ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Saturday, October 6, 2012

ਮੌਤ ਦਾ ਸਿਰਨਾਵਾਂ ਹੈਰੋਇਨ


ਹੈਰੋਇਨ, ‘ਲਾਲ ਪਰੀ’ ਤੋਂ ਵੀ ਜ਼ਿਆਦਾ ਨਸ਼ੀਲੀ, ਫ਼ਿਲਮੀ ਹੀਰੋਇਨ ਵਾਂਗ ਖਿੱਚ ਪਾਉਣ ਵਾਲੀ, ਜ਼ਿੰਦਗੀ ਨੂੰ ਧੂੰਏਂ ਵਾਂਗ ਉਡਾ ਦੇਣ ਵਾਲੀ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਖੋਰਾ ਲਾਉਣ ਵਾਲੀ ਚੀਜ਼ ਹੈ। ਇਸ ਨਸ਼ੇ ਬਾਰੇ ਯੂਨਾਈਟਡ ਨੇਸ਼ਨਜ਼ ਨੇ 2011 ਤੱਕ ਕੀਤੀ ਜਾ ਚੁੱਕੀ ਖੋਜ ਰਾਹੀਂ ਖੁਲਾਸਾ ਕੀਤਾ ਹੈ ਕਿ ਕਦੇ ਹੈਰੋਇਨ ਵਾਸਤੇ ਸਿਰਫ਼ ਲਾਂਘਾ ਸਮਝਿਆ ਜਾਂਦਾ ਭਾਰਤ ਇਸ ਵੇਲੇ ਦੁਨੀਆਂ ਭਰ ਵਿੱਚੋਂ ਇਸ ਦਾ ਸਭ ਤੋਂ ਵੱਡਾ ਖਪਤਕਾਰ ਬਣ ਚੁੱਕਿਆ ਹੈ। ਦੱਖਣੀ ਏਸ਼ੀਆ ਵਿੱਚ ਬਣਾਈ ਜਾ ਰਹੀ ਹਰ 40 ਟਨ ਹੈਰੋਇਨ ਵਿੱਚੋਂ 17 ਟਨ ਭਾਰਤ ਵਿੱਚ ਹਜ਼ਮ ਕੀਤੀ ਜਾ ਰਹੀ ਹੈ। ਇੱਥੇ ਇਸ ਦਾ ਕਾਰੋਬਾਰ 1.4 ਅਰਬ ਡਾਲਰ ਨੂੰ ਵੀ ਪਾਰ ਕਰ ਚੁੱਕਿਆ ਹੈ।
ਜਿਵੇਂ ਕਿਹਾ ਜਾਂਦਾ ਹੈ ਕਿ ਸਫ਼ਰ ਭਾਵੇਂ ਦਸ ਹਜ਼ਾਰ ਮੀਲ ਦਾ ਹੋਵੇ ਜਾਂ ਦਸ ਮੀਲ ਦਾ ਉਸ ਵਾਸਤੇ ਪੁੱਟਿਆ ਪਹਿਲਾ ਕਦਮ ਬਹੁਤ ਮਾਅਨੇ ਰੱਖਦਾ ਹੈ। ਉਸੇ ਤਰ੍ਹਾਂ ਪੱਕੇ ਤੌਰ ’ਤੇ ਨਸ਼ੇ ਦਾ ਆਦੀ ਬਣਨ ਲਈ ਵੀ ਪਹਿਲੀ ਵਾਰ ਸ਼ੌਕ-ਸ਼ੌਕ ਵਿੱਚ ਇਸ ਦਾ ਸੁਆਦ ਚੱਖਣਾ ਬਹੁਤ ਮਾਅਨੇ ਰੱਖਦਾ ਹੈ।
ਇਸੇ ਸ਼ੌਕ ਕਾਰਨ ਭਾਰਤ ਲਾਂਘਾ ਬਣਦਾ-ਬਣਦਾ ਨਸ਼ਾ ਸੇਵਨ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਬਹੁਤੀ ਦੂਰ ਜਾਣ ਦੀ ਲੋੜ ਨਹੀਂ ਹੈ। ਕੋਈ ਪੰਜਾਬ ਬਾਰੇ ਜਾਣਨਾ ਚਾਹੇ ਤਾਂ ਇਕੱਲੇ ਪਟਿਆਲੇ ਵਿੱਚ ਝਾਤ ਮਾਰਨ ’ਤੇ ਹੀ ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਨੂੰ ਅਸਲ ਹਾਲਤ ਸਮਝ ਆ ਜਾਵੇਗੀ। ਜਨਵਰੀ ਤੋਂ ਜੂਨ 2012 ਤੱਕ ਪੁਲੀਸ ਵੱਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਵਿੱਚ 133 ਕਿਲੋ ਅਫ਼ੀਮ, 8802 ਕਿਲੋ ਡੋਡੇ, ਚਾਰ ਕਿਲੋ ਸਮੈਕ, 18 ਕਿਲੋ ਸੁਲਫਾ, ਚਾਰ ਕਿਲੋ ਚਰਸ, 49 ਕਿਲੋ ਗਾਂਜਾ ਅਤੇ 255 ਗ੍ਰਾਮ ਹੈਰੋਇਨ ਹੈ। ਅਸਲ ਵਿੱਚ ਇਹ ਵਰਤੇ ਜਾ ਰਹੇ ਨਸ਼ੇ ਦਾ ਸਿਰਫ਼ ਦੋ ਫ਼ੀਸਦੀ ਹਿੱਸਾ ਹੈ।

ਇਸ ਤੋਂ ਇਲਾਵਾ ਛੋਟੀ ਉਮਰ ਦੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਨਸ਼ੇ ਦਾ ਕੱਚਾ ਚਿੱਠਾ ਵੀ ਖੁੱਲ੍ਹ ਗਿਆ ਹੈ ਜੋ ਖੁੱਲ੍ਹਾ ਵਿਕ ਰਿਹਾ ਹੈ। ਪੁਲੀਸ ਵੱਲੋਂ ਇਕੱਲੇ ਪਟਿਆਲੇ ਵਿੱਚ ਨਸ਼ੇ ਦੇ 26,052 ਕੈਪਸੂਲ, 28 ਕਿਲੋ ਨਸ਼ੀਲਾ ਪਾਊਡਰ ਤੇ ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਵਿਚਲਾ 12 ਲਿਟਰ ਤਰਲ ਫੜਿਆ ਜਾ ਚੁੱਕਿਆ ਹੈ।
ਹੈਰੋਇਨ ਬਣਾਉਣ ਲਈ ਪੋਸਤ ਦੇ ਬੂਟੇ ਦੇ ਡੋਡਿਆਂ ਨੂੰ ਮਹੀਨ ਚੀਰਾ ਦਿੱਤਾ ਜਾਂਦਾ ਹੈ। ਉਸ ਵਿੱਚੋਂ ਨਿਕਲੇ ਰਸ ਨੂੰ ਸੁਕਾਇਆ ਜਾਂਦਾ ਹੈ। ਫਿਰ ਉਸ ਸੁੱਕੇ ਪਾਊਡਰ ਨੂੰ ਤਿੱਖੀ ਕਰਦ ਨਾਲ ਕਾਗਜ਼ ਉੱਤੇ ਹੌਲੀ-ਹੌਲੀ ਇਕੱਠਾ ਕੀਤਾ ਜਾਂਦਾ ਹੈ। ਉਸ ਵਿੱਚੋਂ ਮਰੀਜ਼ਾਂ ਵਾਸਤੇ ਲੈਬਾਰਟਰੀਆਂ ਵਿੱਚ ਮਾਰਫੀਨ ਦੇ ਟੀਕੇ ਬਣਾਏ ਜਾਂਦੇ ਹਨ ਜਿਹੜੇ ਹਾਰਟ ਅਟੈਕ ਜਾਂ ਜਮਾਂਦਰੂ ਦਿਲ ਦੇ ਰੋਗ ਵਾਲੇ ਮਰੀਜ਼ਾਂ ਨੂੰ ਲੱਗਦੇ ਹਨ। ਉਸੇ ਵਿੱਚੋਂ ਹੀ ਨਸ਼ੇ ਦੇ ਵਪਾਰੀਆਂ ਵੱਲੋਂ ਆਪਣਾ ਕਾਰੋਬਾਰ ਚਲਾਉਣ ਲਈ ਹੈਰੋਇਨ ਵੀ ਬਣਾਈ ਜਾਂਦੀ ਹੈ। ਇਹ ਕੰਮ ਇੰਨੀ ਸਫ਼ਾਈ ਅਤੇ ਧਿਆਨ ਨਾਲ ਕਰਨ ਵਾਲਾ ਹੁੰਦਾ ਹੈ ਕਿਉਂਕਿ ਜੇ ਚੀਰਾ ਰਤਾ ਵੀ ਢੂੰਘਾ ਪੈ ਜਾਏ ਤਾਂ ਉਹ ਡੋਡਾ ਖ਼ਰਾਬ ਹੋ ਸਕਦਾ ਹੈ। ਸੋ ਨਪੇ ਤੁਲੇ ਹੱਥਾਂ ਨਾਲ ਹੀ ਇਹ ਕੰਮ ਕੀਤਾ ਜਾ ਸਕਦਾ ਹੈ। ਸ਼ੁੱਧ ਹੈਰੋਇਨ ਸਾਫ਼ ਚਿੱਟੇ ਪਾਊਡਰ ਦੀ ਸ਼ਕਲ ਵਿੱਚ ਹੁੰਦੀ ਹੈ। ਜਿਹੜੀ ਪੂਰਨ ਰੂਪ ਵਿੱਚ ਸ਼ੁੱਧ ਨਾ ਹੋਵੇ ਉਸ ਵਿੱਚ ਰਹਿ ਚੁੱਕੀ ਗੰਦਗੀ ਸਦਕਾ ਉਹ ਭੂਰੇ ਤੋਂ ਲੈ ਕੇ ਕਾਲੇ ਰੰਗ ਦੀ ਵੀ ਹੋ ਸਕਦੀ ਹੈ। ਭੂਰੇ ਰੰਗ ਵਾਲੀ ਹੈਰੋਇਨ ਚਿੱਟੇ ਰੰਗ ਵਾਲੀ ਤੋਂ ਕੁਝ ਸਸਤੀ ਹੋਣ ਦੇ ਨਾਲ-ਨਾਲ ਅਸਰ ਵੀ ਪੂਰਾ ਵਿਖਾਉਂਦੀ ਹੈ। ਇਸ ਲਈ ਦੁਨੀਆਂ ਭਰ ਵਿੱਚ ਇਸ ਨੂੰ ਬਰਾਊਨ ਸ਼ੂਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਾਲੇ ਰੰਗ ਦੀ ਹੈਰੋਇਨ ਨੂੰ ‘ਬਲੈਕ ਟਾਰ’ ਕਿਹਾ ਜਾਂਦਾ ਹੈ ਤੇ ਉਹ ਲੁੱਕ ਵਾਂਗ ਚਿਪਚਿਪੀ ਹੁੰਦੀ ਹੈ।
