ਐਤਵਾਰ ਦਾ ਦਿਨ ਹੋਣ ਕਾਰਨ ਮੈਂ ਅੱਜ ਜ਼ਰਾ ਚਿਰਾਕਾ ਉੱਠਿਆ ਸੀ। ਚਾਹ ਦਾ ਖਾਲੀ ਗਿਲਾਸ ਮੈਂ ਅਜੇ ਹੇਠਾਂ ਰੱਖਿਆ ਹੀ ਸੀ ਕਿ ਗੁਰਦੁਆਰੇ ਦੇ ਸਪੀਕਰ ਵਿੱਚੋਂ ਭਾਈ ਜੀ ਦੀ ਆਵਾਜ਼ ਆਈ, ਸੰਤੋਖਾ ਮਿਸਤਰੀ ਚੜ੍ਹਾਈ ਕਰ ਗਿਆ ਹੈ, ਦੁਪਹਿਰੇ 2 ਵਜੇ ਸੰਸਕਾਰ ਹੋਵੇਗਾ, ਜਿਸ ਨੇ ਲੱਕੜ ਪਾਉਣੀ ਹੈ, ਉਹ ਮੰਦਰ ਸਾਹਮਣੇ ਖੜ੍ਹੀ ਲੰਬੜਾਂ ਦੀ ਟਰਾਲੀ ਵਿੱਚ ਪਾ ਦੇਵੇ।
ਸੰਤੋਖੇ ਮਿਸਤਰੀ ਦਾ ਨਾਮ ਸੁਣਦੇ ਹੀ ਮੈਂ ਅਤੀਤ ਦੇ ਕਿਸੇ ਡੂੰਘੇ ਸਮੁੰਦਰ ਵਿੱਚ ਉਤਰ ਗਿਆ ਸੀ। ਉਸ ਦੇ ਨਾਮ ਨਾਲ ਕਿੰਨੇ ਹੀ ਨਾਮ, ਬਚਨਾ, ਹਜ਼ਾਰਾ, ਪਠਾਣ, ਬਲੰਟਰੀਆ, ਰੰਗੀ ਰਾਮ, ਮਾਧੋ, ਬਲੈਤੀ, ਬਨਾਰਸੀ, ਰੂਪਾ, ਕਾਲੂ, ਬਾਸਾ, ਨਿਸ਼ਾ ਰਾਮ, ਆਦਿ ਮੇਰੇ ਚੇਤੇ ਵਿੱਚੋਂ ਗੁਜ਼ਰ ਗਏ। ਇਹ ਸਾਰੇ ਨਾਮ ਮੇਰੇ ਪਿੰਡ ਦੀ ਉਸ ਗੱਡਾ ਬਣਾਉਣ ਦੀ ਕਲਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਆਖਰੀ ਚਿਰਾਗ ਸੰਤੋਖਾ ਮਿਸਤਰੀ ਅੱਜ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ ਸੀ। ਮੈਂ ਸੋਚ ਰਿਹਾ ਸੀ ਕਿ ਸੰਤੋਖੇ ਦੀ ਮੌਤ ਗੱਡਾ ਬਣਾਉਣ ਦੀ ਉਸ ਕਲਾ ਦੀ ਮੌਤ ਹੈ, ਜੋ ਮਸ਼ੀਨੀਕਰਨ ਦੇ ਆਧੁਨਿਕ ਯੁੱਗ ਵਿੱਚ ਆਪਣਾ ਅਸਤਿਤਵ ਖੋ ਚੁੱਕੀ ਹੈ।
