ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 23, 2012

ਕੰਨਿਆ ਭਰੂਣ-ਹੱਤਿਆ ਕਿਵੇਂ ਰੋਕੀ ਜਾਵੇ?


ਕੰਨਿਆ ਭਰੂਣ-ਹੱਤਿਆ ਇਕ ਜਾਣਬੁੱਝ ਕੇ ਕੀਤਾ ਗਿਆ ਕਤਲ ਹੈ, ਇਕ ਐਸਾ ਕਤਲ ਹੈ, ਜੋ ਸਿਰਫ ਇਸ ਕਾਰਨ ਕਰਕੇ ਕੀਤਾ ਜਾਂਦਾ ਹੈ, ਕਿਉਂਕਿ ਉਹ ਭਰੂਣ ਇਕ ਲੜਕੀ ਹੈ।

ਕੰਨਿਆ ਭਰੂਣ ਹੱਤਿਆ ਹੋਣ ਦੇ ਸਾਡੇ ਅਲਪ ਵਿਕਸਿਤ ਦੇਸ਼ ਭਾਰਤ ਵਿਚ ਕਈ ਕਾਰਨ ਹਨ, ਜਿਵੇਂ ਅੱਤ ਦੀ ਗਰੀਬੀ, ਅਨਪੜ੍ਹਤਾ, ਦਹੇਜ ਪ੍ਰਥਾ, ਲੜਕੀ ਦੀ ਇੱਜ਼ਤ ਦਾ ਖਤਰਾ ਅਤੇ ਸਭ ਤੋਂ ਵੱਡਾ ਕਾਰਨ ਇਹ ਸੋਚਣਾ ਕਿ ਲੜਕੇ ਨਾਲ ਵੰਸ਼ ਅੱਗੇ ਚਲਦਾ ਹੈ ਆਦਿ।

ਅੱਜ ਕਿਹੜੀ ਗੱਲੋਂ ਲੜਕੀਆਂ ਲੜਕਿਆਂ ਨਾਲੋਂ ਪਿੱਛੇ ਹਨ? ਜਦੋਂ ਕਲਪਨਾ ਚਾਵਲਾ ਪੁਲਾੜ ਵਿਚ ਗਈ ਤਾਂ ਹਰ ਭਾਰਤੀ ਨੂੰ ਮਾਣ ਮਹਿਸੂਸ ਹੋਇਆ, ਕਿਉਂਕਿ ਕਲਪਨਾ ਦੇ ਕਾਰਨ ਭਾਰਤ ਨੂੰ ਦੁਨੀਆ ਵਿਚ ਇਕ ਵੱਖਰੀ ਪਹਿਚਾਣ ਮਿਲੀ ਪਰ ਕਿਸੇ ਨੇ ਸੋਚਿਆ ਕਿ ਜੇਕਰ ਕਲਪਨਾ ਦੇ ਮਾਤਾ-ਪਿਤਾ ਵੀ ਉਹੀ ਕਰਦੇ, ਜੋ ਅੱਜ ਲੜਕੀਆਂ ਨਾਲ ਹੋ ਰਿਹਾ ਹੈ ਤਾਂ ਸਾਡਾ ਦੇਸ਼ ਉਸ ਮੁਕਾਮ ਨੂੰ ਹਾਸਲ ਕਰ ਸਕਦਾ ਸੀ? ਨਹੀਂ, ਤਾਂ ਫਿਰ ਕਿਉਂ ਨਹੀਂ ਅਸੀਂ ਸੋਚਦੇ ਕਿ ਜਿਸ ਭਰੂਣ ਨੂੰ ਅਸੀਂ ਖਤਮ ਕਰਵਾ ਰਹੇ ਹਾਂ, ਉਹ ਕਲਪਨਾ ਚਾਵਲਾ ਵੀ ਬਣ ਸਕਦੀ ਹੈ।

ਤੁਸੀਂ ਹੈਰਾਨ ਹੋਵੋਗੇ ਕਿ ਜਿਥੇ ਅਸੀਂ ਸੋਚਦੇ ਹਾਂ ਕਿ ਪੰਜਾਬ ਇਕ ਪੜ੍ਹਿਆ-ਲਿਖਿਆ ਤੇ ਅਮੀਰ ਰਾਜ ਹੈ, ਇਥੇ ਅਨੇਕਾਂ ਗੁਰੂ, ਪੀਰ ਹੋਏ ਹਨ, ਜਿਨ੍ਹਾਂ ਨੇ ਔਰਤ ਨੂੰ ਰੱਬ ਦਾ ਦੂਜਾ ਰੂਪ ਦੱਸਿਆ ਹੈ, ਉਥੇ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 1000 ਲੜਕਿਆਂ ਪਿੱਛੇ 893 ਲੜਕੀਆਂ ਹੀ ਜਨਮ ਲੈਂਦੀਆਂ ਹਨ, ਜਦਕਿ ਪਛੜੇ ਸਮਝੇ ਜਾਂਦੇ ਰਾਜਸਥਾਨ ਰਾਜ ਵਿਚ 1000 ਲੜਕਿਆਂ ਪਿੱਛੇ 926 ਲੜਕੀਆਂ ਜਨਮ ਲੈ ਰਹੀਆਂ ਹਨ।