ਰਤਾ ਕੁ ਇਤਿਹਾਸ ’ਤੇ ਝਾਤ ਮਾਰੀਏ। ਸਿਰਫ਼ 118 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਸ ਦਾ ਕੋਈ ਖਰੀਦਦਾਰ ਨਹੀਂ ਸੀ ਹੁੰਦਾ। ਬੇਅਰ ਦਵਾਈਆਂ ਦੀ ਕੰਪਨੀ ਨੂੰ ਇਸ਼ਤਿਹਾਰਬਾਜ਼ੀ ਉੱਤੇ ਬੇਹਿਸਾਬ ਪੈਸਾ ਰੋੜ੍ਹਨਾ ਪਿਆ ਕਿ ਕੋਈ ਹੈਰੋਇਨ ਦੀ ਵਰਤੋਂ ਵਾਸਤੇ ਅੱਗੇ ਤਾਂ ਆਵੇ।
ਯੂਨਾਈਟਡ ਨੇਸ਼ਨਜ਼ ਵੱਲੋਂ ਕੀਤੀ ਖੋਜ ਮੁਤਾਬਕ ਦੁਨੀਆਂ ਭਰ ਵਿੱਚੋਂ ਅਫ਼ਗ਼ਾਨਿਸਤਾਨ ਨਸ਼ੇ ਦਾ ਸਭ ਤੋਂ ਵੱਡਾ ਗੜ੍ਹ ਹੈ ਜਿੱਥੇ ਪੋਸਤ ਦੀ ਖੇਤੀ ਸਦਕਾ 2004 ਵਿੱਚ ਦੁਨੀਆਂ ਦੀ 87 ਫ਼ੀਸਦੀ ਹੈਰੋਇਨ ਬਣਾਈ ਗਈ। ਹੁਣ ਤਕ ਵੀ ਅਫ਼ਗ਼ਾਨੀ ਅਫ਼ੀਮ ਨਾਲ ਹਰ ਸਾਲ ਪੂਰੀ ਦੁਨੀਆਂ ਵਿਚਲੇ ਇੱਕ ਲੱਖ ਵਿਅਕਤੀ ਮਰ ਰਹੇ ਹਨ।
ਯੂਨਾਈਟਡ ਨੇਸ਼ਨਜ਼ ਮੁਤਾਬਕ ਅਫ਼ਗ਼ਾਨਿਸਤਾਨ ਵਿੱਚ 1999 ’ਚ 910 ਵਰਗ ਕਿਲੋਮੀਟਰ ਥਾਂ ਉੱਤੇ ਪੋਸਤ ਦੇ ਫੁੱਲ ਉਗਾਏ ਜਾਂਦੇ ਸਨ। 2006 ਵਿੱਚ ਇਸ ਤੋਂ ਕਿਤੇ ਵੱਧ ਥਾਂ ਉੱਤੇ ਪੋਸਤ ਬੀਜੀ ਜਾਣ ਲੱਗੀ ਤੇ ਹੁਣ 33 ਲੱਖ ਅਫ਼ਗ਼ਾਨ ਲੋਕ ਅਫ਼ੀਮ ਉਗਾ ਕੇ ਅੱਗੇ ਵੇਚਣ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ।
ਥੋੜ੍ਹਾ ਹੋਰ ਪਿੱਛੇ ਜਾਈਏ ਤਾਂ 1900 ਵਿੱਚ ਹੈਰੋਇਨ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਹੋ ਰਹੀ ਤਸਕਰੀ ਰੋਕਣ ਲਈ ਕੁਝ ਦੇਸ਼ਾਂ ਵਿੱਚ ਕਾਨੂੰਨ ਬਣਨ ਦਾ ਜ਼ਿਕਰ ਮਿਲਦਾ ਹੈ। ਬਾਕੀ ਦੇਸ਼ਾਂ ਵਿੱਚ ਇਹ ਤਸਕਰੀ ਨਾਜਾਇਜ਼ ਨਹੀਂ ਸੀ ਮੰਨੀ ਜਾਂਦੀ। ਦੁਨੀਆਂ ਦੇ ਕਾਫ਼ੀ ਹਿੱਸਿਆਂ ’ਚ 1920 ਦੇ ਅੱਧ ਵਿੱਚ ਇਸ ਦੀ ਤਸਕਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਉਸ ਸਮੇਂ ਜ਼ਿਆਦਾਤਰ ਚੀਨ (ਖ਼ਾਸਕਰ ਸ਼ੰਘਾਈ ਤੇ ਤਿਆਜਿਨ) ਵਿੱਚੋਂ ਗ਼ੈਰ-ਕਾਨੂੰਨੀ ਢੰਗ ਨਾਲ ਹੈਰੋਇਨ ਹੋਰ ਦੇਸ਼ਾਂ ਵਿੱਚ ਪਹੁੰਚਾਈ ਜਾ ਰਹੀ ਸੀ। ਸੰਨ 1930 ਵਿੱਚ ਫਰਾਂਸ ਵੀ ਲਾਂਘਾ ਬਣ ਗਿਆ। ਅਮਰੀਕਾ ਵਿੱਚ ਇਸ ਦੀ ਵਰਤੋਂ ਉਦੋਂ ਵੀ ਜ਼ੋਰਾਂ ’ਤੇ ਸੀ ਪਰ ਦੂਜੀ ਵਿਸ਼ਵ ਜੰਗ ਦੌਰਾਨ ਚੀਨ ਤੇ ਜਾਪਾਨ ਦੀ ਜੰਗ ਨੇ ਅਮਰੀਕਾ ਵਿੱਚ ਇਸ ਦਾ ਵੜਨਾ ਲਗਭਗ ਬੰਦ ਹੀ ਕਰ ਦਿੱਤਾ। ਮਾਫੀਆ ਕਿੱਥੇ ਟਿਕਣ ਵਾਲਾ ਸੀ? ਇਸ ਲਈ ਜੰਗ ਤੋਂ ਤੁਰੰਤ ਬਾਅਦ ਇਟਲੀ ਦੀ ਹਾਲਤ ਵੇਖਦੇ ਹੋਏ ਸਿਸਲੀ ਵਿਖੇ ਹੈਰੋੋਇਨ ਬਣਾਉਣ ਦੀਆਂ ਵੱਡੀਆਂ ਲੈਬਾਰਟਰੀਆਂ ਸਥਾਪਿਤ ਕਰ ਦਿੱਤੀਆਂ ਗਈਆਂ। ਇੱਥੋਂ ਇਹ ਯੂਰਪ ਤੇ ਅਮਰੀਕਾ ’ਚ ਪਹੁੰਚਾਈ ਜਾਣ ਲੱਗੀ। ਇਸ ਕਾਰਨ 1940 ਵਿੱਚ ਚੀਨ ’ਚ ਇਸ ਦਾ ਕਾਰੋਬਾਰ ਲਗਭਗ ਠੱਪ ਹੀ ਹੋ ਗਿਆ।
