ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 23, 2012

ਬਜ਼ੁਰਗਾਂ ਦੀ ਅਣਦੇਖੀ ਇਕ ਅਪਰਾਧ

ਇਕ ਸਮਾਂ ਸੀ ਜਦੋਂ ਘਰ ਦੇ ਬਜ਼ੁਰਗਾਂ ਨੂੰ ਸਾਂਝੇ ਘਰਾਂ ਦੀ ਆਨ ਤੇ ਸ਼ਾਨ ਸਮਝਿਆ ਜਾਂਦਾ ਸੀ। ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ਹਰ ਨਸੀਹਤ, ਆਗਿਆ ਦਾ ਪਾਲਣ ਹੁੰਦਾ ਸੀ। ਉਹ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਵੀ ਗ਼ਲਤ ਕੰਮ ਕਰਨ ਤੋਂ ਨਾ ਸਿਰਫ ਵਰਜ ਹੀ ਸਕਦੇ ਸਨ, ਸਗੋਂ ਡਾਂਟ ਵੀ ਸਕਦੇ ਸਨ। ਉਸ ਵਕਤ ਬਜ਼ੁਰਗਾਂ ਨੂੰ ਬੋਝ ਨਹੀਂ, ਸਗੋਂ ਮਾਰਗ ਦਰਸ਼ਕ ਸਮਝਿਆ ਜਾਂਦਾ ਸੀ। ਪਰ ਅੱਜ ਸਥਿਤੀ ਕਾਫੀ ਬਦਲ ਚੁੱਕੀ ਹੈ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨਾ ਸਿਰਫ ਆਤਮ ਕੇਂਦਰਿਤ ਹੋ ਰਹੀ ਹੈ, ਸਗੋਂ ਕਰਤਵਹੀਣ ਵੀ ਹੋ ਗਈ ਹੈ। ਪੂਰੀ ਜ਼ਿੰਦਗੀ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਸਿਰਜਣਾ ਲਈ ਸਖਤ ਮਿਹਨਤ-ਮੁਸ਼ੱਕਤ ਕਰਨ ਵਾਲੇ ਬਜ਼ੁਰਗ ਜ਼ਿੰਦਗੀ ਦੀ ਬੇਰਹਿਮ ਸੰਧਿਆ ਵੇਲੇ ਇਕੱਲੇ ਰਹਿ ਜਾਂਦੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਜੀਵਨ ਸ਼ੈਲੀ ਵਿਚ ਬਜ਼ੁਰਗਾਂ ਦੀ ਹੋਂਦ ਨੂੰ ਨਵੀਂ ਪੀੜ੍ਹੀ ਨਾਕਾਰ ਰਹੀ ਹੈ ਪਰ ਇਹ ਵੀ ਓਨਾ ਹੀ ਅਹਿਮ ਸੱਚ ਹੈ ਕਿ ਦਾਦਾ-ਦਾਦੀ, ਨਾਨਾ-ਨਾਨੀ ਆਦਿ ਬਜ਼ੁਰਗ ਆਪਣੇ ਪੋਤਿਆਂ-ਦੋਹਤਿਆਂ ਲਈ ਇਕ ਸੰਘਣੇ ਪੱਤਿਆਂ ਵਾਲੇ ਰੁੱਖ ਦੀ ਛਾਂ ਵਾਂਗ ਹੁੰਦੇ ਹਨ ਅਤੇ ਕਦਮ-ਕਦਮ 'ਤੇ ਉਨ੍ਹਾਂ ਨੂੰ ਸਹੀ ਰਸਤਾ ਵਿਖਾਉਣ ਦੇ ਨਾਲ-ਨਾਲ ਵਿਹਾਰਕ ਗਿਆਨ ਅਤੇ ਸਮਾਜ ਵਿਚ ਵਿਚਰਨ ਦੇ ਢੰਗ-ਤਰੀਕਿਆਂ ਤੋਂ ਵੀ ਜਾਣੂ ਕਰਵਾਉਂਦੇ ਹਨ। ਪਤੀ-ਪਤਨੀ ਤੇ ਦੋ ਬੱਚਿਆਂ ਦੇ ਛੋਟੇ ਪਰਿਵਾਰ ਦੇ ਆਦੀ ਹੋ ਰਹੇ ਨਵੀਂ ਪੀੜ੍ਹੀ ਦੇ 'ਸਪੁੱਤਰਾਂ' ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਜ਼ੁਰਗ ਸਾਡੀਆਂ ਜੜ੍ਹਾਂ ਹਨ। ਉਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀਆਂ ਖੁਸ਼ੀਆਂ ਨੂੰ ਸਾਡੇ 'ਤੇ ਨਿਸ਼ਾਵਰ ਕੀਤਾ ਹੈ ਅਤੇ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਵਕਤ ਦਿੱਤਾ ਹੈ। ਉਮਰ ਦੇ ਆਖਰੀ ਪੜਾਅ 'ਤੇ ਉਹ ਤੁਹਾਡੇ ਤੋਂ ਜ਼ਿਆਦਾ ਨਹੀਂ 'ਆਪਣਾ ਵਕਤ' ਹੀ ਮੰਗਦੇ ਹਨ। ਦਿਨ ਭਰ ਸਿਰਫ ਪਿਆਰ ਦੇ ਦੋ ਬੋਲ ਦੇ ਦਿਓ, ਕਿਸੇ ਬਿਰਧ ਆਸ਼ਰਮ ਦੀ ਲੋੜ ਨਹੀਂ ਰਹੇਗੀ।

