ਪੰਜਾਬੀ ਸੱਭਿਆਚਾਰ ਵਿਚ ਲਾਊਡ ਸਪੀਕਰ ਦਾ ਅਹਿਮ ਸਥਾਨ ਰਿਹਾ ਹੈ। ਵਿਗਿਆਨ ਦੀ ਇਸ ਕਾਢ ਨੇ ਆਮ ਲੋਕਾਂ ਤਕ ਗਾਇਕੀ ਦੀ ਪਹੁੰਚ ਸੁਖਾਲੀ ਕਰ ਦਿੱਤੀ ਹੈ। ਸਾਊਂਡ ਬਖਸ਼ ਵਾਲੀਆਂ ਗ੍ਰਾਮੋਫੋਨ ਮਸ਼ੀਨਾਂ ਤਾਂ ਭਾਵੇਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਸਨ ਪਰ ਐਂਪਲੀਫਾਇਰ ਵਾਲੇ ਲਾਊਡ ਸਪੀਕਰ ਪਿੰਡਾਂ ਵਿਚ ਵੀਹਵੀਂ ਸਦੀ ਦੇ ਪੰਜਵੇਂ ਛੇਵੇਂ ਦਹਾਕੇ ਦੌਰਾਨ ਹੀ ਪਹੁੰਚੇ। ਹਰ ਵੱਡੇ ਪਿੰਡ ਵਿਚ ਇਕ ਅੱਧ ਲਾਊਡ ਸਪੀਕਰ ਪਹੁੰਚ ਚੁੱਕਿਆ ਸੀ। ਵਿਆਹ ਮੰਗਣੇ ਦੀ ਖੁਸ਼ੀ ਲਾਊਡ ਸਪੀਕਰ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਸੀ। ਅਜਿਹੇ ਦਿਨਾਂ ਉੱਤੇ ਘਰਾਂ ਵਿਚ ਤਿੰਨ-ਤਿੰਨ, ਚਾਰ-ਚਾਰ ਦਿਨ ਸਪੀਕਰ ਚਲਦਾ ਰਹਿੰਦਾ ਸੀ। ਵਿਆਹ ਵਿਚ ਸਪੀਕਰ ਵਾਲੇ ਦੀ ਖਾਸ ਪੁੱਛ ਹੁੰਦੀ ਸੀ। ਉਹ ਆਪਣਾ ਸਾਮਾਨ ਇਕ ਪਾਸੇ ਸੈੱਟ ਕਰ ਲੈਂਦਾ ਸੀ। ਕੋਠੇ ਉੱਤੇ ਦੋ ਮੰਜੇ ਖੜ੍ਹੇ ਕਰਕੇ ਇਕ ਤਰ੍ਹਾਂ ਦੀ ਕੁੱਲੀ ਜਿਹੀ ਬਣਾ ਲਈ ਜਾਂਦੀ ਅਤੇ ਉਸ ਦੇ ਉੱਤੇ ਜੁੰਟ ਵਾਲਾ ਹਾਰਨ ਟੰਗਿਆ ਜਾਂਦਾ ਸੀ। ਨਿੱਕੇ ਨਿਆਣਿਆਂ ਤੋਂ ਲੈ ਕੇ ਜਵਾਨ ਮੁੰਡਿਆਂ ਤਕ ਉਸ ਦੇ ਦੁਆਲੇ ਬੈਠ ਜਾਂਦੇ ਸਨ। ਹਰ ਤਵੇ ਤੋਂ ਪਹਿਲਾਂ ਮਸ਼ੀਨ ਨੂੰ ਚਾਬੀ ਦਿੱਤੀ ਜਾਂਦੀ ਸੀ ਅਤੇ ਸੂਈ ਬਦਲੀ ਜਾਂਦੀ ਸੀ। ਬੇਕਾਰ ਸੁੱਟੀ ਸੂਈ ਲੈਣ ਲਈ ਨਿੱਕੇ ਨਿਆਣੇ ਆਪਸ ਵਿਚ ਝਪਟ ਵੀ ਪੈਂਦੇ ਸਨ। ਸਪੀਕਰ ਵਾਲਾ ਜੇ ਕਿਸੇ ਨੇੜੇ ਬੈਠੇ ਤੋਂ ਪਾਣੀ ਜਾਂ ਚਾਹ ਮੰਗਵਾ ਲੈਂਦਾ ਤਾਂ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਪੀਕਰ ਵਾਲੇ ਦਾ ਖਾਸ ਬੰਦਾ ਸਮਝਣ ਲੱਗ ਪੈਂਦਾ ਸੀ। ਸਪੀਕਰ ਵਾਲੇ ਦੀ ਆਓ ਭਗਤ ਲਈ ਹਰ ਕੋਈ ਤਤਪਰ ਰਹਿੰਦਾ।
