ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, October 17, 2012

ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ


20 ਅਕਤੂਬਰ ਨੂੰ ਬਰਸੀ 'ਤੇ ਵਿਸ਼ੇਸ਼

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦੇ ਹੱਥੀਂ ਪ੍ਰਵਾਨ ਚੜ੍ਹੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ-ਇਤਿਹਾਸ ਵਿਚ ਮਾਣ ਪ੍ਰਾਪਤ ਹੋਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ ਦਸ ਸਾਲ ਬਾਅਦ ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਸ: ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈ: ਵਿਚ ਹੋਇਆ। ਸ: ਜੱਸਾ ਸਿੰਘ ਅਜੇ ਪੰਜ ਸਾਲ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਸਿੱਖ ਧਰਮ ਅਤੇ ਗੁਰੂ-ਘਰ ਨਾਲ ਜੁੜੀ ਧਰਮੀ ਮਾਂ ਨੇ ਆਪਣੇ ਸਕੇ ਭਾਈ ਸ: ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਸ: ਜੱਸਾ ਸਿੰਘ ਨੂੰ ਬਚਪਨ ਵਿਚ ਹੀ ਦਿੱਲੀ ਵਿਖੇ ਮਾਤਾ ਸੁੰਦਰੀ ਦੀ ਸੇਵਾ ਵਿਚ ਭੇਜ ਦਿੱਤਾ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸ: ਜੱਸਾ ਸਿੰਘ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਮਾਤਾ ਸੁੰਦਰੀ ਨੇ ਪੁੱਤਰਾਂ ਵਾਂਗ ਹੀ ਕੀਤਾ। ਉਸ ਸਮੇਂ ਦੀ ਦੁਨਿਆਵੀ ਸਿੱਖਿਆ ਅਰਬੀ-ਫਾਰਸੀ ਅਤੇ ਸ਼ਸਤਰ ਚਲਾਉਣ ਦੀ ਮੁਹਾਰਤ ਸ: ਜੱਸਾ ਸਿੰਘ ਨੇ ਮਾਤਾ ਜੀ ਦੀ ਅਗਵਾਈ ਵਿਚ ਪ੍ਰਾਪਤ ਕੀਤੀ। ਇਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿਖੇ ਬਿਤਾਇਆ। ਇਸ ਦੌਰਾਨ ਸ: ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਸ: ਜੱਸਾ ਸਿੰਘ ਦੇ ਕਰਮਯੋਗੀ ਅਤੇ ਧਰਮੀ ਜੀਵਨ ਨੂੰ ਭਾਂਪਦਿਆਂ ਭਵਿੱਖ ਵਿਚ ਸਿੱਖ ਜਗਤ ਦੀ ਯੋਗ ਅਗਵਾਈ ਕਰਨ ਲਈ ਇਸ ਮਹਾਨ ਸਿਦਕੀ ਸਿੱਖ ਯੋਧੇ ਨੂੰ ਇਕ ਕਿਰਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੋਬ ਬਖਸ਼ਿਸ਼ ਵਜੋਂ ਦੇ ਕੇ ਨਿਵਾਜਿਆ। ਜਦੋਂ ਸ: ਜੱਸਾ ਸਿੰਘ ਪੰਜਾਬ ਵਾਪਸ ਪੁੱਜੇ, ਆਉਂਦਿਆਂ ਹੀ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਦੇ ਜਥੇ ਵਿਚ ਸ਼ਾਮਿਲ ਹੋ ਗਏ।

