ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, October 19, 2012

ਕਮਾਦ ਦੀ ਸਫਲ ਕਾਸ਼ਤ ਕਿਵੇਂ ਕਰੀਏ?


ਕਣਕ-ਝੋਨੇ ਦੀ ਫ਼ਸਲ ਤੋਂ ਬਾਅਦ ਕਮਾਦ ਪੰਜਾਬ ਦੀ ਤੀਜੀ ਬਹੁਤ ਮਹੱਤਵਪੂਰਨ ਫ਼ਸਲ ਹੈ। ਸਾਲ 2009-10 ਦੌਰਾਨ ਗੰਨੇ ਹੇਠ ਰਕਬਾ ਪਿਛਲੇ ਸਾਲ 81000 ਹੈਕਟੇਅਰ ਦੇ ਮੁਕਾਬਲੇ ਕੇਵਲ 63000 ਹੈਕਟੇਅਰ ਰਹਿ ਗਿਆ ਸੀ ਜਿਸ ਕਾਰਨ ਸਾਰੀਆਂ ਖੰਡ ਮਿੱਲਾਂ ਕੇਵਲ 175000 ਟਨ ਗੰਨੇ ਦੀ ਪਿੜਾਈ ਕਰ ਸਕੀਆਂ ਸਨ ਜਦ ਕਿ ਸਾਲ 2008-09 ਦੌਰਾਨ 250000 ਟਨ ਗੰਨਾ ਪੀੜਿਆ ਗਿਆ ਸੀ। ਪੰਜਾਬ ਵਿਚ 1965-66 ਵਿਚ ਕੇਵਲ 6 ਖੰਡ ਮਿੱਲਾਂ ਸਨ ਜਿਨ੍ਹਾਂ ਦੀ ਰੋਜ਼ਾਨਾ ਗੰਨਾ ਪੀੜਨ ਦੀ ਸਮਰੱਥਾ 4950 ਟਨ ਸੀ। ਇਸ ਵਕਤ ਪੰਜਾਬ ਵਿਚ ਖੰਡ ਮਿੱਲਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ ਜਿਨ੍ਹਾਂ ਵਿਚੋਂ 7 ਨਿੱਜੀ ਅਤੇ 16 ਸਹਿਕਾਰੀ ਖੇਤਰ ਵਿਚ ਹਨ ਜਿਨ੍ਹਾਂ ਦੀ ਰੋਜ਼ਾਨਾ ਗੰਨਾ ਪੀੜਨ ਦੀ ਸਮਰੱਥਾ 57016 ਟਨ ਹੈ। ਸਹਿਕਾਰੀ ਖੇਤਰ ਦੀਆਂ 16 ਮਿੱਲਾਂ ਵਿਚੋਂ 7 ਮਿੱਲਾਂ ਗੰਨੇ ਅਤੇ ਯੋਜਨਾਬੰਦੀ ਦੀ ਘਾਟ ਕਾਰਨ 1995-96 ਤੋਂ ਬੰਦ ਪਈਆਂ ਹਨ। ਇਨ੍ਹਾਂ ਚਾਲੂ ਮਿੱਲਾਂ ਦੇ ਪੂਰਾ ਸੀਜ਼ਨ ਕਾਮਯਾਬੀ ਨਾਲ ਚੱਲਣ ਲਈ 2.30 ਲੱਖ ਹੈਕਟੇਅਰ ਰਕਬਾ ਚਾਹੀਦਾ ਹੈ ਜਦ ਕਿ ਇਸ ਵੇਲੇ ਗੰਨੇ ਦੀ ਫ਼ਸਲ ਹੇਠ ਕੇਵਲ 90000 ਹੈਕਟੇਅਰ ਰਕਬਾ ਹੈ, ਜਿਸ ਨੂੰ ਵਧਾਉਣ ਦੀ ਜ਼ਰੂਰਤ ਹੈ। ਪੰਜਾਬ ਵਿਚ ਖੰਡ ਦੀ ਵਸੂਲੀ ਵੀ ਕੇਵਲ 9.5 ਫ਼ੀਸਦੀ ਹੀ ਹੈ ਜਦ ਕਿ ਦੱਖਣੀ ਰਾਜਾਂ ਵਿਚ ਇਹ ਵਸੂਲੀ 12-13 ਫ਼ੀਸਦੀ ਹੈ ਜੋ ਕਿ ਖੰਡ ਉਦਯੋਗ ਦੇ ਘਾਟੇ ਦਾ ਮੁੱਖ ਕਾਰਨ ਹੈ। ਪੰਜਾਬ ਵਿਚ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਬਹੁਤੀ ਉਤਸ਼ਾਹ ਜਨਕ ਨਹੀਂ ਹੈ ਜਿਸ ਦੇ ਮੁੱਖ ਕਾਰਨਾਂ ਵਿਚ ਕਿਸਾਨਾਂ ਦੁਆਰਾ ਇਕ ਦੂਜੇ ਤੋਂ ਰੋਗ ਗ੍ਰਸਤ ਬੀਜ ਲੈ ਕੇ ਬੀਜਣਾ, ਤਸਦੀਕਸ਼ੁਦਾ ਰੋਗ ਰਹਿਤ ਬੀਜ ਦੀ ਘਾਟ, ਮਜ਼ਦੂਰਾਂ ਦੀ ਘਾਟ, ਪ੍ਰਤੀ ਹੈਕਟੇਅਰ ਵਧੇਰੇ ਮਾਤਰਾ ਵਿਚ ਬੀਜ ਦੀ ਵਰਤੋਂ (ਜੋ ਛੋਟੇ ਕਿਸਾਨਾਂ ਲਈ ਕਮਾਦ ਦੀ ਕਾਸ਼ਤ ਕਰਨ ਵਿਚ ਮੁੱਖ ਰੁਕਾਵਟ ਹੈ ),ਪਾਣੀ ਅਤੇ ਖਾਦਾਂ ਦੀ ਅੰਨੇਵਾਹ ਵਰਤੋਂ ਆਦਿ ਹਨ। ਸੋ, ਇਸ ਖੇਤਰ ਵਿਚ ਕਿਸਾਨਾਂ ਅਤੇ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਅਤੇ ਖੰਡ ਦੀ ਰਿਕਵਰੀ ਵਧਾਉਣੀ ਸਮੇਂ ਦੀ ਵੱਡੀ ਜ਼ਰੂਰਤ ਹੈ। ਇਸ ਦੇ ਨਾਲ ਹੀ ਆਧੁਨਿਕ ਤਕਨੀਕਾਂ ਅਪਣਾਕੇ ਖੇਤੀ ਲਾਗਤ ਖਰਚੇ ਘਟਾਉਣੇ,ਨਵੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਰੋਗ ਰਹਿਤ ਬੀਜ ਮੁਹੱਈਆ ਕਰਵਾਉਣਾ, ਕਿਸਾਨਾਂ ਅਤੇ ਖੰਡ ਮਿੱਲਾਂ ਦੇ ਹਿੱਤ ਨੂੰ ਮੁੱਖ ਰੱਖਦਿਆਂ ਪ੍ਰਤੀ ਹੈਕਟੇਅਰ ਬੀਜ ਦੀ ਬੱਚਤ ਕਰਨੀ ਆਦਿ ਕੁਝ ਅਜਿਹੇ ਪੱਖ ਹਨ ਜਿਨ੍ਹਾਂ ਨਾਲ ਨਾ ਕੇਵਲ ਪੈਦਾਵਾਰ ਵਿਚ ਹੀ ਵਾਧਾ ਹੋਵੇਗਾ ਸਗੋਂ ਵੱਡੀ ਮਾਤਰਾ ਵਿਚ ਗੰਨੇ ਦੀ ਬੱਚਤ ਵੀ ਹੋਵੇਗੀ ਜਿਸ ਨਾਲ ਵਧੇਰੇ ਮਾਤਰਾ ਵਿਚ ਖੰਡ ਤਿਆਰ ਕੀਤੀ ਜਾ ਸਕਦੀ ਹੈ। ਕਮਾਦ ਦੀ ਕਾਸ਼ਤ ਦੇ ਆਧੁਨਿਕ ਤਰੀਕੇ ਅਪਣਾ ਕੇ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ।

