ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 23, 2012

ਪੁਕਾਰ ਇਕ ਕਿਸਾਨ ਦੀ


ਮੈਂ ਕਿਸਾਨ ਬੋਲਦਾ ਹਾਂ। ਦੇਸ਼ ਦੀ ਰੀੜ੍ਹ ਦੀ ਹੱਡੀ ਕਹਿੰਦੇ ਨੇ ਮੈਨੂੰ। ਕਹਿਣ ਵਾਲਿਆਂ ਨੂੰ ਕੀ ਪਤਾ ਅਸੀਂ ਦਿਨ-ਕੱਟੀ ਕਰਦੇ ਹਾਂ, ਨਾ ਕਿ ਜ਼ਿੰਦਗੀ ਜਿਉਂਦੇ ਹਾਂ। ਬੱਖੀਆਂ 'ਕੱਠੀਆਂ ਹੋਗੀਆਂ, ਧੌਣ ਆਕੜਗੀ, ਲੱਕ ਸੁੱਕ ਗਏ ਪਰ ਕਦੇ ਸੁੱਖ ਨਾ ਮਿਲਿਆ। ਆਖਰ ਇਹੀ ਜੂਨ ਹੰਢਾਉਣ ਆਇਆ ਸੀ ਮੈਂ ਇਸ ਧਰਤੀ 'ਤੇ? ਵੱਟਾਂ 'ਤੇ ਜਵਾਨੀ ਰੁਲ ਗਈ, ਮੰਜੇ 'ਤੇ ਬੁਢਾਪਾ। 'ਮਿਹਨਤ ਸਫਲਤਾ ਦੀ ਕੁੰਜੀ' ਵਾਲਾ ਅਖਾਣ ਵੀ ਮੇਰੇ 'ਤੇ ਲਾਗੂ ਨ੍ਹੀਂ ਹੁੰਦਾ। ਮੇਰੇ ਮੋਢਿਆਂ 'ਤੇ 1 ਅਰਬ 21 ਕਰੋੜ ਲੋਕਾਂ ਦੇ ਢਿੱਡਾਂ ਦੀ ਜ਼ਿੰਮੇਵਾਰੀ ਹੈ। ਜੇ ਮੈਂ ਇਕ ਸਾਲ ਵੀ ਫ਼ਸਲ ਨਾ ਉਗਾਵਾਂ ਤਾਂ ਸਾਰੇ ਭੁੱਖੇ ਮਰਨਗੇ। ਏਨਾ ਹੀ ਨਹੀਂ, ਦੇਸ਼ ਦੇ 50 ਕਰੋੜ ਪਸ਼ੂਆਂ ਦੇ ਢਿੱਡਾਂ ਦਾ ਵੀ ਫਿਕਰ ਏ ਮੈਨੂੰ। ਉਦਯੋਗ ਜਗਤ ਨੂੰ ਕੱਚਾ ਮਾਲ ਵੀ ਤਾਂ ਮੈਂ ਹੀ ਦਿੰਦਾ ਹਾਂ ਪਰ ਆਪਣੇ ਢਿੱਡ ਦਾ ਕੀ ਕਰਾਂ? ਹਰ ਰੋਜ਼ ਇਹੀ ਹਾਲ ਹੈ ਕਿ ਮੁੜ੍ਹਕੇ 'ਚ ਭਿੱਜਿਆ ਇਕੋ-ਇਕ ਕੁੜਤਾ-ਪਜ਼ਾਮਾ ਮੈਂ ਸਾਲ ਭਰ ਹੰਢਾਅ ਲੈਂਦਾ ਹਾਂ। ਮੇਰੀ ਘਰ ਵਾਲੀ ਨੇ ਕਈ ਵਾਰ ਕਿਹਾ ਕਿ ਮੈਨੂੰ ਨਵਾਂ ਸੂਟ ਲਿਆ ਦੇ, ਪਰ ਕੀ ਕਰਾਂ। ਆਏ ਸਾਲ ਫ਼ਸਲਾਂ ਦਾ ਹਿਸਾਬ ਜਦੋਂ ਹੁੰਦਾ ਹੈ ਤਾਂ ਪਤਾ ਚਲਦਾ ਹੈ ਕਿ ਅਜੇ ਤਾਂ ਬਾਕੀ ਖੜ੍ਹਾ ਹੈ ਆੜ੍ਹਤੀਏ ਦਾ। ਮੇਰੇ ਜਵਾਕ ਬਸ ਦੂਜਿਆਂ ਦੇ ਮੂੰਹਾਂ ਵੱਲ ਦੇਖਦੇ ਹੀ ਰਹਿ ਜਾਂਦੇ ਨੇ। ਕੀ ਕਰਨ ਉਹ? ਜੇ ਹਕੂਮਤਾਂ ਨੂੰ ਪੋਹ ਦੀ ਰੁੱਤੇ ਹੱਡਾਂ ਨੂੰ ਚੀਰਦੀਆਂ ਰਾਤਾਂ ਦਾ ਅਹਿਸਾਸ ਹੋ ਜਾਂਦਾ ਤਾਂ ਮੇਰੇ ਵੱਲੋਂ ਪੈਦਾ ਕੀਤਾ ਅਨਾਜ ਅੱਜ ਖੁੱਲ੍ਹੇ ਅਸਮਾਨਾਂ ਹੇਠ ਨਾ ਸੜਦਾ। ਜਦੋਂ ਆਪਣੇ ਹੱਡ ਖੋਰ ਕੇ ਪੈਦਾ ਕੀਤੇ ਅਨਾਜ ਨੂੰ ਸੜਦਾ ਵੇਖਦਾ ਹਾਂ ਤਾਂ ਅੱਖਾਂ 'ਚ ਖ਼ੂਨ ਦੇ ਹੰਝੂ ਵਹਿ ਤੁਰਦੇ ਨੇ। ਮੇਰੀ ਮਿੱਟੀ ਨਾਲ ਮਿੱਟੀ ਹੋ ਕੇ ਕੀਤੀ ਮਿਹਨਤ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ 1951 ਵਿਚ ਸਿਰਫ 52 ਮਿਲੀਅਨ ਟਨ ਅਨਾਜ ਪੈਦਾ ਹੁੰਦਾ ਸੀ ਤੇ ਅੱਜ 255 ਮਿਲੀਅਨ ਟਨ ਤੱਕ ਪਹੁੰਚ ਗਿਆ। ਸਰਕਾਰਾਂ ਤੋਂ ਸਾਂਭਿਆ ਨ੍ਹੀਂ ਜਾਂਦਾ ਪਰ ਇਸ ਅਨਾਜ ਨੂੰ ਪੈਦਾ ਕਰਨ ਦੇ ਬਦਲੇ ਮੈਨੂੰ ਕੀ ਮਿਲਿਆ? ਸਿਰਫ ਖੁਦਕੁਸ਼ੀਆਂ, ਪਰਿਵਾਰਾਂ 'ਚ ਚੀਕ-ਚਿਹਾੜਾ, ਕਰਜ਼ਿਆਂ ਦਾ ਭਾਰ, ਬਿਮਾਰੀਆਂ, ਹੋਰ ਪਤਾ ਨ੍ਹੀਂ ਕੀ ਕੁਝ! ਕੁਦਰਤ ਦੀ ਮਾਰ ਵੀ ਆਖਰ ਮੇਰੇ 'ਤੇ, ਹਕੂਮਤ ਵੀ ਮੇਰੀ ਦੁਸ਼ਮਣ ਤੇ ਵਿਚੋਲਗੀ ਕਰਨ ਵਾਲੇ ਵੀ ਮੇਰੇ ਵੈਰੀ ਬਣ ਗਏ।

