ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 2, 2012

ਪੰਜਾਬ ਦੀ ਕਿਸਾਨੀ ਦੀਆਂ ਵਿਦੇਸ਼ਾਂ ਵੱਲ ਵਹੀਰਾਂ ਪਰ ਏਜੰਟਾਂ ਤੋਂ ਬਚੋ!


ਪੰਜਾਬ ਦੀ ਬਹੁਤੀ ਜਵਾਨੀ ਪੰਜਾਬ ਵਿਚ ਆਪਣੇ ਭਵਿੱਖ ਤੋਂ ਚਿੰਤਾਤੁਰ ਹੋ ਕੇ ਪੜ੍ਹਾਈ ਨੂੰ ਆਧਾਰ ਬਣਾ ਕੇ ਵਿਦੇਸ਼ਾਂ ਵਿਚ ਆਪਣੇ ਪੈਰ ਜਮਾਉਣ ਲਈ ਲੱਖਾਂ ਦੀ ਗਿਣਤੀ ਵਿਚ ਵੱਖ-ਵੱਖ ਦੇਸ਼ਾਂ ਵਿਚ ਜਾ ਚੁੱਕੀ ਹੈ। ਜਿਸ ਵਿਚ ਆਸਟਰੇਲੀਆ, ਕੈਨੇਡਾ, ਯੂ ਕੇ, ਅਮਰੀਕਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਛੋਟੇ-ਮੋਟੇ ਦੇਸ਼ ਸ਼ਾਮਿਲ ਹਨ। ਪੰਜਾਬ ਵਿਚ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਲਗਭਗ ਬੰਦ ਹੋ ਗਏ ਹਨ। ਕੇਂਦਰ ਦੇ ਮਹਿਕਮਿਆਂ ਵਿਚੋਂ ਡੀਫੈਂਸ ਦਾ ਮਹਿਕਮਾ ਹੀ ਪੰਜਾਬੀਆਂ ਲਈ ਨੌਕਰੀ ਦੇ ਮੌਕੇ ਪੈਦਾ ਕਰਦਾ ਸੀ ਪਰ ਹੁਣ ਪਿਛਲੇ ਸਮੇਂ ਤੋਂ ਪੰਜਾਬੀਆਂ ਦੀ ਫ਼ੌਜ ਵਿਚ ਭਰਤੀ 15 ਪ੍ਰਤੀਸ਼ਤ ਤੋਂ ਘਟਾ ਕੇ 1-2 ਪ੍ਰਤੀਸ਼ਤ ਕਰ ਦਿੱਤੀ ਗਈ ਹੈ ਅਤੇ ਇਸ ਚੋਣ ਵਿਚ ਵੀ ਹੁਣ ਪੰਜਾਬ ਦੀ ਜਵਾਨੀ ਖਰੀ ਨਹੀਂ ਉੱਤਰਦੀ। ਵਿਦੇਸ਼ਾਂ ਵਿਚ ਜਾਣ ਵਾਲੀ ਜਵਾਨੀ ਵਿਚ ਬਹੁਤੇ ਬੱਚੇ ਕਿਸਾਨ ਪਰਿਵਾਰਾਂ ਨਾਲ ਹੀ ਸਬੰਧਤ ਹਨ। ਜਵਾਨੀ ਤੋਂ ਬਾਅਦ ਹੁਣ ਪੰਜਾਬ ਦੀ ਕਿਸਾਨੀ ਨੂੰ ਵੀ ਆਪਣਾ ਭਵਿੱਖ ਮਾੜਾ ਹੀ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਵਾਰ ਕਣਕ ਦੇ ਭਾਅ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਝੋਨੇ ਦੀ ਖਰੀਦ ਤੋਂ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਪੰਜਾਬ ਦੇ ਕਿਸਾਨ ਕੋਲ ਇਨ੍ਹਾਂ ਦੋ ਫਸਲਾਂ ਬੀਜਣ ਤੋਂ ਇਲਾਵਾ ਇਸ ਦਾ ਕੋਈ ਹੋਰ ਵਿਕਲਪ ਨਹੀਂ। ਡੀਜ਼ਲ, ਖਾਦਾਂ, ਕੀਟਨਾਸ਼ਕ ਖਰੀਦਣੇ ਪਹੁੰਚ ਤੋਂ ਬਾਹਰ ਹੋ ਰਹੇ ਹਨ। ਖਰਚੇ ਵਧ ਰਹੇ ਹਨ ਅਤੇ ਆਮਦਨ ਘਟ ਰਹੀ ਹੈ। ਹਰ ਸਾਲ ਕਰਜ਼ੇ ਦੀ ਪੰਡ ਦਾ ਬੋਝ ਵੱਧਦਾ ਜਾ ਰਿਹਾ ਹੈ। ਪੰਜਾਬ ਵਿਚ ਪੰਜ ਕਿਸਮ ਦੇ ਲੋਕ ਹੀ ਸੁਖਾਲੇ ਹਨ, ਲੀਡਰ, ਸਾਧ, ਅਫਸਰ, ਵਪਾਰੀ ਤੇ ਮੁਲਾਜਮ। ਬਾਕੀ ਮੱਧ ਵਰਗ ਨਾਲ ਸਬੰਧਤ ਲੋਕ ਤੋਰੀ ਵਾਂਗ ਅੱਧ ਵਿਚਕਾਰ ਲਟਕ ਰਹੇ ਹਨ ਅਤੇ ਚੰਗੇ ਦਿਨਾਂ ਦੀ ਆਸ ਰੱਖਦਿਆਂ ਨੇ ਆਜ਼ਾਦੀ ਦੇ 55 ਸਾਲ ਗੁਰਬਤ ਵਿਚ ਹੰਢਾਅ ਲਏ ਹਨ ਅਤੇ ਹੁਣ ਆਸ ਦੀ ਕਿਰਨ ਖ਼ਤਮ ਹੋ ਗਈ ਹੈ ਤੇ ਸਾਹਮਣੇ ਹਨੇਰਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕੈਨੇਡਾ, ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵਿਚ ਵੱਡੇ ਕਿਸਾਨ ਖੇਤੀ ਦੇ ਆਧਾਰ 'ਤੇ ਪੰਜਾਬ ਨੂੰ ਅਲਵਿਦਾ ਕਹਿ ਕੇ ਚਲੇ ਗਏ ਹਨ ਅਤੇ ਹੋਰ ਜਾ ਰਹੇ ਹਨ ਪਰ ਛੋਟੇ ਕਿਸਾਨ ਨੂੰ ਇਹ ਦੇਸ਼ ਵੀ ਮੌਕਾ ਨਹੀਂ ਦੇ ਰਹੇ। ਪਿਛਲੇ ਕੁਝ ਸਮੇਂ ਤੋਂ ਜੌਰਜੀਆ ਦੇਸ਼ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦੇਸ਼ ਵਿਚ ਆ ਕੇ ਖੇਤੀ ਕਰਨ ਅਤੇ ਜ਼ਮੀਨਾਂ ਖਰੀਦਣ ਦੀ ਖੁੱਲ੍ਹ ਦਿੱਤੀ ਹੈ ਅਤੇ ਘੱਟੋ-ਘੱਟ 5 ਲੱਖ 50 ਹਜ਼ਾਰ ਰੁਪਏ ਨਿਵੇਸ਼ ਕਰਨ ਦੀ ਸ਼ਰਤ ਰੱਖੀ ਹੈ। ਪਰ ਜਦੋਂ ਕੋਈ ਅਜਿਹਾ ਮੌਕਾ ਆਉਂਦਾ ਹੈ ਤਾਂ ਸਾਡੇ ਪੰਜਾਬ ਵਿਚ ਬੈਠੇ ਦਲਾਲ ਸਰਗਰਮ ਹੋ ਜਾਂਦੇ ਹਨ ਅਤੇ ਉੱਥੇ ਕੁਝ ਪੱਲੇ ਪਵੇ ਜਾਂ ਨਾ ਪਵੇ ਇਹ ਪਹਿਲਾਂ ਹੀ ਗਲਮੇ ਥਾਣੀ ਪਜਾਮਾ ਲਾਹ ਲੈਂਦੇ ਹਨ। ਇਨ੍ਹਾਂ ਏਜੰਟਾਂ ਵੱਲੋਂ ਵੱਖ-ਵੱਖ ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਕਿਸਾਨਾਂ ਨੂੰ ਜੌਰਜੀਆ ਦੇ ਸਬਜ਼ਬਾਗ ਵਿਖਾਏ ਜਾ ਰਹੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਜ਼ਮੀਨਾਂ ਦੇ ਭਾਅ ਬੜੇ ਸਸਤੇ ਹਨ, ਬਿਜਲੀ 24 ਘੰਟੇ ਹੈ, ਨਹਿਰੀ ਪਾਣੀ ਵਾਧੂ ਹੈ, ਜ਼ਮੀਨ ਬੜੀ ਵਧੀਆ ਹੈ ਆਦਿ। ਸਿਆਣਿਆਂ ਦਾ ਕਥਨ ਹੈ ਕਿ ਮਰਦਾ ਕੀ ਨਹੀਂ ਕਰਦਾ। ਏਜੰਟਾਂ ਦੀਆਂ ਗੱਲਾਂ ਵਿਚ ਆ ਕੇ ਪੰਜਾਬ ਦੇ ਕਿਸਾਨਾਂ ਨੇ ਜੌਰਜੀਆ ਵੱਲ ਵਹੀਰਾਂ ਘੱਤ ਲਈਆਂ ਹਨ ਅਤੇ ਰੋਜ਼ਾਨਾ ਹੀ ਸੈਂਕੜੇ ਕਿਸਾਨ ਏਜੰਟਾਂ ਨੂੰ 1 ਲੱਖ 50 ਹਜ਼ਾਰ ਫੀਸ ਦੇਣ ਤੋਂ ਇਲਾਵਾ 40-50 ਹਜ਼ਾਰ ਦੀ ਸਫਰ ਟਿਕਟ ਵੱਖਰੀ ਖਰੀਦ ਕੇ ਜੌਰਜੀਆ ਜਾ ਰਹੇ ਹਨ। ਅੱਗੇ ਇਨ੍ਹਾਂ ਦਲਾਲਾਂ ਦਾ ਜਾਲ ਵਿਛਾਇਆ ਹੋਇਆ ਹੈ ਅਤੇ ਇਹ ਖ਼ੁਦ ਹੀ ਜ਼ਮੀਨਾਂ ਦੇ ਸੌਦੇ ਕਰਵਾਉਂਦੇ ਹਨ ਅਤੇ ਘੱਟ ਭਾਅ ਵਾਲੀਆਂ ਜ਼ਮੀਨਾਂ ਵੱਧ ਭਾਅ 'ਤੇ ਦੇ ਕੇ 10-15 ਹਜ਼ਾਰ ਪ੍ਰਤੀ ਏਕੜ ਚੂਨਾ ਲਗਾ ਰਹੇ ਹਨ। ਇਹ ਦਲਾਲ ਉੱਥੋਂ ਦੀ ਪ੍ਰਤੀ ਏਕੜ ਖਰਚਾ ਕੱਢ ਕੇ 50 ਹਜ਼ਾਰ ਤੱਕ ਆਮਦਨ ਦੱਸਦੇ ਹਨ ਪਰ ਅਸਲੀਅਤ ਇਹ ਹੈ ਕਿ ਉੱਥੋਂ ਦੀ ਬਹੁਤੀ ਜ਼ਮੀਨ ਬੇ-ਆਬਾਦ ਹੈ। ਖੇਤਾਂ ਵਿਚ ਬਿਜਲੀ ਦਾ ਕੋਈ ਪ੍ਰਬੰਧ ਨਹੀਂ। ਇਸ ਦੇਸ਼ ਨੂੰ ਯੂਰਪੀਨ ਕੰਟਰੀ ਦੱਸਦੇ ਹਨ ਪਰ ਅਜੇ ਇਹ ਯੂਰਪ ਵਿਚ ਸ਼ਾਮਿਲ ਨਹੀਂ ਹੋਇਆ। ਦੇਸ਼ ਬਹੁਤ ਗਰੀਬ ਅਤੇ ਪਛੜਿਆ ਹੋਇਆ ਹੈ। ਬਹੁਤੇ ਰਸਤੇ ਕੱਚੇ ਹਨ। ਉੱਥੇ ਜਾ ਕੇ ਖੇਤੀ ਕਰਨ ਵਾਲੇ ਕਿਸਾਨ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤੀ ਦੇ ਸਾਰੇ ਸੰਦ ਆਪਣੇ ਦੇਸ਼ ਤੋਂ ਲੈ ਜਾਣੇ ਪੈਂਦੇ ਹਨ, ਜਿਸ 'ਤੇ 5-6 ਲੱਖ ਰੁਪਏ ਖਰਚ ਆਉਂਦੇ ਹਨ। ਕਿਸਾਨ ਦੀ ਕਿਸੇ ਫਸਲ ਦੀ ਸਰਕਾਰੀ ਖਰੀਦ ਨਹੀਂ ਹੈ, ਕੰਪਨੀਆਂ ਹੀ ਖਰੀਦਦੀਆਂ ਹਨ। ਖੇਤਾਂ ਵਿਚ ਆਰਜ਼ੀ ਬਣੇ ਘਰਾਂ ਵਿਚ ਰਹਿਣਾ ਪੈਂਦਾ ਹੈ। ਉਸ ਦੇਸ਼ ਦੀ ਮੁੱਖ ਭਾਸ਼ਾ ਜੌਰਜੀਅਨ ਹੈ ਜਿਸ ਕਰਕੇ ਪੜ੍ਹੇ-ਲਿਖੇ ਕਿਸਾਨਾਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਬਹੁਤ ਘੱਟ ਲੋਕ ਅੰਗਰੇਜ਼ੀ ਭਾਸ਼ਾ ਸਮਝਦੇ ਹਨ। ਉੱਥੇ ਵਧੇਰੇ ਲੋਕ ਕ੍ਰਿਸਚੀਅਨ ਹਨ ਅਤੇ ਅਮਨ ਪਸੰਦ ਹਨ। ਇਹ ਠੀਕ ਹੈ ਕਿ ਜੇ ਸਾਨੂੰ ਇਥੇ ਰੋਟੀ ਸੁਖਾਲੀ ਮਿਲੇ ਤਾਂ ਪ੍ਰਦੇਸ਼ ਜਾਣ ਦੀ ਕੀ ਜ਼ਰੂਰਤ ਹੈ। ਪਰ ਇਹ ਦੇਸ਼, ਇਹ ਸੂਬਾ ਅਸੀਂ ਗਲਤ ਲੋਕਾਂ ਦੇ ਹੱਥਾਂ ਵਿਚ ਦੇ ਦਿੱਤਾ ਹੈ ਅਤੇ ਅੱਜ ਅਸੀਂ ਇਸ ਗ਼ਲਤੀ ਦਾ ਖਮਿਆਜਾ ਭੁਗਤ ਰਹੇ ਹਾਂ। ਜੌਰਜੀਆ ਜਾਉ ਪਰ ਠੱਗਾਂ ਤੋਂ ਬਚ ਕੇ ਅਤੇ ਇਹ ਸੋਚ ਕੇ ਜਾਉ ਕਿ ਉੱਥੇ ਸਥਾਪਤ ਹੋਣ ਲਈ ਇਕ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਅਤੇ ਫਿਰ ਅਗਲਾ ਸਮਾਂ ਕਿਹੋ ਜਿਹਾ ਹੋਏਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਗੁਰਭੇਜ ਸਿੰਘ ਚੌਹਾਨ


Post by: Gursham Singh



Post Comment


ਗੁਰਸ਼ਾਮ ਸਿੰਘ ਚੀਮਾਂ