ਬਿਜਾਈ ਦਾ ਸਮਾਂ: ਕਮਾਦ ਦੀ ਬਿਜਾਈ 20ਸਤੰਬਰ ਤੋਂ 20 ਅਕਤੂਬਰ ਤੱਕ ਕੀਤੀ ਜਾ ਸਕਦੀ ਹੈ।

ਕਿਸਮਾਂ ਦੀ ਚੋਣ: ਇਸ ਮੌਸਮ ਦੌਰਾਨ ਸੀ. ਓ. ਜੇ. 85, ਸੀ. ਓ. ਜੇ 64 ਅਤੇ ਸੀ. ਓ. ਜੇ. 83 ਦੀ ਬਿਜਾਈ ਕਰਨੀ ਚਾਹੀਦੀ ਹੈ।

ਬੀਜ ਦੀ ਮਾਤਰਾ ਅਤੇ ਸੋਧ : ਕਿਸੇ ਵੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਪੂਰੀ ਮਾਤਰਾ ਅਤੇ ਸਿਹਤਮੰਦ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਤਿੰਨ ਅੱਖਾਂ ਵਾਲੇ 20000 ਬਰੋਟੇ ,ਚਾਰ ਅੱਖਾਂ ਵਾਲੇ 15000 ਅਤੇ 5 ਅੱਖਾਂ ਵਾਲੇ 12000 ਬਰੋਟੇ ਵਰਤਣੇ ਚਾਹੀਦੇ ਹਨ। ਚੋਣ ਕੀਤੇ ਬਰੋਟਿਆਂ ਨੂੰ ਉੱਲੀਨਾਸ਼ਕ ਅਤੇ ਕੀਟ ਨਾਸ਼ਕ ਜ਼ਹਿਰਾਂ ਨਾਲ ਸੋਧ ਲੈਣਾ ਚਾਹੀਦਾ ਹੈ। 250 ਗ੍ਰਾਮ ਐਮੀਸਾਨ6 ਜਾਂ ਬੈਗਾਲੋਲ ਜਾਂ ਟਿਲਟ ਨੂੰ 100 ਲਿਟਰ ਪਾਣੀ ਵਿਚ ਘੋਲ ਬਣਾ ਲੈਣਾ ਚਾਹੀਦਾ ਹੈ। ਇਸ ਘੋਲ ਵਿਚ ਤਿਆਰ ਕੀਤੇ ਬੀਜ ਨੂੰ ਡੁਬੋ ਕੇ ਤੁਰੰਤ ਬਾਹਰ ਕੱਢ ਲੈਣਾ ਚਾਹੀਦਾ ਹੈ। ਸਿਉਂਕ ਦੀ ਰੋਕਥਾਮ ਲਈ ਕਮਾਦ ਦੀ ਬਿਜਾਈ ਤੋਂ ਬਾਅਦ ਪਰ ਬਰੋਟਿਆਂ ਨੂੰ ਮਿੱਟੀ ਨਾਲ ਢੱਕਣ ਤੋਂ ਪਹਿਲਾਂ 2 ਲਿਟਰ ਕਲੋਰੋਪਾਈਰੀਫਾਸ 500 ਲਿਟਰ ਪਾਣੀ ਵਿਚ ਘੋਲ ਕੇ ਫੁਹਾਰੇ ਨਾਲ ਖਾਲੀਆਂ ਵਿਚ ਪਾਉਣੀ ਚਾਹੀਦੀ ਹੈ।

ਬਿਜਾਈ ਦਾ ਤਰੀਕਾ: ਲਾਈਨ ਤੋਂ ਲਾਈਨ ਦਾ ਫਾਸਲਾ 90 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਕਮਾਦ ਦੀ ਬਿਜਾਈ ਟਰੈਂਚ ਵਿਧੀ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ 30 ਸੈਂਟੀਮੀਟਰ ਚੌੜੀ ਅਤੇ 20ਤੋਂ 25 ਸੈਂਟੀਮੀਟਰ ਡੂੰਘੀ ਖਾਲੀ ਵਿਚ ਗੰਨੇ ਦੀਆਂ ਦੋ ਲਾਈਨਾਂ ਦੀ ਬਿਜਾਈ ਕੀਤੀ ਜਾਂਦੀ ਹੈ। ਦੋ ਖਾਲੀਆਂ ਵਿਚ ਫਾਸਲਾ 90 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਇਸ ਤਰੀਕੇ ਕੀਤੀ ਬਿਜਾਈ ਨਾਲ ਫ਼ਸਲ ਨੂੰ ਸਿੰਚਾਈ ਲਈ ਜਿਥੇ ਪਾਣੀ ਦੀ ਘੱਟ ਜ਼ਰੂਰਤ ਪੈਂਦੀ ਉਥੇ ਫ਼ਸਲ ਦੀ ਬੰਨ੍ਹਾਈ ਸੌਖੀ ਹੋਣ ਕਾਰਨ ਫ਼ਸਲ ਡਿੱਗਦੀ ਵੀ ਨਹੀਂ ਜਿਸ ਕਾਰਨ ਪੈਦਾਵਾਰ ਵੀ ਵਧੇਰੇ ਮਿਲਦੀ ਹੈ।