ਜ਼ਿਕਰਯੋਗ ਹੈ ਕਿ ਵੀਹਵੀਂ ਸਦੀ ਦੇ ਅੰਤ ਤੱਕ ਹੈਰੋਇਨ ਦੇ ਵਪਾਰ ਉੱਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲੱਗੀ ਸੀ ਹਾਲਾਂਕਿ ਇਸ ਕਾਰਨ ਪੱਛਮੀ ਦੇਸ਼ਾਂ ਦੇ ਹਜ਼ਾਰਾਂ ਨੌਜਵਾਨ ਫਨਾਹ ਹੋ ਚੁੱਕੇ ਸਨ।
ਬਰਮਾ ਦੀ ਸਰਹੱਦ ਉੱਤੇ 1970 ਦੇ ਸ਼ੁਰੂ ਵਿੱਚ ਹੈਰੋਇਨ ਦੀ ਤਸਕਰੀ ਵੱਡੇ ਪੱਧਰ ’ਤੇ ਸ਼ੁਰੂ ਹੋ ਗਈ। ਇਸ ਦੇ ਨਤੀਜੇ ਵਜੋਂ ‘ਸੁਨਹਿਰੀ ਤਿਕੋਣ’ ਹੋਂਦ ਵਿੱਚ ਆਈ। ਬਰਮਾ ਨੂੰ ਸੁਨਹਿਰੀ ਤਿਕੋਣ ਦਾ ਦਿਲ ਮੰਨਿਆ ਗਿਆ ਤੇ ਇਸ ਨੂੰ ਅਫ਼ਗ਼ਾਨਿਸਤਾਨ ਤੋਂ ਬਾਅਦ ਹੈਰੋਇਨ ਉਗਾਉਣ ਲਈ ਦੁਨੀਆਂ ਭਰ ਵਿੱਚ ਦੂਜੇ ਨੰਬਰ ਦਾ ਦੇਸ਼ ਮੰਨ ਲਿਆ ਗਿਆ।
ਇਸ ਸਦਕਾ 1973 ’ਚ ਅਮਰੀਕਾ ਵਿੱਚ ਵਰਤੀ ਜਾ ਰਹੀ ਇੱਕ-ਤਿਹਾਈ ਹੈਰੋਇਨ ਸੁਨਹਿਰੀ ਤਿਕੋਣ ਰਾਹੀਂ ਪਹੁੰਚਾਈ ਜਾਣ ਲੱਗੀ।
‘ਸੁਨਹਿਰੀ ਤਿਕੋਣ’ ਵਜੋਂ ਜਾਣੇ ਜਾਂਦੇ ਬਰਮਾ, ਥਾਈਲੈਂਡ, ਵੀਅਤਨਾਮ, ਲਾਓਸ ਅਤੇ ਯੂਨਾਂ (ਚੀਨ) ਵਿੱਚ ਵੀ ਇਸ ਦੀ ਲਹਿਲਹਾਉਂਦੀ ਖੇਤੀ ਵੇਖੀ ਜਾ ਸਕਦੀ ਹੈ। ਮੈਕਸੀਕੋ ਤੇ ਕੋਲੰਬੀਆ ਵੀ ਪਿੱਛੇ ਨਹੀਂ ਰਹੇ। ਅਮਰੀਕਾ ਵਿੱਚ ਵਰਤੀ ਜਾ ਰਹੀ ਤਕਰੀਬਨ ਸਾਰੀ ਹੈਰੋਇਨ ਇਸ ਵੇਲੇ ਮੈਕਸੀਕੋ ਤੇ ਕੋਲੰਬੀਆ ਹੀ ਸਪਲਾਈ ਕਰ ਰਹੇ ਹਨ।
ਅਫ਼ਗ਼ਾਨ-ਰੂਸ ਲੜਾਈ ਕਾਰਨ ਹੈਰੋਇਨ ਦੇ ਵਪਾਰੀਆਂ ਨੇ ਪਾਕਿਸਤਾਨ-ਅਫ਼ਗ਼ਾਨਿਸਤਾਨ ਸਰਹੱਦ ਵੱਲ ਮੂੰਹ ਕਰ ਲਿਆ।  ਮੁਜਾਹਿਦੀਨਾਂ ਨੂੰ ਅਸਲਾ ਖਰੀਦਣ ਲਈ ਮਜਬੂਰੀਵੱਸ ਅਫ਼ੀਮ ਵੇਚਣੀ ਪਈ ਤਾਂ ਜੋ ਪੈਸਾ ਇਕੱਠਾ ਕੀਤਾ ਜਾ ਸਕੇ। ਇਸ ਨਾਲ ਸੁਨਹਿਰੀ ਤਿਕੋਣ ਹੋਰ ਤਾਕਤਵਰ ਬਣ ਗਈ।
ਇਹੀ ਵਜ੍ਹਾ ਸੀ ਕਿ 1980 ਵਿੱਚ ਅਮਰੀਕਾ ਪਹੁੰਚਾਈ ਜਾ ਰਹੀ 60 ਫ਼ੀਸਦੀ ਹੈਰੋਇਨ ਅਫ਼ਗ਼ਾਨਿਸਤਾਨ ਵਿੱਚ ਹੋ ਰਹੀ ਉਪਜ ਤੋਂ ਤਿਆਰ ਹੁੰਦੀ ਸੀ।
ਯੂਨਾਈਟਡ ਨੇਸ਼ਨਜ਼ ਨੇ 2004 ਵਿੱਚ ਪਾਕਿਸਤਾਨ ਨੂੰ ਉਸ ਸਮੇਂ ਅਫ਼ੀਮ ਉਗਾ ਕੇ ਅੱਗੇ ਤੋਰਨ ਦਾ ਦੁਨੀਆਂ ਦਾ ਸਭ ਤੋਂ ਵੱਡਾ ਅੱਡਾ ਕਰਾਰ ਕਰ ਦਿੱਤਾ ਸੀ।