ਆਪਣੇ ਬਚਪਨ ਦੇ ਮੁੱਢਲੇ ਦਿਨਾਂ ਵਿੱਚ ਮੈਂ ਅਕਸਰ ਬਾਪੂ ਨਾਲ ਦਾਤੀ, ਖੁਰਪੇ ਚੰਡਵਾਉਣ ਅਤੇ ਕਣਕ ਅਤੇ ਮੱਕੀ ਦੀ ਫਸਲ ਦੀ ਕਟਾਈ ਤੋਂ ਬਾਅਦ ਲੱਕੜੀ ਦੇ ਹਲ ਦੀ ਫਾਲੀ ਅਤੇ ਲੋਹੇ ਦੇ ਹਲ ਦੇ ਫਾਲੇ ਨੂੰ ਚੰਡਵਾਉਣ ਲਈ ਤਰਖਾਣਾਂ ਦੇ ਮੁਹੱਲੇ ਵਿੱਚ ਜਾਂਦਾ ਹੁੰਦਾ ਸੀ, ਜਿੱਥੇ ਉਪਰੋਕਤ ਵਿਅਕਤੀ ਆਪੋ ਆਪਣੇ ਕਾਰਖਾਨਿਆਂ ਵਿੱਚ ਗੱਡੇ ਜੋੜੀਆਂ ਬਣਾਉਣ ਦਾ ਕੰਮ ਕਰਦੇ ਸੀ। ਪਿੱਪਲ ਦੇ ਉਸ ਦਰੱਖਤ ਹੇਠ ਸਿਖਰ ਦੁਪਹਿਰੇ ਮੈਂ ਕਿੰਨਾ ਚਿਰ ਹੁੰਦੀ ਬੰਦਿਆਂ ਦੀ ਆਪਸੀ ਨੋਕ-ਝੋਕ ਸੁਣਦਾ ਰਹਿੰਦਾ ਅਤੇ ਕੰਮ ਕਰਦੇ ਮਿਸਤਰੀਆਂ ਨੂੰ ਵੇਖਦਾ ਰਹਿੰਦਾ। ਸੰਤੋਖਾ ਵੀ ਇਨ੍ਹਾਂ ਵਿੱਚੋਂ ਇੱਕ ਸੀ, ਜਿਸ ਦਾ ਸਾਢੇ 6 ਫੁੱਟ ਲੰਮਾ ਕੱਦ, ਲੋਹੇ ਦੇ ਪੋਲਾਂ ਵਰਗੇ ਨਿੱਗਰ ਅੰਗ ਪੈਰ ਅਤੇ ਆਇਰਨ ਦੀ ਕੁਠਾਲੀ ਵਿੱਚ ਕੁੱਟ ਕੇ ਬਣਾਇਆ ਗਿਆ ਲੋਹੇ ਵਰਗਾ ਰੰਗ ਅੱਜ ਵੀ ਮੇਰੇ ਚੇਤੇ ਵਿੱਚ ਜਿਉਂ ਦਾ ਤਿਉਂ ਵਸਿਆ ਪਿਆ ਹੈ।
ਮੇਰਾ ਪਿੰਡ ਲੋਹਗੜ੍ਹ ਫਿੱਡੇ, ਪੁਰਾਣੇ ਅੰਬਾਲਾ ਰੋਪੜ, ਆਨੰਦਪੁਰ ਸਾਹਿਬ (ਨਵਾਂ ਗੁਰੂ ਗੋਬਿੰਦ ਸਿੰਘ ਮਾਰਗ) ਦੇ ਰਸਤੇ ‘ਤੇ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਇੱਥੇ ਲੋਹ (ਲੰਗਰ) ਲਗਦਾ ਸੀ, ਜਿਸ ਤੋਂ ਇਸ ਦਾ ਨਾਮ ਲੋਹਗੜ੍ਹ ਪੈ ਗਿਆ, ਪਰ ਇਸ ਨਾਲ ਫਿੱਡੇ ਕਿਵੇਂ ਜੁੜ ਗਿਆ, ਇਸ ਬਾਰੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਮੈਨੂੰ ਕੁਝ ਪਤਾ ਨਹੀਂ ਲੱਗਿਆ।