ਆਪਣੀ ਦਲੇਰੀ, ਆਪਣੇ ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਨਵਾਬ ਕਪੂਰ ਸਿੰਘ ਵਰਗੇ ਜਰਨੈਲ ਦੀ ਨੇੜਤਾ ਹਾਸਲ ਕਰ ਲਈ। ਨਵਾਬ ਕਪੂਰ ਸਿੰਘ ਨੇ ਵੀ ਇਨ੍ਹਾਂ ਨੂੰ ਪੁੱਤਰਾਂ ਵਾਂਗ ਪਾਲਿਆ। 1748 ਈ: ਵਿਚ ਨਵਾਬ ਕਪੂਰ ਸਿੰਘ ਦੀ ਸਿੱਖ ਸੈਨਾ ਦੇ ਬਹਾਦਰ ਸੂਰਬੀਰਾਂ ਨਾਲ ਮਿਲ ਕੇ ਸ: ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਦੇ ਵੱਡੇ ਲਸ਼ਕਰ ਨੂੰ ਨੂਰ ਦੀ ਸਰਾਂ ਅਤੇ ਵੈਰੋਵਾਲ ਦੇ ਨੇੜੇ ਘੇਰ ਕੇ ਗੁਰੀਲੇ ਢੰਗ ਦੇ ਹਮਲੇ ਕਰਕੇ ਭਾਜੜਾਂ ਪਾ ਦਿੱਤੀਆਂ। ਅੰਮ੍ਰਿਤਸਰ ਦੇ ਮੁਗਲ ਹਾਕਮ ਸਲਾਬਤ ਖਾਨ ਨੂੰ ਹਰਾ ਕੇ ਵੱਖ-ਵੱਖ ਜਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸੇ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖਾਲਸੇ ਦੇ ਜੁੜੇ ਇਕੱਠ ਵਿਚ ਸਿੱਖਾਂ ਦੇ 65 ਜਥਿਆਂ ਨੂੰ ਇਕੱਠੇ ਕਰਕੇ 11 ਮਿਸਲਾਂ ਵਿਚ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵੰਡ ਕੇ 'ਦਲ ਖਾਲਸਾ' ਦੀ ਸਥਾਪਨਾ ਕੀਤੀ। ਦਲ ਖਾਲਸਾ ਦੇ ਪਹਿਲੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। 7 ਅਕਤੂਬਰ 1753 ਈ: ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਸ: ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਦੇ ਸ਼੍ਰੋਮਣੀ ਜਰਨੈਲ ਬਣੇ। ਸ਼੍ਰੋਮਣੀ ਜਰਨੈਲ ਬਣਨ ਤੋਂ ਇਕ ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੀ ਮੌਤ ਤੋਂ ਪਿੱਛੋਂ ਇਨ੍ਹਾਂ ਮੱਧ ਪੰਜਾਬ ਵਿਚ ਪੂਰਾ ਦਬਦਬਾ ਕਾਇਮ ਕਰ ਲਿਆ। ਪਰਜਾ ਤੋਂ ਟੈਕਸ ਵਸੂਲੀ ਸ਼ੁਰੂ ਕਰ ਦਿੱਤੀ। ਇਸ ਲਗਾਨ ਵਿਚ ਪਰਜਾ ਦੀ ਰੱਖਿਆ ਲਈ ਟੈਕਸ ਅਤੇ ਨਜ਼ਰਾਨਾ ਸ਼ਾਮਿਲ ਸਨ।

ਸ: ਜੱਸਾ ਸਿੰਘ ਆਹਲੂਵਾਲੀਆ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਕੌਮ ਦੀ ਆਰਥਿਕ ਦਸ਼ਾ ਵਿਚ ਸੁਧਾਰ ਹੋਇਆ। 1757 ਈ: ਵਿਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਲਾਹੌਰ ਦੇ ਸੂਬੇਦਾਰ ਤੈਮੂਰ ਦੀ ਫੌਜ ਉੱਤੇ ਹਮਲਾ ਕਰਕੇ ਕਰਤਾਰਪੁਰ ਤੋਂ ਲੁੱਟ ਦਾ ਸਾਮਾਨ ਲੈ ਕੇ ਜਾਂਦੇ ਨੂੰ ਘੇਰ ਕੇ ਸਾਰਾ ਕੀਮਤੀ ਸਾਮਾਨ ਤੇ ਧਨ-ਦੌਲਤ ਖੋਹ ਲਿਆ ਜਦੋਂ ਦੁਰਾਨੀ ਹਿੰਦੁਸਤਾਨ 'ਤੇ ਪੰਜਵਾਂ ਹਮਲਾ ਕਰਕੇ 1761 ਈ: ਵਿਚ ਮਰਹੱਟਿਆਂ ਨੂੰ ਹਰਾ ਕੇ ਵਾਪਸ ਅੰਮ੍ਰਿਤਸਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਦੁਰਾਨੀਆਂ ਦੀ ਫੌਜ ਉੱਪਰ ਸ: ਜੱਸਾ ਸਿੰਘ ਨੇ ਭਾਰੀ ਸਿੱਖ ਲਸ਼ਕਰ ਨਾਲ ਹਮਲਾ ਕਰਕੇ 2200 ਜਵਾਨ ਲੜਕੀਆਂ ਅਤੇ ਔਰਤਾਂ ਜੋ ਉਹ ਹਿੰਦੁਸਤਾਨ ਤੋਂ ਲਿਜਾ ਰਿਹਾ ਸੀ, ਨੂੰ ਛੁਡਵਾ ਕੇ ਘਰੋ-ਘਰ ਪਹੁੰਚਾਇਆ। 1761 ਈ: ਵਿਚ ਹੀ ਸ਼ੁਕਰਚਕੀਆ, ਕਨ੍ਹਈਆ ਅਤੇ ਭੰਗੀ ਮਿਸਲਾਂ ਦੇ ਸਿੱਖ ਸੂਰਬੀਰਾਂ ਨੂੰ ਲੈ ਕੇ ਲਾਹੌਰ ਦੇ ਅਫ਼ਗਾਨ ਸੂਬੇਦਾਰ ਖਵਾਜ਼ਾ ਉਬੇਦ ਖਾਨ ਨੂੰ ਗੁਜਰਾਂਵਾਲੇ ਨੇੜੇ ਲੱਕ-ਤੋੜਵੀਂ ਹਾਰ ਦੇ ਕੇ ਲਾਹੌਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਨੇ 'ਸੁਲਤਾਨੁਲ ਕੌਮ' ਦੇ ਰੁਤਬੇ ਦਾ ਐਲਾਨ ਕੀਤਾ ਅਤੇ ਖਾਲਸੇ ਦਾ ਸਿੱਕਾ ਚਲਾਇਆ।

