਘ ਕਲਾਧਾਰੀ, ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਤੇ ਹੁਣ ਬਾਬਾ ਬਲਬੀਰ ਸਿੰਘ ਸੇਵਾ ਨਿਭਾਅ ਰਹੇ ਹਨ। ਇਤਿਹਾਸਕਾਰ ਲਿਖਦੇ ਹਨ ਕਿ ਵੱਡਾ ਘੱਲੂਘਾਰਾ ਜੋ 5 ਫਰਵਰੀ 1762 ਨੂੰ ਕੁੱਪ ਰੁਹੀੜੇ ਦੇ ਸਥਾਨ ਪੁਰ ਵਾਪਰਿਆ ਉਸ ਸਮੇਂ ਸ. ਜੱਸਾ ਸਿੰਘ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰ ਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ। 1764 ਵਿੱਚ ਸਰਹਿੰਦ ਫਤਹਿ ਕਰਨ ਉਪਰੰਤ ਖਾਲਸੇ ਨੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਉਸਾਰਿਆ। ਸ. ਜੱਸਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਨੌਂ ਲੱਖ ਰੁਪਏ ਅਤੇ ਬਾਕੀ ਸਿੰਘ ਸਰਦਾਰਾਂ ਨੇ ਪੰਜ ਲੱਖ ਰੁਪਏ ਭੇਟ ਕੀਤੇ। ਇਹ ਮਾਇਆ ਆਪ ਨੇ ਭਾਈ ਦੇਸ ਰਾਜ ਬਿਧੀ ਚੰਦੀਏ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਸੌਂਪ ਦਿੱਤੀ।
ਇੱਕ ਹੋਰ ਇਤਿਹਾਸਕ ਘਟਨਾ ਸਾਹਮਣੇ ਆਉਂਦੀ ਹੈ ਕਿ ਇਸ ਸਮੇਂ ਨੌਸ਼ਹਿਰਾ ਪੰਨੂਆਂ ਦੇ ਚੌਧਰੀ ਰਾਏ ਜਿਸ ਪਾਸ ਸ੍ਰੀ ਹਰਿਮੰਦਰ ਸਾਹਿਬ ਗਿਰਵੀ ਸੀ, ਤਿੰਨ ਲੱਖ ਰੁਪਏ ਉਸ ਨੂੰ ਦੇ ਕੇ ਸ. ਆਹਲੂਵਾਲੀਏ ਨੇ ਸਿੱਖ ਪੰਥ ਦੇ ਸਿਰੋਂ ਵੱਡਾ ਭਾਰ ਉਤਾਰਿਆ। ਇਨ੍ਹਾਂ ਪੰਥਕ ਨਿਸ਼ਕਾਮ ਸੇਵਾਵਾਂ ਦੇ ਉਤਰਫਲ ਵਜੋਂ ਹੀ ਬਜ਼ਾਰ (ਕਟੜਾ) ਦਾ ਨਾਂ ਆਹਲੂਵਾਲੀਆ ਰੱਖਿਆ ਗਿਆ। 11 ਮਾਰਚ 1783 ਨੂੰ ਸਿੱਖ ਸਰਦਾਰਾਂ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨਾਲ ਮਿਲ ਕੇ ਲਾਲ ਕਿਲੇ ’ਤੇ ਕੇਸਰੀ ਪਰਚਮ ਲਹਿਰਾਇਆ ਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਇਸ ਸਮੇਂ ਸਿੱਖ ਪੰਥ ਪੂਰੀ ਜਾਹੋ ਜਲਾਲ ਵਿੱਚ ਸੀ। ਪੰਥ ਦੇ ਜੈਕਾਰਿਆਂ ਦੀਆਂ ਧੁੰਮਾਂ ਅਕਾਸ਼ ਵਿੱਚ ਗੂੰਜਦੀਆਂ ਸਨ। ਹਰ ਪਾਸੇ ਕੇਸਰੀ ਨਿਸ਼ਾਨ ਲਹਿਰਾਉਂਦੇ ਸਨ। ਅਖੀਰ ਸ. ਜੱਸਾ ਸਿੰਘ ਆਹਲੂਵਾਲੀਆ 20 ਅਕਤੂਬਰ 1783 ਨੂੰ ਕੌਮ ਦੇ ਤੇਜ-ਤਪ ਨੂੰ ਬੁਲੰਦੀਆਂ ’ਤੇ ਪਹੁੰਚਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਗੀਠਾ ਬਾਕੀ ਸਰਦਾਰਾਂ ਦੇ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ ਪਰਿਕਰਮਾ ਵਿੱਚ ਬਣਿਆ ਹੋਇਆ ਹੈ, ਜਿਨ੍ਹਾਂ ਦੀ 229ਵੀਂ ਸਾਲਾਨਾ ਬਰਸੀ ਬੁਰਜ ਅਕਾਲੀ ਫੂਲਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ 20 ਅਕਤੂਬਰ ਨੂੰ ਮਨਾ ਰਹੀਆਂ ਹਨ।
ਦਿਲਜੀਤ ਸਿੰਘ ਬੇਦੀ
ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