ਖਾਦਾਂ ਦੀ ਵਰਤੋਂ: 195 ਕਿਲੋ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਰਾਹੀਂ ਬਿਜਾਈ ਸਮੇਂ, ਅਖੀਰ ਮਾਰਚ ਅਤੇ ਅਖੀਰ ਅਪ੍ਰੈਲ ਵਿਚ ਪਾਉਣੀ ਚਾਹੀਦੀ ਹੈ। ਡੀ. ਏ. ਪੀ. ਅਤੇ ਪੋਟਾਸ਼ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ: ਜੇਕਰ ਫ਼ਸਲ ਵਿਚ ਕਣਕ ਦੀ ਅੰਤਰ ਫ਼ਸਲ ਬੀਜੀ ਹੈ ਤਾਂ ਬਿਜਾਈ ਤੋਂ 30-40 ਦਿਨਾਂ ਬਾਅਦ 500 ਗਰਾਮ ਆਈਸੋਪ੍ਰੋਟੂਰਾਨ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਜੇਕਰ ਗੋਭੀ ਸਰੋਂ ਦੀ ਕਾਸਤ ਕੀਤੀ ਹੈ ਤਾਂ ਬਿਜਾਈ ਤੋਂ 25 -30 ਦਿਨਾਂ ਬਾਅਦ 400 ਗ੍ਰਾਮ ਆਈਸੋਪ੍ਰੋਟੂਰਾਨ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਮਸ਼ੀਨ ਨਾਲ ਗੰਨੇ ਵਿਚੋਂ ਅੱਖਾਂ ਇਸ ਤਰਾਂ ਕੱਢੀਆਂ ਜਾਂਦੀਆਂ ਹਨ ਜਿਸ ਨਾਲ ਗੰਨਾ ਸਾਬਤ ਰਹਿੰਦਾ ਹੈ ਜਿਸ ਤੋਂ ਰਸ ਕੱਢ ਕੇ ਗੁੜ ਬਣਾਇਆ ਜਾਂ ਖੰਡ ਮਿੱਲ ਨੂੰ ਜਾਂ ਗੰਨੇ ਦਾ ਰਸ ਵੇਚਣ ਵਾਲਿਆਂ ਨੂੰ ਵੇਚਿਆ ਜਾ ਸਕਦਾ ਹੈ।


ਇਸ ਤੋਂ ਇਲਾਵਾ ਕਮਾਦ ਦੀ ਕਾਸ਼ਤ ਦੀੇ ਸਸਟੇਨਏਬਲ ਸ਼ੂਗਰਕੈਨ ਇਨੀਸ਼ੀਏਟਿਵ (ਐਸ. ਐਸ. ਆਈ.) ਤਰੀਕੇ ਨਾਲ ਵੀ ਕੀਤੀ ਜਾ ਸਕਦੀ ਹੈ। ਇਹ ਇਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਨਾ ਕੇਵਲ ਪ੍ਰਤੀ ਹੈਕਟੇਅਰ ਪੈਦਾਵਾਰ ਵਿਚ ਹੀ ਵਾਧਾ ਕੀਤਾ ਜਾ ਸਕਦਾ ਹੈ ਸਗੋਂ ਖੇਤੀ ਲਾਗਤ ਖਰਚੇ ਘਟਾਉਣ ਦੇ ਨਾਲ ਨਾਲ ਬੀਜ ਦੇ ਤੌਰ 'ਤੇ ਵਰਤੇ ਜਾਂਦੇ ਗੰਨੇ ਦੀ ਬੱਚਤ ਕਰਕੇ ਉਪਰੋਕਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ ਕਿਉਂਕਿ ਇਸ ਤਕਨੀਕ ਨਾਲ ਘੱਟ ਬੀਜ, ਪਾਣੀ,ਖਾਦਾਂ, ਕੀੜੇ ਜ਼ਹਿਰਾਂ ਦੀ ਵਰਤੋਂ ਕਰਕੇ ਪ੍ਰਤੀ ਹੈਕਟੇਅਰ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ। ਬੀਜ ਪ੍ਰਤੀ ਏਕੜ 50-70 ਕਿਲੋ ਪੈਣ ਕਾਰਨ ਛੋਟੇ ਕਿਸਾਨਾਂ ਨੂੰ ਗੰਨੇ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਇਸ ਤਰੀਕੇ ਨਾਲ ਬਿਜਾਈ ਕੀਤੇ ਕਮਾਦ ਦੀ ਫ਼ਸਲ ਵਿਚ ਅੰਤਰ ਫਸਲ਼ਾਂ ਬੀਜ ਕੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ, ਇਹ ਤਕਨੀਕ ਬਾਸਮਤੀ ਦੀ ਕਟਾਈ ਤੋਂ ਬਾਅਦ ਕਮਾਦ ਦੀ ਬਿਜਾਈ ਕਰਨ ਲਈ ਬਹੁਤ ਹੀ ਢੁਕਵੀਂ ਹੈ।