ਜਦੋਂ ਦੁਰਾਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ 1762 ਈ: ਵਿਚ ਵੱਡੀ ਫੌਜੀ ਤਾਕਤ ਨਾਲ ਹਿੰਦੁਸਤਾਨ 'ਤੇ ਮੁੜ ਹਮਲਾ ਕੀਤਾ। ਉਸ ਸਮੇਂ ਦਲ ਖਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਾਲੇਰਕੋਟਲਾ ਦੇ ਨੇੜੇ 'ਕੁੱਪ ਰੋਹੀੜਾ' ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫੌਜੀ ਤਾਕਤ ਨਾਲ ਲਾਹੌਰ ਤੋਂ ਲਗਭਗ 36 ਘੰਟਿਆਂ ਵਿਚ ਢਾਈ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਸਿੱਖਾਂ ਉੱਤੇ ਹਮਲਾ ਕੀਤਾ। ਆਪਣੇ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਜਾਨ ਹੂਲ ਕੇ ਲੜੇ ਤੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲਈ ਜਾ ਰਹੇ ਸਨ। ਦੁਰਾਨੀ ਨੇ ਇਸ ਹਮਲੇ ਦੌਰਾਨ 20,000 ਦੇ ਲਗਭਗ ਸਿੱਖ ਸੈਨਿਕ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ-ਇਤਿਹਾਸ ਵਿਚ 'ਵੱਡੇ ਘੱਲੂਘਾਰੇ' ਵਜੋਂ ਯਾਦ ਕੀਤਾ ਜਾਂਦਾ ਹੈ। ਅੱਜਕਲ੍ਹ ਇਸ ਅਸਥਾਨ 'ਤੇ ਵੱਡੇ ਘੱਲੂਘਾਰੇ ਦੀ ਯਾਦਗਾਰ ਦੀ ਉਸਾਰੀ ਹੋ ਰਹੀ ਹੈ। ਇਤਿਹਾਸ ਮੁਤਾਬਿਕ ਇਸ ਲੜਾਈ ਦੌਰਾਨ ਸ: ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ। ਇਸ ਤੋਂ ਪਿੱਛੋਂ ਦੁਰਾਨੀ (ਅਹਿਮਦ ਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਸ: ਜੱਸਾ ਸਿੰਘ ਨੇ ਸਿਆਣਪ ਅਤੇ ਸੈਨਿਕ ਜਰਨੈਲ ਵਜੋਂ 'ਦਲ ਖਾਲਸਾ' ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ਈ: ਵਿਚ ਸਰਹਿੰਦ ਉੱਤੇ ਹਮਲਾ ਕਰਕੇ ਅਫਗਾਨ ਫੌਜਦਾਰ ਜ਼ੈਨ ਖਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋਨਾਬੂਦ ਕਰ ਦਿੱਤਾ।