2007 ਤੋਂ 2011 ਤੱਕ ਮੈਕਸੀਕੋ ਵਿੱਚ ਬਹੁਤ ਜ਼ਿਆਦਾ ਪੋਸਤ ਉਗਾਉਣੀ ਸ਼ੁਰੂ ਕਰ ਦਿੱਤੀ ਗਈ। ਇਸ ਕਾਰਨ ਹੁਣ ਮੈਕਸੀਕੋ ਪੋਸਤ ਉਗਾਉਣ ਵਿੱਚ ਪੂਰੀ ਦੁਨੀਆਂ ’ਚ ਦੂਜੇ ਨੰਬਰ ’ਤੇ ਪਹੁੰਚ ਚੁੱਕਿਆ ਹੈ।
ਇਸ ਸਾਲ 13 ਮਾਰਚ ਨੂੰ ਅਮਰੀਕੀ ਅਦਾਲਤ ਵਿੱਚ ਇੱਕ ਤਾਲਿਬਾਨ ਨੇ ਮੰਨਿਆ ਕਿ ਨਾਰਕੋ ਟੈਰੇਰਿਜ਼ਮ ਫੈਲਾਉਣ ਲਈ ਹੈਰੋਇਨ ਨੂੰ ਵੱਡੇ ਪੱਧਰ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਇਆ ਜਾ ਰਿਹਾ ਹੈ। ਬਹਿਸ ਦੌਰਾਨ ਇਹ ਸਾਬਿਤ ਹੋਇਆ ਕਿ ਉਹੀ ਤਾਲਿਬਾਨ ਪੂਰੀ ਦੁਨੀਆਂ ਵਿੱਚ ਹੈਰੋਇਨ ਦੇ 20 ਫ਼ੀਸਦੀ ਵਪਾਰ ਦਾ ਮਾਲਕ ਸੀ।
ਤੁਰਕੀ ਵਿੱਚ ਹੈਰੋਇਨ ਦੀ ਕੀਮਤ 14.5 ਪੌਂਡ ਪ੍ਰਤੀ ਗਰਾਮ ਹੈ। ਯੂਰਪ ਵਿੱਚ ਬਹੁਤੀਆਂ ਥਾਵਾਂ ਉੱਤੇ ਇਹ 35-40 ਪੌਂਡ ਪ੍ਰਤੀ ਗ੍ਰਾਮ ਵਿਕਦੀ ਹੈ। ਸਵੀਡਨ ਪਹੁੰਚਦਿਆਂ ਹੈਰੋਇਨ ਦੀ ਕੀਮਤ 110 ਪੌਂਡ ਪ੍ਰਤੀ ਗ੍ਰਾਮ ਹੋ ਜਾਂਦੀ ਹੈ। ਅਮਰੀਕਾ ਪਹੁੰਚ ਕੇ ਇਹ 172 ਡਾਲਰ ਪ੍ਰਤੀ ਗ੍ਰਾਮ ਵਿਕਦੀ ਹੈ।
ਨਸ਼ਿਆਂ ਦੇ ਵਪਾਰੀਆਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਵੱਡਿਆਂ ਉੱਤੇ ਵਾਰ ਕਰਦੇ-ਕਰਦੇ ਉਨ੍ਹਾਂ ਨੇ ਨਿੱਕੇ ਬੱਚਿਆਂ ਨੂੰ ਕਿਵੇਂ ਨਸ਼ਿਆਂ ਦੇ ਹੜ੍ਹ ਵਿੱਚ ਰੋੜ੍ਹ ਦਿੱਤਾ ਹੈ!
ਹੈਰੋਇਨ ਨਾ ਖਰੀਦ ਸਕਣ ਵਾਲੇ 9 ਤੋਂ 14 ਸਾਲ ਦੇ ਬੱਚੇ ਖੰਘ ਦੀਆਂ ਦਵਾਈਆਂ, ਦਰਦ ਦੂਰ ਕਰਨ ਵਾਲੀਆਂ ਮੱਲ੍ਹਮਾਂ ਚੱਟਣ, ਗੂੰਦ, ਪੇਂਟ, ਪੈਟਰੋਲ ਸੁੰਘਣ, ਟਾਈਪ ਦਾ ਕਲੀਨੀਂਗ ਫਲਿਊਡ ਪੀਣ, ਕਿਰਲੀ ਮਾਰ ਕੇ ਖਾਣ, ਆਇਓਡੈਕਸ ਚੱਟਣ ਆਦਿ ਵਿੱਚ ਲੱਗ ਗਏ ਹਨ। ਪਿੰਡਾਂ ਵਿੱਚ ਇਹ ਚੇਟਕ ਖ਼ਾਸ ਤੌਰ ’ਤੇ ਵੇਖੀ ਜਾ ਸਕਦੀ ਹੈ ਜਿੱਥੇ ਨਸ਼ੇ ਦੇ ਨਾਲ-ਨਾਲ ਬੀੜੀ-ਸਿਗਰਟ ਵੀ ਪੀਣ ਵਾਲੇ ਬੱਚਿਆਂ ਦੀ ਗਿਣਤੀ ਭਾਰਤ ਵਿੱਚ 55,000 ਬੱਚੇ ਹਰ ਰੋਜ਼ ਤੱਕ ਪਹੁੰਚ ਰਹੀ ਹੈ। ਸਾਲ ਵਿੱਚ ਤਕਰੀਬਨ ਦੋ ਕਰੋੜ ਨਵੇਂ ਬੱਚੇ ਸਿਗਰਟ ਪੀਣ ਦੀ ਆਦਤ ਵੱਲ ਧੱਕੇ ਜਾ ਰਹੇ ਹਨ। ਜੇ ਸਿਗਰਟ ਪੀਣ ਵਾਲੇ ਬੱਚਿਆਂ ਦੀ ਗਿਣਤੀ ਅਮਰੀਕਾ ਵਿੱਚ ਕੀਤੀ ਜਾਏ ਤਾਂ ਸਿਰਫ਼ 3000 ਬੱਚੇ ਹਰ ਰੋਜ਼ ਇਹ ਲਤ ਪਾਲ ਰਹੇ ਹਨ।