ਅੱਜ ਮੈਂ ਸਾਡੇ ਸਮਾਜ ਦੇ ਪੜ੍ਹੇ-ਲਿਖੇ ਵਰਗ ਅਧਿਆਪਕ, ਡਾਕਟਰ ਤੇ ਖਾਸ ਕਰਕੇ ਘਰੇਲੂ ਔਰਤ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਔਰਤ ਚਾਹੇ ਤਾਂ ਉਹ ਕੰਨਿਆ ਭਰੂਣ ਹੱਤਿਆ ਨੂੰ ਰੋਕ ਨਹੀਂ ਸਕਦੀ? ਹਾਂ, ਬਿਲਕੁਲ ਰੋਕ ਸਕਦੀ ਹੈ, ਕਿਉਂਕਿ ਔਰਤ ਮਾਂ ਵੀ ਹੈ, ਪਤਨੀ ਵੀ ਹੈ, ਸੱਸ ਵੀ ਹੈ, ਭੈਣ ਵੀ ਹੈ। ਇਸ ਲਈ ਜੇ ਔਰਤ ਦ੍ਰਿੜ੍ਹਤਾ ਨਾਲ ਇਸ ਬੁਰਾਈ ਦਾ ਵਿਰੋਧ ਕਰੇ ਤਾਂ ਕੰਨਿਆ ਭਰੂਣ ਹੱਤਿਆ ਨੂੰ ਬਹੁਤ ਹੱਦ ਤੱਕ ਰੋਕ ਸਕਦੀ ਹੈ। ਲੋੜ ਹੈ ਕਿ ਅੱਜ ਔਰਤਾਂ ਆਪਣੇ ਹੱਕਾਂ ਲਈ ਜਾਗ੍ਰਿਤ ਹੋਣ ਅਤੇ ਇਸ ਪਾਪ ਦੇ ਖਿਲਾਫ ਇਕਮੁੱਠ ਹੋ ਕੇ ਆਵਾਜ਼ ਉਠਾਉਣ ਨਾ ਕਿ ਇਸ ਪਾਪ ਦਾ ਹਿੱਸਾ ਬਣਨ। ਜਦੋਂ ਤੱਕ ਔਰਤਾਂ ਆਪ ਅੱਗੇ ਨਹੀਂ ਆਉਣਗੀਆਂ, ਉਦੋਂ ਤੱਕ ਸਾਡੀ ਧਰਤੀ 'ਤੇ ਇਹ ਪਾਪ ਹੁੰਦਾ ਰਹੇਗਾ ਤੇ ਇਕ ਦਿਨ ਐਸਾ ਆਵੇਗਾ ਕਿ ਇਸ ਸ੍ਰਿਸ਼ਟੀ ਦੀ ਰਚਣਹਾਰਾ ਔਰਤ ਹੀ ਖਤਮ ਹੋ ਜਾਵੇਗੀ ਤੇ ਅੰਤ ਵਿਚ ਮੈਂ ਇਹੀ ਕਹਾਂਗਾ-

ਜੇ ਧੀਆਂ ਹੀ ਨਾ ਹੋਣਗੀਆਂ, ਤਾਂ ਨੂੰਹਾਂ ਕਿਥੋਂ ਆਉਣਗੀਆਂ।

ਫਿਰ ਮਾਵਾਂ ਕਿਵੇਂ ਪੁੱਤਰਾਂ ਦੇ ਵਿਆਹਾਂ ਦੇ ਸ਼ਗਨ ਮਨਾਉਣਗੀਆਂ।

ਸਰਬਜੀਤ ਸਿੰਘ
-ਸਟੇਟ ਐਵਾਰਡੀ, ਸ: ਐ: ਸਕੂਲ, 
ਜਵੰਦਪੁਰ (ਤਰਨ ਤਾਰਨ)।

ਪੋਸਟ ਕਰਤਾ:ਗੁਰਸ਼ਾਮ ਸਿੰਘ ਚੀਮਾ 



Post Comment


ਗੁਰਸ਼ਾਮ ਸਿੰਘ ਚੀਮਾਂ