ਤੋਰੀਆ ਪੰਜਾਬ ਦੀ ਤੇਲ ਬੀਜ ਦੀ ਮੁੱਖ ਫਸਲ ਹੈ। ਤੋਰੀਏ ਦੀ ਫਸਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਵੀ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਤੋਰੀਏ ਦੀ ਫਸਲ ਹੀ ਸ਼ਹਿਦ ਦੀਆਂ ਮੱਖੀਆਂ ਲਈ ਬਰਸਾਤਾਂ ਤੋਂ ਬਾਅਦ ਸ਼ਹਿਦ ਦਾ ਇੱਕ ਪ੍ਰਮੁੱਖ ਸਰੋਤ ਹੈ। ਤੋਰੀਏ ਦੇ ਸ਼ਹਿਦ ਵਿੱਚ ਗਲੂਕੋਜ਼ ਦੀ ਮਾਤਰਾ ਵਧੇਰੇ ਹੋਣ ਕਾਰਨ ਸਰਦੀਆਂ ਵਿੱਚ ਸ਼ਹਿਦ ਜਲਦੀ ਜੰਮ ਜਾਂਦਾ ਹੈ। ਤੋਰੀਆ ਪ੍ਰਪਰਾਗਣ ਫਸਲ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ਇਸ ਦਾ ਝਾੜ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਅਗੇਤੇ ਝੋਨੇ ਅਤੇ ਸਾਉਣੀ ਦੇ ਚਾਰੇ ਦੀ ਕਟਾਈ ਤੋਂ ਬਾਅਦ ਤੋਰੀਏ ਦੀ ਵਾਧੂ ਫਸਲ ਲੈ ਕੇ ਕਣਕ ਦੀ ਕਾਸ਼ਤ ਵੀ ਸਫਲਤਾ ਨਾਲ ਕੀਤੀ ਜਾ ਸਕਦੀ ਹੈ। ਤੋਰੀਆ ਆਮ ਕਰਕੇ ਚੰਗੇ ਜਲ ਨਿਕਾਸ ਵਾਲੀਆਂ ਹਲਕੀਆਂ ਮੈਰਾ ਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਵਧੀਆ ਹੁੰਦਾ ਹੈ।
ਕਿਸਮਾਂ ਦੀ ਚੋਣ: ਪੀ.ਬੀ.ਟੀ.37 ਕਿਸਮ 91 ਦਿਨਾਂ ਵਿੱਚ ਪੱਕ ਜਾਣ ਕਾਰਨ ਤੋਰੀਆ-ਕਣਕ ਦੇ ਫਸਲੀ ਚੱਕਰ ਲਈ ਬਹੁਤ ਹੀ ਢੁਕਵੀਂ ਹੈ। ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7% ਹੁੰਦੀ ਹੈ। ਇਸ ਤੋਂ ਇਲਾਵਾ ਟੀ.ਐਲ. 15 ਕਿਸਮ 88 ਦਿਨਾਂ ਵਿੱਚ ਪੱਕ ਜਾਣ ਕਾਰਨ ਤੋਰੀਆ-ਕਣਕ ਦੇ ਫਸਲੀ ਚੱਕਰ ਲਈ ਬਹੁਤ ਹੀ ਢੁਕਵੀਂ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41% ਹੁੰਦੀ ਹੈ।
ਬਿਜਾਈ ਦਾ ਸਮਾਂ : ਜੇਕਰ ਤੋਰੀਏ ਦੀ ਨਿਰੋਲ ਫਸਲ ਬੀਜਣੀ ਹੋਵੇ ਤਾਂ ਬਿਜਾਈ ਲਈ ਸਤੰਬਰ ਮਹੀਨੇ ਦਾ ਪਹਿਲਾ ਪੰਦਰਵਾੜਾ ਬਹੁਤ ਹੀ ਢੁਕਵਾਂ ਹੈ ਅਤੇ ਜੇਕਰ ਤੋਰੀਏ ਦੀ ਗੋਭੀ-ਸਰ੍ਹੋਂ ਨਾਲ ਰਲਵੀਂ ਫਸਲ ਬੀਜਣੀ ਹੋਵੇ ਤਾਂ ਅੱਧ ਸਤੰਬਰ ਵਿੱਚ ਕਾਸ਼ਤ ਕਰਨੀ ਚਾਹੀਦੀ ਹੈ।
ਖੇਤ ਦੀ ਤਿਆਰੀ : ਤੋਰੀਏ ਦੇ ਚੰਗੇ ਜੰਮ ਲਈ ਖੇਤ ਦਾ ਤਰ ਵੱਤਰ ਹੋਣਾ ਬਹੁਤ ਜ਼ਰੂਰੀ ਹੈ, ਪਰ ਬਹੁਤ ਜ਼ਿਆਦਾ ਵੱਤਰ ਵੀ ਤੋਰੀਏ ਦੇ ਜੰਮ ਲਈ ਚੰਗਾ ਨਹੀਂ ਹੁੰਦਾ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਜੇਕਰ ਤੋਰੀਏ ਦੀ ਨਿਰੋਲ ਬਿਜਾਈ ਕਰਨੀ ਹੋਵੇ ਤਾਂ 1.5 ਕਿਲੋ ਬੀਜ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਬਿਜਾਈ ਡਰਿੱਲ ਜਾਂ ਪੋਰੇ ਨਾਲ 30 ਸੈ. ਮੀ. ਵਿੱਥ ਦੀਆਂ ਲਾਈਨਾਂ ਵਿੱਚ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਬੂਟੇ ਤੋਂ ਬੂਟੇ ਦਾ ਫਾਸਲਾ 10 ਤੋਂ 15 ਸੈਂਟੀਮੀਟਰ ਰੱਖੋ।