ਹੁਣ ਸ: ਜੱਸਾ ਸਿੰਘ ਦੀ ਅਗਵਾਈ ਵਿਚ ਦਲ ਖਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਸਖਤ ਹਮਲੇ ਕਰਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਜਦੋਂ ਮੁੜ ਦੁਰਾਨੀ 1765 ਈ: ਵਿਚ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ, ਉਦੋਂ ਉਹ ਸਿੱਖ ਸ਼ਕਤੀ ਤੋਂ ਘਬਰਾਉਂਦਾ ਸੀ, ਉਸ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਮਹਾਨ ਜਰਨੈਲ ਸ: ਜੱਸਾ ਸਿੰਘ ਨੇ ਉਸ ਦੀ ਇਸ ਸਲਾਹ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ। ਸ: ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਹਿ ਕਰਕੇ 1774 ਈ: ਵਿਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1779 ਈ: ਵਿਚ ਦਿੱਲੀ ਦੇ ਸੂਬੇਦਾਰ ਅਬਦੁਲ ਅਹਿਮਦ ਖਾਨ ਨੇ ਪਟਿਆਲਾ ਦੇ ਰਾਜੇ ਸ: ਅਮਰ ਸਿੰਘ ਉੱਤੇ ਹਮਲਾ ਕੀਤਾ ਤਾਂ ਸ: ਜੱਸਾ ਸਿੰਘ ਸਿੱਖ ਸੈਨਾ ਸਮੇਤ ਸ: ਅਮਰ ਸਿੰਘ ਦੀ ਸਹਾਇਤਾ ਲਈ ਗਿਆ। ਮੁਗਲ ਫੌਜਾਂ ਨੂੰ ਪਟਿਆਲੇ ਤੋਂ ਵਾਪਸ ਭੇਜ ਕੇ 7 ਲੱਖ ਹਰਜਾਨੇ ਵਜੋਂ ਪ੍ਰਾਪਤ ਕੀਤੇ। 18ਵੀਂ ਸਦੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕਿਸੇ ਸਿੱਖ ਜਰਨੈਲ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਕੀਤਾ ਜਾਂਦਾ ਹੈ ਤਾਂ ਉਹ ਮਾਣ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਜਾਂਦਾ ਹੈ। ਸ: ਜੱਸਾ ਸਿੰਘ ਜਿਥੇ ਮਹਾਨ ਯੋਧੇ ਸਨ, ਉਥੇ ਉਸ ਸਮੇਂ ਦੀਆਂ ਧਰਮੀ ਸ਼ਖ਼ਸੀਅਤਾਂ ਵਿਚੋਂ ਵੀ ਉਨ੍ਹਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਪੰਜ ਪਿਆਰਿਆਂ ਵਿਚ ਸ: ਜੱਸਾ ਸਿੰਘ ਅੰਮ੍ਰਿਤ ਛਕਾਉਣ ਲਈ ਜਾਂਦੇ ਸਨ ਤਾਂ ਖੰਡੇ ਦੀ ਪਾਹੁਲ ਲੈਣ ਵਾਲੇ ਵਹੀਰਾਂ ਘੱਤ ਕੇ ਜਾਂਦੇ ਸਨ। ਪਟਿਆਲਾ ਦੇ ਰਾਜਾ ਸ: ਅਮਰ ਸਿੰਘ ਨੇ ਸ: ਜੱਸਾ ਸਿੰਘ ਦੀ ਅਗਵਾਈ ਵਿਚ ਖੰਡੇ ਦੀ ਪਾਹੁਲ ਲਈ ਸੀ। ਇਹ ਮਹਾਨ ਜਰਨੈਲ 1783 ਈ: ਵਿਚ 20 ਅਕਤੂਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਸ: ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿਚ 18 ਤੋਂ 20 ਅਕਤੂਬਰ ਤੱਕ ਮਹਾਨ ਗੁਰਮਤਿ ਸਮਾਗਮ ਬੁਰਜ ਅਕਾਲੀ ਫੂਲਾ ਸਿੰਘ, ਅੰਮ੍ਰਿਤਸਰ ਵਿਖੇ ਹੋ ਰਿਹਾ ਹੈ। ਸਿੱਖ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਅਤੇ ਕੁਰਬਾਨੀ ਸਦਕਾ ਉਸ ਸਮੇਂ ਦੇ ਮੁਖੀ ਸਿੱਖਾਂ ਨੇ ਸ: ਜੱਸਾ ਸਿੰਘ ਦੀ ਸਮਾਧ ਬਾਬਾ ਅਟੱਲ ਰਾਇ ਦੇ ਸਥਾਨ ਦੇ ਬਿਲਕੁਲ ਨੇੜੇ ਅੰਮ੍ਰਿਤਸਰ ਵਿਖੇ ਬਣਵਾਈ।

ਭਗਵਾਨ ਸਿੰਘ ਜੌਹਲ
-ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ, ਜਲੰਧਰ-144101. ਮੋਬਾ: 98143-24040

ਪੋਸਟ ਕਰਤਾ: ਗੁਰਸ਼ਾਮ ਸਿੰਘ 


Post Comment


ਗੁਰਸ਼ਾਮ ਸਿੰਘ ਚੀਮਾਂ