ਇੰਡੀਆ ਫਾਊਂਡੇਸ਼ਨ ਚਾਈਲਡ ਲਾਈਨ ਨੇ 2008 ਵਿੱਚ ਮਨੀਪੁਰ ’ਚ ਖੋਜ ਕਰ ਕੇ ਦੱਸਿਆ ਕਿ ਹੈਰੋਇਨ ਤੋਂ ਲੈ ਕੇ      ਸਪਾਜ਼ਮੋਪਰੌਕਸੀਵੌਨ ਕੈਪਸੂਲ ਤੇ ਨਸਾਂ ਵਿੱਚ ਟੀਕੇ ਲਾਉਣ ਦਾ ਰੁਝਾਨ ਬੱਚਿਆਂ, ਖ਼ਾਸਕਰ ਗਲੀਆਂ ਵਿੱਚ ਰੁਲ ਰਹੇ ਬੱਚਿਆਂ, ਵਿੱਚ ਏਨਾ ਵਧ ਚੁੱਕਿਆ ਹੈ ਕਿ ਨਸ਼ੇ ਕਰਨ ਵਾਲਾ ਤਕਰੀਬਨ ਹਰ ਚੌਥਾ ਬੱਚਾ ਐਚ.ਆਈ.ਵੀ. ਦਾ ਸ਼ਿਕਾਰ ਹੋ ਚੁੱਕਿਆ ਹੈ।
ਬੀ.ਬੀ.ਸੀ. ਵੱਲੋਂ ਨਸ਼ਰ ਕੀਤੀ ਇੱਕ ਖ਼ਬਰ ਮੁਤਾਬਕ ਪੂਰੀ ਦੁਨੀਆਂ ਵਿੱਚ ਲਗਭਗ ਪੰਜ ਕਰੋੜ ਲੋਕ ਹੈਰੋਇਨ, ਕੋਕੀਨ ਤੇ ਨਸ਼ੇ ਦੀਆਂ ਹੋਰ ਦਵਾਈਆਂ ਲੈ ਰਹੇ ਹਨ। ਕੱਚੀ ਹੈਰੋਇਨ (ਡਾਈਐਸੀਟਾਈਲ ਮੌਰਫੀਨ) ਨੂੰ ਵਰਤਣ ਵਾਲੇ 15 ਤੋਂ 64 ਸਾਲ ਦੇ ਤਕਰੀਬਨ 2.2 ਕਰੋੜ ਲੋਕ ਹਨ।
ਹੈਰੋਇਨ ’ਤੇ ਜਾਨ ਛਿੜਕਣ ਵਾਲੇ ਇਸ ਨੂੰ ਸੁੰਘ ਕੇ, ਨਾੜ ਵਿੱਚ ਟੀਕੇ ਲਾ ਕੇ ਤੇ ਸਿਗਰਟ ਰਾਹੀਂ ਅੰਦਰ ਲੰਘਾ ਕੇ ਆਪਣੇ ਦਿਮਾਗ਼ ਨੂੰ ਸੁੰਨ ਕਰਦੇ ਹਨ। ਦਰਅਸਲ ਇਹ ਦਿਮਾਗ਼ ਨੂੰ ਕੁਝ ਦੇਰ ਬਾਅਦ ਕਾਫ਼ੀ ਚਿਰ ਲਈ ਢਹਿੰਦੀ ਕਲਾ ਵਿੱਚ ਲੈ ਜਾਂਦੀ ਹੈ ਪਰ ਸ਼ੁਰੂ ਵਿੱਚ ਅਜਿਹਾ ਨਹੀਂ ਹੁੰਦਾ। ਨਾੜ ਵਿੱਚ ਟੀਕਾ ਲਾਉਣ ਵਾਲੇ ਦੇ ਸਰੀਰ ਨੂੰ ਇਕਦਮ ਫੁਰਤੀ ਤੇ ਆਨੰਦ ਦਾ ਅਹਿਸਾਸ ਹੁੰਦਾ ਹੈ। ਮੂੰਹ ਸੁੱਕ ਜਾਂਦਾ ਹੈ ਤੇ ਬੰਦਾ ਅੱਗੇ-ਪਿੱਛੇ ਸਿਰ ਹਿਲਾਉਣਾ ਸ਼ੁਰੂ ਕਰ ਦਿੰਦਾ ਹੈ। ਲੱਤਾਂ-ਬਾਹਾਂ ਭਾਰੀਆਂ ਤੇ ਰਬੜ ਵਾਂਗ ਮਹਿਸੂਸ ਹੋਣ ਲੱਗਦੀਆਂ ਹਨ। ਸੋਚਣ-ਸਮਝਣ ਦੀ ਤਾਕਤ ਦੇ ਨਾਲ-ਨਾਲ ਯਾਦ ਸ਼ਕਤੀ ਵੀ ਘਟ ਜਾਂਦੀ ਹੈ। ਅਜਿਹਾ ਅਸਰ ਹਰ ਟੀਕੇ ਤੋਂ ਬਾਅਦ ਲਗਭਗ ਤਿੰਨ-ਚਾਰ ਘੰਟੇ ਰਹਿੰਦਾ ਹੈ।
ਸਿਗਰਟ ਰਾਹੀਂ ਹੈਰੋਇਨ ਨੂੰ ਅੰਦਰ ਲੰਘਾਉਣ ਜਾਂ ਕੁਝ ਕੁ ਨਾੜ ਵਿੱਚ ਟੀਕੇ ਲਾਉਣ ਵਾਲਿਆਂ ਦੇ ਵੀ ਦਿਮਾਗ਼ ਵਿੱਚ ਇੱਕ ਕਸਰ ਸ਼ੁਰੂ ਹੋ ਸਕਦੀ ਹੈ ਜਿਸ ਨੂੰ ‘ਟੌਕਸਿਕ ਲਿਊਕੋ ਐਨਸੈਫਲੋਪੈਥੀ’ ਕਹਿੰਦੇ ਹਨ। ਹੈਰੋਇਨ ਅੰਦਰ ਪਿਆ ਇੱਕ ਮਾੜਾ ਅੰਸ਼ (ਸ਼ੁੱਧ ਹੈਰੋਇਨ ਵਿੱਚ ਇੰਜ ਘੱਟ ਹੀ ਵਾਪਰਦਾ ਹੈ) ਦਿਮਾਗ਼ ਦੇ ਸੈੱਲਾਂ ਉੱਤੇ ਅਸਰ ਪਾ ਕੇ ਬੰਦੇ ਦਾ ਤੁਰਨਾ ਔਖਾ ਕਰ ਦਿੰਦਾ ਹੈ ਤੇ ਜ਼ੁਬਾਨ ਵੀ ਥਥਲਾਉਣ ਲੱਗ ਜਾਂਦੀ ਹੈ।
ਹੈਰੋਇਨ ਨਾਲ ਕੋਕੀਨ ਰਲਾ ਕੇ ਵਰਤਣ ਨਾਲ ਵੱਖਰੀ ਹੀ ਕਿਸਮ ਦਾ ਅਹਿਸਾਸ ਹੁੰਦਾ ਹੈ। ਟੀਕਾ ਲੱਗਦੇ ਸਾਰ ਬੰਦੇ ਨੂੰ ਇੰਜ ਲੱਗਦਾ ਹੈ ਜਿਵੇਂ ਤੇਜ਼ ਗੇਂਦ ਵਾਂਗ ਅੰਦਰ ਕੁਝ ਠੱਕ ਵੱਜਿਆ ਹੋਵੇ। ਲੋਕ ਇਸ ਨੂੰ ‘ਸਪੀਡ ਬੌਲ’ ਦਾ ਨਾਂ ਦਿੰਦੇ ਹਨ। ਜਦੋਂ ਦੋਵਾਂ ਨੂੰ ਸਿਗਰਟ ਰਾਹੀਂ ਲੈਣ ਨੂੰ ‘ਮੂਨ ਰੌਕਸ’ ਨਾਂ ਦਿੱਤਾ ਗਿਆ ਹੈ।