ਖਾਦਾਂ ਦੀ ਵਰਤੋਂ: ਜੇਕਰ ਤੋਰੀਆ ਅਤੇ ਗੋਭੀ-ਸਰ੍ਹੋਂ ਦੀ ਰਲਵੀਂ ਫਸਲ ਸਤੰਬਰ ਦੇ ਅੱਧ ਤੱਕ ਬੀਜਣੀ ਹੋਵੇ ਤਾਂ 125 ਕਿਲੋ ਨਾਈਟਰੋਜਨ ਅਤੇ 75 ਕਿਲੋ ਸੁਪਰਫਾਸਫੇਟ ਪਾਓ। ਬਿਜਾਈ ਸਮੇਂ 50 ਕਿਲੋ ਯੂਰੀਆ ਅਤੇ ਸਾਰੀ ਫਾਸਫੋਰਸ ਡਰਿੱਲ ਕਰੋ, ਬਾਕੀ ਦੀ 75 ਕਿਲੋ ਯੂਰੀਆ ਤੋਰੀਆ ਵੱਢ ਕੇ ਸਿੰਚਾਈ ਨਾਲ ਪਾਓ। ਫਾਸਫੋਰਸ ਤੱਤ ਦੀ ਪ੍ਰਾਪਤੀ ਲਈ ਇਕ ਹਰੀ ਸੁਪਰ ਫਾਸਫੇਟ ਖਾਦ ਨੂੰ ਪਹਿਲ ਦਿਓ। ਜੇਕਰ ਇਹ ਖਾਦ ਨਾ ਮਿਲੇ ਤਾਂ 50 ਕਿਲੋ ਜਿਪਸਮ ਪ੍ਰਤੀ ਏਕੜ ਪਾਓ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਯੂਰੀਆ ਅਤੇ ਸੁਪਰਫਾਸਫੇਟ ਖਾਦ ਬਿਜਾਈ ਸਮੇਂ ਪਾ ਦਿਓ।
ਤੋਰੀਆ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫਸਲ ਦੀ ਬਿਜਾਈ: ਵਧੇਰੇ ਪੈਦਾਵਾਰ ਲੈਣ ਲਈ ਤੋਰੀਆ ਅਤੇ ਗੋਭੀ ਸਰੋ੍ਹਂ ਦੀ ਰਲਵੀਂ ਫਸਲ ਬੀਜੀ ਜਾ ਸਕਦੀ ਹੈ। ਇਨ੍ਹਾਂ ਦੀ ਬਿਜਾਈ ਸਤੰਬਰ ਦੇ ਅੱਧ ਵਿੱਚ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ (ਇੱਕ ਕਤਾਰ ਤੋਰੀਆ ਅਤੇ ਦੂਜੀ ਗੋਭੀ ਸਰ੍ਹੋਂ) ਵਿੱਚ ਕੀਤੀ ਜਾ ਸਕਦੀ ਹੈ ਜਾਂ ਤੋਰੀਏ ਦਾ ਛੱਟਾ ਦੇ ਕੇ ਗੋਭੀ-ਸਰ੍ਹੋਂ ਨੂੰ 45 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਬੀਜੋ। ਦੋਹਾਂ ਫਸਲਾਂ ਲਈ ਇੱਕ-ਇੱਕ ਕਿਲੋ ਬੀਜ ਦੀ ਵਰਤੋਂ ਕਰੋ। ਇਸ ਤਰ੍ਹਾਂ ਕੀਤੀ ਬਿਜਾਈ ਨਾਲ ਤੋਰੀਆ ਦਸੰਬਰ ਦੇ ਅੱਧ ਵਿੱਚ ਵੱਢ ਲਿਆ ਜਾਂਦਾ ਹੈ ਅਤੇ ਗੋਭੀ-ਸਰ੍ਹੋਂ ਅਖੀਰ ਮਾਰਚ ਤੱਕ ਖੇਤ ਵਿੱਚ ਰਹਿੰਦੀ ਹੈ। ਰਲਵੀਂ ਫਸਲ ਦਾ ਝਾੜ 12 ਕੁਇੰਟਲ (4 ਕੁਇੰਟਲ ਤੋਰੀਆ ਅਤੇ 8 ਕੁਇੰਟਲ ਗੋਭੀ-ਸਰੋ੍ਹਂ) ਨਿਕਲ ਆਉਂਦਾ ਹੈ।
ਸਿੰਚਾਈ: ਤੋਰੀਏ ਦੀ ਬਿਜਾਈ ਭਰਵੀਂ ਰੌਣੀ ਬਾਅਦ ਕਰੋ ਅਤੇ ਜ਼ਰੂਰਤ ਅਨੁਸਾਰ ਫੁੱਲ ਪੈਣ ਸਮੇਂ ਇੱਕ ਸਿੰਚਾਈ ਕੀਤੀ ਜਾ ਸਕਦੀ ਹੈ। ਜੇਕਰ ਉਪਰੋਕਤ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਤੋਰੀਏ ਦੀ ਕਾਸ਼ਤ ਕੀਤੀ ਜਾਵੇ ਤਾਂ ਨਿਸ਼ਚਤ ਤੌਰ ’ਤੇ ਵਧੇਰੇ ਪੈਦਾਵਾਰ ਲੈ ਕੇ ਕਿਸਾਨ ਵੀਰ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
*ਡਾ. ਅਮਰੀਕ ਸਿੰਘ
ਮੋਬਾਈਲ: 94630-71919
ਪੋਸਟ ਕਰਤਾ :- ਗੁਰਸ਼ਾਮ ਸਿੰਘ ਚੀਮਾਂ