ਮੁਢਲੇ ਸਿਧਾਂਤ: ਸਿਰਫ ਗੰਨੇ ਦੀਆਂ ਅੱਖਾਂ ਤੋਂ ਪਨੀਰੀ ਤਿਆਰ ਕਰਨੀ, 25-35 ਦਿਨ ਦੀ ਪਨੀਰੀ ਖੇਤ ਵਿਚ ਲਗਾਉਣੀਆਂ, 4×2 ਫੁੱਟ ਦੇ ਫਾਸਲੇ ਉੱਤੇ ਪਨੀਰੀ ਲਗਾਉਣੀ, ਜ਼ਿਆਦਾ ਪਾਣੀ ਲਾਉਣ ਦੀ ਥਾਂ ਖਾਲੀਆਂ ਵਿਚ ਪਾਣੀ ਲਗਾ ਕੇ ਖੇਤ ਵਿਚ ਸਿਰਫ ਸਿੱਲ ਕਾਇਮ ਰੱਖਣੀ,ਜੈਵਿਕ ਖਾਦਾਂ ਅਤੇ ਕੀਟ ਨਾਸ਼ਕਾਂ ਨੂੰ ਉਤਸ਼ਾਹਿਤ ਕਰਨਾ, ਜ਼ਮੀਨ ਦੀ ਸਾਰਥਕ ਵਰਤੋਂ ਲਈ ਅੰਤਰ ਫ਼ਸਲਾਂ ਬੀਜਣੀਆਂ।