ਸਪੀਕਰ ਵਾਲੇ ਨੂੰ ਸਪੀਕਰ ਤੋਂ ਕੋਈ ਬਹੁਤੀ ਆਮਦਨ ਨਹੀਂ ਹੁੰਦੀ ਸੀ। ਉਸ ਨੂੰ ਇਕ ਸਾਈ ਦੇ ਪੱਚੀ ਤੀਹ ਰੁਪੱਈਏ ਹੀ ਮਿਲਦੇ ਸਨ। ਕੁਝ ਦੇਰ ਬਾਅਦ ਚਾਲੀ ਪੰਜਾਹ ਤਕ ਕਿਰਾਇਆ ਮਿਲ ਜਾਂਦਾ ਸੀ। ਖਰਚਾ ਮਿਲੇ ਕਿਰਾਏ ਤੋਂ ਵੱਧ ਹੋ ਜਾਂਦਾ ਸੀ। ਹਾਂ, ਖਾਣਾ ਪੀਣਾ ਜ਼ਰੂਰ ਚੰਗਾ ਹੋ ਜਾਂਦਾ ਸੀ। ਨਵੇਂ ਤਵੇ ਖਰੀਦਣੇ, ਬੈਟਰੀ ਭਰਵਾਉਣੀ ਅਤੇ ਹੋਰ ਮੁਰੰਮਤ ਆਦਿ ਉੱਤੇ ਕਾਫੀ ਖਰਚਾ ਹੋ ਜਾਂਦਾ ਸੀ। ਆਪਣੇ ਜੀਵਨ ਵਿਚ ਮੈਂ ਇਨ੍ਹਾਂ ਪੇਂਡੂ ਸਪੀਕਰਾਂ ਵਾਲਿਆਂ ਵਿਚੋਂ ਕੋਈ ਕਾਮਯਾਬ ਹੋਇਆ ਨਹੀਂ ਵੇਖਿਆ। ਬੱਸ, ਇਹ ਤਾਂ ਸ਼ੌਕ ਹੁੰਦਾ ਸੀ, ਇਕ ਜਨੂੰਨ ਹੁੰਦਾ ਸੀ, ਜੋ ਉਨ੍ਹਾਂ ਨੇ ਪਾਲਣਾ ਹੁੰਦਾ ਸੀ।
ਇਨ੍ਹਾਂ ਸਮਿਆਂ ਵਿਚ ਜੰਝਾੰ, ਬਰਾਤਾਂ ਜਾਣ ਵੇਲੇ ਰਸਤੇ ਵਿਚ ਵੀ ਸਪੀਕਰ ਚਲਾਇਆ ਜਾਂਦਾ ਸੀ। ਬੱਸਾਂ ਉੱਤੇ ਅਗਲੇ ਪਾਸੇ ਹਾਰਨ ਟੰਗ ਦਿੱਤਾ ਜਾਂਦਾ। ਬੱਸ ਦੀ ਪਿਛਲੀ ਸੀਟ ਸਪੀਕਰ ਵਾਲੇ ਲਈ ਹੀ ਰਾਖਵੀਂ ਹੁੰਦੀ ਸੀ। ਇੱਥੇ ਬਹਿ ਕੇ ਉਹ ਮਸ਼ੀਨ ਨੂੰ ਆਪਣੇ ਪਟਾਂ 'ਤੇ ਰੱਖ ਕੇ ਸਾਰੇ ਰਸਤੇ ਚਲਾਉਂਦਾ ਹੀ ਜਾਂਦਾ ਸੀ। ਜਿਸ ਪਿੰਡ ਜੰਝ (ਬਰਾਤ) ਨੇ ਜਾਣਾ ਹੁੰਦਾ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਤਾਰੇ ਵਾਲੀ ਧਰਮਸ਼ਾਲਾ 'ਤੇ ਸਪੀਕਰ ਫਿੱਟ ਕੀਤਾ ਜਾਂਦਾ ਸੀ। ਹਾਰਨ ਦਾ ਮੂੰਹ ਵਿਆਹ ਵਾਲਿਆਂ ਦੇ ਘਰ ਵੱਲ ਰੱਖਿਆ ਜਾਂਦਾ ਸੀ। ਇਸ ਤੋਂ ਹੀ ਲਗਦਾ ਸੀ ਕਿ ਜੰਨ ਆ ਗਈ। ਰੱਬ ਸਬੱਬੀ ਜੇ ਕਿਤੇ ਪਿੰਡ ਵਿਚ ਦੋ ਜੰਨਾਂ ਇਕੱਠੀਆਂ ਆਈਆਂ ਹੁੰਦੀਆਂ ਫੇਰ ਤਾਂ ਘੜਮੱਸ ਹੀ ਪੈ ਜਾਂਦਾ ਸੀ। ਹਾਰਨਾਂ ਦੇ ਮੂੰਹ ਇਕ ਦੂਜੇ ਵੱਲ ਕਰਕੇ ਜ਼ਿੱਦ-ਜ਼ਿੱਦ ਕੇ ਰਿਕਾਰਡ ਲਾਏ ਜਾਂਦੇ। ਕਈ ਵਾਰ ਜ਼ਿੱਦਮ-ਜ਼ਿੱਦੀ ਸ਼ਰਤਾਂ ਲਗ ਜਾਂਦੀਆਂ ਸਨ। ਸਪੀਕਰ ਹੀ ਦਾਅ ਉੱਤੇ ਲਾ ਦਿੱਤੇ ਜਾਂਦੇ ਸਨ। ਕਦੇ ਕਦੇ ਲੜਾਈ ਝਗੜੇ ਤਕ ਨੌਬਤ ਪਹੁੰਚ ਜਾਂਦੀ ਸੀ।
ਸਪੀਕਰਾਂ ਦੇ ਇਸ ਮਹੱਤਵ ਨੂੰ ਦੇਖਦੇ ਹੋਏ ਕਈ ਗੀਤਕਾਰਾਂ ਨੇ ਸਪੀਕਰ ਵਾਲਿਆਂ ਦੇ ਗੀਤ ਵੀ ਲਿਖੇ ਜੋ ਕਈ ਗਾਇਕ ਜੋੜੀਆਂ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋਏ:* 'ਭਾਈ ਸਪੀਕਰ ਵਾਲਿਆ ਕੋਈ ਗਾਣਾ ਨਵਾਂ ਸੁਣਾ।' (ਸਵਰਨ ਲਤਾ ਤੇ ਮੁਹੰਮਦ ਸਦੀਕ)* 'ਲਾਊਡ ਸਪੀਕਰ ਵਾਲੇ ਮੁੰਡਿਆ, ਦੱਸ ਕਿੱਥੋਂ ਤੂੰ ਸਾਡੇ ਪਿੰਡ ਆਇਆ,ਸੁਣ ਸੁਣ ਮੈਂ ਥੱਕ ਗਈ, ਕੋਈ ਨਵਾਂ ਨਾ ਰਿਕਾਰਡ ਸੁਣਾਇਆ। (ਸੁਰਿੰਦਰ ਕੌਰ ਤੇ ਰੰਗੀਲਾ ਜੱਟ)- 'ਛੜਾ ਕੋਠੇ 'ਤੇ ਸਪੀਕਰ ਲਾਈ ਰਖਦਾ' (ਮੋਹਣੀ ਨਰੁਲਾ ਤੇ ਕਰਮਜੀਤ ਧੂਰੀ) ਇਸ ਤਰ੍ਹਾਂ ਸਪੀਕਰਾਂ ਦੇ ਪਿੰਡਾਂ ਵਿਚ ਹਰਮਨਪਿਆਰਾ ਹੋਣ ਕਰਕੇ ਰਿਕਾਰਡਿੰਗ ਕੰਪਨੀਆਂ ਨੂੰ ਬਹੁਤ ਉਤਸ਼ਾਹ ਮਿਲਿਆ। ਹਰ ਨਵੇਂ ਤਵੇ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਕੰਪਨੀਆਂ ਨੇ ਧੜਾ ਧੜ ਗਾਇਕਾਂ ਦੀ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਨੌਵੇਂ ਦਹਾਕੇ ਤਕ ਤਵਿਆਂ ਦੀਆਂ ਰਿਕਾਰਡਤੋੜ ਵਿਕਰੀਆਂ ਹੋਈਆਂ। ਸੋ ਪੰਜਾਬੀ ਗਾਇਕੀ ਨੂੰ ਪ੍ਰਸਾਰਤ ਕਰਨ ਵਿਚ ਸਪੀਕਰ ਦਾ ਰੋਲ ਮਹੱਤਵਪੂਰਨ ਰਿਹਾ ਹੈ।
ਪੋਸਟ ਕਰਤਾ:- ਗੁਰਸ਼ਾਮ ਸਿੰਘ ਚੀਮਾਂ