ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, October 15, 2012

ਬੀਤੇ ਸਮੇ ਦੀਆਂ ਬਾਤਾਂ ਬਣ ਰਹੇ ਨੇ ਪਾਥੀਆਂ ਦੇ ਗੁਹਾਰੇ


ਪੁਰਾਣਾ ਅਖਾਣ ਹੈ ਕਿ 'ਗੁਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪਿੰਡ 'ਚ ਕਿੰਨੇ ਘਰ ਜਾਂ ਕਿੰਨੀ ਅਬਾਦੀ ਹੈ।

ਪਸ਼ੂਆਂ ਦੇ ਗੋਹੇ ਦੀਆਂ ਪਾਥੀਆਂ ਵਾਲੇ ਗੁਹਾਰੇ ਬੀੇਤੇ ਸਮੇਂ ਦੀ ਗੱਲ ਬਣਨ ਦੇ ਨਾਲ-ਨਾਲ ਖਤਮ ਵੀ ਹੁੰਦੇ ਜਾ ਰਹੇ ਹਨ। ਮਸ਼ੀਨੀ ਯੁੱਗ ਹੋਣ ਕਰਕੇ ਲੋਕ ਛੇਤੀ ਕੰਮ ਨਿਬੇੜ ਕੇ ਵਿਹਲੇ ਹੋਣਾ ਚਾਹੁੰਦੇ ਹਨ, ਕਿਉਂਕਿ ਲੰਬਾ ਇੰਤਜ਼ਾਰ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ। ਪਹਿਲਾਂ ਤਾਂ ਗੋਹੇ ਨੂੰ ਖੁੱਲ੍ਹੀ ਜਗ੍ਹਾ ਸੁੱਟ ਕੇ ਉਸ ਵਿਚ ਤੂੜੀ ਮਿਲਾਉਣੀ ਪੈਂਦੀ ਹੈ, ਫਿਰ ਪਾਥੀਆਂ ਪੱਥਣੀਆਂ ਪੈਂਦੀਆਂ ਹਨ। ਪਹਿਲੀਆਂ ਪੱਥੀਆਂ ਪਾਥੀਆਂ ਨੂੰ ਚੁੱਕ ਕੇ ਥਾਂ ਖਾਲੀ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਚੁੱਕ ਕੇ ਧੜ ਵਿਚ ਲਾ ਕੇ ਸੁਕਾਉਣਾ ਪੈਂਦਾ ਹੈ। ਫਿਰ ਸੁੱਕੀਆਂ ਪਾਥੀਆਂ ਨੂੰ ਇਕੱਠੀਆਂ ਕਰਕੇ ਕਿਸੇ ਜਾਣਕਾਰ ਇਸਤਰੀ ਤੋਂ ਗੁਹਾਰਾ ਬਣਵਾਉਣਾ ਪੈਂਦਾ ਹੈ, ਜੋ ਕਿ ਤਿੰਨ-ਚਾਰ ਵਾਰੀਆਂ 'ਚ ਗੁਹਾਰਾ ਮੁਕੰਮਲ ਹੁੰਦਾ ਹੈ। ਗੁਹਾਰਾ ਧਰਨ ਵਾਲੀ ਵੀ ਚੰਗਾ ਮਿਹਨਤਾਨਾ ਲੈ ਲੈਂਦੀ ਹੈ। ਉਸ ਤੋਂ ਬਾਅਦ ਉਸ ਨੂੰ ਸਾਉਣ ਮਹੀਨੇ ਦੇ ਮੀਂਹਾਂ ਤੋਂ ਬਚਾਉਣ ਲਈ ਗੁਹਾਰੇ ਨੂੰ ਪਹਿਲਾਂ ਕਾਲੀ ਚੀਕਣੀ ਮਿੱਟੀ ਨਾਲ ਲਿੱਪਦੇ ਹਨ, ਫਿਰ ਦੁਬਾਰਾ ਪੀਲੀ ਮਿੱਟੀ ਨਾਲ ਲਿੱਪਣਾ ਪੈਂਦਾ ਹੈ, ਕਿਉਂਕਿ ਚੀਕਣੀ ਮਿੱਟੀ ਵਿਚ ਸੁੱਕ ਕੇ ਤਰੇੜਾਂ ਫਟ ਜਾਂਦੀਆਂ ਹਨ।

ਕੋਈ ਤੂੜੀ ਵਾਲੇ ਕੁੱਪ ਦੀ ਤਰ੍ਹਾਂ ਛੇਤੀ ਕੰਮ ਨਿਬੇੜਨ ਲਈ ਕਾਹੀ, ਦਭ, ਸਰਕੜੇ ਨਾਲ ਬੰਨ੍ਹ ਦਿੰਦੇ ਹਨ। ਪੁਰਾਣੀ ਅਖਾਣ ਹੈ ਕਿ 'ਗੁਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪਿੰਡ 'ਚ ਕਿੰਨੇ ਘਰ ਜਾਂ ਕਿੰਨੀ ਅਬਾਦੀ ਹੈ।' ਇਨ੍ਹਾਂ ਗੁਹਾਰਿਆਂ ਦੀ ਪ੍ਰੰਪਰਾ ਨੂੰ ਅਜੇ ਤੱਕ ਜਿਉਂ ਦੀ ਤਿਉਂ ਅਪਣਾਇਆ ਹੋਇਆ ਮਿਲਦਾ ਹੈ, ਸੁਨਾਮ ਤੋਂ ਪਟਿਆਲਾ ਸੜਕ 'ਤੇ ਘੁੱਗ ਵਸਦੇ ਸੰਗਰੂਰ ਜ਼ਿਲ੍ਹੇ ਦੇ ਘਰਾਚੋਂ ਪਿੰਡ ਨੇ, ਜੋ ਕਿ ਪਿੰਡ ਵੜਦੇ ਸਾਰ ਸੜਕ ਦੇ ਕਿਨਾਰੇ ਖੱਬੇ ਅਤੇ ਸੱਜੇ ਅਨਾਜ ਮੰਡੀ ਵਿਚ ਆਮ ਦੇਖਣ ਨੂੰ ਮਿਲਦੇ ਹਨ। ਆਉਣ ਵਾਲੇ ਸਮੇਂ 'ਚ ਗੁਹਾਰੇ ਵੀ ਚਰਖੇ, ਹਲਟਾਂ ਦੀ ਤਰ੍ਹਾਂ ਪੰਜਾਬੀ ਸੱਭਿਆਚਾਰ, ਵਿਰਸੇ ਦੀ ਤਸਵੀਰ ਬਣ ਜਾਣਗੇ। ਇਕ ਗੱਲ ਜ਼ਰੂਰ ਹੈ ਕਿ ਜੇ ਕਿਸੇ ਨੇ ਗੋਹੇ ਦੀਆਂ ਪਾਥੀਆਂ ਨਾਲ ਹਾਰੇ (ਕਾੜ੍ਹਨੀ) ਵਿਚ ਦੁੱਧ ਕਾੜ੍ਹਿਆ ਹੋਇਆ ਪੀਤਾ, ਦਾਲ ਜਾਂ ਸਾਗ ਰਿੱਝਿਆ ਹੋਇਆ ਖਾਧਾ ਹੈ, ਉਹ ਕੁੱਕਰ ਅਤੇ ਓਵਨ ਨੂੰ ਭੁੱਲ ਜਾਂਦਾ ਹੈ। ਜੇ ਪਾਥੀਆਂ ਦੀ ਸੁਆਹ ਸਵੇਰ ਵੇਲੇ ਸਬਜ਼ੀਆਂ ਦੇ ਵੇਲ-ਬੂਟਿਆਂ 'ਤੇ ਪਾਈ ਜਾਵੇ ਤਾਂ ਕੋਈ ਵੀ ਅਜਿਹੀ ਸੁੰਡੀ ਨਹੀਂ, ਜੋ ਵੇਲ ਨੂੰ ਲੱਗ ਜਾਵੇ।

ਕੰਵਲਜੀਤ ਸਿੰਘ 'ਘੁਮਾਣ

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 


Post Comment


ਗੁਰਸ਼ਾਮ ਸਿੰਘ ਚੀਮਾਂ