ਕਿਸੇ ਸਮੇਂ ਮੇਰਾ ਇਹ ਪਿੰਡ ਲੱਕੜ ਦੇ ਗੱਡੇ ਅਤੇ ਗੱਡਿਆਂ ਲਈ ਵਰਤੀਆਂ ਜਾਂਦੀਆਂ ਜੋੜੀਆਂ (ਦੋ ਲੱਕੜ ਦੇ ਪਹੀਆਂ ਨੂੰ ਜੋੜੀ ਕਿਹਾ ਜਾਂਦਾ ਸੀ) ਬਣਾਉਣ ਲਈ ਮਸ਼ਹੂਰ ਸੀ ਅਤੇ ਦੂਰ-ਦੂਰ ਤੋਂ ਲੋਕ ਗੱਡੇ ਜੋੜੀਆਂ ਖਰੀਦਣ ਲਈ ਇੱਥੇ ਆਉਂਦੇ ਸਨ। ਭਾਵੇਂ ਸਮੇਂ ਦੇ ਬਦਲਣ ਨਾਲ ਮਸ਼ੀਨੀਕਰਨ ਦਾ ਯੁਗ ਹੋਣ ਕਾਰਨ ਗੱਡਿਆਂ ਦੀ ਥਾਂ ਰਬੜ ਦੇ ਟਾਇਰਾਂ ਵਾਲੀਆਂ ਰੇੜ੍ਹੀਆਂ ਅਤੇ ਟਰੈਕਟਰ ਟਰਾਲੀਆਂ ਨੇ ਲੈ ਲਈ ਹੈ, ਪਰ ਕਿਸੇ ਸਮੇਂ ਬਲਦਾਂ ਨਾਲ ਜੂਤਣ ਵਾਲਾ ਲੱਕੜ ਦਾ ਗੱਡਾ ਹੀ ਕਿਸਾਨੀ ਦੀ ਢੋਆ-ਢੁਆਈ ਦਾ ਮੁੱਖ ਸਾਧਨ ਜਾਣਿਆ ਜਾਂਦਾ ਸੀ।
ਗੱਡੇ ਅਕਸਰ ਦੋ ਪ੍ਰਕਾਰ ਦੇ ਬਣਾਏ ਜਾਂਦੇ ਸਨ, ਇੱਕ ਤੀਹੇ ਦਾ ਅਤੇ ਦੂਸਰਾ ਬੱਤੀਏ ਦਾ। ਤੀਹੇ ਦਾ ਗੱਡਾ ਥੋੜ੍ਹਾ ਹਲਕਾ, ਪਹੀਆਂ ਦਾ ਆਕਾਰ ਕੁਝ ਛੋਟਾ ਅਤੇ ਆਮ ਬਲਦਾਂ ਦੇ ਖਿੱਚਣਯੋਗ ਹੁੰਦਾ ਸੀ, ਪ੍ਰੰਤੂ ਬੱਤੀਏ ਦਾ ਗੱਡਾ ਕੁਝ ਭਾਰਾ ਹੁੰਦਾ ਸੀ, ਲੰਬਾਈ ਵਿੱਚ ਕੁਝ ਜ਼ਿਆਦਾ, ਪਹੀਏ ਥੋੜ੍ਹੇ ਵੱਡੇ ਆਕਾਰ ਦੇ ਹੁੰਦੇ ਸਨ, ਇਸ ਨੂੰ ਅਕਸਰ ਵਿੱਢ ਵੀ ਲੱਗਾ ਹੁੰਦਾ ਸੀ (ਗੱਡੇ ਦੇ ਸਿੱਪ ਉੱਤੇ ਪੱਕੇ ਤੌਰ ‘ਤੇ ਲਾਏ ਜਾਤੂ ਤੇ ਉਨ੍ਹਾਂ ਦੇ ਉਪਰ ਪਾਏ ਲੋਹੇ ਦੇ ਪੋਲਾਂ ਨੂੰ ਵਿੱਢ ਕਿਹਾ ਜਾਂਦਾ ਸੀ) ਜਿਸ ਨੂੰ ਖਿੱਚਣ ਲਈ ਤਗੜੇ ਬਲਦਾਂ ਦੀ ਜੋੜੀ ਦੀ ਜ਼ਰੂਰਤ ਪੈਂਦੀ ਸੀ।
