ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 23, 2012

ਦੁਸਹਿਰੇ 'ਤੇ ਬੁਰਾਈਆਂ ਦਾ ਰਾਵਣ ਸਾੜਨ ਦੀ ਲੋੜ


ਭਾਰਤ ਭਰ ਵਿਚ ਹਰ ਸਾਲ ਦੁਸਹਿਰੇ ਵਾਲੇ ਦਿਨ ਲੱਖਾਂ ਦੀ ਗਿਣਤੀ ਵਿਚ ਰਾਵਣ ਦੇ ਪੁਤਲੇ ਬਣਾ ਕੇ ਉਨ੍ਹਾਂ ਨੂੰ ਸਾੜਿਆ ਜਾਂਦਾ ਹੈ ਤੇ ਮੰਨਿਆ ਇਹ ਜਾਂਦਾ ਕਿ ਰਾਵਣ ਨੂੰ ਸਾੜਨ ਨਾਲ ਬੁਰਾਈ ਦਾ ਖ਼ਾਤਮਾ ਹੋ ਜਾਵੇਗਾ। ਇਸ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਲੋੜ ਹੈ ਇਸ ਤਿਉਹਾਰ ਮੌਕੇ ਅਸੀਂ ਸਮਾਜ ਵਿਚਲੀਆਂ ਬੁਰਾਈਆਂ ਖ਼ਤਮ ਕਰਨ ਲਈ ਪ੍ਰਣ ਕਰੀਏ।

ਹਰ ਵਰ੍ਹੇ ਕਿੰਨੀਆਂ ਹੀ ਅਣਜੰਮੀਆਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਹੈ, ਨਸ਼ੇ ਦੇ ਵਪਾਰੀਆਂ ਵੱਲੋਂ ਹਰ ਸਾਲ ਕਿੰਨੀਆਂ ਹੀ ਜ਼ਿੰਦਗੀਆਂ, ਕਿੰਨੇ ਹੀ ਘਰ ਤਬਾਹ ਕਰ ਦਿੱਤੇ ਜਾਂਦੇ ਹਨ, ਦਾਜ ਦੇ ਭੁੱਖਿਆਂ ਵੱਲੋਂ ਹਰ ਵਰ੍ਹੇ ਕਿੰਨੀਆਂ ਹੀ ਧੀਆਂ ਨੂੰ ਦਾਜ ਦੀ ਬਲੀ ਚਾੜ੍ਹਿਆ ਜਾਂਦਾ, ਨਵੇਂ ਉਠੇ ਚੰਦ ਕੁ ਗਾਇਕਾਂ ਵੱਲੋਂ ਪੰਜਾਬੀ ਸੰਗੀਤ ਦੀ ਚੀਰਫ਼ਾੜ ਕੀਤੀ ਜਾ ਰਹੀ ਹੈ ਤੇ ਅਜੋਕੀ ਪੀੜ੍ਹੀ ਨੂੰ ਇਨ੍ਹਾਂ ਵੱਲੋਂ ਮਾਰਧਾੜ, ਅਸ਼ਲੀਲਤਾ, ਮਹਿੰਗੇ ਹਥਿਆਰ ਤੇ ਨਸ਼ੇ ਲੈਣ ਲਈ ਉਕਸਾਇਆ ਜਾ ਰਿਹਾ ਹੈ, ਪਾਇਰੇਟਰਾਂ ਵੱਲੋਂ ਪਾਇਰੇਸੀ ਕਰਕੇ ਪੰਜਾਬੀ ਸੰਗੀਤ ਤੇ ਪੰਜਾਬੀ ਗਾਇਕੀ ਨੂੰ ਤਬਾਹ ਕੀਤਾ ਜਾ ਰਿਹਾ, ਦੇਸ਼ ਦੀ ਗਰੀਬ ਜਨਤਾ ਦਾ ਕਰੋੜਾਂ ਰੁਪਇਆ ਭ੍ਰਿਸ਼ਟ ਨੇਤਾਵਾਂ ਦੇ ਢਿੱਡ 'ਚ ਜਾ ਰਿਹਾ ਤੇ ਭਾਰਤ ਦੇ ਲੋਕ ਗਰੀਬੀ, ਮਹਿੰਗਾਈ, ਭੁੱਖਮਰੀ ਤੇ ਬੇਰੁਜ਼ਗਾਰੀ ਕਾਰਨ ਦੋ ਡੰਗ ਦੀ ਰੋਟੀ ਖਾਣ ਨੂੰ ਵੀ ਤਰਸ ਰਹੇ ਹਨ, ਹਰ ਖ਼ੇਤਰ, ਹਰ ਵਿਭਾਗ ਤੇ ਹਰ ਦਫ਼ਤਰ ਵਿਚ ਭ੍ਰਿਸ਼ਟਾਚਾਰ ਦੇ ਰਾਵਣਾਂ ਵੱਲੋਂ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ, ਖਾਣ-ਪੀਣ ਵਾਲੀਆਂ ਵਸਤੂਆਂ 'ਚ ਵੀ ਮਿਲਾਵਟਾਂ ਕੀਤੀਆਂ ਜਾ ਰਹੀਆਂ ਹਨ, ਫ਼ਲਾਂ- ਸਬਜ਼ੀਆਂ 'ਤੇ ਜ਼ਹਿਰੀਲੇ ਰਸਾਇਣ-ਦਵਾਈਆਂ ਛਿੜਕ ਕੇ ਲੋਕਾਂ ਨੂੰ ਖੁਆਈਆਂ ਜਾ ਰਹੀਆਂ ਹਨ, ਲੁੱਟਾਂ-ਖੋਹਾਂ, ਹੱਤਿਆਵਾਂ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਜਾ ਰਿਹਾ, ਭਰਾ-ਭਰਾ ਦਾ, ਪੁੱਤ-ਮਾਂ ਦਾ, ਮਾਂ-ਪੁੱਤ ਦਾ, ਪੁੱਤ-ਪਿਉ ਦਾ, ਪਤਨੀ-ਪਤੀ ਦਾ ਆਦਿ ਜਿਹੇ ਪਵਿੱਤਰ ਰਿਸ਼ਤਿਆਂ ਵੱਲੋਂ ਇਕ-ਦੂਜੇ ਦਾ ਕਤਲ ਕੀਤਾ ਜਾ ਰਿਹਾ, ਲੋਕਾਂ ਦਾ ਲਾਲ ਖੂਨ ਦਿਨੋ ਦਿਨ ਸਫ਼ੈਦ ਹੁੰਦਾ ਜਾ ਰਿਹਾ, ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਸਰਕਾਰ ਅੱਗੇ ਪੇਸ਼ ਕਰਨ ਵਾਲੇ ਮੀਡੀਏ ਦਾ ਵੀ ਵਪਾਰੀਕਰਨ ਹੋਇਆ ਪਿਆ, ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ ਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਪਰ ਇਥੇ ਕਿਸੇ ਦੀ ਸਾਰ ਲੈਣ ਵਾਲਾ ਕੋਈ ਵੀ ਨਹੀਂ।

ਸਮਾਜ ਵਿਚਲੇ ਇਨ੍ਹਾਂ ਰਾਵਣਾਂ ਦੀ ਗਿਣਤੀ ਉਸ ਇਕ ਰਾਵਣ ਤੋਂ ਕਿੰਨੇ ਹੀ ਲੱਖਾਂ ਗੁਣਾਂ ਵੱਧ ਹੈ ਤੇ ਸਮਾਜ ਵਿਚਲੇ ਇਹ ਰਾਵਣ ਪਹਿਲਾਂ ਤਾਂ ਛੇਤੀ ਕਾਨੂੰਨ ਦੇ ਹੱਥ ਚੜ੍ਹਦੇ ਹੀ ਨਹੀਂ ਅਤੇ ਜੇਕਰ ਭੁੱਲ-ਭੁਲੇਖੇ ਜਾਂ ਲੋਕਾਂ ਦੇ ਜ਼ਿਆਦਾ ਦਬਾਅ ਪਾਉਣ ਕਾਰਨ ਕਾਨੂੰਨ ਦੇ ਹੱਥ ਚੜ੍ਹ ਵੀ ਜਾਣ ਤਾਂ ਇਹ ਆਪਣੀ ਸਿਆਸੀ ਪਹੁੰਚ ਜਾਂ ਪੈਸੇ ਦੀ ਤਾਕਤ ਨਾਲ ਝੱਟ ਬਾਹਰ ਆ ਜਾਂਦੇ ਹਨ ਤੇ ਫ਼ਿਰ ਜਾਗ ਜਾਂਦਾ ਇਨ੍ਹਾਂ ਵਿਚਲਾ ਰਾਵਣ।

ਅੱਜ ਸਮਾਜ ਵਿਚ ਕੋਈ ਇਕ ਬੁਰਾਈ ਨਹੀਂ, ਸਗੋਂ ਬੁਰਾਈਆਂ ਦੀ ਲੰਮੀ ਲਿਸਟ ਹੈ, ਜਿਸ ਵਿਰੁੱਧ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਸੋ ਸਾਨੂੰ ਸਭ ਨੂੰ ਰਲ ਕੇ ਇਸ ਦੁਸਹਿਰੇ 'ਤੇ ਇਕ ਰਾਵਣ ਫੂਕਣ ਦੀ ਬਜਾਏ ਸਮਾਜ 'ਚ ਫੈਲੇ ਲੱਖਾਂ ਰਾਵਣਾਂ ਨੂੰ ਸਾੜਨਾ ਚਾਹੀਦਾ ਅਤੇ ਅਗਰ ਇਨ੍ਹਾਂ ਬੁਰਾਈਆਂ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।

ਹਰਪ੍ਰੀਤ ਮਾਂਹਪੁਰ
-ਪਿੰਡ ਮਾਂਹਪੁਰ, ਜੌੜੇਪੁਲ, ਡਾਕ: ਜਰਗ, 
ਤਹਿ: ਪਾਇਲ (ਲੁਧਿਆਣਾ)-141415. ਮੋਬਾ: 98150-99098

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ



Post Comment


ਗੁਰਸ਼ਾਮ ਸਿੰਘ ਚੀਮਾਂ