ਪਨੀਰੀ ਤਿਆਰ ਕਰਨੀ: ਕਿਸੇ ਵੀ ਸਿਫਾਰਸ਼-ਸ਼ੁਦਾ ਕਿਸਮ ਦੇ ਤਕਰੀਬਨ 5-7 ਕੁਇੰਟਲ ਰੋਗ ਰਹਿਤ ਗੰਨੇ ਜਿਨ੍ਹਾਂ ਦੀਆਂ ਪੋਰੀਆਂ ਲੰਮੀਆਂ ਹੋਣ ਲੈ ਕੇ ਇਕ ਖਾਸ ਕਿਸਮ ਦੀ ਮਸ਼ੀਨ ਬੱਡ ਚਿੱਪਰ ਨਾਲ ਸਿਰਫ ਅੱਖਾਂ ਗੰਨਿਆਂ ਨਾਲੋਂ ਅਲੱਗ ਕਰ ਲਈਆਂ ਜਾਂਦੀਆਂ ਹਨ ਇਕ ਹੈਕਟੈਅਰ ਲਈ ਲੋੜੀਂਦੀਆਂ 13750 ਅੱਖਾਂ ਦਾ ਭਾਰ ਤਕਰੀਬਨ 150 ਤੋਂ 200 ਕਿਲੋ ਹੁੰਦਾ ਹੈ। 10 ਮਹੀਨੇ ਦੀ ਉਮਰ ਵਾਲੀ ਕਮਾਦ ਦੀ ਫ਼ਸਲ ਵਿਚੋਂ ਔਸਤਨ 10-12 ਅੱਖਾਂ ਵਾਲੇ 450-500 ਤੰਦਰੁਸਤ ਗੰਨਿਆਂ ਤੋਂ ਇਕ ਏਕੜ ਲਈ ਅੱਖਾਂ ਨਿਕਲ ਆਉਂਦੀਆਂ ਹਨ। ਮਸ਼ੀਨ ਨਾਲ ਗੰਨੇ ਵਿਚੋਂ ਅੱਖਾਂ ਇਸ ਤਰਾਂ ਕੱਢੀਆਂ ਜਾਂਦੀਆਂ ਹਨ ਜਿਸ ਨਾਲ ਗੰਨਾ ਸਾਬਤ ਰਹਿੰਦਾ ਹੈ ਜਿਸ ਤੋਂ ਰਸ ਕੱਢ ਕੇ ਗੁੜ ਬਣਾਇਆ ਜਾਂ ਖੰਡ ਮਿੱਲ ਨੂੰ ਜਾਂ ਗੰਨੇ ਦਾ ਰਸ ਵੇਚਣ ਵਾਲਿਆਂ ਨੂੰ ਵੇਚਿਆ ਜਾ ਸਕਦਾ ਹੈ। ਅਲੱਗ ਕੀਤੀਆਂ ਇਨ੍ਹਾਂ ਅੱਖਾਂ ਨੂੰ ਉਲੀਨਾਸ਼ਕ ਅਤੇ ਕੀਟਨਾਸ਼ਕ ਜ਼ਹਿਰਾਂ ਨਾਲ ਸੋਧ ਲਿਆ ਜਾਂਦਾ ਹੈ। ਅੱਖਾਂ ਨੂੰ ਸੋਧਣ ਤੋਂ ਬਾਅਦ ਸੇਬਿਆਂ ਵਾਲੀਆਂ ਬੋਰੀਆਂ ਵਿਚ ਤਕਰੀਬਨ 20 ਕਿਲੋ ਪ੍ਰਤੀ ਬੋਰੀ ਅੱਖਾਂ ਭਰ ਕੇ ਤੂੜੀ ਜਾਂ ਪਰਾਲੀ ਹੇਠ ਪੱਧਰਾ ਦਬਾ ਦਿੱਤਾ ਜਾਂਦਾ ਹੈ, ਜਿਸ ਨਾਲ 3-5 ਦਿਨਾਂ ਵਿਚ ਤੰਦਰੁਸਤ ਸਾਰੀਆਂ ਅੱਖਾਂ ਉੱਗ ਪੈਣਗੀਆਂ ਅਤੇ ਜੋ ਨਾ ਉਗਣਯੋਗ ਹੋਣਗੀਆਂ ਉਨਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ। 60 ਕਿਲੋ ਲੱਕੜ ਦਾ ਬਰੀਕ ਬੂਰਾ,20 ਕਿਲੋ ਨਾਰੀਅਲ ਦਾ ਬੂਰਾ ਅਤੇ 20 ਕਿਲੋ ਗੰਡੋਇਆਂ ਦੀ ਖਾਦ ਦਾ ਮਿਸ਼ਰਣ ਬਣਾ ਏਨਾ ਕੁ ਪਾਣੀ ਪਾਇਆ ਜਾਂਦਾ ਹੈ ਕਿ ਹੱਥ ਵਿਚ ਘੁੱਟਣ ਨਾਲ ਲੱਡੂ ਦੀ ਤਰਾਂ ਮਿਸ਼ਰਣ ਇਕੱਠਾ ਹੋ ਜਾਵੇ। ਪਲਾਸਟਿਕ ਦੀਆਂ 50 ਖਾਨਿਆਂ ਵਾਲੀਆਂ ਟ੍ਰੇਆਂ ਵਿਚ ਇਸ ਮਿਸ਼ਰਣ ਨੂੰ ਹਰੇਕ ਖਾਨੇ ਵਿਚ ਅੱਧਾ ਭਰ ਕੇ ਉੱਗੀਆਂ ਅੱਖਾਂ ਨੂੰ ਰੱਖ ਕੇ ਦੁਬਾਰਾ ਉਪਰੋਕਤ ਮਿਸ਼ਰਣ ਨਾਲ ਪੂਰੀ ਤਰਾਂ ਅੱਖਾਂ ਨੂੰ ਢੱਕ ਦਿੱਤਾ ਜਾਂਦਾ ਹੈ। ਇਕ ਹੈਕਟੇਅਰ ਲਈ 300 ਟ੍ਰੇਆਂ ਲੈਣੀਆਂ ਹਨ। ਇਨ੍ਹਾਂ ਟ੍ਰੇਆਂ ਨੂੰ ਸਾਢੇ ਚਾਰ ਮਰਲੇ ਜਗਾ 'ਤੇ ਛਾਂਦਾਰ ਜਾਲੀ ਨਾਲ ਬਣਾਏ ਸ਼ੈੱਡ ਵਿਚ ਰੱਖ ਕੇ ਟਿਕਾ ਦਿੱਤਾ ਜਾਂਦਾ ਹੈ। ਟ੍ਰੇਆਂ ਨੂੰ ਟਿਕਾਉਣ ਤੋਂ ਬਾਅਦ ਪਹਿਲੀ ਵਾਰ ਫੁਹਾਰੇ ਨਾਲ ਪਾਣੀ ਲਾਇਆ ਜਾਂਦਾ ਹੈ। ਇਸ ਤੋਂ ਬਾਅਦ ਲੋੜ ਅਨੁਸਾਰ ਖੁੱਲਾ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਇਹ ਖਿਆਲ ਰੱਖਿਆ ਜਾਵੇ ਕਿ ਤਿਆਰ ਹੋ ਰਹੀ ਪਨੀਰੀ ਨੂੰ ਸੋਕਾ ਨਾ ਲੱਗੇ। ਜਾਲੀਦਾਰ ਛਾਂ ਵਾਲੇ ਸ਼ੈਡਾਂ ਵਿਚ ਬੂਟਿਆਂ ਦਾ ਵਾਧਾ ਜਲਦੀ ਅਤੇ ਇਕਸਾਰ ਹੁੰਦਾ ਹੈ। 25-35 ਦਿਨਾਂ ਵਿਚ ਪਨੀਰੀ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਵੇਗੀ। ਇਸ ਤਰਾਂ ਤਿਆਰ ਕੀਤੀ ਪਨੀਰੀ ਝੋਨਾ ਅਤੇ ਕਣਕ ਦੀ ਕਟਾਈ ਤੋਂ ਬਾਅਦ ਵੀ ਖੇਤ ਵਿਚ ਲਗਾਈ ਜਾ ਸਕਦੀ ਹੈ ਜਿਸ ਨਾਲ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ ਜਦ ਕਿ ਆਮ ਕਰਕੇ ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬੀਜੇ ਕਮਾਦ ਦੀ ਬਿਜਾਈ ਪਿਛੇਤੀ ਹੋਣ ਕਾਰਨ ਪੈਦਾਵਾਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਨੀਰੀ ਤਿਆਰ ਕਰਨ ਲਈ ਲੋੜੀਂਦਾ ਸਮਾਨ ਜਿਵੇਂ ਪਲਾਸਟਿਕ ਦੀਆਂ ਟ੍ਰੇਆਂ, ਛਾਂ ਵਾਲੀ ਜਾਲੀ, ਅੱਖਾਂ ਕੱਢਣ ਵਾਲੀ ਮਸ਼ੀਨ ਅਤੇ ਨਾਰੀਅਲ ਦਾ ਬੂਰਾ ਇਕੋ ਵਾਰ ਹੀ ਖ੍ਰੀਦਣ ਦੀ ਜਰੂਰਤ ਪੈਂਦੀ ਹੈ ਜੋ ਬਚਾਏ ਹੋਏ ਬੀਜ ਦੀ ਆਮਦਨ ਨਾਲ ਖ੍ਰੀਦਿਆ ਜਾ ਸਕਦਾ ਹੈ।