ਵਤਨ ਦੇ 41 ਫ਼ੀਸਦੀ ਮੇਰੇ ਭਰਾ ਖੇਤੀ ਛੱਡਣ ਲਈ ਤਿਆਰ ਬੈਠੇ ਨੇ। 1981 ਤੋਂ 2001 ਤੱਕ ਮੇਰੇ 84 ਲੱਖ ਭਰਾਵਾਂ ਨੇ ਫਾਹਾ ਲੈ ਲਿਆ। ਮੇਰੀ ਸਮੱਸਿਆ ਦਾ ਹੱਲ ਦਿੱਲੀ ਵਿਚ ਏ. ਸੀ. ਕਮਰੇ ਵਿਚ ਬੈਠ ਕੇ ਨਹੀਂ ਹੋ ਸਕਦਾ। ਮੇਰੀ ਸਮੱਸਿਆ ਦਾ ਹੱਲ ਮੇਰੇ ਖੇਤਾਂ ਵਿਚ ਆ ਕੇ ਕਰੋ। ਮੇਰਾ ਪਰਿਵਾਰ ਵੀ ਸਨਮਾਨ ਨਾਲ ਜਿਊਣ ਦਾ ਹੱਕਦਾਰ ਹੈ। ਮੇਰੇ ਜਵਾਕ ਵੀ ਚੰਗੀ ਵਿੱਦਿਆ ਲੈ ਕੇ ਅੱਗੇ ਵਧਣ ਦੀ ਇੱਛਾ ਰੱਖਦੇ ਨੇ। ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਕਿਰਪਾ ਕਰਕੇ ਮੇਰੇ ਬਾਰੇ ਜ਼ਰੂਰ ਸੋਚਣਾ ਜੇ!

ਗੁਰਪ੍ਰੀਤ ਸਿੰਘ ਝੇਰਿਆਂ ਵਾਲੀ
-ਮੋਬਾ: 75893-92589

ਪੋਸਟ ਕਰਤਾ: ਗੁਰਸ਼ਾਮ ਸਿੰਘ 



Post Comment


ਗੁਰਸ਼ਾਮ ਸਿੰਘ ਚੀਮਾਂ