ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, October 12, 2012

ਵਾਤਾਵਰਨ ਦੀ ਦੁਸ਼ਮਣ ਹੈ ਸਾਡੀ ਮੌਜੂਦਾ ਜੀਵਨ-ਸ਼ੈਲੀ


ਸਾਡਾ ਰੋਜ਼ਾਨਾ ਦਾ ਵਿਹਾਰ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਅਸੀਂ ਬਿਜਲਈ ਯੰਤਰਾਂ ਤੋਂ ਬਿਨਾਂ ਇਕ ਦਿਨ ਵੀ ਨਹੀਂ ਗੁਜ਼ਾਰ ਸਕਦੇ। ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਅਸੀਂ ਸਾਰਾ ਦਿਨ ਪਤਾ ਨਹੀਂ ਕਿੰਨੇ ਬਿਜਲਈ ਯੰਤਰਾਂ ਨਾਲ ਦੋ-ਚਾਰ ਹੁੰਦੇ ਹਾਂ। ਸੌਣ ਵੇਲੇ ਵੀ ਅਸੀਂ ਇਨ੍ਹਾਂ ਤੋਂ ਦੂਰ ਨਹੀਂ ਰਹਿ ਸਕਦੇ। ਕੀ ਏ. ਸੀ., ਕੂਲਰ ਤੋਂ ਬਿਨਾਂ ਅਸੀਂ ਸੌ ਸਕਦੇ ਹਾਂ, ਜ਼ਾਹਰ ਹੈ ਅਸੀਂ 24 ਘੰਟੇ ਬਿਜਲਈ ਯੰਤਰਾਂ ਦੀ ਗ੍ਰਿਫ਼ਤ ਵਿਚ ਆ ਗਏ ਹਾਂ। ਅੱਜ ਬਿਜਲਈ ਯੰਤਰ ਸਾਡੇ ਰੋਜ਼ਾਨਾ ਦੇ ਸੁਖ-ਸਹੂਲਤਾਂ ਦਾ ਮਾਧਿਅਮ ਬਣ ਗਿਆ ਹੈ।

ਪਰ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਇਹੀ ਬਿਜਲਈ ਯੰਤਰ ਸਾਡੀ ਜ਼ਿੰਦਗੀ ਵਿਚ ਜ਼ਹਿਰ ਘੋਲ ਰਹੇ ਹਨ। ਦਰਅਸਲ ਬਿਜਲਈ ਯੰਤਰਾਂ ਨੇ ਵਾਤਾਵਰਨ ਨੂੰ ਵੱਡੀ ਪੱਧਰ 'ਤੇ ਪ੍ਰਦੂਸ਼ਤ ਕਰ ਦਿੱਤਾ ਹੈ ਅਤੇ ਇਹ ਖ਼ਤਰਾ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ। ਸਿਰਫ ਬਿਜਲਈ ਯੰਤਰ ਹੀ ਨਹੀਂ, ਸਾਡੀ ਸਮੁੱਚੀ ਮੌਜੂਦਾ ਜੀਵਨ-ਸ਼ੈਲੀ ਜੋ ਇਨ੍ਹਾਂ ਬਿਜਲਈ ਯੰਤਰਾਂ ਨਾਲ ਘਿਰੀ ਹੋਈ ਹੈ, ਸਾਡੇ ਵਾਤਾਵਰਨ ਦੀ ਦੁਸ਼ਮਣ ਬਣ ਗਈ ਹੈ। ਜੇ ਅਸੀਂ ਆਪਣੀ ਮੌਜੂਦਾ ਜੀਵਨ-ਸ਼ੈਲੀ ਦੇ ਢੰਗ-ਤਰੀਕੇ ਵਿਚ ਬਦਲਾਅ ਨਹੀਂ ਲਿਆਂਦੇ ਤਾਂ ਫਿਰ ਚਾਹੇ ਜਿੰਨੀਆਂ ਵੀ ਗੱਲਾਂ ਕਰ ਲਓ, ਭਾਵੇਂ ਵਾਤਾਵਰਨ ਨੂੰ ਲੈ ਕੇ ਜਿੰਨੀ ਵੀ ਸੰਵੇਦਨਾ ਜਾਂ ਚੌਕਸੀ ਵਰਤ ਲਈਏ, ਇਨ੍ਹਾਂ ਸਭ ਤੋਂ ਕੁਝ ਨਹੀਂ ਹੋਣ ਵਾਲਾ। ਵਾਤਾਵਰਨ ਤਦੇ ਚੰਗਾ ਬਣੇਗਾ, ਜਦੋਂ ਅਸੀਂ ਮੌਜੂਦਾ ਜੀਵਨ-ਸ਼ੈਲੀ ਦਾ ਤਰੀਕਾ ਬਦਲੀਏ, ਖਾਸ ਕਰਕੇ ਬਿਜਲਈ ਯੰਤਰਾਂ ਤੋਂ ਦੂਰੀ ਬਣਾਈਏ।

ਬਿਜਲਈ ਯੰਤਰਾਂ ਦਾ ਬੇਤਹਾਸ਼ਾ ਵਧਦਾ ਕਚਰਾ ਵਾਤਾਵਰਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਬਿਜਲਈ ਕਚਰਾ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨਾਲ ਵਾਤਾਵਰਨ ਅਤੇ ਸਿਹਤ ਲਈ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਫੋਨ, ਲੈਪਟਾਪ, ਕੰਪਿਊਟਰ ਅਤੇ ਵੱਖ-ਵੱਖ ਤਰ੍ਹਾਂ ਦੇ ਹੋਰ ਬਿਜਲਈ ਯੰਤਰ ਜਦੋਂ ਇਸਤੇਮਾਲ ਤੋਂ ਬਾਅਦ ਸੁੱਟ ਦਿੱਤੇ ਜਾਂਦੇ ਹਨ ਤਾਂ ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਨੂੰ ਉਸ ਤੋਂ ਮੁਕਤੀ ਮਿਲ ਗਈ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੁੰਦਾ। ਅਸਲ ਵਿਚ ਅਸੀਂ ਇਨ੍ਹਾਂ ਚੀਜ਼ਾਂ ਨੂੰ ਸੁੱਟ ਕੇ ਆਪਣੀ ਜ਼ਿੰਦਗੀ ਦੇ ਰਾਹ ਵਿਚ ਕੰਡੇ ਬੀਜ ਰਹੇ ਹੁੰਦੇ ਹਾਂ। ਕਿਉਂਕਿ ਸੁੱਟੇ ਗਏ ਇਹ ਬਿਜਲਈ ਯੰਤਰ ਕਚਰੇ ਦੇ ਰੂਪ ਵਿਚ ਵਾਤਾਵਰਨ ਅਤੇ ਸਿਹਤ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਨ। ਗ਼ੌਰਤਲਬ ਹੈ ਕਿ ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਨੇ ਤਿਆਰ ਕੀਤੀ ਹੈ, ਜਿਸ ਵਿਚ ਅਜਿਹੇ ਨਵੇਂ ਨਿਯਮ ਅਤੇ ਕਾਨੂੰਨ ਬਣਾਉਣ 'ਤੇ ਜ਼ੋਰ ਦਿੱਤਾ ਹੈ ਜੋ ਇਹ ਯਕੀਨੀ ਬਣਾ ਸਕੇ ਕਿ ਸੁੱਟੇ ਗਏ ਬੇਕਾਰ ਬਿਜਲਈ ਯੰਤਰ ਬਤੌਰ ਕਚਰਾ ਸਾਡੀ ਜ਼ਿੰਦਗੀ ਦਾ ਕਚਰਾ ਨਾ ਬਣਨ। ਮਾਹਰਾਂ ਦਾ ਕਹਿਣਾ ਹੈ ਕਿ ਬਿਜਲਈ ਦੁਨੀਆ ਵਿਚ ਤੇਜ਼ੀ ਨਾਲ ਹੋ ਰਹੀ ਉੱਨਤੀ ਅਤੇ ਬਦਲਾਅ ਦੇ ਫਾਇਦੇ ਤਾਂ ਮਹਿਜ਼ ਨਿੱਜੀ ਹੁੰਦੇ ਹਨ ਪਰ ਇਸ ਦੇ ਜ਼ਹਿਰੀਲੇ ਨੁਕਸਾਨ ਪੂਰੇ ਸਮਾਜ ਨੂੰ ਭੁਗਤਣੇ ਪੈਂਦੇ ਹਨ, ਖਾਸ ਤੌਰ 'ਤੇ ਵਿਕਾਸਸ਼ੀਲ ਦੇਸ਼ਾਂ ਵਿਚ ਬਿਜਲਈ ਕੂੜੇ-ਕਰਕਟ ਨੇ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ। ਮੁਸ਼ਕਿਲ ਇਹ ਹੈ ਕਿ ਜਿਸ ਤੇਜ਼ੀ ਨਾਲ ਟੈਲੀਵਿਜ਼ਨ, ਮੋਬਾਈਲ ਫੋਨ ਅਤੇ ਕੰਪਿਊਟਰ ਖਰੀਦੇ ਜਾਂਦੇ ਹਨ, ਉਸੇ ਤੇਜ਼ੀ ਨਾਲ ਪੁਰਾਣੀਆਂ ਬਿਜਲਈ ਚੀਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਸੁੱਟਣਾ ਜਾਂ ਉਨ੍ਹਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਕਰੇਲੇ 'ਤੇ ਨਿੰਮ ਚੜ੍ਹੇ ਵਰਗੀ ਸਥਿਤੀ ਇਹ ਹੈ ਕਿ ਬਿਜਲਈ ਯੰਤਰਾਂ ਦੀ ਵਿਕਰੀ ਇਨ੍ਹਾਂ ਦਿਨਾਂ 'ਚ ਮਹਿੰਗਾਈ ਅਤੇ ਮੰਦੀ ਦੇ ਬਾਵਜੂਦ ਜ਼ਿਆਦਾ ਹੋ ਰਹੀ ਹੈ।

-ਮੀਰਾ ਰਾਏ
(ਇਮੇਜ ਰਿਫਲੈਕਸ਼ਨ ਸੈਂਟਰ)

ਪੋਸਟ ਕਰਤਾ: ਗੁਰਸ਼ਾਮ ਸਿੰਘ ਚੀਮਾ 



Post Comment


ਗੁਰਸ਼ਾਮ ਸਿੰਘ ਚੀਮਾਂ