ਪਨੀਰੀ ਦੀ ਖੇਤ ਵਿਚ ਲਵਾਈ : ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਗੈਰ ਨਾੜ ਅਤੇ ਪਰਾਲੀ ਨੂੰ ਅੱਗ ਲਾਇਆਂ ਖੇਤ ਨੂੰ ਚੰਗੀ ਤਰਾਂ ਤਿਆਰ ਕਰਕੇ 4 ਫੁੱਟ ਦੀ ਦੂਰੀ 'ਤੇ ਆਲੂ ਬੀਜਣ ਵਾਲੇ ਰਿਜਰ ਦਾ ਵਿਚਲਾ ਫਾਲਾ ਕੱਢ ਕੇ ਉੱਤਰ-ਦੱਖਣ ਦਿਸ਼ਾ ਵਿਚ ਖਾਲੀਆਂ ਬਣਾ ਕੇ 125 ਕਿਲੋ ਪ੍ਰਤੀ ਹੇਕਟੇਅਰ ਡਾਇਆ ਖਾਦ ਪਾ ਦਿੱਤੀ ਜਾਂਦੀ ਹੈ। 2 ਟਰਾਲੀਆਂ ਦੇਸੀ ਰੂੜੀ ਇਨ੍ਹਾਂ ਬਣਾਈਆਂ ਖਾਲੀਆਂ ਵਿਚ ਪਾ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪਾਣੀ ਪੂਰੇ ਖੇਤ ਵਿਚ ਨਾਂਅ ਲੱਗਣ ਕਾਰਨ ਪਾਣੀ ਦੀ ਕਾਫੀ ਬੱਚਤ ਹੋ ਜਾਂਦੀ ਹੈ। ਪਾਣੀ ਲੱਗੀਆਂ ਖਾਲ਼ੀਆਂ ਵਿਚ ਤਿਆਰ ਕਮਾਦ ਦੇ ਪੌਦੇ 2 ਫੁੱਟ ਦੀ ਦੂਰੀ 'ਤੇ ਲਗਾਏ ਜਾਂਦੇ ਹਨ। ਖਾਲੀਆਂ ਵਿਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਗਾ ਦੇਣਾ ਚਾਹੀਦਾ ਹੈ। ਖਾਲ਼ੀਆਂ ਵਿਚਕਾਰ ਬਚੀ ਜ਼ਮੀਨ ਤੇ ਮੌਸਮ ਅਨੁਸਾਰ ਆਲੂ, ਲਸਣ, ਪਿਆਜ, ਛੋਲੇ, ਮਸਰ, ਭਿੰਡੀ ਤੋਰੀ, ਵੇਲਾਂ ਵਾਲੀਆਂ ਸਬਜ਼ੀਆਂ, ਮੂੰਗੀ, ਮਾਂਹ, ਮੂਲੀਆਂ ਆਦਿ ਫ਼ਸਲਾ ਬੀਜ ਕੇ ਵਾਧੂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੇ। ਪਨੀਰੀ ਦੇ ਕੁਝ ਬੂਟੇ ਬਚਾ ਕੇ ਰੱਖ ਲੈਣੇ ਚਾਹੀਦੇ ਹਨ ਤਾਂ ਜੋ ਬੂਟਿਆਂ ਦੇ ਮਰਨ ਕਾਰਨ ਵਿੱਥਾਂ 'ਚ ਇਹ ਬਚਾਏ ਬੂਟੇ ਲਗਾਕੇ ਵਿੱਥਾਂ ਨੂੰ ਪੂਰਿਆ ਜਾ ਸਕੇ। ਸਰਦੀ ਵਿਚ ਕਮਾਦ ਨੂੰ ਕੋਰੇ ਤੋਂ ਬਚਾਉਣ ਲਈ ਸਮੇਂ -ਸਮੇਂ 'ਤੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਫ਼ਸਲ ਦੇ ਇਕਸਾਰ ਵਾਧੇ ਲਈ 4-5 ਸ਼ਾਖਾਵਾਂ ਨਿਕਲਣ ਪਿੱਛੋਂ ਪਹਿਲੀ ਮੁੱਖ ਸ਼ਾਖਾ ਨੂੰ ਕੱਟ ਦੇਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜ਼ਿਆਦਾ ਗੰਨੇ ਪ੍ਰਤੀ ਪੌਦਾ ਪੈਦਾ ਹੋਣਗੇ।

ਜੇਕਰ ਕਿਸਾਨਾਂ ਨੂੰ ਉਪਰੋਕਤ ਤਕਨੀਕ ਨਾਲ ਬੀਜ ਪੈਦਾ ਕਰਨ ਲਈ ਪ੍ਰੇਰਤ ਕੀਤਾ ਜਾਵੇ ਤਾਂ ਖੇਤੀ ਲਾਗਤ ਖਰਚੇ ਵੀ ਘਟਾਏ ਜਾ ਸਕਦੇ ਹਨ ਤੇ ਰੋਗ ਰਹਿਤ ਬੀਜ ਵੀ ਪੈਦਾ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਪੰਜਾਬ ਦੀ ਪ੍ਰਤੀ ਏਕੜ ਉਤਪਾਦਿਕਤਾ ਹੀ ਨਹੀਂ ਵਧੇਗੀ ਸਗੋਂ ਪੈਦਾਵਾਰ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ।

ਡਾ: ਅਮਰੀਕ ਸਿੰਘ
-ਐਮ. ਐਸ. ਸੀ. (ਗੰਨਾ ਤਕਨੀਕ) ਖੇਤੀਬਾੜੀ ਵਿਕਾਸ ਅਫਸਰ (ਸਿਖਲਾਈ), ਗੁਰਦਾਸਪੁਰ।
ਮੋਬਾਈਲ : 94630-71919

Post by: Gursham Singh Chema




Post Comment


ਗੁਰਸ਼ਾਮ ਸਿੰਘ ਚੀਮਾਂ