ਦਰਅਸਲ ਦੋਵਾਂ ਦੇ ਅਸਰ ਵੱਖ-ਵੱਖ ਹਨ। ਕੋਕੀਨ ਫੁਰਤੀ ਦਾ ਅਹਿਸਾਸ ਦਿਵਾਉਂਦੀ ਹੈ ਜਦੋਂਕਿ ਹੈਰੋਇਨ ਢਹਿੰਦੀ ਕਲਾ ਵੱਲ ਲੈ ਜਾਂਦੀ ਹੈ। ਦੋਵੇਂ ਇਕੱਠੀਆਂ ਲੈਣ ’ਤੇ ਸਰੀਰ ਅੰਦਰ ਇਕਦਮ ਇੰਨੀ ਹਲਚਲ ਮਚ ਜਾਂਦੀ ਹੈ ਕਿ ਬੰਦਾ ਆਨੰਦਿਤ ਹੋ ਕੇ ਹਵਾ ਵਿੱਚ ਉਡਦਾ ਮਹਿਸੂਸ ਕਰਨ ਲੱਗਦਾ ਹੈ। ਇਹ ਅਸਰ ਏਨਾ ਜ਼ਬਰਦਸਤ ਹੁੰਦਾ ਹੈ ਕਿ ਘਬਰਾਹਟ ਤੇ ਸੁਸਤੀ ਵਾਲਾ ਅਸਰ ਕੁਝ ਸਮੇਂ ਲਈ ਦਬ ਜਾਂਦਾ ਹੈ। ਜਿਉਂ ਹੀ ਕੋਕੀਨ ਦਾ ਅਸਰ ਘਟਿਆ, ਹੈਰੋਇਨ ਵਾਲੇ ਘਬਰਾਹਟ ਦੇ ਲੱਛਣ ਦਿਸਣ ਲੱਗ ਪੈਂਦੇ ਹਨ। ਇਸੇ ਲਈ ਕਈ ਲੋਕ ਘਬਰਾਹਟ ਰੋਕਣ ਲਈ ਨਸ਼ੇ ਦੀ ਲੋੜ ਤੋਂ ਵੱਧ ਵਰਤੋਂ ਕਰ ਲੈਂਦੇ ਹਨ ਤੇ ਉਸ ਨਾਲ ਸਾਹ ਰੁਕਣ ਕਾਰਨ ਮੌਤ ਹੋ ਜਾਂਦੀ ਹੈ।
ਬਾਕੀ ਸਾਰੇ ਤਰ੍ਹਾਂ ਦੇ ਨੁਕਸਾਨ ਜੋ ਸਾਫ਼ ਸੂਈ ਨਾ ਵਰਤਣ ਕਾਰਨ ਹੁੰਦੇ ਹਨ, ਉਹ ਤਾਂ ਹੋਣੇ ਹੀ ਹਨ ਪਰ ਰਤਾ ਕੁ ਵੱਧ ਟੀਕਾ ਲਾਉਂਦੇ ਸਾਰ ਮੌਤ ਹੋ ਸਕਦੀ ਹੈ। ਕਿਸੇ ਹੋਰ ਵੱਲੋਂ ਵਰਤੀ ਸੂਈ ਨਸਾਂ ਵਿੱਚ ਲਾਉਂਦੇ ਸਾਰ ਜਿੱਥੇ ਏਡਜ਼ ਜਾਂ ਹੈਪੇਟਾਈਟਿਸ ਦੀ ਬੀਮਾਰੀ ਹੋ ਸਕਦੀ ਹੈ, ਉੱਥੇ ਚਮੜੀ ਵਿੱਚ ਸੂਈ ਵਾਲੀ ਥਾਂ ’ਤੇ ਪੀਕ ਪੈਣੀ, ਦਿਲ ਦੇ ਵਾਲਵ ਵਿੱਚ ਅਤੇ ਫੇਫੜਿਆਂ ’ਤੇ ਕੀਟਾਣੂਆਂ ਦਾ ਹਮਲਾ, ਜਿਗਰ ਦੇ ਰੋਗ ਆਦਿ ਹੋਣ ਦਾ ਖ਼ਤਰਾ ਵੀ ਕਈ ਗੁਣਾਂ ਵਧ ਜਾਂਦਾ ਹੈ।
ਹੈਰੋਇਨ ਦਾ ਅਸਰ ਸਰੀਰ ਅੰਦਰੋਂ ਘਟਦੇ ਹੀ ਘਬਰਾਹਟ, ਸਰੀਰ ਟੁੱਟਣਾ, ਨੀਂਦ ਨਾ ਆਉਣੀ, ਠੰਢੀਆਂ ਤਰੇਲੀਆਂ ਆਉਣੀਆਂ, ਪੱਠਿਆਂ ਵਿੱਚ ਦਰਦ, ਹੱਡੀਆਂ ਦਾ ਦਰਦ, ਝਟਕੇ ਲੱਗਣੇ, ਉਲਟੀਆਂ, ਟੱਟੀਆਂ ਆਦਿ 48 ਤੋਂ 72 ਘੰਟਿਆਂ ਦੇ ਅੰਦਰ-ਅੰਦਰ ਸ਼ੁਰੂ ਹੋ ਜਾਂਦੇ ਹਨ ਤੇ ਇੱਕ ਹਫ਼ਤੇ ਤੱਕ ਰਹਿ ਸਕਦੇ ਹਨ।
ਲਗਾਤਾਰ ਇਸ ਦਾ ਸੇਵਨ ਕਰਨ ਵਾਲਿਆਂ ਦੀ ਨਸ਼ੇ ਦੀ ਲਤ ਇਕਦਮ ਤੋੜ ਦਿੱਤੀ ਜਾਵੇ ਤਾਂ ਹੋਰ ਹੈਰੋਇਨ ਵੇਲੇ ਸਿਰ ਨਾ ਮਿਲਣ ਕਾਰਨ ਕਈ ਵਾਰ ਮੌਤ ਵੀ ਹੋ ਸਕਦੀ ਹੈ।