ਗੱਡੇ ਦੀ ਬਣਤਰ ਕੁਝ ਇਸ ਤਰ੍ਹਾਂ ਦੀ ਹੁੰਦੀ ਸੀ। ਸਭ ਤੋਂ ਪਹਿਲਾਂ ਗੱਡੇ ਦਾ ਸਿਪ ਤਿਆਰ ਕੀਤਾ ਜਾਂਦਾ ਸੀ। ਦੋ ਲੰਬੇ ਮੋਟੇ ਲੱਕੜ ਦੇ ਸ਼ਤੀਰਾਂ ਨੂੰ ਅੰਗਰੇਜ਼ੀ ਦੇ ‘ਵੀ’ ਅੱਖਰ ਦੀ ਤਰ੍ਹਾਂ ਜੋੜਿਆ ਜਾਂਦਾ ਸੀ, ਜੋ ਅੱਗੇ ਤੋਂ ਤੰਗ ਅਤੇ ਪਿੱਛੋਂ ਚੌੜਾ ਹੁੰਦਾ ਸੀ, ਜਿਸ ਨੂੰ ਜੋੜਾ ਕਿਹਾ ਜਾਂਦਾ ਸੀ। ਜੋੜੇ ਦੇ ਅਗਲੇ ਹਿੱਸੇ ਨੂੰ ਆਪਸ ਵਿੱਚ ਜੋੜਨ ਲਈ ਵਿਚਕਾਰ ਲੱਕੜ ਦੀ ਮੋਗਰੀ ਦੀ ਸ਼ਕਲ ਵਰਗਾ ਟੁਕੜਾ ਫਿੱਟ ਕੀਤਾ ਜਾਂਦਾ ਸੀ, ਜਿਸ ਨੂੰ ਸ਼ੁਗਨੀ ਕਿਹਾ ਜਾਂਦਾ ਸੀ। ਜੋੜੇ ਦੇ ਉੱਪਰ ਫੱਟੀਆਂ ਲਗਾ ਕੇ ਧਰਾਤਲ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਲੋਹੇ ਦੀਆਂ ਪੱਤੀਆਂ ਅਤੇ ਪਿੱਤਲ ਦੇ ਕੋਕੇ ਲਗਾ ਕੇ ਮਜ਼ਬੂਤ ਕੀਤਾ ਜਾਂਦਾ ਸੀ ਅਤੇ ਸੋਹਣਾ ਅਤੇ ਚਮਕਦਾਰ ਬਣਾਇਆ ਜਾਂਦਾ ਸੀ। ਸਿੱਪ ਵਿੱਚ ਥੋੜ੍ਹੀ ਥੋੜ੍ਹੀ ਵਿੱਥ ‘ਤੇ ਮੋਰੀਆਂ ਰੱਖੀਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਲੱਦੇ ਸਾਮਾਨ ਨੂੰ ਬਾਹਰ ਡਿੱਗਣੋਂ ਰੋਕਣ ਲਈ ਡੰਡੇ ਪਾਏ ਜਾਂਦੇ ਸਨ, ਜਿਨ੍ਹਾਂ ਨੂੰ ਜਾਤੂ ਕਿਹਾ ਜਾਂਦਾ ਸੀ। ਅਗਲੇ ਪਾਸੇ ਗੱਡੇ ਦੇ ਖੜ੍ਹੇ ਹੋਣ ਸਮੇਂ ਬੈਲੰਸ ਕਰਨ ਲਈ ਗੋਡੂਆ ਲਾਇਆ ਜਾਂਦਾ ਸੀ। ਸਿੱਪ ਦੇ ਉੱਤੇ ਪਹੀਆਂ ਦੇ ਬਰਾਬਰ ਲੱਕੜ ਦੇ ਖਾਸ ਕਿਸਮ ਦੇ ਆਕਾਰ ਦੇ ਯੰਤਰ ਫਿੱਟ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਕੰਨ ਕਿਹਾ ਜਾਂਦਾ ਸੀ। ਇਹ ਕੰਨ ਗੱਡੇ ਵਿੱਚ ਲੱਦੇ ਸਾਮਾਨ ਨੂੰ ਪਹੀਆਂ ਨਾਲ ਲੱਗਣ ਤੋਂ ਰੋਕਦੇ ਸਨ। ਸਿੱਪ ਦੇ ਆਰ-ਪਾਰ ਦੋ ਮੋਟੇ ਲੱਕੜ ਦੇ ਬਾਲੇ ਫਿੱਟ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਟਿਕਾਣੀਆਂ ਕਿਹਾ ਜਾਂਦਾ ਸੀ। ਸਿੱਪ ਵਿੱਚ ਪਹੀਏ ਫਿੱਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਪੈਂਜਣੀ ਲਾਈ ਜਾਂਦੀ ਸੀ, ਜਿਸ ਨੂੰ ਟਿਕਾਣੀਆਂ ਦੇ ਨਾਲ ਫਿੱਟ ਕੀਤਾ ਜਾਂਦਾ ਸੀ। ਸਿੱਪ ਦੇ ਹੇਠ ਸਾਮਾਨ ਰੱਖਣ ਲਈ ਖਾਨਾ ਬਣਾਇਆ ਜਾਂਦਾ ਸੀ, ਜਿਸ ਨੂੰ ਭੰਡਾਰੀ ਕਹਿੰਦੇ ਸਨ।
ਗੱਡੇ ਦੇ ਪਹੀਏ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਲੱਕੜ ਦੇ ਪੂਰੇ ਦਰੱਖਤ ਦੇ ਗੋਲ ਮੁੱਢ ਜੋ ਲਗਪਗ 2 ਤੋਂ ਢਾਈ ਫੁੱਟ ਦਾ ਹੁੰਦਾ ਸੀ, ਖਰੀਦਿਆ ਜਾਂਦਾ ਸੀ, ਜਿਸ ਨੂੰ ਪਹਿਲਾਂ ਕੁਹਾੜੇ ਨਾਲ ਤਰਾਸ਼ਿਆ ਜਾਂਦਾ ਸੀ ਅਤੇ ਫਿਰ ਰੰਦੇ ਨਾਲ ਵਿਚਕਾਰ ਤੋਂ ਮੋਟਾ ਅਤੇ ਸਾਈਡਾਂ ਤੋਂ ਪਤਲਾ ਰੱਖਿਆ ਜਾਂਦਾ ਸੀ, ਜਿਸ ਨੂੰ ਪਹੀਏ ਦੀ ਨਾਭ ਕਿਹਾ ਜਾਂਦਾ ਸੀ। ਫਿਰ ਇਸ ਨਾਭ ਵਿੱਚ ਖਾਸ ਕਿਸਮ ਦੇ ਛੇਕ ਕੀਤੇ ਜਾਂਦੇ ਸਨ ਅਤੇ ਇਸ ਦੇ ਆਰ ਪਾਰ ਲੱਕੜ ਦੇ ਮੋਟੇ ਟੁਕੜੇ ਪਹੀਏ ਦੇ ਆਕਾਰ ਅਨੁਸਾਰ ਫਿੱਟ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਗਜ਼ ਕਿਹਾ ਜਾਂਦਾ ਸੀ। ਮਗਰੋਂ ਇਨ੍ਹਾਂ ਗਜ਼ਾਂ ਵਿੱਚ ਅਰਧ ਚੰਦ ਆਕਾਰ ਦੀਆਂ ਖਾਸ ਤਰੀਕੇ ਨਾਲ ਤਿਆਰ ਕੀਤੀਆਂ ਫੱਟੀਆਂ ਨੂੰ ਫਿੱਟ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਪੁੱਠੀਆਂ ਕਿਹਾ ਜਾਂਦਾ ਸੀ। ਇੱਕ ਪੁੱਠੀ ਦੀ ਮੋਟਾਈ ਲਗਪਗ 5 ਇੰਚ ਹੁੰਦੀ ਸੀ। ਨਾਭ ਦੇ ਐਨ ਵਿਚਕਾਰ ਤੋਂ 2 ਇੰਚ ਮੋਟੀ ਮੋਰੀ ਕੀਤੀ ਜਾਂਦੀ ਸੀ, ਜਿਸ ਵਿੱਚੋਂ ਲੋਹੇ ਦੀ ਲੱਠ ਲੰਘਾਈ ਜਾਂਦੀ ਸੀ, ਜਿਸ ਨੂੰ ਧੁਰਾ ਕਿਹਾ ਜਾਂਦਾ ਸੀ, ਜੋ ਬਾਹਰੋਂ ਇੱਕ ਖਾਸ ਕਿਸਮ ਦੀ ਤਿਆਰ ਕੀਤੀ ਲੱਕੜ ਵਿੱਚ ਫਿੱਟ ਕੀਤੀ ਜਾਂਦੀ ਸੀ, ਜੋ ਪਹੀਏ ਨੂੰ ਬਾਹਰ ਡਿੱਗਣੋਂ ਰੋਕਦੀ ਸੀ, ਜਿਸ ਨੂੰ ਪੈਂਜਣੀ ਕਿਹਾ ਜਾਂਦਾ ਸੀ। ਇਹ ਲੱਠ ਅੰਦਰਲੇ ਪਾਸੇ ਸਿੱਪ ਦੇ ਨਾਲ ਖਾਸ ਕਿਸਮ ਦੀ ਤਿਆਰ ਕੀਤੀ ਲੱਕੜ ਵਿੱਚ ਫਿੱਟ ਕੀਤੀ ਜਾਂਦੀ ਸੀ, ਜਿਸ ਨੂੰ ਲੱਦ ਕਿਹਾ ਜਾਂਦਾ ਸੀ।
ਬਲਦਾਂ ਨੂੰ ਗੱਡੇ ਅੱਗੇ ਜੋੜਨ ਲਈ ਖਾਸ ਕਿਸਮ ਦਾ ਲੱਕੜ ਦਾ ਢਾਂਚਾ ਤਿਆਰ ਕੀਤਾ ਜਾਂਦਾ ਸੀ, ਜਿਸ ਨੂੰ ਪੰਜਾਲਾ ਕਿਹਾ ਜਾਂਦਾ ਸੀ। ਪੰਜਾਲੇ ਨੂੰ ਗੱਡੇ ਦੇ ਬਿਲਕੁਲ ਅਗਲੇ ਹਿੱਸੇ ਵਿੱਚ ਦਿੱਤੇ ਖਾਸ ਕੱਟ ਵਿੱਚ ਰੱਖ ਕੇ ਰੱਸੇ ਨਾਲ ਨੈੜਿਆ ਜਾਂਦਾ ਸੀ, ਜਿਸ ਨੂੰ ਨੈੜ ਬੰਨ੍ਹਣਾ ਕਿਹਾ ਜਾਂਦਾ ਸੀ। ਪੰਜਾਲੇ ਦੇ ਦੋਵੇਂ ਪਾਸਿਆਂ ਨੂੰ ਬਲਦਾਂ ਦੇ ਜੋਤਣ ਲਈ ਗੋਲ ਰੱਖਿਆ ਜਾਂਦਾ ਸੀ ਤਾਂ ਜੋ ਬਲਦਾਂ ਦੇ ਕੰਨ੍ਹੇ ਨੂੰ ਜੋਲਾਉਣ ਸਮੇਂ ਨੁਕਸਾਨ ਨਾ ਪਹੁੰਚੇ। ਪੰਜਾਲੇ ਦੇ ਦੋਵਾਂ ਸਿਰਿਆਂ ਉੱਤੇ ਰੱਸੀ ਜਾਂ ਚਮੜੇ ਦੇ ਪਟੇ ਬੰਨ੍ਹੇ ਜਾਂਦੇ ਸਨ, ਜਿਹੜੇ ਕਿ ਬਲਦਾਂ ਨੂੰ ਬਾਹਰ ਨਿਕਲਣ ਤੋਂ ਰੋਕਣ ਦਾ ਕੰਮ ਕਰਦੇ ਸਨ, ਜਿਨ੍ਹਾਂ ਨੂੰ ਜੋਤ ਕਿਹਾ ਜਾਂਦਾ ਸੀ। ਪੰਜਾਲੇ ਦੇ ਦੋਵਾਂ ਸਿਰਿਆਂ ਉੱਤੇ 1 ਫੁੱਟ ਲੰਮੇ ਅਤੇ 2 ਇੰਚ ਚੌੜੀ ਲੱਕੜ ਦੀ ਲੱਠ ਲਟਕਾਈ ਜਾਂਦੀ ਸੀ, ਜਿਸ ਨੂੰ ਛੋਲ ਕਿਹਾ ਜਾਂਦਾ ਸੀ।
ਪੂਰੀ ਤਰ੍ਹਾਂ ਤਿਆਰ ਹੋਏ ਇਹ ਗੱਡੇ ਜਿੱਥੇ ਕਿਸਾਨ ਦੇ ਖੇਤਾਂ ਦੇ ਸਾਥੀ ਸਨ, ਉੱਥੇ ਵਿਆਹ ਸ਼ਾਦੀਆਂ, ਖੁਸ਼ੀਆਂ, ਗਮੀਆਂ ਤੇ ਮੇਲਿਆਂ ਦਾ ਸਿੰਵੀ ਬਣਦੇ ਸਨ ਕਿਉਂਕਿ ਆਮ ਲੋਕ ਮੇਲਿਆਂ ‘ਤੇ ਵਿਆਹਾਂ ਵਿੱਚ ਗੱਡਿਆਂ ‘ਤੇ ਬੈਠ ਕੇ ਹੀ ਜਾਂਦੇ ਸਨ, ਪਰ ਅੱਜ ਸੰਤੋਖੇ ਮਿਸਤਰੀ ਦੀ ਮੌਤ ਸੁਣ ਕੇ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹ ਮੌਤ ਮੇਰੇ ਪਿੰਡ ਦੀ ਉਸ ਪੁਰਾਣੀ ਮਰ ਚੁੱਕੀ ਕਲਾ ਅਤੇ ਲੋਪ ਹੋ ਰਹੇ ਸੱਭਿਆਚਾਰ ਦੇ ਆਖਰੀ ਚਿਰਾਗਾਂ ਦੀ ਬੁਝ ਗਈ ਲੋਅ ਸੀ, ਜਿਸ ਦੇ ਹਨੇਰੇ ਵਿੱਚ ਸ਼ਾਇਦ ਇਹ ਕਲਾ ਹਮੇਸ਼ਾ ਹਮੇਸ਼ਾ ਲਈ ਇਤਿਹਾਸ ਦੇ ਕਿਸੇ ਸਦੀਵੀ ਹਨੇਰੇ ਕੋਨੇ ਵਿੱਚ ਦੱਬੀ ਗਈ ਹੋਵੇ।
ਸੋਹਣ ਸਿੰਘ ਜੌਹਲ
ਮੋਬਾਈਲ:- 92165-15008