ਬਜ਼ੁਰਗਾਂ ਨੂੰ ਤੀਰਥਾਂ ਦੀ ਯਾਤਰਾ ਬਹਾਨੇ ਕਿਸੇ ਦੂਰ-ਦੁਰਾਡੇ ਕਿਸੇ ਮੰਦਿਰ ਵਿਚ ਛੱਡ ਆਉਣਾ, ਘਰੋਂ ਕੱਢਣਾ ਅਤੇ ਮਾਨਸਿਕ ਤਸੀਹਿਆਂ ਦੀਆਂ ਖ਼ਬਰਾਂ ਬਹੁਤ ਹੀ ਚਿੰਤਾਜਨਕ ਹਨ। ਇਸੇ ਹਫਤੇ ਆਈ ਹੈਲਥ ਏਜ਼ ਇੰਡੀਆ ਦੀ ਸਰਵੇ ਰਿਪੋਰਟ ਇੰਕਸ਼ਾਫ ਕਰਦੀ ਹੈ ਕਿ 31 ਫੀਸਦੀ ਬਜ਼ੁਰਗਾਂ ਨੂੰ ਆਪਣੇ ਘਰਾਂ ਵਿਚ ਹੀ ਸਤਾਇਆ ਜਾਂਦਾ ਹੈ। ਉਨ੍ਹਾਂ 'ਤੇ ਅੱਤਿਆਚਾਰ ਕਰਨ ਲਈ 56 ਫੀਸਦੀ ਪੁੱਤਰ ਅਤੇ 23 ਫੀਸਦੀ ਨੂੰਹਾਂ ਦੋਸ਼ੀ ਹਨ। ਰਿਪੋਰਟ ਵਿਚ ਹੈਰਾਨ ਕਰਨ ਵਾਲੀ ਇਕ ਗੱਲ ਇਹ ਵੀ ਹੈ ਕਿ 55 ਫੀਸਦੀ ਬਜ਼ੁਰਗ ਇਸ ਤਸ਼ੱਦਦ ਦੀ ਸ਼ਿਕਾਇਤ ਨਹੀਂ ਕਰਦੇ। ਕੇਂਦਰ ਸਰਕਾਰ ਨੇ ਬਜ਼ੁਰਗ ਮਾਤਾ-ਪਿਤਾ ਦਾ ਤ੍ਰਿਸਕਾਰ ਕਰਨ ਲਈ 'ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਬਿੱਲ 2007' ਕਾਨੂੰਨ ਪਾਸ ਕੀਤਾ, ਜਿਸ ਵਿਚ ਬਜ਼ੁਰਗ ਮਾਤਾ-ਪਿਤਾ ਦੀ ਅਣਦੇਖੀ ਕਰਨ ਵਾਲਿਆਂ ਨੂੰ ਤਿੰਨ ਮਹੀਨੇ ਕੈਦ ਅਤੇ 5000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ ਪਰ ਸਾਡੇ ਸਮਾਜ ਵਿਚ ਸਜ਼ਾ ਪਾਉਣ ਜਾਂ ਜੁਰਮਾਨਾ ਭਰਨ ਵਾਲੇ ਪੁੱਤਰ ਮਾਤਾ-ਪਿਤਾ ਪ੍ਰਤੀ ਹੋਰ ਵੀ ਬੇਰਹਿਮ ਹੋ ਜਾਣਗੇ। ਇਸ ਦੀ ਥਾਂ ਸਰਕਾਰ ਪੈਨਸ਼ਨ ਤੇ ਸਸਤੀ ਸਿਹਤ ਬੀਮਾ ਪਾਲਿਸੀ ਸ਼ੁਰੂ ਕਰੇ। ਖੈਰ, ਨਵੀਂ ਪੀੜ੍ਹੀ ਦੇ ਪੁੱਤਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੱਲ੍ਹ ਨੂੰ ਤੁਹਾਡੇ ਪੁੱਤਰ ਵੀ ਤੁਹਾਡੇ ਬੁਢਾਪੇ 'ਚ ਤੁਹਾਡੀ ਅਣਦੇਖੀ ਕਰ ਸਕਦੇ ਹਨ।

ਮੁਖ਼ਤਾਰ ਗਿੱਲ
-ਪ੍ਰੀਤ ਨਗਰ (ਅੰਮ੍ਰਿਤਸਰ)-143110.

post by: gursham singh cheema



Post Comment


ਗੁਰਸ਼ਾਮ ਸਿੰਘ ਚੀਮਾਂ