ਕੁਝ ਪਲਾਂ ਦੇ ਆਨੰਦ ਲਈ ਲਿਆ ਜਾਣ ਵਾਲਾ ਇਹ ਮਿੱਠਾ ਜ਼ਹਿਰ ਮਨੁੱਖਤਾ ਦੀਆਂ ਜੜ੍ਹਾਂ ਵੱਢਣ ਦਾ ਕੰਮ ਕਰ ਰਿਹਾ ਹੈ। ਇੱਕ ਪਾਸੇ ਇਸ ਨੂੰ ਖਰੀਦਣ ਲਈ ਜੇਬਾਂ ਖਾਲੀ ਹੋ ਰਹੀਆਂ ਹਨ ਤੇ ਘਰ ਵਿਕ ਰਹੇ ਹਨ। ਦੂਜੇ ਪਾਸੇ ਇਸ ਆਦਤ ਨੂੰ ਚਾਲੂ ਰੱਖਣ ਲਈ ਪੈਸੇ ਖ਼ਾਤਰ ਲੁੱਟ-ਖਸੁੱਟ, ਡਾਕੇ ਤੇ ਕਤਲ ਤਕ ਹੋਣ ਲੱਗੇ ਹਨ। ਨਸ਼ੇ ਦੇ ਅਸਰ ਹੇਠ ਜਿਸਮਾਨੀ ਲੋੜਾਂ ਦੀ ਪੂਰਤੀ ਲਈ ਵੀ ਜੁਰਮਾਂ ਨੇ ਸਿਖਰ ਛੂਹ ਲਈ ਹੈ।
ਜਿੰਨੀ ਛੋਟੀ ਉਮਰ ਵਿੱਚ ਨਸ਼ੇ ਦੀ ਲਤ ਲੱਗ ਜਾਏ ਓਨਾ ਹੀ ਸਰੀਰ ਦਾ ਨੁਕਸਾਨ ਸਦੀਵੀਂ ਹੁੰਦਾ ਹੈ। ਦਿਮਾਗ਼ ਦੀ ਸੋਚਣ ਸ਼ਕਤੀ ਹੀ ਨਾ ਰਹੀ ਤਾਂ ਕਾਨੂੰਨ ਦਾ ਦਾਇਰਾ ਅਜਿਹੇ ਬੰਦੇ ਲਈ ਕੀ ਮਾਅਨੇ ਰੱਖਦਾ ਹੈ? ਜਿਗਰ, ਗੁਰਦੇ, ਦਿਲ ਤਾਂ ਖ਼ਰਾਬ ਹੁੰਦੇ ਹੀ ਹਨ, ਨਾਲ ਹੀ ਇਹ ਆਦਮੀਆਂ ਨੂੰ ਨਪੁੰਸਕ ਵੀ ਬਣਾ ਦਿੰਦੀ ਹੈ। ਯਾਨੀ ਸਰੀਰ ਅਤੇ ਦਿਮਾਗ਼ ਅਸਲੋਂ ਹੀ ਨਕਾਰਾ ਹੋ ਗਏ ਸਮਝੋ।
ਭਾਰਤ ਵਿੱਚ ਇਸ ਵੇਲੇ ਸਭ ਤੋਂ ਖ਼ਤਰਨਾਕ ਰੁਝਾਨ ਇਹ ਸਾਹਮਣੇ ਆ ਰਿਹਾ ਹੈ ਕਿ ਬੱਚੇ ਇਸ ਵੇਲੇ ਕਈ ਤਰ੍ਹਾਂ ਦੀਆਂ ਨਸ਼ੇ ਦੀਆਂ ਦਵਾਈਆਂ ਇੱਕੋ ਸਮੇਂ ਵਰਤ ਰਹੇ ਹਨ ਯਾਨੀ ਕੌਕਟੇਲ! ਉਹ ਇੱਕੋ ਸਾਂਝੀ ਸੂਈ ਰ         ਾਹੀਂ ਟੀਕੇ ਲਾ ਰਹੇ ਹਨ ਜਿਸ ਨਾਲ ਉਨ੍ਹਾਂ ਵਿੱਚ ਏਡਜ਼ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਜਦੋਂ ਅੰਕੜੇ ਦੱਸਣ ਕਿ 17 ਫ਼ੀਸਦੀ ਪੰਜਾਬੀ ਕੁੜੀਆਂ ਵੀ ਦਸਵੀਂ ਜਮਾਤ ਤੱਕ ਪਹੁੰਚਦੀਆਂ ਨਸ਼ੇ ਦੀ ਇੱਕ ਨਾ ਇੱਕ ਕਿਸਮ ਅਜ਼ਮਾ ਚੁੱਕੀਆਂ ਹਨ ਤਾਂ ਭਵਿੱਖ ਕਿਸੇ ਤੋਂ ਲੁਕਿਆ ਨਹੀਂ।
ਦੁਨੀਆਂ ਭਰ ਵਿੱਚ ਹਾਲੇ ਵੀ ਫੈਲ ਰਿਹਾ ਖਰਬਾਂ ਦਾ ਇਹ ਕਾਰੋਬਾਰ ਬੱਚਿਆਂ ਤੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ। ਹੁਣ ਇਸ ਨੂੰ ਰੋਕਣਾ ਅਸੰਭਵ ਜਾਪਦਾ ਹੈ। ਹੁਣ ਨਸ਼ੇ ਵਿਰੁੱਧ ਜੰਗ ਛੇੜਨ ਦਾ ਸਮਾਂ ਹੈ। ਜੇ ਇਹ ਵੇਲਾ ਖੁੰਝ ਗਿਆ ਤਾਂ ਪੰਜਾਬੀਆਂ ਅੰਦਰ ਖੌਲਣ ਵਾਲੇ ਲਹੂ ਦਾ ਉਬਾਲ ਸਦੀਵੀਂ ਤੌਰ ਉੱਤੇ ਠੰਢਾ ਪੈ ਜਾਣ ਵਾਲਾ ਹੈ। ਜਾਗੋ ਪੰਜਾਬੀਓ, ਹਾਲੇ ਵੀ ਸਮਾਂ ਹੈ ਆਉਣ ਵਾਲੀ ਪੌਂਦ ਨੂੰ ਬਚਾ ਲਓ!
* ਡਾ. ਹਰਸ਼ਿੰਦਰ ਕੌਰ
   ਸੰਪਰਕ: 0175-2216783
\

Post by: Gursham Singh Cheema



Post Comment


ਗੁਰਸ਼ਾਮ ਸਿੰਘ ਚੀਮਾਂ